ਅਮਰੀਕਾ ਵਿਚ ਸਰਕਾਰੀ ਕੰਮ-ਕਾਜ ਠੱਪ ਹੋ ਗਏ ਹਨ ਕਿਉਂਕਿ ਅਮਰੀਕੀ ਕਾਂਗਰਸ ਵਿਚ ਰਿਪਬਲੀਕਨ ਅਤੇ ਡੈਮੋਕਰੈਟਸ ਪਾਰਟੀਆਂ ਵਿਚਕਾਰ ਬਜਟ ਨੂੰ ਲੈ ਕੇ ਗੰਭੀਰ ਅੜਿੱਕਾ ਪੈਦਾ ਹੋ ਗਿਆ। ਹਰ ਸਾਲ 1 ਅਕਤੂਬਰ ਤੋਂ ਨਵਾਂ ਵਿੱਤੀ ਸਾਲ ਸ਼ੁਰੂ ਹੁੰਦਾ ਹੈ, ਜਿਸ ਲਈ ਸਰਕਾਰ ਨੂੰ ਕੰਮ ਜਾਰੀ ਰੱਖਣ ਲਈ ਫੰਡਿੰਗ ਬਿੱਲ ਪਾਸ ਕਰਨਾ ਜ਼ਰੂਰੀ ਹੁੰਦਾ ਹੈ। ਇਸ ਵਾਰ ਦੋਵੇਂ ਪਾਰਟੀਆਂ ਸਿਹਤ ਸੇਵਾਵਾਂ ਅਤੇ ਸਮਾਜਿਕ ਪ੍ਰੋਗਰਾਮਾਂ ’ਤੇ ਖਰਚ ਨੂੰ ਲੈ ਕੇ ਸਹਿਮਤੀ ਨਹੀਂ ਬਣਾ ਸਕੀਆਂ। ਨਤੀਜੇ ਵਜੋਂ, ਫੰਡਿੰਗ ਬਿੱਲ ਪਾਸ ਨਾ ਹੋਣ ਕਾਰਨ ਸਰਕਾਰੀ ਖਰਚੇ ਲਈ ਕਾਨੂੰਨੀ ਮਨਜ਼ੂਰੀ ਨਹੀਂ ਮਿਲੀ ਅਤੇ ਸਰਕਾਰ ਨੂੰ ‘ਸ਼ਟਡਾਊਨ’ ਦਾ ਸਾਹਮਣਾ ਕਰਨਾ ਪਿਆ।
ਅੜਿਕੇ ਦਾ ਮੁੱਖ ਕਾਰਣ: ਸਿਹਤ ਸੇਵਾਵਾਂ ’ਤੇ ਅਸਹਿਮਤੀ
ਇਸ ਅੜਿਕੇ ਦਾ ਮੁੱਖ ਕਾਰਨ ਸਿਹਤ ਸੇਵਾਵਾਂ ਨਾਲ ਜੁੜਿਆ ਹੈ। ਡੈਮੋਕਰੈਟਸ ਚਾਹੁੰਦੇ ਸਨ ਕਿ ਅਸਥਾਈ ਫੰਡਿੰਗ ਬਿੱਲ ’ਵਿਚ ‘ਓਬਾਮਾਕੇਅਰ’ ਦੀਆਂ ਸਬਸਿਡੀਆਂ ਨੂੰ ਸਥਾਈ ਤੌਰ ’ਤੇ ਵਧਾਇਆ ਜਾਵੇ ਅਤੇ ਹਾਲ ਹੀ ਵਿਚ ਹੋਈਆਂ ਸਿਹਤ ਸੇਵਾਵਾਂ ਵਿਚ ਕਟੌਤੀਆਂ ਨੂੰ ਵਾਪਸ ਲਿਆ ਜਾਵੇ। ਰਿਪਬਲੀਕਨ ਨੇ ਇਸ ਦਾ ਵਿਰੋਧ ਕੀਤਾ ਅਤੇ ਕਿਹਾ ਕਿ ਫੰਡਿੰਗ ਬਿੱਲ ਨੂੰ ਸਿਆਸੀ ਮੁੱਦਿਆਂ ਤੋਂ ਵੱਖ ਰੱਖਣਾ ਚਾਹੀਦਾ ਹੈ। ਦੋਵੇਂ ਧਿਰਾਂ ਆਪਣੇ-ਆਪਣੇ ਅੜੀਅਲ ਰੁਖ ’ਤੇ ਕਾਇਮ ਰਹੀਆਂ, ਜਿਸ ਕਾਰਨ ਸੀਨੇਟ ਵਿਚ ਰਿਪਬਲੀਕਨ ਵੱਲੋਂ ਪੇਸ਼ ਕੀਤਾ ਅਸਥਾਈ ਫੰਡਿੰਗ ਬਿੱਲ 60 ਵੋਟਾਂ ਦੀ ਥਾਂ ਸਿਰਫ 55 ਵੋਟਾਂ ਹਾਸਲ ਕਰ ਸਕਿਆ। ਡੈਮੋਕਰੈਟਸ ਨੇ ਸਪੱਸ਼ਟ ਕਰ ਦਿੱਤਾ ਕਿ ਸਿਹਤ ਸੇਵਾਵਾਂ ਦੀ ਫੰਡਿੰਗ ਬਿਨਾਂ ਉਹ ਕਿਸੇ ਵੀ ਬਿੱਲ ਨੂੰ ਸਮਰਥਨ ਨਹੀਂ ਦੇਣਗੇ।
ਸ਼ਟਡਾਊਨ ਦਾ ਅਸਰ:
ਮੁਲਾਜ਼ਮ ਅਤੇ ਅਰਥਵਿਵਸਥਾ ’ਤੇ ਸੰਕਟ
ਸ਼ਟਡਾਊਨ ਕਾਰਨ ਲੱਖਾਂ ਸਰਕਾਰੀ ਮੁਲਾਜ਼ਮਾਂ ’ਤੇ ਸਿੱਧਾ ਅਸਰ ਪਿਆ ਹੈ। ਲਗਪਗ 7.5 ਲੱਖ ਮੁਲਾਜ਼ਮਾਂ ਨੂੰ ਬਿਨਾਂ ਤਨਖਾਹ ਦੇ ਕੰਮ ਕਰਨਾ ਪਵੇਗਾ ਜਾਂ ਘਰ ਬੈਠਣਾ ਪਵੇਗਾ। ਜ਼ਰੂਰੀ ਸੇਵਾਵਾਂ ਜਿਵੇਂ ਫੌਜ ਅਤੇ ਕੁਝ ਮਹੱਤਵਪੂਰਨ ਸੇਵਾਵਾਂ ਜਾਰੀ ਰਹਿਣਗੀਆਂ, ਪਰ ਉਨ੍ਹਾਂ ਦੀਆਂ ਤਨਖਾਹਾਂ ਵੀ ਰੋਕੀਆਂ ਜਾ ਸਕਦੀਆਂ ਹਨ। ਇਸ ਨਾਲ ਅਮਰੀਕੀ ਅਰਥਵਿਵਸਥਾ ਅਤੇ ਡਾਟਾ ਸਪਲਾਈ ’ਤੇ ਵੀ ਮਾੜਾ ਅਸਰ ਪਵੇਗਾ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਡੈਮੋਕਰੈਟਸ ’ਤੇ ਨਿਸ਼ਾਨਾ ਸਾਧਦਿਆਂ ਸੋਸ਼ਲ ਮੀਡੀਆ ’ਤੇ ਕਿਹਾ ਕਿ ਵਿਰੋਧੀ ਧਿਰ ਚੋਣਾਂ ਹਾਰਨ ਤੋਂ ਬਾਅਦ ਵੀ ਨਹੀਂ ਸੁਧਰੀ। ਪਰ ਮਾਹਿਰਾਂ ਦਾ ਮੰਨਣਾ ਹੈ ਕਿ ਜੇ ਟਰੰਪ ਸਖਤ ਰੁਖ ’ਤੇ ਅੜੇ ਰਹੇ, ਤਾਂ ਜਨਤਾ ਦਾ ਗੁੱਸਾ ਉਨ੍ਹਾਂ ’ਤੇ ਉਤਰ ਸਕਦਾ ਹੈ। ਸੀਨੇਟ ਡੈਮੋਕਰੈਟਿਕ ਆਗੂ ਚੱਕ ਸ਼ੂਮਰ ਨੇ ਰਿਪਬਲੀਕਨ ਨੂੰ ‘ਗੁੰਡਾਗਰਦੀ’ ਦਾ ਦੋਸ਼ ਲਾਇਆ ਅਤੇ ਸਿਹਤ ਸੇਵਾਵਾਂ ਅਤੇ ਸਮਾਜਿਕ ਸੁਰੱਖਿਆ ਮੁੱਦਿਆਂ ਨੂੰ ਸ਼ਾਮਲ ਨਾ ਕਰਨ ’ਤੇ ਸਮਰਥਨ ਨਾ ਦੇਣ ਦੀ ਚਿਤਾਵਨੀ ਦਿੱਤੀ।
ਸਿੱਟਾ
ਅਮਰੀਕੀ ਸਰਕਾਰ ਦਾ ਸ਼ਟਡਾਊਨ ਨਾ ਸਿਰਫ ਸਰਕਾਰੀ ਮੁਲਾਜ਼ਮਾਂ, ਸਗੋਂ ਅਰਥਵਿਵਸਥਾ ਅਤੇ ਵਿਕਾਸ ਦੇ ਕੰਮਾਂ ’ਤੇ ਵੀ ਭਾਰੀ ਅਸਰ ਪਾਉਣ ਵਾਲਾ ਹੈ। ਜੇ ਸਮਝੌਤਾ ਨਾ ਹੋਇਆ, ਤਾਂ ਇਹ ਸੰਕਟ ਹੋਰ ਡੂੰਘਾ ਹੋ ਸਕਦਾ ਹੈ।
![]()
