ਮਾਮਲਾ ਭਗਵੰਤ ਮਾਨ ਦੀ ਕਥਿਤ ਡੀਪ ਫੇਕ ਵੀਡੀਓ ਦਾ: ਜਾਂਚ ਨਾ ਹੋਣ ਕਾਰਨ ਉੱਠੇ ਸਵਾਲ

In ਮੁੱਖ ਖ਼ਬਰਾਂ
October 28, 2025

vਸੰਗਰੂਰ/ਏ.ਟੀ.ਨਿਊਜ਼: ਪੰਜਾਬ ਪੁਲਿਸ ਨੇ ਕੈਨੇਡਾ ਵਾਸੀ ਜਗਮਨਦੀਪ ਸਿੰਘ ਸਮਰਾ ਨੂੰ ਗ੍ਰਿਫ਼ਤਾਰ ਕਰਨ ਲਈ ਵੱਡੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜ਼ਿਲ੍ਹਾ ਪੁਲਿਸ ਨੇ ਉਸ ਦੀ ਗ੍ਰਿਫ਼ਤਾਰੀ ਲਈ ਸਾਰੇ ਹਵਾਈ ਅੱਡਿਆਂ ’ਤੇ ਲੁੱਕ-ਆਊਟ ਸਰਕੁਲਰ ਜਾਰੀ ਕਰ ਦਿੱਤਾ ਹੈ, ਨਾਲ ਹੀ ਉਸ ਨੂੰ ਭਗੌੜਾ ਐਲਾਨਣ ਦੀ ਪ੍ਰਕਿਰਿਆ ਵੀ ਤੇਜ਼ ਕਰ ਦਿੱਤੀ ਗਈ ਹੈ। ਜਗਮਨ ਸਮਰਾ ਪਿੰਡ ਫੱਗੂਵਾਲਾ (ਸੰਗਰੂਰ) ਦਾ ਰਹਿਣ ਵਾਲਾ ਹੈ, ਜੋ ਬਾਅਦ ਵਿੱਚ ਕੈਨੇਡਾ ਚਲਾ ਗਿਆ ਸੀ ਤੇ ਉੱਥੋਂ ਦੀ ਨਾਗਰਿਕਤਾ ਲੈ ਲਈ ਸੀ। ਉਸ ਖ਼ਿਲਾਫ਼ ਪੰਜਾਬ ਦੇ ਵੱਖ-ਵੱਖ ਥਾਣਿਆਂ ਵਿੱਚ ਚਾਰ ਫ਼ੌਜਦਾਰੀ ਮਾਮਲੇ ਦਰਜ਼ ਹਨ, ਜਿਨ੍ਹਾਂ ਵਿੱਚੋਂ ਇੱਕ ਤਾਂ 2020 ਵਿੱਚ ਧੋਖਾਧੜੀ ਦਾ ਹੈ। ਉਸ ਸਮੇਂ ਤਲਵੰਡੀ ਭਾਈ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕੀਤਾ ਸੀ ਤੇ ਫਰੀਦਕੋਟ ਜੇਲ੍ਹ ਭੇਜ ਦਿੱਤਾ ਸੀ। ਪਰ 1 ਫਰਵਰੀ 2022 ਨੂੰ ਬਿਮਾਰੀ ਦੇ ਬਹਾਨੇ ਕਾਰਨ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿੱਚ ਦਾਖ਼ਲ ਕਰਵਾਉਣ ਸਮੇਂ ਉਹ ਫ਼ਰਾਰ ਹੋ ਗਿਆ। ਨੇਪਾਲ ਹੁੰਦਾ ਹੋਇਆ ਉਹ ਕੈਨੇਡਾ ਪਹੁੰਚ ਗਿਆ ਸੀ। ਇਸ ਫ਼ਰਾਰ ਹੋਣ ਵਿੱਚ ਜੇਲ੍ਹ ਅਧਿਕਾਰੀਆਂ ਦੀ ਅਣਗਹਿਲੀ ਸਾਹਮਣੇ ਆਈ ਸੀ, ਜਿਸ ਕਾਰਨ ਪੁਲਿਸ ਨੇ ਤਿੰਨ ਅਧਿਕਾਰੀਆਂ – ਹਰਕਵੀਰ ਸਿੰਘ, ਅਮਨਦੀਪ ਸਿੰਘ ਤੇ ਮੁੱਖਪਾਲ ਸਿੰਘ ਖ਼ਿਲਾਫ਼ ਕੇਸ ਦਰਜ਼ ਕੀਤਾ ਸੀ ਤੇ ਅਦਾਲਤ ਵਿੱਚ ਚਲਾਨ ਪੇਸ਼ ਕਰ ਦਿੱਤਾ ਸੀ। ਜ਼ਿਲ੍ਹਾ ਪੁਲੀਸ ਮੁਖੀ ਪ੍ਰੱਗਿਆ ਜੈਨ ਨੇ ਦੱਸਿਆ ਕਿ ਜਗਮਨ ਦੀ ਗ੍ਰਿਫ਼ਤਾਰੀ ਲਈ ਪੂਰੀ ਕੋਸ਼ਿਸ਼ ਜਾਰੀ ਹੈ।
ਇਹ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ, ਜਿਸ ਵਿੱਚ ਮੁੱਖ ਮੰਤਰੀ ਨੂੰ ਰਸ਼ੀਅਨ ਲੇਡੀ ਨਾਲ ਅਸ਼ਲੀਲ ਤੇ ਇਤਰਾਜ਼ਯੋਗ ਹਰਕਤਾਂ ਕਰਦੇ ਦਿਖਾਇਆ ਗਿਆ ਸੀ। ਆਮ ਆਦਮੀ ਪਾਰਟੀ ਨੇ ਇਸ ਨੂੰ ਫ਼ਰਜ਼ੀ ਦੱਸ ਕੇ ਟਰੋਲਰਾਂ ’ਤੇ ਦੋਸ਼ ਲਾਇਆ ਸੀ। ਮੁਹਾਲੀ ਦੀ ਅਦਾਲਤ ਨੇ 22 ਅਕਤੂਬਰ ਨੂੰ ਫੇਸਬੁੱਕ ਤੇ ਗੂਗਲ ਨੂੰ ਵੀਡੀਓ ਹਟਾਉਣ ਤੇ ਸਾਰੀ ਇਤਰਾਜ਼ਯੋਗ ਸਮੱਗਰੀ ਡਿਲੀਟ ਕਰਨ ਦੇ ਹੁਕਮ ਦਿੱਤੇ ਸਨ। ਨਾਲ ਹੀ ਰਿਕਾਰਡ ਸੁਰੱਖਿਅਤ ਰੱਖਣ ਲਈ ਵੀ ਕਿਹਾ ਸੀ। 21 ਅਕਤੂਬਰ ਨੂੰ ਪੰਜਾਬ ਸਟੇਟ ਕ੍ਰਾਈਮ ਪੁਲੀਸ ਸਟੇਸ਼ਨ ਵਿੱਚ ਇੰਸਪੈਕਟਰ ਗਗਨਪ੍ਰੀਤ ਸਿੰਘ ਦੀ ਸ਼ਿਕਾਇਤ ’ਤੇ ਜਗਮਨ ਸਮਰਾ ਖ਼ਿਲਾਫ਼ ਕੇਸ ਦਰਜ਼ ਹੋਇਆ ਹੈ। ਪੁਲਿਸ ਦਾ ਕਹਿਣਾ ਹੈ ਕਿ ਜਗਮਨ ਨੇ ਹੀ ਇਹ ਵੀਡੀਓ ਅਪਲੋਡ ਕੀਤੀ। ਪਰ ਸਵਾਲ ਉੱਠ ਰਿਹਾ ਹੈ ਕਿ ਭਗਵੰਤ ਮਾਨ ਨੇ ਵੀਡੀਓ ਦੀ ਤਕਨੀਕੀ ਜਾਂਚ ਕਿਉਂ ਨਹੀਂ ਕਰਵਾਈ? ਕੀ ਇਹ ਵੀਡੀਓ ਅਸਲੀ ਹੈ ਜਾਂ ਪੂਰੀ ਤਰ੍ਹਾਂ ਫ਼ਰਜ਼ੀ? ਪੁਲਿਸ ਨੇ ਅਜੇ ਤੱਕ ਫੋਰੈਂਸਿਕ ਰਿਪੋਰਟ ਜਨਤਕ ਨਹੀਂ ਕੀਤੀ, ਜਿਸ ਨਾਲ ਸ਼ੱਕ ਵਧ ਰਿਹਾ ਹੈ। ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਵੀਡੀਓ ਦੀ ਜਾਂਚ ਕਰਵਾਉਣ ਦੀ ਮੰਗ ਕਰ ਰਹੇ ਹਨ।
ਇਸ ਤੋਂ ਬਾਅਦ ਪੁਲਿਸ ਨੇ ਜਗਮਨ ਦੇ ਰਿਸ਼ਤੇਦਾਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਮੂਣਕ ਥਾਣੇ ਵਿੱਚ 2021 ਦੇ ਇੱਕ ਪੁਰਾਣੇ ਮਾਮਲੇ ਵਿੱਚ ਜਗਮਨ ਦੇ ਚਾਚੇ ਦੇ ਲੜਕੇ ਰੁਪਿੰਦਰ ਸਿੰਘ ਰੋਮੀ ਤੇ ਜਸਵਿੰਦਰ ਸਿੰਘ ਜੱਸੀ, ਨਾਲ ਹੀ ਟਕਸਾਲੀ ਅਕਾਲੀ ਆਗੂ ਸਵ: ਉਜਾਗਰ ਸਿੰਘ ਦੇ ਪੋਤਰੇ ਰਵੀਇੰਦਰ ਸਿੰਘ ਰੌਵੀ ਨੂੰ ਨਾਮਜ਼ਦ ਕਰਕੇ ਜੇਲ੍ਹ ਭੇਜ ਦਿੱਤਾ ਸੀ। ਤਿੰਨੇ ਨੌਜਵਾਨਾਂ ਦੇ ਪਿਤਾ ਪਹਿਲਾਂ ਹੀ ਮਰ ਚੁੱਕੇ ਹਨ ਤੇ ਉਹ ਆਪਣੇ ਪਰਿਵਾਰਾਂ ਨੂੰ ਮਿਹਨਤ ਨਾਲ ਪਾਲ ਰਹੇ ਸਨ। ਜਗਮਨ ਦੇ ਮਾਪੇ – ਸੇਵਾਮੁਕਤ ਪ੍ਰਿੰਸੀਪਲ ਦਵਿੰਦਰ ਸਿੰਘ ਸਮਰਾ ਤੇ ਸੇਵਾਮੁਕਤ ਅਧਿਆਪਕਾ ਸੁਰਿੰਦਰਪਾਲ ਕੌਰ ਨੇ ਸੋਸ਼ਲ ਮੀਡੀਆ ਤੇ ਹੱਥ ਲਿਖਤ ਪੱਤਰ ਜਾਰੀ ਕਰਕੇ ਮੁੱਖ ਮੰਤਰੀ ਨੂੰ ਬੇਨਤੀ ਕੀਤੀ ਕਿ ਇਹ ਨੌਜਵਾਨ ਬੇਕਸੂਰ ਹਨ, ਉਨ੍ਹਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਤੇ ਕੇਸ ਰੱਦ ਕੀਤੇ ਜਾਣ। ਦਵਿੰਦਰ ਸਿੰਘ ਨੇ ਲਿਖਿਆ ਕਿ ਭਗਵੰਤ ਮਾਨ ਪੀਪਲਜ਼ ਪਾਰਟੀ ਬਣਾਉਣ ਸਮੇਂ ਜਗਮਨ ਨਾਲ ਸੰਪਰਕ ਵਿੱਚ ਸਨ, ਇੱਕ ਵਾਰ ਸਿਆਟਲ ਤੋਂ ਲਿਆ ਕੇ ਹੋਟਲ ਵਿੱਚ ਠਹਿਰਾਇਆ ਸੀ ਤੇ ਜਾਣ ਸਮੇਂ ਪਰਿਵਾਰ ਨੂੰ ਵੀ ਮਿਲੇ ਸਨ। ਉਨ੍ਹਾਂ ਕਿਹਾ, “ਅਸੀਂ ਨਹੀਂ ਜਾਣਦੇ ਉਨ੍ਹਾਂ ਦਾ ਕੀ ਪੰਗਾ ਹੈ, ਪਰ ਭਤੀਜਿਆਂ ਦਾ ਕੋਈ ਕਸੂਰ ਨਹੀਂ।”
ਅਕਾਲੀ ਦਲ ਦੇ ਹਲਕਾ ਇੰਚਾਰਜ ਵਿਨਰਜੀਤ ਸਿੰਘ ਗੋਲਡੀ ਤੇ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਸਿੰਘ ਸੰਘਰੇੜੀ ਨੇ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਕਿ ਤਿੰਨੇ ਨੌਜਵਾਨਾਂ ਦਾ ਵੀਡੀਓ ਨਾਲ ਕੋਈ ਸਬੰਧ ਨਹੀਂ। ਪੁਲਿਸ ਬਿਨਾਂ ਵਜ੍ਹਾ ਪਰਿਵਾਰਾਂ ਨੂੰ ਤੰਗ ਕਰ ਰਹੀ ਹੈ। ਜੇ ਜਗਮਨ ਨੇ ਗਲਤੀ ਕੀਤੀ ਤਾਂ ਉਸ ’ਤੇ ਕਾਰਵਾਈ ਕਰੋ, ਪਰਿਵਾਰਾਂ ਨੂੰ ਕਿਉਂ ਉਲਝਾਉਂਦੇ ਹੋ? ਸਰਪੰਚ ਗੁਰਪ੍ਰੀਤ ਸਿੰਘ ਬਹਿਲਾ ਤੇ ਹੋਰ ਆਗੂਆਂ ਨੇ ਦੱਸਿਆ ਕਿ ਇੱਕ ਦਿਨ ਪਹਿਲਾਂ ਭਵਾਨੀਗੜ੍ਹ ਥਾਣੇ ਵਿੱਚ ਪੁੱਛਗਿੱਛ ਤੋਂ ਬਾਅਦ ਛੱਡ ਦਿੱਤਾ ਸੀ, ਪਰ ਫਿਰ ਗ੍ਰਿਫ਼ਤਾਰ ਕਰ ਲਿਆ।
ਜਗਮਨ ਸਮਰਾ ਕੌਣ ਹੈ?
ਉਸ ਦਾ ਅਸਲ ਨਾਂ ਜਗਮਨਦੀਪ ਸਿੰਘ ਸਮਰਾ ਹੈ। ਉਹ ਦੇਸ਼ ਭਗਤ ਜਥੇਦਾਰ ਜਗੀਰ ਸਿੰਘ ਫੱਗੂਵਾਲੀਆ ਦੇ ਗੋਦ ਲਏ ਪੁੱਤਰ ਦਵਿੰਦਰ ਸਿੰਘ ਸਮਰਾ ਦਾ ਪੁੱਤਰ ਹੈ। ਜਗੀਰ ਸਿੰਘ ਨੇ ਅਜ਼ਾਦੀ ਤੋਂ ਪਹਿਲਾਂ ਜੇਲ੍ਹਾਂ ਕੱਟੀਆਂ, 1954 ਵਿੱਚ ਪੈਪਸੂ ਅਸੈਂਬਲੀ ਤੇ 1967 ਵਿੱਚ ਪੰਜਾਬ ਵਿਧਾਨ ਸਭਾ ਮੈਂਬਰ ਰਹੇ। ਪਰਿਵਾਰ ਕਈ ਸਾਲ ਪਹਿਲਾਂ ਕੈਨੇਡਾ ਸਥਾਪਿਤ ਹੋ ਗਿਆ। ਜਗਮਨ ਸੋਸ਼ਲ ਮੀਡੀਆ ’ਤੇ ਐਕਟਿਵ ਰਹਿੰਦਾ ਹੈ।
ਕੀ ਕਿਹਾ ਜਥੇਦਾਰ ਅਕਾਲ ਤਖ਼ਤ ਸਾਹਿਬ ਨੇ ?
ਇਸੇ ਵਿਚਾਲੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਵੱਡਾ ਸਵਾਲ ਚੁੱਕਿਆ। ਮਾਲਵੇ ਦੇ ਧਾਰਮਿਕ ਸਮਾਗਮ ਵਿੱਚ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੀ ਏਆਈ ਵੀਡੀਓ ’ਤੇ 24 ਘੰਟੇ ਵਿੱਚ ਹੁਕਮ ਹੋ ਜਾਂਦੇ ਹਨ, ਪਰ ਸ੍ਰੀ ਦਰਬਾਰ ਸਾਹਿਬ ਦੀ ਵਿਵਾਦਿਤ ਏ.ਆਈ. ਵੀਡੀਓ ’ਤੇ ਕਾਰਵਾਈ ਵਿੱਚ ਦੇਰੀ ਕਿਉਂ? ਉਨ੍ਹਾਂ ਮੰਗ ਕੀਤੀ ਕਿ ਧਾਰਮਿਕ ਸਥਾਨਾਂ ਨਾਲ ਜੁੜੀ ਕੋਈ ਵੀ ਇਤਰਾਜ਼ਯੋਗ ਵੀਡੀਓ 24 ਘੰਟੇ ਵਿੱਚ ਹਟਾਈ ਜਾਵੇ, ਸੋਸ਼ਲ ਮੀਡੀਆ ਕੰਪਨੀਆਂ ਨੂੰ ਨਿਰਦੇਸ਼ ਦਿੱਤੇ ਜਾਣ ਤੇ ਅਜਿਹਾ ਕਰਨ ਵਾਲੇ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਸ੍ਰੀ ਦਰਬਾਰ ਸਾਹਿਬ ਸਿੱਖਾਂ ਦੇ ਦਿਲ ਵਿੱਚ ਵੱਸਦਾ ਹੈ, ਇਸ ਦੀ ਮਾਣ-ਮਰਿਆਦਾ ਰਾਖਣਾ ਸਰਕਾਰ ਦੀ ਜ਼ਿੰਮੇਵਾਰੀ ਹੈ, ਨਹੀਂ ਤਾਂ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚੇਗੀ।
ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਜਗਮਨ ਸਮਰਾ ਦੀ ਗ੍ਰਿਫ਼ਤਾਰੀ ਲਈ ਲੁੱਕ-ਆਊਟ ਨੋਟਿਸ ਜਾਇਜ਼ ਲੱਗਦਾ ਹੈ ਕਿਉਂਕਿ ਉਹ ਭਗੌੜਾ ਹੈ ਤੇ ਨਵਾਂ ਕੇਸ ਵੀ ਦਰਜ਼ ਹੈ। ਪਰ ਰਿਸ਼ਤੇਦਾਰਾਂ ਨੂੰ ਗ੍ਰਿਫ਼ਤਾਰ ਕਰਨਾ ਗਲਤ ਜਾਪਦਾ ਹੈ, ਕਿਉਂਕਿ ਉਨ੍ਹਾਂ ਦਾ ਸਿੱਧਾ ਸਬੰਧ ਨਹੀਂ। ਵੀਡੀਓ ਦੀ ਜਾਂਚ ਨਾ ਹੋਣਾ ਸ਼ੱਕ ਪੈਦਾ ਕਰ ਰਿਹਾ ਹੈ। ਜਥੇਦਾਰ ਗੜਗੱਜ ਦੀ ਗੱਲ ਠੀਕ ਹੈ – ਧਾਰਮਿਕ ਮਾਮਲਿਆਂ ਵਿੱਚ ਵੀ ਤੇਜ਼ੀ ਵਿਖਾਈ ਜਾਵੇ। ਪੰਜਾਬ ਦੀ ਰਾਜਨੀਤੀ ਤੇ ਸਿੱਖ ਭਾਵਨਾਵਾਂ ਨੂੰ ਧਿਆਨ ਵਿੱਚ ਰੱਖ ਕੇ ਸਰਕਾਰ ਨੂੰ ਸੰਤੁਲਿਤ ਕਦਮ ਚੁੱਕਣੇ ਚਾਹੀਦੇ ਹਨ।

Loading