-ਜਤਿੰਦਰ ਸਿੰਘ ਪਮਾਲ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਐੱਚ1ਬੀ ਵੀਜ਼ਾ ਰੱਖਣ ਵਾਲੇ ਮੁਲਾਜ਼ਮਾਂ ਲਈ ਹਰ ਸਾਲ 1 ਲੱਖ ਡਾਲਰ (ਕਰੀਬ 88 ਲੱਖ ਰੁਪਏ) ਦਾ ਭੁਗਤਾਨ ਕਰਨਾ ਪਵੇਗਾ। ਅਮਰੀਕਾ ਦੀਆਂ ਭਾਰਤ ’ਤੇ ਪਾਬੰਦੀਆਂ ਤੋਂ ਬਾਅਦ ਹੁਣ ਕੈਨੇਡਾ ਨੇ ਵੀ ਭਾਰਤੀਆਂ ਤੋਂ ਕਿਨਾਰਾ ਕਰਨਾ ਸ਼ੁਰੂ ਕਰ ਦਿੱਤਾ ਹੈ। ਅਪ੍ਰੈਲ ਤੋਂ ਜੂਨ 2025 ਵਿਚਾਲੇ ਭਾਰਤੀ ਵਿਦਿਆਰਥੀਆਂ ਨੂੰ ਸਿਰਫ਼ 17888 ਸਟੱਡੀ ਵੀਜ਼ੇ ਜਾਰੀ ਕੀਤੇ ਗਏ ਸਨ ਜਦਕਿ 2024 ਵਿਚ ਇਸੇ ਸਮੇਂ ਦੌਰਾਨ ਇਹ ਗਿਣਤੀ 55660 ਸੀ। ਸਟੱਡੀ ਵੀਜ਼ੇ ਵਿਚ 66 ਫ਼ੀਸਦੀ ਦੀ ਕਟੌਤੀ ਨਾਲ ਕੁੱਲ ਸਟੱਡੀ ਪਰਮਿਟ 99950 ਤੋਂ ਘਟ ਕੇ 47695 ਰਹਿ ਗਏ।
ਅਮਰੀਕਾ ਅਤੇ ਕੈਨੇਡਾ ਵੱਲੋਂ ਐਨੀਆਂ ਸਖ਼ਤੀਆਂ ਅਤੇ ਪਾਬੰਦੀਆਂ ਲਾਗੂ ਕਰਨ ਦੇ ਬਾਵਜੂਦ ਪੰਜਾਬੀ ਨੌਜਵਾਨ ਆਪਣੇ ਪਰਿਵਾਰਾਂ ਦੀ ਆਰਥਿਕ ਹਾਲਤ ਨੂੰ ਸੁਧਾਰਨ ਲਈ ਵਿਦੇਸ਼ਾਂ ਨੂੰ ਧੜਾਧੜ ਜਾ ਰਹੇ ਹਨ। ਇਹ ਲੋਕ ਆਪਣੇ ਮਾਪਿਆਂ ਦੇ ਗਲੀਂ ਅੰਗੂਠਾ ਦੇ ਕੇ ਵਿਦੇਸ਼ਾਂ ਨੂੰ ਜਾ ਰਹੇ ਹਨ। ਇਨ੍ਹਾਂ ਵਿਚ ਸਤੰਬਰ-ਅਕਤੂਬਰ ਮਹੀਨੇ ਵਿੱਚ ਵਿਦੇਸ਼ਾਂ ਵਿੱਚ ਜੋ ਪੰਜਾਬੀਆਂ ਦੀਆਂ ਮੌਤਾਂ ਹੋਈਆਂ ਹਨ, ਉਨ੍ਹਾਂ ਵਿੱਚ ਕਈ ਨੌਜਵਾਨ ਆਪਣੇ ਮਾਪਿਆਂ ਦੇ ਇਕਲੌਤੇ ਪੁੱਤਰ ਸਨ ਜਾਂ ਕਈ ਭੈਣਾਂ ਦੇ ਇਕਲੌਤੇ ਭਰਾ ਸਨ। ਜਦੋਂ ਇਨ੍ਹਾਂ ਇਕਲੌਤੇ ਪੁੱਤਰਾਂ ਅਤੇ ਭਰਾਵਾਂ ਦੀਆਂ ਲਾਸ਼ਾਂ ਘਰ ਪਹੁੰਚਦੀਆਂ ਹਨ ਤਾਂ ਇਕੱਲਾ ਪਰਿਵਾਰ ਤਾਂ ਕੀ, ਸਾਰਾ ਪਿੰਡ ਹੀ ਸੋਗ ਵਿੱਚ ਡੁੱਬ ਜਾਂਦਾ ਹੈ।
ਵੱਖ-ਵੱਖ ਮਿਤੀਆਂ ਨੂੰ ਅਖਬਾਰਾਂ ਵਿੱਚ ਵਿਦੇਸ਼ਾਂ ’ਚ ਹੋਈਆਂ ਪੰਜਾਬੀਆਂ ਦੀਆਂ ਮੌਤਾਂ ਦੀਆਂ ਖ਼ਬਰਾਂ ਅਕਸਰ ਛਪਦੀਆਂ ਰਹਿੰਦੀਆਂ ਹਨ। ਦੋ ਸਤੰਬਰ ਤੋਂ 8 ਅਕਤੂਬਰ 2025 ਤੱਕ ਪੰਜਾਬੀਆਂ ਦੀਆਂ ਵਿਦੇਸ਼ਾਂ ਵਿੱਚ 18 ਮੌਤਾਂ ਹੋ ਚੁੱਕੀਆਂ ਹਨ। ਦੋ ਸਤੰਬਰ ਨੂੰ ਮੈਲਬੌਰਨ ਦੇ ਉੱਤਰੀ ਇਲਾਕੇ ਵਿੱਚ ਵਾਪਰੇ ਸੜਕ ਹਾਦਸੇ ਦੌਰਾਨ ਜਗਵੀਰ ਬੋਪਾਰਾਏ ਦੀ ਕਾਰ ਦਾ ਸੰਤੁਲਨ ਵਿਗੜਨ ਕਾਰਨ ਕਾਰ ਖੰਭੇ ਵਿਚ ਜਾ ਵੱਜੀ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਸੱਤ ਸਤੰਬਰ ਨੂੰ ਘਰ ਦੀ ਗ਼ਰੀਬੀ ਦੂਰ ਕਰਨ ਲਈ ਡੇਢ ਸਾਲ ਪਹਿਲਾਂ ਅੰਮ੍ਰਿਤਸਰ ਦੇ 30 ਸਾਲਾ ਨੌਜਵਾਨ ਗੁਰਜੰਟ ਸਿੰਘ ਦੀ ਅਮਰੀਕਾ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਦਸ ਸਤੰਬਰ ਨੂੰ ਅਖ਼ਬਾਰਾਂ ਵਿੱਚ ਖ਼ਬਰ ਛਪੀ ਕਿ ਮੁਕਤਸਰ ਸਾਹਿਬ ਦੇ ਪਿੰਡ ਰੁਪਾਣਾ ਦੇ ਵਾਸੀ ਜਸਵਿੰਦਰ ਸਿੰਘ ਦੀ ਧੀ ਪਵਨਦੀਪ ਕੌਰ ਨੇ ਘਰੇਲੂ ਦਿਮਾਗੀ ਪਰੇਸ਼ਾਨੀ ਕਾਰਨ ਬਰੈਂਪਟਨ ਦੇ ਆਪਣੇ ਘਰ ’ਚ ਫਾਹਾ ਲੈ ਲਿਆ। ਪੰਦਰਾਂ ਸਤੰਬਰ ਨੂੰ ਫਾਜ਼ਿਲਕਾ ਦੇ ਪਿੰਡ ਚੱਕ ਜੰਡਵਾਲਾ ਉਰਫ਼ ਮੌਲਵੀ ਵਾਲਾ ਦੇ 28 ਸਾਲਾ ਨੌਜਵਾਨ ਕੁਲਦੀਪ ਸਿੰਘ ਦੀ ਮਸਕਟ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਹ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਉਸ ਦੀ 2 ਸਾਲ ਦੀ ਧੀ ਹੈ।
ਇਸੇ ਤਰ੍ਹਾਂ 16 ਸਤੰਬਰ ਨੂੰ ਭੋਗਪੁਰ ਲਾਗੇ ਪਿੰਡ ਚਾਹੜਕੇ ਦੇ ਨੌਜਵਾਨ 28 ਸਾਲਾ ਗੁਰਜੀਤ ਸਿੰਘ ਭੰਗੂ ਜੋ ਕਿ ਪਿਛਲੇ ਕਈ ਸਾਲਾਂ ਤੋਂ ਪੁਰਤਗਾਲ ਦੇ ਸ਼ਹਿਰ ਲਿਸਬਨ ਵਿੱਚ ਰਹਿ ਰਿਹਾ ਸੀ, ਉਸ ਨੂੰ ਸਕੂਟਰ ’ਤੇ ਜਾਂਦਿਆਂ ਪਿੱਛੋਂ ਕਾਰ ਨੇ ਟੱਕਰ ਮਾਰ ਦਿੱਤੀ ਜਿਸ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਸਤਾਰਾਂ ਸਤੰਬਰ ਦੀ ਖ਼ਬਰ ਮੁਤਾਬਕ ਮਾਛੀਵਾੜਾ ਦੇ ਨੌਜਵਾਨ 40 ਸਾਲਾ ਰਮਨਦੀਪ ਸਿੰਘ ਗਿੱਲ ਦੀ ਕੈਨੇਡਾ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਸ ਨੂੰ ਹਸਪਤਾਲ ’ਚ ਦਿਲ ਦਾ ਦੂਜਾ ਦੌਰਾ ਪੈਣ ਕਾਰਨ ਮੌਤ ਹੋਈ।
ਅਠਾਰਾਂ ਸਤੰਬਰ ਨੂੰ ਕੈਨੇਡਾ ਵਿੱਚ ਪੰਜਾਬੀ ਨੌਜਵਾਨ 40 ਸਾਲਾ ਪਵਾਰ ਕਰਨ ਪੰਧੇਰ ਨੂੰ ਵੈਨਕੂਵਰ ਦੇ ਲਿੰਗਲੀ ਵਿੱਚ ਟੈਕਸੀ ਵਿਚ ਬੈਠੇ ਨੂੰ ਕਿਸੇ ਨੇ ਗੋਲ਼ੀਆਂ ਮਾਰ ਕੇ ਮਾਰ ਦਿੱਤਾ।
ਉੱਨੀ ਸਤੰਬਰ ਨੂੰ ਮੋਹਾਲੀ ਦੇ ਪਿੰਡ ਸਿਆਉ ਦੀ ਵਸਨੀਕ 19 ਸਾਲਾ ਜੋਬਨਪ੍ਰੀਤ ਕੌਰ ਦੀ ਜਰਮਨੀ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਹ ਪਿਛਲੇ ਸਾਲ ਪੜ੍ਹਾਈ ਕਰਨ ਲਈ ਗਈ ਸੀ। ਵੀਹ ਸਤੰਬਰ ਨੂੰ ਬਠਿੰਡਾ ਦੇ ਸੀਨੀਅਰ ਪੱਤਰਕਾਰ ਅਤੇ ਸਮਾਜਸੇਵੀ ਬਲਵਿੰਦਰ ਭੁੱਲਰ ਦਾ ਪੁੱਤਰ 31 ਸਾਲਾ ਅਕਾਸ਼ਦੀਪ ਸਿੰਘ ਭੁੱਲਰ ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ਵਿੱਚ ਹਾਦਸੇ ਦੌਰਾਨ ਕਾਰ ਨੂੰ ਅੱਗ ਲੱਗਣ ਕਾਰਨ ਝੁਲਸਿਆ ਗਿਆ ਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਬਾਈ ਸਤੰਬਰ-ਬਲਾਕ ਮਾਛੀਵਾੜਾ ਅਧੀਨ ਪੈਂਦੇ ਪਿੰਡ ਠੰਡਾ ਕਾਲੀਆ ਦੇ 25 ਸਾਲਾ ਨੌਜਵਾਨ ਲਵਪ੍ਰੀਤ ਸਿੰਘ ਦੀ ਪੁਰਤਗਾਲ ਵਿਖੇ ਪੇਟ ਵਿੱਚ ਇਨਫੈਕਸ਼ਨ ਹੋਣ ਕਾਰਨ ਮੌਤ ਹੋ ਗਈ। ਲਵਪ੍ਰੀਤ ਸਿੰਘ 2020 ਵਿੱਚ ਸੁਨਹਿਰੇ ਭਵਿੱਖ ਲਈ ਪੁਰਤਗਾਲ ਗਿਆ ਸੀ ਅਤੇ ਉਹ 2 ਭੈਣਾਂ ਦਾ ਇਕਲੌਤਾ ਭਰਾ ਸੀ। ਬਾਈ ਸਤੰਬਰ ਨੂੰ ਹੀ ਇਹ ਵੀ ਖ਼ਬਰ ਛਪੀ ਕਿ ਕਸਬਾ ਮੁਦਕੀ ਦਾ ਨੌਜਵਾਨ 46 ਸਾਲਾ ਰਵਿੰਦਰਪਾਲ ਸਿੰਘ ਬਰਾੜ ਅਮਰੀਕਾ ਦੇ ਲਾਸ ਏਂਜਲਸ ’ਚ 19 ਸਤੰਬਰ ਨੂੰ ਰਾਤ 10 ਵਜੇ ਆਪਣੇ ਟਰੱਕ ਨੂੰ ਅੱਗ ਲੱਗ ਜਾਣ ਕਾਰਨ ਝੁਲਸ ਗਿਆ ਤੇ ਉਸ ਦੀ ਮੌਤ ਹੋ ਗਈ। ਤੇਈ ਸਤੰਬਰ ਨੂੰ ਸਿਰਸਾ ਦੇ ਪਿੰਡ ਹਰੀਪੁਰਾ ਦੇ ਰਹਿਣ ਵਾਲੇ ਵਿਦਿਆਰਥੀ 27 ਸਾਲਾ ਪ੍ਰਭਜੋਤ ਸਿੰਘ ਦੀ ਮੌਤ ਹੋ ਗਈ। ਉਹ ਰੀਲਈਲਿੰਗ ਮੈਲਬੋਰਨ ਪਲਾਂਟ ਵਿੱਚ ਕੰਮ ਕਰਦਾ ਸੀ। ਕੰਮ ਤੋਂ ਬਾਅਦ ਦਰਵਾਜ਼ਾ ਬੰਦ ਕਰਨ ਸਮੇਂ ਇਕ ਲੋਡਰ ਨੇ ਪਿੱਛੋਂ ਆ ਕੇ ਟੱਕਰ ਮਾਰ ਦਿੱਤੀ। ਉਹ ਟਰੇਲਰ ਤੇ ਲੋਡਰ ਵਿਚਕਾਰ ਫਸ ਗਿਆ ਅਤੇ ਉਸ ਦੀ ਮੌਤ ਹੋ ਗਈ।
ਪੱਚੀ ਸਤੰਬਰ ਨੂੰ ਗੁਰਦਾਸਪੁਰ ਦੇ ਕਸਬਾ ਪੁਰਾਣਾਸ਼ਾਲਾ ਵਿੱਚ ਮਾਹੌਲ ਉਦੋਂ ਗਮਗੀਨ ਹੋ ਗਿਆ ਜਦੋਂ ਤਰਲੋਚਨ ਸਿੰਘ ਦੇ ਪੁੱਤਰ 29 ਸਾਲਾ ਬਲਜਿੰਦਰ ਸਿੰਘ ਹਨੀ ਦੀ ਸ਼ੱਕੀ ਹਾਲਤ ਵਿੱਚ ਮੌਤ ਬਾਰੇ ਪਤਾ ਲੱਗਿਆ। ਉਹ 2 ਸਾਲ ਪਹਿਲਾਂ ਆਪਣੇ ਪਰਿਵਾਰ ਦੀ ਹਾਲਤ ਸੁਧਾਰਨ ਲਈ ਅਮਰੀਕਾ ਗਿਆ ਸੀ।
ਉਣੱਤੀ ਸਤੰਬਰ ਨੂੰ ਜ਼ਿਲ੍ਹਾ ਬਰਨਾਲਾ ਦੇ ਕਸਬਾ ਮਹਿਲਕਲਾਂ ਦੇ ਰਹਿਣ ਵਾਲੇ 41 ਸਾਲਾ ਸਰਬਜੀਤ ਸਿੰਘ ਨੇ ਆਸਟ੍ਰੇਲੀਆ ਦੇ ਐਡੀਲੇਡ ’ਚ ਆਪਣੀ ਪਤਨੀ ਨਾਲ ਕਲੇਸ਼ ਚੱਲਣ ਕਾਰਨ ਖ਼ੁਦਕੁਸ਼ੀ ਕਰ ਲਈ। ਉਸ ਦੇ 2 ਪੁੱਤਰ ਹਨ।
ਇਕ ਅਕਤੂਬਰ ਨੂੰ ਖ਼ਬਰ ਛਪੀ ਕਿ ਡੰਕੀ ਲਾ ਕੇ ਅਮਰੀਕਾ ਜਾ ਰਹੇ ਡੇਰਾਬੱਸੀ ਦੇ ਨੇੜਲੇ ਪਿੰਡ ਸਮਗੌਲੀ ਦੇ ਨੌਜਵਾਨ ਹਰਦੀਪ ਸਿੰਘ ਦੀ ਮੈਕਸੀਕੋ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਅਨੁਸਾਰ ਉਸ ਨੇ ਟਰੈਵਲ ਏਜੰਟਾਂ ਨੂੰ 27 ਲੱਖ ਰੁਪਏ ਦਿੱਤੇ ਸਨ।
ਛੇ ਅਕਤੂਬਰ ਨੂੰ ਅਮਰੀਕਾ ਵਿੱਚ ਵਾਪਰੇ ਸੜਕ ਹਾਦਸੇ ਵਿੱਚ ਸਮਾਣਾ ਦੇ ਫਤਿਹਗੜ੍ਹ ਛੰਨਾ ਪਿੰਡ ਦੇ ਪਿਉ-ਪੁੱਤਰ ਦੀ ਮੌਤ ਹੋ ਗਈ। ਪਰਦੀਪ ਆਪਣੀ ਪਤਨੀ, ਪੁੱਤਰ ਅਤੇ ਦੋਸਤ ਨਾਲ ਕੈਨੇਡਾ ਵਿੱਚ ਵਿਆਹ ਦੀ ਵਰ੍ਹੇਗੰਢ ਮਨਾਉਣ ਗਿਆ ਸੀ। ਵਾਪਸੀ ’ਤੇ ਤੇਜ਼ ਰਫ਼ਤਾਰ ਟਰੱਕ ਨੇ ਟੱਕਰ ਮਾਰ ਦਿੱਤੀ। ਪਰਦੀਪ ਅਤੇ ਉਸ ਦੇ ਪੁੱਤਰ ਅਯਾਸ਼ ਦੀ ਮੌਕੇ ’ਤੇ ਹੀ ਮੌਤ ਹੋ ਗਈ। ਸੱਤ ਅਕਤੂਬਰ ਨੂੰ ਪਿੰਡ ਮੰਡਵੀ ਦੇ 24 ਸਾਲਾ ਹਰਮਨਪ੍ਰੀਤ ਸਿੰਘ ਦੀ ਅਮਰੀਕਾ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।
ਅੱਠ ਅਕਤੂਬਰ ਨੂੰ ਮੈਡੀਕਲ ਦੀ ਪੜ੍ਹਾਈ ਲਈ ਅਮਰੀਕਾ ਗਏ ਮਜੀਠਾ ਕਸਬੇ ਦੇ ਨੌਜਵਾਨ ਡਾਕਟਰ ਚਰਨਜੋਤ ਸਿੰਘ ਦੀ ਉੱਥੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਸ ਦਾ ਇਸੇ ਸਾਲ ਵਿਆਹ ਹੋਇਆ ਸੀ। ਲੱਖਾਂ ਰੁਪਏ ਖ਼ਰਚ ਕੇ ਪੰਜਾਬੀ ਨੌਜਵਾਨ ਆਪਣੇ ਮਾਪਿਆਂ ਤੰਗ ਕਰ ਕੇ ਤੇ ਜ਼ਮੀਨਾਂ-ਜਾਇਦਾਦਾਂ ਵੇਚ ਕੇ ਵਿਦੇਸ਼ਾਂ ਨੂੰ ਜਾ ਰਹੇ ਹਨ ਜਦਕਿ ਉਹ ਲੱਖਾਂ ਰੁਪਏ ਖ਼ਰਚ ਕੇ ਆਪਣੇ ਦੇਸ਼ ’ਚ ਹੀ ਵਧੀਆ ਕਾਰੋਬਾਰ ਕਰ ਸਕਦੇ ਹਨ। ਇਸ ਨਾਲ ਮਾਪਿਆਂ ਅਤੇ ਭੈਣਾਂ-ਭਰਾਵਾਂ ਨੂੰ ਅੱਖਾਂ ਸਾਹਮਣੇ ਵਸਦਿਆਂ ਵੇਖ ਕੇ ਜਿੱਥੇ ਤਸੱਲੀ ਹੋਵੇਗੀ, ਉੱਥੇ ਹੀ ਉਹ ਮਾਨਸਿਕ ਪਰੇਸ਼ਾਨੀਆਂ ਤੋਂ ਮੁਕਤ ਹੋ ਜਾਣਗੇ। ਬਾਹਰਲੇ ਦੇਸ਼ਾਂ ਵਿਚ ਨੌਜਵਾਨਾਂ ਨੂੰ ਭੇਜਣ ਦੇ ਦੋ ਨੁਕਸਾਨ ਹਨ। ਸਭ ਤੋਂ ਵੱਡਾ ਨੁਕਸਾਨ ਇਹ ਹੈ ਕਿ ਜੋ ਸਾਡਾ ਨੌਜਵਾਨ ਵਰਗ ਬਾਹਰ ਸੁਰਗਵਾਸ ਹੋ ਜਾਂਦਾ ਹੈ, ਇਕ ਤਾਂ ਅਸੀਂ ਉਸ ਨੂੰ ਹੱਥੋਂ ਗੁਆ ਲੈਂਦੇ ਹਾਂ ਅਤੇ ਦੂਸਰਾ, ਸਾਡਾ ਲੱਖਾਂ ਰੁਪਇਆ ਖ਼ਰਚਿਆ ਵੀ ਬਰਬਾਦ ਹੋ ਜਾਂਦਾ ਹੈ।
ਨੌਜਵਾਨਾਂ ਦੇ ਮਾਪਿਆਂ ਨੂੰ ਚਾਹੀਦਾ ਹੈ ਕਿ ਅਮਰੀਕਾ ਅਤੇ ਕੈਨੇਡਾ ਵੱਲੋਂ ਨਿੱਤ ਨਵੀਆਂ ਸ਼ਰਤਾਂ, ਪਾਬੰਦੀਆਂ ਅਤੇ ਦੇਸ਼ੋਂ ਬਾਹਰ ਕੱਢਣ ਦੀਆਂ ਧਮਕੀਆਂ ਨੂੰ ਦੇਖਦੇ ਹੋਏ ਉਹ ਆਪਣੇ ਨੌਜਵਾਨ ਪੁੱਤਰਾਂ-ਧੀਆਂ ਨੂੰ ਬਾਹਰਲੇ ਦੇਸ਼ਾਂ ਵਿੱਚ ਭੇਜਣ ਤੋਂ ਗੁਰੇਜ਼ ਕਰਨ। ਜੋ ਆਪਣੇ ਦੇਸ਼ ’ਚ ਸਹੂਲਤਾਂ ਹਨ, ਉਹ ਬਾਹਰਲੇ ਦੇਸ਼ਾਂ ਵਿਚ ਨਹੀਂ। ਜੋ ਆਪਣੇ ਘਰ ਅਤੇ ਦੇਸ਼ ’ਚ ਸੁੱਖ ਅਤੇ ਆਨੰਦ ਹੈ, ਉਹ ਬਾਹਰਲੇ ਦੇਸ਼ਾਂ ’ਚ ਨਹੀਂ। ਪੰਜਾਬੀ ਦੀ ਕਹਾਵਤ ਹੈ- ‘ਜੋ ਸੁੱਖ ਛੱਜੂ ਦੇ ਚੁਬਾਰੇ, ਉਹ ਬਲਖ ਨਾ ਬੁਖਾਰੇ।’
-(ਲੇਖਕ ਸਾਬਕਾ ਡੀ.ਪੀ.ਆਰ.ਓ. ਹੈ)।
![]()
