ਐਲਨ ਮਸਕ ਪਿਛਲੀਆਂ ਗੱਲਾਂ ਭੁੱਲ ਕੇ ਚੁੱਪ ਚੁਪੀਤੇ ਵਾਈਟ ਹਾਊਸ ਪਰਤੇ

In ਅਮਰੀਕਾ
November 21, 2025

ਸੈਕਰਾਮੈਂਟੋ,ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ: ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਝਗੜੇ ਤੋਂ ਬਾਅਦ 6 ਮਹੀਨੇ ਪਹਿਲਾਂ ਵਾਈਟ ਹਾਊਸ ਛੱਡ ਕੇ ਗਏ ਐਲਨ ਮਸਕ ਵਾਪਿਸ ਪਰਤ ਆਏ ਹਨ। ਬੀਤੇ ਦਿਨ ਟੈਸਲਾ ਤੇ ਸਪੇਸ ਐਕਸ ਦੇ ਸੀ ਈ ਓ ਮਸਕ ਚੁੱਪ ਚੁਪੀਤੇ ਵਾਈਟ ਹਾਊਸ ਵਿੱਚ ਸਾਊਦੀ ਅਰਬ ਦੇ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਦੇ ਮਾਣ ਵਿੱਚ ਰੱਖੇ ਰਾਤ ਦੇ ਖਾਣੇ ਵਿੱਚ 140 ਦੇ ਕਰੀਬ ਹੋਰ ਮਹਿਮਾਨਾਂ ਨਾਲ ਸ਼ਾਮਿਲ ਹੋਏ ਹਾਲਾਂ ਕਿ ਜਦੋਂ ਉਨ੍ਹਾਂ ਨੇ ਵਾਈਟ ਹਾਊਸ ਛੱਡਿਆ ਸੀ ਤਾਂ ਉਸ ਸਮੇਂ ਕਾਫ਼ੀ ਗਰਮਾ ਗਰਮੀ ਹੋਈ ਸੀ। ਜਿਸ ਤੋਂ ਬਾਅਦ ਟਰੰਪ ਨੇ ਉਸ ਨਾਲ ਸਿੱਝ ਲੈਣ ਤੱਕ ਦੀ ਚਿਤਾਵਨੀ ਦਿੱਤੀ ਸੀ। ਟਰੰਪ ਸਰਕਾਰ
ਦੇ ਸਰਕਾਰੀ ਕੁਸ਼ਲਤਾ ਵਿਭਾਗ ਦੇ ਮੁਖੀ ਵਜੋਂ ਅਹੁਦਾ ਛੱਡਣ ਤੋਂ ਬਾਅਦ ਮਸਕ ਪਹਿਲੀ ਵਾਰ ਵਾਸ਼ਿੰਗਟਨ ਵਿੱਚ ਜਨਤਿਕ ਤੌਰ ’ਤੇ ਨਜ਼ਰ ਆਏ। ਸਮਾਗਮ ਵਿੱਚ ਉਹ ਹੋਰ ਅਮੀਰ ਮਹਿਮਾਨਾਂ ਨਾਲ ਬੈਠੇ ਸਨ ਜਿਨ੍ਹਾਂ ਵਿੱਚ ਐਪਲ ਸੀ ਈ ਓ ਟਿਮ ਕੁੱਕ, ਡੈਲ ਸੀ ਈ ਓ ਮਿਸ਼ੈਲ ਡੈਲ, ਗੋਲਫ਼ਰ ਬਰਾਇਸਨ ਡੀ ਚੈਂਬੂ, ਫ਼ੁੱਟਬਾਲ ਸਟਾਰ ਕ੍ਰਿਟੀਅਨ ਰੋਨਾਲਡੋ ਤੇ ਟਰੰਪ ਪਰਿਵਾਰ ਦੇ ਅਨੇਕਾਂ ਮੈਂਬਰ
ਸ਼ਾਮਿਲ ਸਨ। ਅਜਿਹਾ ਲੱਗ ਰਿਹਾ ਸੀ ਕਿ ਜਿਵੇਂ ਉਹ ਪਿਛਲਾ ਸਾਰਾ ਕੁਝ ਭੁੱਲ ਗਏ ਹੋਣ ਤੇ ਰਾਸ਼ਟਰਪਤੀ ਨਾਲ ਉਨ੍ਹਾਂ ਦਾ ਕੋਈ ਵਿਵਾਦ ਨਹੀਂ ਰਿਹਾ। ਇਥੇ ਜਿਕਰਯੋਗ ਹੈ ਕਿ ਮਸਕ ਵੱਲੋਂ ਵਾਈਟ ਹਾਊਸ ਛੱਡ ਜਾਣ ਉਪਰੰਤ ਟਰੰਪ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਉਸ ਦਾ ਮਾੜਾ ਸਮਾਂ ਹੈ, ਇਹ ਉਸ ਦੀ ਵੱਡੀ ਮੂਰਖਤਾ ਹੈ ਪਰੰਤੂ ਮਂੈ ਮਸਕ ਨੂੰ ਪਸੰਦ ਕਰਦਾ ਹਾਂ। ਇਸ ਸਮਾਗਮ ਵਿੱਚ ਰਾਸ਼ਟਰਪਤੀ ਨੇ ਨਿਵੇਸ਼ ਦੀ ਗੱਲ ਕਰਦਿਆਂ ਸਾਊਦੀ ਅਰਬ ਨਾਲ ਪ੍ਰਮਾਣੂ ਊਰਜਾ ਭਾਈਵਾਲੀ ਪ੍ਰਤੀ ਵਚਨਬੱਧਤਾ ਪ੍ਰਗਟਾਈ।

Loading