ਸ੍ਰੀ ਅਨੰਦਪੁਰ ਸਾਹਿਬ/ਏ.ਟੀ.ਨਿਊਜ਼: ਬੀਤੇ ਦਿਨੀਂ ਪੰਜਾਬ ਦੀ ਧਰਤੀ ’ਤੇ 63 ਸਾਲਾਂ ਵਿੱਚ ਪਹਿਲੀ ਵਾਰ ਚੰਡੀਗੜ੍ਹ ਤੋਂ ਬਾਹਰ ਵਿਧਾਨ ਸਭਾ ਦਾ ਇਜਲਾਸ ਹੋਇਆ ਸੀ। ਭਾਈ ਜੈਤਾ ਜੀ ਯਾਦਗਾਰੀ ਪਾਰਕ ਵਿੱਚ ਵਾਟਰਪਰੂਫ਼ ਟੈਂਟ ਵਿੱਚ ਬੈਠੀ ਵਿਧਾਨ ਸਭਾ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇੱਕ ਦਿਨ ਦੇ ਵਿਸ਼ੇਸ਼ ਸੈਸ਼ਨ ਵਿੱਚ ਸਰਬਸੰਮਤੀ ਨਾਲ ਤਿੰਨ ਮਤੇ ਪਾਸ ਕੀਤੇ ਗਏ।
ੲੱਕ ਮਤੇ ਰਾਹੀਂ ਸ੍ਰੀ ਅਨੰਦਪੁਰ ਸਾਹਿਬ, ਤਲਵੰਡੀ ਸਾਬੋ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਅੰਦਰੂਨੀ ਸ਼ਹਿਰੀ ਹਿੱਸੇ (ਗਲਿਆਰੇ) ਨੂੰ “ਪਵਿੱਤਰ ਸ਼ਹਿਰ” ਐਲਾਨਿਆ। ਇਨ੍ਹਾਂ ਥਾਵਾਂ ’ਤੇ ਮਾਸ, ਸ਼ਰਾਬ, ਤੰਬਾਕੂ ਤੇ ਨਸ਼ੀਲੇ ਪਦਾਰਥਾਂ ਦੀ ਵਿਕਰੀ ਤੇ ਵਰਤੋਂ ’ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ।
ਇਹ ਸਰਕਾਰੀ ਮਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਰਬਉੱਚ ਬਲੀਦਾਨ ਮੰਨਦਿਆਂ ਕੀਤਾ ਗਿਆ ਹੈ।
ਇਸ ਫ਼ੈਸਲੇ ਬਾਰੇ ਇੱਕ ਪਾਸੇ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਨੂੰ “ਇਤਿਹਾਸਕ ਤੇ ਧਾਰਮਿਕ ਜਿੱਤ” ਦੱਸ ਰਹੀ ਹੈ, ਦੂਜੇ ਪਾਸੇ ਵਿਰੋਧੀ ਧਿਰਾਂ, ਪੰਥਕ ਜਥੇਬੰਦੀਆਂ ਤੇ ਬੁੱਧੀਜੀਵੀਆਂ ਨੇ ਇਸ ਨੂੰ “ਅਧੂਰਾ, ਰਾਜਨੀਤੀ ਨਾਲ ਪ੍ਰੇਰਿਤ ਤੇ ਧੋਖੇ ਵਾਲਾ ਫ਼ੈਸਲਾ” ਕਰਾਰ ਦਿੱਤਾ।
ਕੀ ਹੋਇਆ ਸਦਨ ਵਿੱਚ?
ਸਵੇਰੇ 10 ਵਜੇ ਤੋਂ ਸ਼ੁਰੂ ਹੋਇਆ ਇਜਲਾਸ ਪੂਰੀ ਤਰ੍ਹਾਂ ਰੂਹਾਨੀ ਮਾਹੌਲ ਵਿੱਚ ਰਿਹਾ। ਵਿਧਾਇਕਾਂ ਨੇ ਸਿਰਾਂ ’ਤੇ ਰੁਮਾਲ ਬੰਨ੍ਹੇ, ਕਈਆਂ ਨੇ ਕੇਸਰੀ ਦਸਤਾਰਾਂ ਬੰਨੀਆਂ ਸਨ। ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਭਾਸ਼ਨ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ “ਹਿੰਦ ਦੀ ਚਾਦਰ” ਕਿਹਾ ਤੇ ਦਾਅਵਾ ਕੀਤਾ ਕਿ ਉਹਨਾਂ ਦੀ ਸਰਕਾਰ ਨੇ ਸਿੱਖਾਂ ਦੀ ਸੈਂਕੜੇ ਸਾਲ ਪੁਰਾਣੀ ਮੰਗ ਪੂਰੀ ਕਰ ਦਿੱਤੀ ਹੈ।
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਗੁਰੂ ਸਾਹਿਬ ਦੀ ਸ਼ਹਾਦਤ ’ਤੇ ਅਧਿਕਾਰਤ ਮਤਾ ਪੇਸ਼ ਕੀਤਾ। ਵਿੱਤ ਮੰਤਰੀ ਹਰਪਾਲ ਚੀਮਾ ਨੇ ਦੇਸ਼ ਵਿੱਚ ਵਧ ਰਹੀ ਨਫ਼ਰਤ ਤੇ ਲੋਕਤੰਤਰ ਦੇ ਖ਼ਤਰੇ ਬਾਰੇ ਆਵਾਜ਼ ਉਠਾਈ। ਕੈਬਨਿਟ ਮੰਤਰੀ ਅਮਨ ਅਰੋੜਾ ਨੇ “ਜੁੱਗੋ ਜੁੱਗ ਅਟੱਲ ਮੇਰਾ ਹਿੰਦੁਸਤਾਨ” ਦਾ ਨਾਅਰਾ ਦਿੱਤਾ ਤੇ ਹਿੰਦੂ ਰਾਸ਼ਟਰ ਤੇ ਖ਼ਾਲਿਸਤਾਨ ਦੋਵਾਂ ਨੂੰ ਸਾਫ਼ ਰੱਦ ਕੀਤਾ। ਜਦ ਕਿ ਭਾਰਤੀ ਸੰਵਿਧਾਨ ਵਿੱਚ ਹਿੰਦੁਸਤਾਨ ਨਾਮ ਦਾ ਕੋਈ ਦੇਸ਼ ਨਹੀਂ। ਇੰਡੀਆ ਸ਼ਬਦ ਦੀ ਵਰਤੋਂ ਕੀਤੀ ਗਈ ਹੈ।
ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ ਭਾਜਪਾ ਵਿਧਾਇਕ ਅਸ਼ਵਨੀ ਸ਼ਰਮਾ ਨੇ ਵੀ ਗੁਰੂ ਸਾਹਿਬ ਨੂੰ ਸ਼ਰਧਾਂਜਲੀ ਦਿੱਤੀ। ਅਕਾਲੀ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਬੰਦੀ ਸਿੰਘਾਂ ਤੇ ਭਾਈ ਅੰਮ੍ਰਿਤਪਾਲ ਸਿੰਘ ਦਾ ਮੁੱਦਾ ਚੁੱਕਿਆ।
ਪੂਰੇ ਅੰਮ੍ਰਿਤਸਰ ਦਾ ਸਵਾਲ ਅਤੇ ਆਪ ਸਰਕਾਰ ਦੀ ਚੁੱਪ
ਸਭ ਤੋਂ ਵੱਡਾ ਵਿਵਾਦ “ਗਲਿਆਰੇ ਤੱਕ ਸੀਮਤ” ਰੱਖਣ ’ਤੇ ਹੋਇਆ। ਕਾਂਗਰਸ ਵਿਧਾਇਕ ਪਰਗਟ ਸਿੰਘ ਨੇ ਸਦਨ ਵਿੱਚ ਹੀ ਮੁੱਖ ਮੰਤਰੀ ਤੋਂ ਸਵਾਲ ਕੀਤਾ, “ਜੇ ਸੱਚਮੁੱਚ ਸ਼ਰਧਾ ਹੈ ਤਾਂ ਪੂਰਾ ਅੰਮ੍ਰਿਤਸਰ ਪਵਿੱਤਰ ਕਿਉਂ ਨਹੀਂ ਐਲਾਨਿਆ?” ਬਾਹਰ ਆ ਕੇ ਉਨ੍ਹਾਂ ਨੇ ਕਿਹਾ, “ਮੈਨੂੰ ਬੋਲਣ ਨਹੀਂ ਦਿੱਤਾ ਗਿਆ, ਸਰਕਾਰ ਸੱਚ ਸੁਣਨ ਤੋਂ ਡਰਦੀ ਹੈ।”
ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਟਵੀਟ ਕੀਤਾ: “ਅੰਮ੍ਰਿਤਸਰ ਦਾ ਅਪਮਾਨ ਕੀਤਾ ਗਿਆ। ਗਲਿਆਰੇ ਵਿੱਚ ਤਾਂ ਪਹਿਲਾਂ ਹੀ ਪਾਬੰਦੀ ਹੈ, ਬਾਕੀ ਸ਼ਹਿਰ ਵਿੱਚ ਸ਼ਰਾਬ ਦੀਆਂ ਦੁਕਾਨਾਂ ਚੱਲਦੀਆਂ ਰਹਿਣਗੀਆਂ?”
ਪੰਥਕ ਜਥੇਬੰਦੀਆਂ ਦੀ ਵੰਡੀ ਰਾਏ
ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ: “ਘੱਟੋ-ਘੱਟ ਗਲਿਆਰੇ ਦੀ ਪਵਿੱਤਰਤਾ ਨੂੰ ਸਰਕਾਰੀ ਮਾਨਤਾ ਮਿਲੀ। ਅਸੀਂ ਸਵਾਗਤ ਕਰਦੇ ਹਾਂ।”
ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਜਥੇਦਾਰ ਪਰਮਿੰਦਰ ਪਾਲ ਸਿੰਘ ਖਾਲਸਾ ਨੇ ਕਿਹਾ ਕਿ “ਚੰਗਾ ਕਦਮ ਹੈ ਪਰ ਅਧੂਰਾ ਹੈ। ਪੂਰੇ ਸ਼ਹਿਰਾਂ ਨੂੰ ਪਵਿੱਤਰ ਐਲਾਨਣਾ ਚਾਹੀਦਾ ਸੀ।”
ਡਾ. ਦਲਜੀਤ ਸਿੰਘ ਚੀਮਾ (ਸੀਨੀਅਰ ਅਕਾਲੀ ਆਗੂ): “ਗੁਰੂ ਸਾਹਿਬ ਵੱਲੋਂ ਵਸਾਏ ਸ਼ਹਿਰਾਂ ਦੀ ਪਵਿੱਤਰਤਾ ਨੂੰ ਸਰਕਾਰੀ ਠੱਪੇ ਦੀ ਲੋੜ ਨਹੀਂ। ਪਹਿਲਾਂ ਵੀ ਗਲਿਆਰੇ ਵਿੱਚ ਪਾਬੰਦੀ ਸੀ। ਇਹ ਸਿਰਫ਼ ਚੋਣਾਂ ਦੀ ਰਾਜਨੀਤੀ ਹੈ।”
ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਪਰਮਜੀਤ ਸਿੰਘ ਜੌਹਲ ਨੇ ਕਿਹਾ ਕਿ “ਜਦੋਂ ਤੱਕ ਪੂਰੇ ਸ਼ਹਿਰ ਨੂੰ ਪਵਿੱਤਰ ਨਹੀਂ ਐਲਾਨਿਆ ਜਾਂਦਾ, ਅਸੀਂ ਇਸ ਨੂੰ ਮਨਜ਼ੂਰ ਨਹੀਂ ਕਰਦੇ।”
ਪ੍ਰਸਿੱਧ ਵਿਦਵਾਨ ਡਾ. ਪਰਮਜੀਤ ਸਿੰਘ ਮਾਨਸਾ ਨੇ ਲਿਖਿਆ:
“ਗਲਿਆਰੇ ਵਿੱਚ ਤਾਂ ਪਹਿਲਾਂ ਹੀ ਮਨਾਹੀ ਹੈ। ਪੂਰੇ ਸ਼ਹਿਰ ਨੂੰ ਪਵਿੱਤਰ ਐਲਾਨੋ। ਭਿਖਾਰੀਆਂ ਨੂੰ ਵੀ ਅੰਮ੍ਰਿਤਸਰ ਵਿੱਚੋਂ ਕੱਢੋ। ਉਹਨਾਂ ਕਿਹਾ ਕਿ ਇਹ ਸਰਕਾਰ ਦਾ ਚੋਣਾਂ ਵਾਲਾ ਸਟੰਟ ਹੈ। 2027 ਦੀਆਂ ਚੋਣਾਂ ਲਈ ਵੋਟਾਂ ਦੀ ਖੇਡ ਚੱਲ ਰਹੀ ਹੈ।””
ਕੁਝ ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਆਪ ਨੂੰ ਸਿੱਖ ਵੋਟਰਾਂ ਵਿੱਚ ਚੰਗਾ ਸੁਨੇਹਾ ਗਿਆ ਹੈ। ਅਕਾਲੀ ਦਲ ਤੇ ਕਾਂਗਰਸ ਲਈ ਇਹ ਝਟਕਾ ਹੈ, ਕਿਉਂਕਿ ਉਹ ਵੀ ਇਹੋ ਮੰਗ ਕਰਦੇ ਸਨ।
ਪੰਥਕ ਵਿਦਵਾਨਾਂ ਦੀ ਰਾਇ ਇਹ ਹੈ ਕਿ ਇਹ ਫ਼ੈਸਲਾ ਪੰਜਾਬ ਦੀ ਰਾਜਨੀਤੀ ਵਿੱਚ ਇੱਕ ਵੱਡਾ ਮੋੜ ਜ਼ਰੂਰ ਹੈ। ਪਰ ਸਭ ਤੋਂ ਵੱਡਾ ਸਵਾਲ ਬਾਕੀ ਹੈ ਕਿ ਜੇ ਸੱਚਮੁੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੀ ਯਾਦ ਵਿੱਚ ਇਹ ਕਦਮ ਚੁੱਕਿਆ ਗਿਆ ਹੈ ਤਾਂ ਫਿਰ ਪੂਰੇ ਅੰਮ੍ਰਿਤਸਰ ਨੂੰ ਪਵਿੱਤਰ ਐਲਾਨਣ ਵਿੱਚ ਡਰ ਕਿਸ ਗੱਲ ਦਾ ਸੀ?
ਕਾਨੂੰਨੀ ਤੇ ਵਿਵਹਾਰਕ ਸਵਾਲ
ਸੀਨੀਅਰ ਪੱਤਰਕਾਰ ਸੁਖਦੇਵ ਸਿੰਘ ਨੇ ਲਿਖਿਆ ਕਿ ਇਹ ਮਤਾ ਸਿਰਫ਼ ਰੈਜ਼ੋਲੂਸ਼ਨ ਹੈ, ਕਾਨੂੰਨ ਨਹੀਂ। ਮਾਸ-ਸ਼ਰਾਬ ਦੀ ਵਿਕਰੀ ਮਿਊਂਸਪਲ ਕਾਰਪੋਰੇਸ਼ਨ ਤੇ ਐਕਸਾਈਜ਼ ਵਿਭਾਗ ਦੇ ਅਧਿਕਾਰ ਖੇਤਰ ਵਿੱਚ ਆਉਂਦੀ ਹੈ। ਪਹਿਲਾਂ ਵੀ ਗਲਿਆਰੇ ਵਿੱਚ 500 ਮੀਟਰ ਦੇ ਘੇਰੇ ਵਿੱਚ ਮਨਾਹੀ ਸੀ। ਹੁਣ ਵੀ ਉਹੀ ਲਾਗੂ ਹੈ।
ਆਪ ਸਰਕਾਰ ਦਾ ਜਵਾਬ
ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੇ ਸਾਂਝੀ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਕਿ ਦਹਾਕਿਆਂ ਤੋਂ ਸੰਗਤ ਇਹ ਮੰਗ ਕਰ ਰਹੀ ਸੀ ਜੋ ਅਸੀਂ ਪੂਰੀ ਕੀਤੀ। ਇਹ ਸਿਰਫ਼ ਸਿੱਖ ਭਾਈਚਾਰੇ ਦੀ ਨਹੀਂ, ਪੂਰੇ ਪੰਜਾਬ ਦੀ ਸੱਭਿਆਚਾਰਕ ਵਿਰਾਸਤ ਦੀ ਗੱਲ ਹੈ। ਹੁਣ ਇਹ ਪਾਬੰਦੀਆਂ ਕਾਨੂੰਨੀ ਤੌਰ ’ਤੇ ਮਜ਼ਬੂਤ ਹੋਣਗੀਆਂ। ਵਿਕਾਸ ਲਈ ਵੱਡਾ ਬਜਟ ਆਵੇਗਾ।”
ਉਨ੍ਹਾਂ ਨੇ ਦਾਅਵਾ ਕੀਤਾ ਕਿ ਸਰਬ-ਧਰਮ ਕਮੇਟੀ ਬਣੇਗੀ, ਜਿਸ ਵਿੱਚ ਹਰ ਧਰਮ ਦਾ ਨੁਮਾਇੰਦਾ ਹੋਵੇਗਾ।
![]()
