ਨਿਤਿਆ ਚਕਰਵਰਤੀ
ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੀ ਅਗਵਾਈ ਵਾਲੇ ਐਨ.ਡੀ.ਏ. ਗਠਜੋੜ ਨੇ ਵੱਡੀ ਜਿੱਤ ਪ੍ਰਾਪਤ ਕੀਤੀ ਹੈ, ਜਿਸ ਤੋਂ ਆਰ.ਜੇ.ਡੀ. ਤੇ ‘ਇੰਡੀਆ ਬਲਾਕ’ ਦੇ ਭਾਈਵਾਲ ਹੈਰਾਨ ਹਨ। ਐਨ.ਡੀ.ਏ ਨੇ 202 ਸੀਟਾਂ ਜਿੱਤੀਆਂ, ਜਦਕਿ ਮਹਾਂਗਠਜੋੜ ਨੂੰ 35 ਤੇ ਹੋਰਾਂ ਨੂੰ 6 ਸੀਟਾਂ ਮਿਲੀਆਂ ਹਨ। ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ਨੂੰ ਇਨ੍ਹਾਂ ਚੋਣਾਂ ’ਚ ਵੱਡਾ ਝਟਕਾ ਲੱਗਾ ਹੈ, ਕਿਉਂਕਿ 2020 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਉਸ ਦੀ ਅਗਵਾਈ ’ਚ ਮਹਾਂਗਠਜੋੜ ਬਹੁਮਤ ਦੇ ਬਿਲਕੁੱਲ ਨੇੜੇ ਪਹੁੰਚ ਗਿਆ ਸੀ। ਉਸ ਸਮੇਂ ਐਨ.ਡੀ.ਏ. ਨੂੰ 122, ਮਹਾਂਗਠਜੋੜ ਨੂੰ 114 ਅਤੇ ਹੋਰਾਂ ਨੂੰ 7 ਸੀਟਾਂ ਮਿਲੀਆਂ ਸਨ। ਆਰ.ਜੇ.ਡੀ. 75 ਸੀਟਾਂ ਨਾਲ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ ਸੀ, ਭਾਜਪਾ ਨੂੰ 74 ਸੀਟਾਂ ਮਿਲੀਆਂ ਸਨ। ਅਜਿਹੇ ਵਿਚ ਹੁਣ ਜਦੋਂ ਤੇਜਸਵੀ ਯਾਦਵ ਨੂੰ ਮਹਾਂਗਠਜੋੜ ਦੇ ਸੰਭਾਵੀ ਮੁੱਖ ਮੰਤਰੀ ਵਜੋਂ ਐਲਾਨੇ ਜਾਣ ਤੋਂ ਬਾਅਦ ਇੰਡੀਆ ਬਲਾਕ ਬਹੁਤ ਉਤਸ਼ਾਹ ’ਚ ਸੀ ਅਤੇ ਰਾਹੁਲ ਗਾਂਧੀ ਵੱਲੋਂ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਰੀ ਸੁਧਾਈ (ਐੱਸ.ਆਈ.ਆਰ.) ਵਿਰੁੱਧ ਛੇੜੀ ਮੁਹਿੰਮ ਨੇ ਚੋਣ ਕਮਿਸ਼ਨ ਤੇ ਕੇਂਦਰ ਸਰਕਾਰ ਵਿਰੁੱਧ ਇੱਕ ਵੱਡੇ ਅੰਦੋਲਨ ਦਾ ਰੂਪ ਧਾਰ ਲਿਆ ਸੀ, ਤਾਂ ਮਹਾਂਗਠਜੋੜ ਤੋਂ ਰਣਨੀਤੀ ਤੇ ਚੋਣ ਮੁਹਿੰਮ ਵਿੱਚ ਕਿਹੜੀ ਗਲਤੀ ਹੋਈ ਹੈ, ਇਸ ਦਾ ਮੁਲਾਂਕਣ ਇੰਡੀਆ ਬਲਾਕ ਦੇ ਨੇਤਾਵਾਂ ਨੂੰ ਡੂੰਘਾਈ ਨਾਲ ਕਰਨਾ ਪਵੇਗਾ।
ਬਿਹਾਰ ਦੀ ਰਾਜਨੀਤੀ ਵਿੱਚ ਨਿਤਿਸ਼ ਕੁਮਾਰ ਨੂੰ ਇੱਕ ਪਾਸੇ ਕਰਨਾ ਕੋਈ ਸੌਖਾ ਕੰਮ ਨਹੀਂ ਹੈ, ਇਨ੍ਹਾਂ ਚੋਣਾਂ ਨੇ ਮੁੱਖ ਮੰਤਰੀ ਵਜੋਂ ਉਨ੍ਹਾਂ ਦਾ ਮੁੜ ਵਸੇਬਾ ਕਰ ਦਿੱਤਾ ਹੈ। ਇਸ ਵਾਰ ਭਾਜਪਾ ਨੇ 89 ਤੇ ਜਨਤਾ ਦਲ-ਯੂੂ ਨੇ 85 ਸੀਟਾਂ ਜਿੱਤੀਆਂ ਹਨ। ਦਰਅਸਲ ਨਿਤਿਸ਼ ਕੁਮਾਰ ਕਰਕੇ ਹੀ ਔਰਤਾਂ ਨੇ ਐਨ.ਡੀ.ਏ. ਦਾ ਵੱਡਾ ਸਮਰਥਨ ਕੀਤਾ ਹੈ, ਚੋਣਾਂ ਤੋਂ ਕੁਝ ਦਿਨ ਪਹਿਲਾਂ ਔਰਤਾਂ ਲਈ ਵਾਧੂ ਫੰਡਾਂ ਦੇ ਐਲਾਨ ਨੇ ਵੱਡਾ ਪ੍ਰਭਾਵ ਪਾਇਆ ਹੈ। ਇਨ੍ਹਾਂ ਚੋਣਾਂ ਵਿੱਚ ਔਰਤਾਂ ਦੀ ਵੱਡੀ ਭਾਗੀਦਾਰੀ ਵੱਖ-ਵੱਖ ਮਹਿਲਾ-ਕੇਂਦ੍ਰਿਤ ਯੋਜਨਾਵਾਂ ਦਾ ਨਤੀਜਾ ਹੈ, ਜਿਸ ਵਿਚ ਔਰਤਾਂ ਨੂੰ ਨਕਦੀ ਟ੍ਰਾਂਸਫਰ ਹੋਣਾ ਵੀ ਸ਼ਾਮਿਲ ਹੈ। ਮੁੱਖ ਮੰਤਰੀ ਮਮਤਾ ਬੈਨਰਜੀ ਬੰਗਾਲ ਵਿੱਚ ਦਿਖਾ ਚੁੱਕੀ ਹੈ ਕਿ ਸਿਆਸੀ ਲਾਭ ਪ੍ਰਾਪਤ ਕਰਨ ਲਈ ਅਜਿਹੀ ਪਹਿਲ ਨੂੰ ਸੂਬੇ ਵਿੱਚ ਕਿੰਨੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਜਾ ਸਕਦਾ ਹੈ।
ਐੱਸ.ਆਈ.ਆਰ. ਦੇ ਖ਼ਿਲਾਫ਼ ਰਾਹੁਲ ਗਾਂਧੀ ਦੀ ਮੁਹਿੰਮ ਦਾ ਵੋਟਰਾਂ ’ਤੇ ਬਹੁਤਾ ਪ੍ਰਭਾਵ ਨਹੀਂ ਪਿਆ। ਐੱਸ.ਆਈ.ਆਰ. ਨੂੰ ਲੈ ਕੇ ਰਣਨੀਤੀ ਦਾ ਇੰਡੀਆ ਬਲਾਕ ਨੂੰ ਸਮੁੱਚੇ ਤੌਰ ’ਤੇ ਸਹੀ ਢੰਗ ਨਾਲ ਮੁਲਾਂਕਣ ਕਰਨਾ ਹੋਵੇਗਾ। ਬੇਸ਼ੱਕ ਰਾਹੁਲ ਗਾਂਧੀ ਇੱਕ ਸੀਨੀਅਰ ਨੇਤਾ ਹਨ, ਪਰ ਉਨ੍ਹਾਂ ਨੂੰ ਆਪਣੀਆਂ ਸ਼ਰਤਾਂ ’ਤੇ ਇੰਡੀਆ ਬਲਾਕ ਦੇ ਏਜੰਡੇ ਨੂੰ ਹਾਈਜੈਕ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ। ਕਾਂਗਰਸ ਨੇ ਸਿਰਫ਼ 6 ਸੀਟਾਂ ਜਿੱਤੀਆਂ, ਜੋ ਪਾਰਟੀ ਦੀ ਸੂਬੇ ‘ਚ ਸੰਗਠਨਾਤਮਕ ਪਹੁੰਚ ਨੂੰ ਦਰਸਾਉਾਂਦਾਹੈ, ਫਿਰ ਵੀ ਕਾਂਗਰਸ ਆਰ.ਜੇ.ਡੀ. ਨਾਲ ਜ਼ਿਆਦਾ ਸੀਟਾਂ ਲਈ ਸੌਦੇਬਾਜ਼ੀ ਕਰਦੀ ਰਹੀ। ਆਰ.ਜੇ.ਡੀ. ਨੂੰ ਮਹਾਂਗਠਜੋੜ ਦੀ ਪ੍ਰਮੁੱਖ ਪਾਰਟੀ ਹੋਣ ਕਰਕੇ ਐਨ.ਡੀ.ਏ. ਦੀ ਭਾਰੀ ਜਿੱਤ ਨਾਲ ਸਭ ਤੋਂ ਵੱਧ ਨੁਕਸਾਨ ਹੋਇਆ ਹੈ, ਹਾਲਾਂਕਿ ਚੋਣ ਅੰਕੜਿਆਂ ਅਨੁਸਾਰ ਉਸ ਨੂੰ ਭਾਜਪਾ ਤੋਂ ਵੀ ਵੱਧ ਵੋਟਾਂ ਮਿਲੀਆਂ ਹਨ। ਆਰ.ਜੇ.ਡੀ. ਆਪਣੇ 2025 ਦੇ ਚੋਣ ਪ੍ਰਚਾਰ ਦੀਆਂ ਕਮਜ਼ੋਰੀਆਂ ਦੀ ਸਮੀਖਿਆ ਕਰਕੇ ਮੁੜ ਵਾਪਸੀ ਕਰ ਸਕਦੀ ਹੈ। ਸੀ.ਪੀ.ਆਈ.(ਐਮ.ਐਲ.) ਦੇ ਜਨਰਲ ਸਕੱਤਰ ਦੀਪਾਂਕਰ ਭੱਟਾਚਾਰੀਆ ਨੂੰ ਵੀ ਪਾਰਟੀ ਦੀ ਵੱਡੀ ਹਾਰ ਦਾ ਮੁਲਾਂਕਣ ਕਰਨਾ ਹੋਵੇਗਾ ਕਿ ਉਨ੍ਹਾਂ ਦਾ ਆਧਾਰ 2020 ਨਾਲੋਂ ਇੰਨਾ ਕਿਉਂ ਘਟ ਗਿਆ?
ਬਿਨਾਂ ਸ਼ੱਕ ਪ੍ਰਸ਼ਾਂਤ ਕਿਸ਼ੋਰ ਦੀ ਜਨ ਸੁਰਾਜ ਪਾਰਟੀ ਅਤੇ ਓਵੈਸੀ ਦੀ ਏ.ਆਈ.ਐਮ.ਆਈ.ਐਮ. ਨੇ ਮਹਾਂਗਠਜੋੜ ਦੀਆਂ ਵੋਟਾਂ, ਖ਼ਾਸ ਕਰਕੇ ਆਰ.ਜੇ.ਡੀ. ਦੀਆਂ ਵੋਟਾਂ ਨੂੰ ਵੱਡੀ ਢਾਹ ਲਾਈ ਹੈ। ਸੰਸਦੀ ਲੋਕਤੰਤਰ ਵਿਚ ਚੋਣਾਂ ਦੌਰਾਨ ਅਜਿਹੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਹਨ। ਪਰ ਮਹਾਂਗਠਜੋੜ ਨੂੰ ਵੱਡਾ ਝਟਕਾ ਚਿਰਾਗ ਪਾਸਵਾਨ ਦੀ ਪਾਰਟੀ ਐਲ.ਜੇ.ਪੀ. ਤੋਂ ਵੀ ਲੱਗਾ, ਜੋ ਆਪਣੀਆਂ ਦਲਿਤ ਵੋਟਾਂ ਐਨ.ਡੀ.ਏ ਉਮੀਦਵਾਰਾਂ ਨੂੰ ਭੁਗਤਾਉਣ ਵਿੱਚ ਕਾਮਯਾਬ ਰਹੀ ਹੈ। ਉਸ ਦੀ ਪਾਰਟੀ ਦਾ ਭਾਜਪਾ ਤੇ ਜਨਤਾ ਦਲ- ਯੂ ਨੂੰ ਵੱਡਾ ਲਾਭ ਹੋਇਆ ਹੈ। ਚਿਰਾਗ ਪਾਸਵਾਨ 21 ਸੀਟਾਂ ਜਿੱਤ ਕੇ ਸੂਬੇ ਤੇ ਕੇਂਦਰ ਦੀ ਰਾਜਨੀਤੀ ਵਿੱਚ ਸ਼ਕਤੀਸ਼ਾਲੀ ਹੋ ਗਿਆ ਹੈ। ਮਹਾਂਗਠਜੋੜ ਦੀ ਲੀਡਰਸ਼ਿਪ ਨੂੰ ਉਨ੍ਹਾਂ ਸਾਰੇ ਕਾਰਕਾਂ ’ਤੇ ਵਿਚਾਰ ਕਰਨਾ ਪਵੇਗਾ, ਜਿਨ੍ਹਾਂ ਕਾਰਨ ਉਸ ਦੇ ਆਪਣੇ ਗੜ੍ਹਾਂ ’ਚ ਹੀ ਉਨ੍ਹਾਂ ਦੇ ਉਮੀਦਵਾਰ ਹਾਰ ਗਏ ਹਨ। ਪਰ ਭਾਜਪਾ ਲਈ ਇਹ ਸੰਤੁਸ਼ਟੀ ਦੇ ਪਲ ਹਨ ਕਿਉਂਕਿ ਜਦੋਂ ਕੇਂਦਰੀ ਆਗੂ ਬਿਹਾਰ ਵਿੱਚ ਐਨ.ਡੀ.ਏ. ਦੀ ਯਕੀਨੀ ਜਿੱਤ ਬਾਰੇ ਗੱਲ ਕਰਦੇੇ ਸਨ ਤਾਂ ਪਾਰਟੀ ਆਗੂ ਨਿੱਜੀ ਤੌਰ ’ਤੇ ਬਹੁਤ ਚਿੰਤਤ ਸਨ। ਐੱਸ.ਆਈ.ਆਰ ਵਿਰੁੱਧ ਅੰਦੋਲਨ ਨੇ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦੋਹਾਂ ਨੂੰ ਪ੍ਰੇਸ਼ਾਨ ਕੀਤਾ ਹੋਇਆ ਸੀ। ਹਾਲਾਂਕਿ ਉਹ ਬਿਹਤਰੀਨ ਰਣਨੀਤੀਕਾਰ ਹੋਣ ਨਾਤੇ ਜਾਣਦੇ ਸਨ ਕਿ ਸੰਕਟ ਦਾ ਹੱਲ ਕਿਵੇਂ ਕਰਨਾ ਹੈ। ਬਿਨਾਂ ਸ਼ੱਕ ਅਮਿਤ ਸ਼ਾਹ ਬਿਹਾਰ ਚੋਣਾਂ ’ਚ ਆਪਣੀ ਇਸ ਰਣਨੀਤਕ ਜਿੱਤ ਦਾ ਸਿਹਰਾ ਲੈਣਗੇ ਅਤੇ ਹੁਣ ਉਨ੍ਹਾਂ ਦਾ ਧਿਆਨ ਕੇਰਲਾ, ਤਾਮਿਲਨਾਡੂ, ਪੱਛਮੀ ਬੰਗਾਲ, ਆਸਾਮ ਤੇ ਪੁਡੂਚੇਰੀ ਦੀਆਂ ਵਿਧਾਨ ਸਭਾ ਚੋਣਾਂ ’ਚ ਵੀ ਵਧੀਆ ਪ੍ਰਦਰਸ਼ਨ ਕਰਨ ਵੱਲ ਹੋਵੇਗਾ।
ਇੰਡੀਆ ਬਲਾਕ ਨੂੰ ਹੁਣ ਬਿਹਾਰ ਚੋਣਾਂ ਦੀ ਹਾਰ ਤੋਂ ਸਬਕ ਲੈਂਦਿਆਂ ਅਪ੍ਰੈਲ/ਮਈ 2026 ’ਚ 4 ਸੂਬਿਆਂ ਦੀਆਂ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਇਕਜੁੱਟ ਹੋ ਕੇ ਤਿਆਰੀ ਕਰਨੀ ਹੋਵੇਗੀ। ਉਨ੍ਹਾਂ ਕੋਲ ਸਿਰਫ਼ 4 ਮਹੀਨੇ ਦਾ ਸਮਾਂ ਹੈ, ਇਸ ਲਈ ਇੰਡੀਆ ਬਲਾਕ ਦੇ ਭਾਈਵਾਲਾਂ ਨੂੰ ਆਪੋ-ਆਪਣੇ ਸੂਬਿਆਂ ਵਿਚ ਬਿਨਾਂ ਦੇਰ ਕੀਤੇ ਆਪਣਾ ਕੰਮ ਸ਼ੁਰੂ ਕਰ ਦੇਣਾ ਚਾਹੀਦਾ ਹੈ। ਭਾਜਪਾ ਦੀ ਕੇਂਦਰੀ ਲੀਡਰਸ਼ਿਪ ਤਾਮਿਲਨਾਡੂ ਤੇ ਪੱਛਮੀ ਬੰਗਾਲ ਵਿਚ ਵਿਰੋਧੀ ਸਰਕਾਰਾਂ ਹਟਾਉਣ ਲਈ ਹਰ ਸੰਭਵ ਕੋਸ਼ਿਸ਼ ਕਰੇਗੀ। ਕੇਰਲਾ ਵਿੱਚ ਮੁੱਖ ਮੁਕਾਬਲਾ ਸੀ.ਪੀ.ਆਈ.-ਐਮ. ਦੀ ਅਗਵਾਈ ਵਾਲੀ ਐਲ.ਡੀ.ਐਫ. ਅਤੇ ਕਾਂਗਰਸ ਦੀ ਅਗਵਾਈ ਵਾਲੀ ਯੂ.ਡੀ.ਐਫ. ਵਿਚਕਾਰ ਹੀ ਹੋਵੇਗਾ, ਜਿੱਥੇ ਭਾਜਪਾ 2-3 ਸੀਟਾਂ ਹੀ ਜਿੱਤ ਸਕਦੀ ਹੈ। ਪੱਛਮੀ ਬੰਗਾਲ ’ਚ ਮਮਤਾ ਬੈਨਰਜੀ ਆਪਣੀ ਰਣਨੀਤੀ ਨਾਲ 2026 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੂੰ ਚੁਣੌਤੀ ਦੇਵੇਗੀ। ਭਾਵੇਂ ਭਾਜਪਾ ਵਧੀਆ ਪ੍ਰਦਰਸ਼ਨ ਕਰਨ ਦੀ ਸਥਿਤੀ ਵਿੱਚ ਨਾ ਵੀ ਹੋਵੇ, ਪਰ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਆਪਣੇ ਉਦੇਸ਼ ਦੀ ਪੂਰਤੀ ਲਈ ਸਾਰੇ ਦਾਅ ਖੇਡੇਗੀ। ਟੀ.ਐਮ.ਸੀ. ਸੁਪਰੀਮੋ ਇਸ ਤੋਂ ਭਲੀਭਾਂਤ ਜਾਣੂ ਹੈ, ਇਸ ਲਈ ਉਹ ਤੇ ਉਸ ਦੀ ਪਾਰਟੀ ਪੂਰੀ ਤਰ੍ਹਾਂ ਤਿਆਰ ਹੈ।
ਤਾਮਿਲਨਾਡੂ ਵਿਚ ਇੰਡੀਆ ਬਲਾਕ ਲਈ 2026 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹਾਲ ਹੀ ਦੇ ਘਟਨਾਕ੍ਰਮ ਚਿੰਤਾ ਦਾ ਕਾਰਨ ਬਣ ਸਕਦੇ ਹਨ, ਜਿੱਥੇ ਫਿਲਮ ਸਟਾਰ ਵਿਜੇ ਨੂੰ ਨੌਜਵਾਨਾਂ ਤੇ ਔਰਤਾਂ ਦਾ ਵੱਡਾ ਸਮਰਥਨ ਮਿਲ ਰਿਹਾ ਹੈ। ਭਾਵੇਂ ਉਸ ਦੀ ਪਾਰਟੀ ਨੇ ਅਜੇ ਤੱਕ ਕਿਸੇ ਨਾਲ ਵੀ ਗੱਠਜੋੜ ਕਰਨ ਬਾਰੇ ਕੋਈ ਫੈਸਲਾ ਨਹੀਂ ਲਿਆ, ਪਰ ਉਹ ਏ.ਆਈ.ਏ.ਡੀ.ਐਮ.ਕੇ-ਭਾਜਪਾ ਗੱਠਜੋੜ ਨਾਲ ਜੁੜ ਕੇ ਸਟਾਲਿਨ ਦੀ ਅਗਵਾਈ ਵਾਲੀ ਡੀ.ਐਮ.ਕੇ. ਦੇ ਇੰਡੀਆ ਬਲਾਕ ਲਈ ਚੁਣੌਤੀ ਪੈਦਾ ਕਰ ਸਕਦਾ ਹੈ। ਤਾਮਿਲਨਾਡੂ ਦੀ ਮੌਜੂਦਾ ਰਾਜਨੀਤਕ ਸਥਿਤੀ 2021 ਦੀਆਂ ਚੋਣਾਂ ਤੋਂ ਥੋੜ੍ਹੀ ਵੱਖ ਹੈ, ਡੀ.ਐਮ.ਕੇ. ਨੂੰ ਸੂਬੇ ’ਚ ਵਿਰੋਧੀ ਧਿਰ ਦੇ ਕਿਸੇ ਵੀ ਸੰਯੁਕਤ ਖ਼ਤਰੇ ਦਾ ਮੁਕਾਬਲਾ ਕਰਨ ਲਈ ਵਿਆਪਕ ਤਿਆਰੀ ਕਰਨੀ ਹੋਵੇਗੀ। ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨੂੰ ਆਸਾਮ ਵਿਚ ਸੱਤਾ ਬਰਕਰਾਰ ਰਹਿਣ ਦਾ ਭਰੋਸਾ ਹੈ, ਜਿੱਥੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਬੰਗਾਲੀ ਬੋਲਣ ਵਾਲੇ ਮੁਸਲਮਾਨਾਂ ਨੂੰ ਆਸਾਮੀ ਬੋਲਣ ਵਾਲੇ ਮੁਸਲਮਾਨਾਂ ਤੋਂ ਵੱਖ ਕਰਕੇ ਸੂਬੇ ਦੇ ਹਿੰਦੂਆਂ ਦਾ ਸਮਰਥਨ ਪ੍ਰਾਪਤ ਕਰਨ ਵਿਚ ਲੱਗੇ ਹੋਏ ਹਨ। ਜਿੱਥੇ ਇੰਡੀਆ ਬਲਾਕ ਦੀਆਂ ਪਾਰਟੀਆਂ ਕਾਂਗਰਸ ਦੀ ਅਗਵਾਈ ਹੇਠ 2026 ਦੀਆਂ ਚੋਣਾਂ ਲੜਨ ਲਈ ਇਕਜੁੱਟ ਹੋ ਗਈਆਂ ਹਨ।
ਦਰਅਸਲ ਹਰੇਕ ਸੂਬੇ ਵਿੱਚ ਚੋਣਾਂ ਲਈ ਇੱਕ ਵੱਖਰੀ ਚੋਣ ਰਣਨੀਤੀ ਦੀ ਲੋੜ ਹੁੰਦੀ ਹੈ। ਕੇਰਲ, ਤਾਮਿਲਨਾਡੂ ਤੇ ਪੱਛਮੀ ਬੰਗਾਲ ਲਈ ਤਾਂ ਚੋਣ ਦ੍ਰਿਸ਼ ਤੈਅ ਹੈ, ਪਰ ਆਸਾਮ ਵਿੱਚ ਅਨਿਸਚਿਤਤਾ ਹੈ। ਆਸਾਮ ਵਿੱਚ ਇੰਡੀਆ ਬਲਾਕ ਨੂੰ ਜਿੱਤਣ ਲਈ ਬਿਹਤਰ ਚੋਣ ਰਣਨੀਤੀ ਦੀ ਲੋੜ ਹੈ। ਇੰਡੀਆ ਬਲਾਕ ਦੇ ਆਗੂਆਂ ਨੂੰ 2026 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਮਿਲ ਬੈਠ ਕੇ ਡੂੰਘਾ ਵਿਸ਼ਲੇਸ਼ਣ ਕਰਨਾ ਹੋਵੇਗਾ। ਦਿੱਲੀ ਤੋਂ ਬਾਅਦ ਭਾਜਪਾ 2025 ’ਚ ਇੱਕ ਹੋਰ ਵਿਧਾਨ ਸਭਾ ਚੋਣ ਜਿੱਤ ਚੁੱਕੀ ਹੈ। ਹੁਣ 2026 ਦੇ ਸੱਤਾ ਯੁੱਧ ਲਈ ਇੰਡੀਆ ਬਲਾਕ ਕੋਈ ਵੀ ਹਾਰ ਬਰਦਾਸ਼ਤ ਨਹੀਂ ਕਰ ਸਕਦਾ।
![]()
