ਮਾਪੇ ਆਪਣੇ ਬੱਚਿਆਂ ਦੀ ਪੜ੍ਹਾਈ-ਲਿਖਾਈ ਵੱਲ ਬਹੁਤ ਖ਼ੂਬ ਦਿੰਦੇ ਹਨ ਪਰ ਉਨ੍ਹਾਂ ਦੀ ਭਾਵਨਾਤਮਿਕ ਬੁੱਧੀ ਨੂੰ ਅਕਸਰ ਨਜ਼ਰ-ਅੰਦਾਜ਼ ਕੀਤਾ ਜਾਂਦਾ ਹੈ। ਭਾਵਨਾਤਮਿਕ ਬੁੱਧੀ ਦਾ ਅਰਥ ਹੈ ਕਿ ਆਪਣੀਆਂ ਤੇ ਦੂਜਿਆਂ ਦੀਆਂ ਭਾਵਨਾਵਾਂ ਨੂੰ ਸਮਝਣਾ ਅਤੇ ਉਨ੍ਹਾਂ ਨਾਲ ਨਜਿੱਠਣਾ। ਜ਼ਿੰਦਗੀ ਵਿਚ ਸਫਲਤਾ ਪ੍ਰਾਪਤ ਕਰਨ ਲਈ ਕਿਤਾਬੀ ਗਿਆਨ ਦੇ ਨਾਲ ਭਾਵਨਾਤਮਿਕ ਸਮਝ ਹੋਣੀ ਵੀ ਬਹੁਤ ਜ਼ਰੂਰੀ ਹੈ। ਇਸ ਲਈ ਬੱਚਿਆਂ ’ਚ ਭਾਵਨਾਤਮਿਕ ਬੁੱਧੀ ਦਾ ਵਿਕਾਸ ਕਰਨਾ ਬਹੁਤ ਜ਼ਰੂਰੀ ਹੈ।
ਬੱਚੇ ਅਕਸਰ ਚਿੜਚਿੜੇ ਹੋ ਜਾਂਦੇ ਹਨ ਜਾਂ ਰੋਣ ਲੱਗਦੇ ਹਨ ਕਿਉਂਕਿ ਉਨ੍ਹਾਂ ਨੂੰ ਸਮਝ ਨਹੀਂ ਆਉਂਦਾ ਕਿ ਉਨ੍ਹਾਂ ਨਾਲ ਹੋ ਕੀ ਰਿਹਾ ਹੈ। ਉਨ੍ਹਾਂ ਦੀ ਆਪਣੀਆਂ ਭਾਵਨਾਵਾਂ ਨੂੰ ਪਛਾਣਨ ’ਚ ਮਦਦ ਕਰੋ। ਜਦੋਂ ਉਹ ਆਪਣੀਆਂ ਭਾਵਨਾਵਾਂ ਨੂੰ ਨਾਂ ਦੇਣਾ ਸਿੱਖਦੇ ਹਨ, ਤਾਂ ਉਹ ਉਨ੍ਹਾਂ ’ਤੇ ਬਿਹਤਰ ਨਿਯੰਤਰਨ ਪਾ ਲੈਂਦੇ ਹਨ।
ਭਾਵਨਾਵਾਂ ਨੂੰ ਜ਼ਾਹਿਰ ਕਰਨ ਦਾ ਤਰੀਕਾ
ਬੱਚੇ ਦੀ ਹਰ ਭਾਵਨਾ ਜਾਇਜ਼ ਹੁੰਦੀ ਹੈ ਪਰ ਉਸ ਦਾ ਹਰ ਵਿਹਾਰ ਨਹੀਂ। ਉਦਾਹਰਨ ਵਜੋਂ ਜੇ ਕੋਈ ਬੱਚਾ ਖਿਡੌਣਾ ਨਾ ਮਿਲਣ ’ਤੇ ਗੁੱਸੇ ਹੈ, ਤਾਂ ਉਸ ਦੇ ਗੁੱਸੇ ਨੂੰ ਸਵੀਕਾਰ ਕਰੋ ਪਰ ਇਹ ਵੀ ਸਮਝਾਓ ਕਿ ਗੁੱਸੇ ’ਚ ਚੀਕਣਾ ਜਾਂ ਚੀਜ਼ਾਂ ਸੁੱਟਣਾ ਗ਼ਲਤ ਹੈ। ਉਨ੍ਹਾਂ ਨੂੰ ਸਿਖਾਓ ਕਿ ਭਾਵਨਾਵਾਂ ਨੂੰ ਮਹਿਸੂਸ ਕਰਨਾ ਮਾੜਾ ਨਹੀਂ ਹੈ ਪਰ ਉਨ੍ਹਾਂ ਦਾ ਪ੍ਰਗਟ ਕਰਨ ਦਾ ਤਰੀਕਾ ਸਹੀ ਹੋਣਾ ਚਾਹੀਦਾ ਹੈ।
ਹਮਦਰਦ ਹੋਣਾ ਜ਼ਰੂਰੀ
ਭਾਵਨਾਤਮਿਕ ਬੁੱਧੀ ਲਈ ਦੂਜਿਆਂ ਪ੍ਰਤੀ ਹਮਦਰਦ ਹੋਣਾ ਜ਼ਰੂਰੀ ਹੈ। ਆਪਣੇ ਬੱਚੇ ਨੂੰ ਦੂਜਿਆਂ ਦੇ ਦ੍ਰਿਸ਼ਟੀਕੋਣ ਤੋਂ ਸੋਚਣਾ ਸਿਖਾਓ। ਜੇ ਕੋਈ ਬੱਚਾ ਪਾਰਕ ਵਿਚ ਡਿੱਗ ਪੈਂਦਾ ਹੈ ਜਾਂ ਉਦਾਸ ਹੈ, ਤਾਂ ਆਪਣੇ ਬੱਚੇ ਨੂੰ ਸਮਝਾਓ ਕਿ ਦੂਜਾ ਬੱਚਾ ਨੂੰ ਕਿਸ ਤਰ੍ਹਾਂ ਮਹਿਸੂਸ ਹੋ ਰਿਹਾ ਹੈ। ਇਸ ਨਾਲ ਬੱਚਾ ਦੂਜਿਆਂ ਦੇ ਦੁੱਖ-ਸੁੱਖ ਸਮਝਣਾ ਸ਼ੁਰੂ ਕਰ ਦੇਵੇਗਾ।
ਰੋਲ ਮਾਡਲ ਬਣੋ
ਬੱਚੇ ਸਾਡੀਆਂ ਗੱਲਾਂ ਤੋਂ ਨਹੀਂ ਸਗੋਂ ਸਾਡੇ ਕੰਮਾਂ ਤੋਂ ਸਿੱਖਦੇ ਹਨ। ਜੇ ਤੁਸੀਂ ਖ਼ੁਦ ਤਣਾਅ ਵਿਚ ਚੀਕਣਾ ਸ਼ੁਰੂ ਕਰ ਦਿੰਦੇ ਹੋ, ਤਾਂ ਤੁਹਾਡਾ ਬੱਚਾ ਵੀ ਇਹੀ ਸਿੱਖੇਗਾ। ਆਪਣੀਆਂ ਭਾਵਨਾਵਾਂ ਨੂੰ ਸ਼ਾਂਤੀ ਨਾਲ ਪ੍ਰਗਟ ਕਰੋ। ਇਹ ਤੁਹਾਡੇ ਬੱਚੇ ਨੂੰ ਆਪਣੀਆਂ ਜ਼ਰੂਰਤਾਂ ਤੇ ਭਾਵਨਾਵਾਂ ਨੂੰ ਸਹੀ ਢੰਗ ਨਾਲ ਸੰਚਾਰ ਕਰਨ ਵਿਚ ਮਦਦ ਕਰੇਗਾ।
ਸਮੱਸਿਆ ਹੱਲ ਕਰਨ ਦੇ ਹੁਨਰ ਸਿਖਾਓ
ਜਦੋਂ ਕੋਈ ਬੱਚਾ ਕਿਸੇ ਸਮੱਸਿਆ ਦਾ ਸਾਹਮਣਾ ਕਰਦਾ ਹੈ, ਤਾਂ ਤੁਰੰਤ ਕੋਈ ਹੱਲ ਨਾ ਕਰੋ। ਉਨ੍ਹਾਂ ਨੂੰ ਸੋਚਣ ਲਈ ਸਮਾਂ ਦਿਉ। ਉਨ੍ਹਾਂ ਨੂੰ ਪੁੱਛੋ ਕਿ ਉਹ ਇਸ ਸਥਿਤੀ ਵਿਚ ਕੀ ਕਰ ਸਕਦੇ ਹਨ। ਇਹ ਉਨ੍ਹਾਂ ਨੂੰ ਆਪਣੀਆਂ ਭਾਵਨਾਵਾਂ ਦਾ ਪ੍ਰਬੰਧਨ ਕਰਨ ਤੇ ਸਮੱਸਿਆ ਨੂੰ ਤਰਕ ਨਾਲ ਸਮਝਣ ਲਈ ਉਤਸ਼ਾਹਿਤ ਕਰਦਾ ਹੈ।
![]()
