ਸੈਕਰਾਮੈਂਟੋ, ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ : ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਮੈਕਸੀਕੋ ਨੂੰ ਸੰਧੀ ਤਹਿਤ ਹੋਰ ਪਾਣੀ ਛੱਡਣਾ ਪਵੇਗਾ ਤੇ ਜੇਕਰ ਉਹ ਅਜਿਹਾ ਨਹੀਂ ਕਰਦਾ ਤਾਂ ਦਰਾਮਦ ਉੱਪਰ 5% ਹੋਰ ਟੈਰਿਫ਼ ਲਈ ਤਿਆਰ ਰਹੇ। ਟਰੰਪ ਨੇ ਕਿਹਾ ਹੈ ਕਿ ਇਸ ਸਾਲ ਦੇ ਅੰਤ ਤੱਕ ਮੈਕਸੀਕੋ ਨੂੰ ਹਰ ਹਾਲਤ ਵਿੱਚ ਹੋਰ ਪਾਣੀ ਛੱਡਣਾ ਪਵੇਗਾ। 1944 ਦੀ ਸੰਧੀ ਅਨੁਸਾਰ ਮੈਕਸੀਕੋ ਨੂੰ ਰੀਓ ਗਰਾਂਡੇ ਦਰਿਆ ਤੋਂ 5 ਸਾਲਾਂ ਵਿੱਚ 1.75 ਮਿਲੀਅਨ ਏਕੜ ਫ਼ੁੱਟ ਪਾਣੀ ਛੱਡਣਾ ਜ਼ਰੂਰੀ ਹੁੰਦਾ ਹੈ। ਇਹ ਪਾਣੀ ਅੰਤਰਸੰਪਰਕ ਡੈਮਾਂ ਤੇ ਪਾਣੀ ਦੇ ਭੰਡਾਰਾਂ ਦੇ ਨੈੱਟਵਰਕ ਰਾਹੀਂ ਛੱਡਿਆ ਜਾਂਦਾ ਹੈ। ਟਰੰਪ ਨੇ ਸੋਸ਼ਲ ਮੀਡੀਆ ਉਪਰ ਕਿਹਾ ਹੈ ਕਿ ਪਾਣੀ ਦੀ ਘਾਟ ਕਾਰਨ ਟੈਕਸਾਸ ਵਿੱਚ ਫ਼ਸਲਾਂ ਸੁੱਕ ਰਹੀਆਂ ਹਨ ਤੇ ਪਸ਼ੂਆਂ ਦੇ ਪੀਣ ਲਈ ਪਾਣੀ ਨਹੀਂ ਹੈ। ਉਨ੍ਹਾਂ ਕਿਹਾ ਹੈ ਕਿ ਮੈਕਸੀਕੋ ਨੇ 8 ਲੱਖ ਏਕੜ ਫ਼ੁੱਟ ਪਾਣੀ ਘੱਟ ਛੱਡਿਆ ਹੈ ਜਿਸ ਵਿਚੋਂ 2 ਲੱਖ ਏਕੜ ਪਾਣੀ 31 ਦਸੰਬਰ ਤੱਕ ਛੱਡਿਆ ਜਾਵੇ।
ਰਾਸ਼ਟਰਪਤੀ ਨੇ ਕਿਹਾ ਕਿ ਜੇਕਰ ਉਹ ਪਾਣੀ ਛੱਡਣ ਵਿੱਚ ਦੇਰੀ ਕਰਦਾ ਹੈ ਤਾਂ ਇਸ ਨਾਲ ਕਿਸਾਨਾਂ ਨੂੰ ਨੁਕਸਾਨ ਝੱਲਣਾ ਪਵੇਗਾ, ਇਸ ਲਈ ਮੈਕਸੀਕੋ ਨੂੰ 5% ਟੈਰਿਫ਼ ਲਾ ਕੇ ਜਵਾਬ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੰਧੀ ਤਹਿਤ ਮੈਕਸੀਕੋ ਨੂੰ ਪਾਣੀ ਛੱਡਣਾ ਹੀ ਪਵੇਗਾ।
![]()
