ਸ਼ਿਲਾਂਗ(ਮੇਘਾਲਿਆ)/ਏ.ਟੀ.ਨਿਊਜ਼ : ਗੁਰਦੁਆਰਾ ਗੁਰੂ ਨਾਨਕ ਦਰਬਾਰ ਸ਼ਿਲਾਂਗ (ਮੇਘਾਲਿਆ ਦੀ ਰਾਜਧਾਨੀ) ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਤਾਬਦੀ ਨੂੰ ਸਮਰਪਤਿ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ’ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਣ ਲਈ ਪਹੁੰਚੇ। ਇਸ ਦੌਰਾਨ ਜਥੇਦਾਰ ਗੜਗੱਜ ਗੁਰਦੁਆਰਾ ਗੁਰੂ ਨਾਨਕ ਦਰਬਾਰ ਸ਼ਿਲਾਂਗ ਦੀ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਨੂੰ ਸਮਰਪਿਤ ਕਰਵਾਏ ਗੁਰਮਤਿ ਸਮਾਗਮ ’ਚ ਸ਼ਮੂਲੀਅਤ ਕੀਤੀ। ਗੁਹਾਟੀ ਹਵਾਈ ਅੱਡੇ ’ਤੇ ਪੁੱਜਣ ’ਤੇ ਅਸਾਮ ਤੇ ਮੇਘਾਲਿਆ ਦੀ ਸਿੱਖ ਸੰਗਤ ਨੇ ਜਥੇਦਾਰ ਗੜਗੱਜ ਦਾ ਭਰਵਾਂ ਸੁਆਗਤ ਕੀਤਾ। ਸਮਾਗਮ ’ਚ ਹਾਜ਼ਰੀ ਭਰਦੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਐਲਾਨ ਕੀਤਾ ਹੈ ਕਿ ਸ਼ਿਲਾਂਗ ਦੇ ਸਿੱਖਾਂ ਦੀ ਲੜਾਈ ’ਚ ਦਿੱਲੀ ਗੁਰਦੁਆਰਾ ਕਮੇਟੀ ਡੱਟ ਕੇ ਉਨ੍ਹਾਂ ਨਾਲ ਖੜ੍ਹੀ ਹੈ ਤੇ ਮੇਘਾਲਿਆ ਹਾਈ ਕੋਰਟ ’ਚ ਚੱਲ ਰਹੇ ਕੇਸ ਵਿੱਚ ਜੇਕਰ ਇਨਸਾਫ ਨਾ ਮਿਲਿਆ ਤਾਂ ਉਹ ਸੁਪਰੀਮ ਕੋਰਟ ਤੱਕ ਵੀ ਪਹੁੰਚ ਕਰੇਗੀ। ਕਾਹਲੋਂ ਨੇ ਕਿਹਾ ਕਿ ਉਹ ਇਸ ਗੱਲ ਤੋਂ ਬਹੁਤ ਖੁਸ਼ ਹਨ ਕਿ ਸ਼ਿਲਾਂਗ ਵਿੱਚ ਸਿੱਖੀ ਦਾ ਪ੍ਰਚਾਰ ਹੋ ਰਿਹਾ ਹੈ ਤੇ ਸਾਡੇ ਨੌਜਵਾਨਾਂ ਨੇ ਖੰਡੇ ਬਾਟੇ ਦੀ ਪਾਹੁਲ ਛੱਕ ਦਸਤਾਰਾਂ ਸਜਾ ਲਈਆਂ ਹਨ। ਉਨ੍ਹਾਂ ਕਿਹਾ ਕਿ ਸ਼ਿਲਾਂਗ ਦੇ ਸਿੱਖ ਭਾਈਚਾਰੇ ਦੇ ਕੇਸ ਦੀ ਪੈਰਵੀ ਜਿਥੇ ਅਦਾਲਤਾਂ ’ਚ ਕਰ ਰਹੇ ਹਾਂ, ਉਥੇ ਹੀ ਸਰਕਾਰਾਂ ਕੋਲ ਵੀ ਮੁੱਦਾ ਚੁੱਕ ਰਹੇ ਹਾਂ। ਇਸ ਮੌਕੇ ਭਾਈ ਰਵਿੰਦਰ ਸਿੰਘ, ਭੁਪਿੰਦਰ ਸਿੰਘ ਕਿੱਕੀ, ਗੁਰਜੀਤ ਸਿੰਘ, ਸਤਨਾਮ ਸਿੰਘ, ਸੰਗਮ ਸਿੰਘ ਆਦਿ ਮੌਜੂਦ ਸਨ।
![]()
