ਲੰਡਨ/ਏ.ਟੀ.ਨਿਊਜ਼: ਪੰਜਾਬ ਅਤੇ ਸਿੱਖ ਕੌਮ ਲਈ ਇਹ ਇੱਕ ਬਹੁਤ ਵੱਡੀ ਮਾਣ ਵਾਲੀ ਘੜੀ ਹੈ। ਬ੍ਰਿਟਿਸ਼ ਆਰਮੀ ਦੇ ਰਿਜ਼ਰਵਿਸਟ ਕੈਪਟਨ ਜੇ (ਜਗਜੀਤ) ਸਿੰਘ ਸੋਹਲ ਨੂੰ ਬ੍ਰਿਟੇਨ ਦੀ ਪ੍ਰਿੰਸੈੱਸ ਰਾਇਲ ਐਨ ਵੱਲੋਂ ਸੇਂਟ ਜੇਮਜ਼ ਪੈਲੇਸ ਵਿੱਚ ਵੱਕਾਰੀ ਓਬੀਈ (ਆਫ਼ੀਸਰ ਆਫ਼ ਦਿ ਆਰਡਰ ਆਫ਼ ਦਿ ਬ੍ਰਿਟਿਸ਼ ਐਂਪਾਇਰ) ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਐਵਾਰਡ ਉਨ੍ਹਾਂ ਨੂੰ ਪਹਿਲੀ ਵਿਸ਼ਵ ਜੰਗ ਵਿੱਚ ਬ੍ਰਿਟੇਨ ਲਈ ਲੜਨ ਵਾਲੇ ਕਾਮਨਵੈਲਥ ਸਿਪਾਹੀਆਂ ਦੀ ਯਾਦ ਨੂੰ ਜਿਊਂਦਾ ਰੱਖਣ ਲਈ ਉਨ੍ਹਾਂ ਦੀਆਂ ਵਿਸ਼ੇਸ਼ ਸੇਵਾਵਾਂ ਲਈ ਦਿੱਤਾ ਗਿਆ ਹੈ।
ਕੈਪਟਨ ਜੇ ਸਿੰਘ ਸੋਹਲ ਦੀਆਂ ਜੜ੍ਹਾਂ ਪੰਜਾਬ ਨਾਲ ਡੂੰਘੀਆਂ ਜੁੜੀਆਂ ਹਨ। ਉਨ੍ਹਾਂ ਦੇ ਪਿਤਾ ਜੀ ਦੇ ਦਾਦਾ-ਦਾਦੀ ਜਲੰਧਰ ਜ਼ਿਲ੍ਹੇ ਦੇ ਫ਼ਿਲੌਰ ਨੇੜੇ ਸੰਗ ਢੇਸੀਆਂ ਪਿੰਡ ਤੋਂ ਬ੍ਰਿਟੇਨ ਆ ਕੇ ਵੱਸੇ ਸਨ, ਜਦਕਿ ਨਾਨਾ-ਨਾਨੀ ਕਪੂਰਥਲਾ ਜ਼ਿਲ੍ਹੇ ਤੋਂ ਸਨ। ਬਰਮਿੰਘਮ ਵਿੱਚ ਜਨਮੇ 42 ਸਾਲਾ ਕੈਪਟਨ ਸਿੰਘ-ਸੋਹਲ ਰਾਇਲ ਸਟਨ ਕੋਲਡਫ਼ੀਲਡ ਦੇ ਨਿਵਾਸੀ ਹਨ ਅਤੇ ਪਿਛਲੇ 16 ਸਾਲਾਂ ਤੋਂ ਬ੍ਰਿਟਿਸ਼ ਆਰਮੀ ਰਿਜ਼ਰਵਿਸਟ ਵਜੋਂ ਸੇਵਾ ਨਿਭਾ ਰਹੇ ਹਨ। ਉਹ ਇੱਕ ਸਟ੍ਰੈਟੈਜਿਕ ਕਮਿਊਨੀਕੇਸ਼ਨਜ਼ ਮਾਹਿਰ ਵੀ ਹਨ।
ਇਸ ਅਵਾਰਡ ਦੀ ਸਭ ਤੋਂ ਵੱਡੀ ਵਜ੍ਹਾ ਕੈਪਟਨ ਸਿੰਘ ਸੋਹਲ ਦਾ ਉਹ ਮਹਾਨ ਕੰਮ ਹੈ ਜਿਸ ਵਿੱਚ ਉਨ੍ਹਾਂ ਨੇ ਬ੍ਰਿਟੇਨ ਵਿੱਚ ਪਹਿਲੀ ਵਾਰ ਸਿੱਖ ਸਿਪਾਹੀਆਂ ਨੂੰ ਸਮਰਪਿਤ ਇੱਕ ਰਾਸ਼ਟਰੀ ਯਾਦਗਾਰ ਸਥਾਪਿਤ ਕੀਤੀ। ਇਹ ਯਾਦਗਾਰ 2015 ਵਿੱਚ ਸਟਾਫ਼ੋਰਡਸ਼ਾਇਰ ਵਿੱਚ ਨੈਸ਼ਨਲ ਮੈਮੋਰੀਅਲ ਆਰਬੋਰੇਟਮ ਵਿਖੇ ਬਣਾਈ ਗਈ ਸੀ। ਇਹ ਜਗ੍ਹਾ ਬ੍ਰਿਟੇਨ ਦੀ ਯਾਦਗਾਰੀਆਂ ਦਾ ਕੇਂਦਰ ਹੈ, ਜਿੱਥੇ 400 ਤੋਂ ਵੱਧ ਯਾਦਗਾਰਾਂ ਹਨ। ਇਸ ਤੋਂ ਪਹਿਲਾਂ ਇੱਥੇ ਸਿੱਖ ਸਿਪਾਹੀਆਂ ਲਈ ਕੋਈ ਵਿਸ਼ੇਸ਼ ਯਾਦਗਾਰ ਨਹੀਂ ਸੀ। ਕੈਪਟਨ ਸਿੰਘ ਸੋਹਲ ਨੇ ਇਸ ਨੂੰ ਬਣਵਾਉਣ ਲਈ ਫ਼ੰਡ ਇਕੱਠਾ ਕੀਤਾ ਅਤੇ ਲੋਕਾਂ ਨੂੰ ਜਾਗਰੂਕ ਕੀਤਾ। ਇਹ ਯਾਦਗਾਰ ਇੱਕ ਵੱਡੀ ਯਾਦਗਾਰ ਹੈ ਜੋ ਪਹਿਲੀ ਵਿਸ਼ਵ ਜੰਗ ਵਿੱਚ ਲੜੇ ਸਿੱਖ ਸੈਨਿਕਾਂ ਦੀ ਬਹਾਦਰੀ ਨੂੰ ਦਰਸਾਉਂਦੀ ਹੈ।
ਪਹਿਲੀ ਵਿਸ਼ਵ ਜੰਗ ਵਿੱਚ ਸਿੱਖ ਸਿਪਾਹੀਆਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਸੀ। ਪਹਿਲੀ ਵਿਸ਼ਵ ਜੰਗ ਸ਼ੁਰੂ ਹੋਣ ਵੇਲੇ (1914 ਵਿੱਚ) ਬ੍ਰਿਟਿਸ਼ ਇੰਡੀਅਨ ਆਰਮੀ ਵਿੱਚ ਸਿੱਖਾਂ ਦਾ ਹਿੱਸਾ 20% ਤੋਂ ਵੱਧ ਸੀ (ਕਈ ਇਤਿਹਾਸਕ ਸਰੋਤਾਂ ਮੁਤਾਬਕ 20-22%)। ਜਦਕਿ ਉਸ ਵੇਲੇ ਬ੍ਰਿਟਿਸ਼ ਭਾਰਤ ਦੀ ਕੁੱਲ ਆਬਾਦੀ ਵਿੱਚ ਸਿੱਖਾਂ ਦਾ ਹਿੱਸਾ ਸਿਰਫ਼ 1% ਤੋਂ 2% ਦੇ ਵਿਚਕਾਰ ਸੀ।ਯਾਨੀ ਸਿੱਖ ਆਬਾਦੀ ਦੇ ਹਿਸਾਬ ਨਾਲ ਬਹੁਤ ਘੱਟ ਸਨ, ਪਰ ਫ਼ੌਜ ਵਿੱਚ ਉਨ੍ਹਾਂ ਦਾ ਯੋਗਦਾਨ ਬਹੁਤ ਜ਼ਿਆਦਾ ਸੀ। ਇਹ ਬ੍ਰਿਟਿਸ਼ਾਂ ਦੀ ‘ਮਾਰਸ਼ਲ ਰੇਸ’ ਨੀਤੀ ਕਾਰਨ ਹੋਇਆ, ਜਿਸ ਵਿੱਚ ਪੰਜਾਬੀਆਂ ਖਾਸ ਕਰਕੇ ਸਿੱਖਾਂ ਨੂੰ ਬਹਾਦਰ ਮੰਨ ਕੇ ਜ਼ਿਆਦਾ ਭਰਤੀ ਕੀਤਾ ਜਾਂਦਾ ਸੀ।
![]()
