14 ਦਸੰਬਰ 2025 ਨੂੰ ਆਸਟ੍ਰੇਲੀਆ ਦੇ ਮਸ਼ਹੂਰ ਬੌਂਡੀ ਬੀਚ ਨੇੜੇ ਆਰਚਰ ਪਾਰਕ ਵਿੱਚ ਇੱਕ ਭਿਆਨਕ ਜਿਹਾਦੀ ਹਮਲਾ ਹੋਇਆ ਸੀ, ਜਿਸ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਸੀ। ਇਹ ਘਟਨਾ ਹਨੂਕਾ ਦੇ ਜਸ਼ਨ ਦੌਰਾਨ ਵਾਪਰੀ ਸੀ, ਜਿੱਥੇ ਯਹੂਦੀ ਭਾਈਚਾਰੇ ਦੇ ਲੋਕ ਇਕੱਠੇ ਹੋਏ ਸਨ। ਪਿਓ-ਪੁੱਤ ਦੀ ਜੋੜੀ ਸਾਜਿਦ ਅਕਰਮ ਅਤੇ ਨਵੀਦ ਅਕਰਮ ਨੇ ਬੰਦੂਕਾਂ ਨਾਲ ਗੋਲੀਆਂ ਚਲਾਈਆਂ ਅਤੇ 15 ਨਿਰਦੋਸ਼ ਲੋਕਾਂ ਨੂੰ ਮਾਰ ਦਿੱਤਾ ਸੀ, ਜਿਨ੍ਹਾਂ ਵਿੱਚ ਇੱਕ ਬੱਚਾ ਵੀ ਸ਼ਾਮਲ ਸੀ। ਇਹ ਹਮਲਾ ਯਹੂਦੀ ਭਾਈਚਾਰੇ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ ਅਤੇ ਇਸ ਨੂੰ ਅੱਤਵਾਦੀ ਵਾਰਦਾਤ ਕਿਹਾ ਗਿਆ ਸੀ।ਪੁਲਿਸ ਨੇ ਜਲਦੀ ਪਹੁੰਚ ਕੇ ਹਮਲਾਵਰਾਂ ਨੂੰ ਦਬੋਚ ਲਿਆ। ਸਾਜਿਦ ਅਕਰਮ ਨੂੰ ਪੁਲਿਸ ਨੇ ਗੋਲੀ ਮਾਰ ਕੇ ਘਾਇਲ ਕਰ ਦਿੱਤਾ ਅਤੇ ਨਵੀਦ ਨੂੰ ਗ੍ਰਿਫ਼ਤਾਰ ਕਰ ਲਿਆ।ਇਸ ਹਮਲੇ ਨੇ ਨਾ ਸਿਰਫ਼ ਆਸਟ੍ਰੇਲੀਆ ਨੂੰ ਸਦਮੇ ਵਿੱਚ ਪਾ ਦਿੱਤਾ ਬਲਕਿ ਪੂਰੀ ਦੁਨੀਆ ਵਿੱਚ ਨਫ਼ਰਤ ,ਨਸਲਵਾਦ ਅਤੇ ਅੱਤਵਾਦ ਵਿਰੋਧੀ ਚਰਚਾ ਨੂੰ ਤੇਜ਼ ਕਰ ਦਿੱਤਾ। ਪਰ ਇਸ ਭਿਆਨਕ ਘਟਨਾ ਵਿੱਚ ਇੱਕ ਰੌਸ਼ਨੀ ਵੀ ਚਮਕੀ – ਨਿਊਜ਼ੀਲੈਂਡ ਵਾਸੀ ਸਿੱਖ ਨੌਜਵਾਨ ਅਮਨਦੀਪ ਸਿੰਘ ਬੋਲਾ ਦੀ ਬਹਾਦਰੀ ਨੇ ਕਈ ਜਾਨਾਂ ਬਚਾਈਆਂ ਅਤੇ ਮੀਡੀਆ ਨੇ ਉਸ ਨੂੰ ਹੀਰੋ ਵਜੋਂ ਪੇਸ਼ ਕਰ ਦਿੱਤਾ।
ਅਮਨਦੀਪ ਸਿੰਘ ਬੋਲਾ ਕੌਣ ਹੈ?
ਅਮਨਦੀਪ ਸਿੰਘ ਬੋਲਾ 34 ਸਾਲਾਂ ਦਾ ਨੌਜਵਾਨ ਹੈ ਜੋ ਨਿਊਜ਼ੀਲੈਂਡ ਵਿੱਚ ਜੰਮਿਆ ਅਤੇ ਵੱਡਾ ਹੋਇਆ ਹੈ। ਉਹ ਤੀਜੀ ਪੀੜ੍ਹੀ ਦੇ ਸਿੱਖ ਪਰਿਵਾਰ ਨਾਲ ਸੰਬੰਧ ਰੱਖਦਾ ਹੈ। ਉਸ ਦੇ ਪਰਿਵਾਰ ਦੀਆਂ ਜੜ੍ਹਾਂ ਪੰਜਾਬ ਦੇ ਨਵਾਂਸ਼ਹਿਰ ਜ਼ਿਲ੍ਹੇ ਦੇ ਪਿੰਡ ਨੌਰਾ ਵਿੱਚ ਹਨ। ਉਸ ਦੇ ਪੜਦਾਦਾ ਪੂਨਾ ਸਿੰਘ ਬੋਲਾ 1916 ਵਿੱਚ ਨਿਊਜ਼ੀਲੈਂਡ ਗਏ ਸਨ ਅਤੇ ਉਹ ਪਹਿਲੇ ਸਿੱਖ ਪ੍ਰਵਾਸੀਆਂ ਵਿੱਚੋਂ ਇੱਕ ਸਨ। ਅਮਨਦੀਪ ਦੇ ਪਿਤਾ ਮਨਜੀਤ ਸਿੰਘ ਬੋਲਾ ਨਿਊਜ਼ੀਲੈਂਡ ਵਿੱਚ ਜੰਮੇ ਅਤੇ ਉਸ ਦੀ ਮਾਂ ਹਰਵਿੰਦਰ ਕੌਰ ਲੁਧਿਆਣਾ ਤੋਂ ਹੈ। ਅਮਨਦੀਪ ਆਸਟ੍ਰੇਲੀਆ ਵਿੱਚ 6-7 ਸਾਲਾਂ ਤੋਂ ਰਹਿ ਰਿਹਾ ਹੈ ਅਤੇ ਪਰਸਨਲ ਟ੍ਰੇਨਰ ਵਜੋਂ ਕੰਮ ਕਰਦਾ ਹੈ। ਉਹ ਜਿਮ ਵਿੱਚ ਲੋਕਾਂ ਨੂੰ ਟ੍ਰੇਨਿੰਗ ਦਿੰਦਾ ਹੈ ਅਤੇ ਤੰਦਰੁਸਤੀ ਲਈ ਪ੍ਰੇਰਿਤ ਕਰਦਾ ਹੈ।
ਅਮਨਦੀਪ ਨੇ ਬਚਪਨ ਤੋਂ ਹੀ ਸਿੱਖ ਧਰਮ ਦੇ ਸਿਧਾਂਤ ਅਪਣਾਏ ਹਨ, ਜਿਨ੍ਹਾਂ ਵਿੱਚ ਬਹਾਦਰੀ ਅਤੇ ਮਨੁੱਖਤਾ ਦੀ ਸੇਵਾ ਸਭ ਤੋਂ ਉੱਤੇ ਹੈ। ਉਹ ਕਈ ਵਾਰ ਪੰਜਾਬ ਆਇਆ ਹੈ ਅਤੇ ਆਖਰੀ ਵਾਰ 2019 ਵਿੱਚ ਅੰਮ੍ਰਿਤਸਰ ਦੇ ਦਰਬਾਰ ਸਾਹਿਬ ਗਿਆ ਸੀ। ਉਸ ਦੀ ਚੰਗੀ ਸਰੀਰਕ ਤਾਕਤ ਅਤੇ ਜਿਮ ਟ੍ਰੇਨਿੰਗ ਨੇ ਘਟਨਾ ਵੇਲੇ ਉਸ ਨੂੰ ਮਦਦ ਕੀਤੀ।
ਅਮਨਦੀਪ ਨੇ ਹਮਲਾਵਰ ਨੂੰ ਕਿਵੇਂ ਕਾਬੂ ਕੀਤਾ ਅਤੇ ਪੁਲਿਸ ਨੂੰ ਸੌਂਪਿਆ
ਘਟਨਾ ਵੇਲੇ ਅਮਨਦੀਪ ਆਪਣੇ ਕੰਮ ਦੇ ਕ੍ਰਿਸਮਸ ਪਾਰਟੀ ਤੋਂ ਬਾਅਦ ਬੌਂਡੀ ਬੀਚ ‘ਤੇ ਕਬਾਬ ਖਾ ਰਿਹਾ ਸੀ ਅਤੇ ਸੂਰਜ ਡੁੱਬਣ ਨੂੰ ਵੇਖ ਰਿਹਾ ਸੀ। ਅਚਾਨਕ ਗੋਲੀਆਂ ਦੀ ਆਵਾਜ਼ ਆਈ। ਪਹਿਲਾਂ ਉਸ ਨੂੰ ਲੱਗਾ ਕਿ ਫਾਇਰਕ੍ਰੈਕਰ ਹਨ ਪਰ ਜਲਦੀ ਹੀ ਉਸ ਨੇ ਵੇਖਿਆ ਕਿ ਲੋਕ ਡਰ ਕੇ ਭੱਜ ਰਹੇ ਹਨ। ਉਸ ਨੇ ਰਸਤੇ ਵਿੱਚ ਲੋਕਾਂ ਨੂੰ ਪੁੱਛਿਆ ਅਤੇ ਪਤਾ ਲੱਗਾ ਕਿ ਦੋ ਹਮਲਾਵਰ ਬੀਚ ‘ਤੇ ਗੋਲੀਆਂ ਚਲਾ ਰਹੇ ਹਨ।
ਜ਼ਿਆਦਾਤਰ ਲੋਕ ਭੱਜ ਰਹੇ ਸਨ ਪਰ ਅਮਨਦੀਪ ਨੇ ਹਮਲਾਵਰਾਂ ਵੱਲ ਭੱਜਣਾ ਸ਼ੁਰੂ ਕੀਤਾ । ਉਹ ਫੁੱਟਬ੍ਰਿਜ ਨੇੜੇ ਪਹੁੰਚਿਆ ਜਿੱਥੇ ਹਮਲਾਵਰ ਖੜ੍ਹੇ ਸਨ। ਉਸ ਨੇ ਚੁੱਪ-ਚਾਪ ਅੱਗੇ ਵਧਿਆ ਤਾਂ ਜੋ ਨੇੜੇ ਜਾ ਸਕੇ। ਜਦੋਂ ਉਸ ਨੇ ਵੇਖਿਆ ਕਿ ਪੁਲਿਸ ਨੇ ਸਾਜਿਦ ਅਕਰਮ ਨੂੰ ਗੋਲੀ ਮਾਰ ਕੇ ਡੇਗ ਦਿੱਤਾ ਤਾਂ ਉਹ ਤੇਜ਼ੀ ਨਾਲ ਅੱਗੇ ਵਧਿਆ। ਉਸ ਨੇ ਹਮਲਾਵਰ ‘ਤੇ ਛਾਲ ਮਾਰੀ, ਉਸ ਨੂੰ ਜ਼ਮੀਨ ‘ਤੇ ਸੁੱਟਿਆ ਅਤੇ ਉਸ ਦੀਆਂ ਬਾਹਾਂ ਪਿੱਛੇ ਰਖਕੇ ਦਬੋਚ ਲਿਆ। ਉਸ ਨੇ ਹਮਲਾਵਰ ਦੀ ਬੰਦੂਕ ਨੂੰ ਲੱਤ ਮਾਰ ਕੇ ਵਗਾਹ ਮਾਰਿਆ ਤਾਂ ਜੋ ਉਹ ਹੋਰ ਵਰਤੋਂ ਨਾ ਕਰ ਸਕੇ।
ਅਮਨਦੀਪ ਨੇ ਉਸ ਨੂੰ ਕਾਬੂ ਵਿੱਚ ਰੱਖਿਆ ਜਦੋਂ ਤੱਕ ਪੁਲਿਸ ਨੇ ਪੂਰੀ ਤਰ੍ਹਾਂ ਆਪਣੇ ਕਬਜ਼ੇ ਵਿਚ ਨਹੀਂ ਲੈ ਲਿਆ। ਇਸ ਨਾਲ ਨਾ ਸਿਰਫ਼ ਹਮਲਾਵਰ ਰੁਕਿਆ ਬਲਕਿ ਕਈ ਲੋਕਾਂ ਦੀ ਜਾਨ ਬਚ ਗਈ। ਇੱਕ ਮੋਬਾਈਲ ਵੀਡੀਓ ਵਿੱਚ ਅਮਨਦੀਪ ਨੂੰ ਵ੍ਹਾਈਟ ਟੀ-ਸ਼ਰਟ ਅਤੇ ਸ਼ੌਰਟਸ ਵਿੱਚ ਵੇਖਿਆ ਜਾ ਸਕਦਾ ਹੈ ਜੋ ਹਮਲਾਵਰ ‘ਤੇ ਬੈਠਾ ਹੈ ਅਤੇ ਪੁਲਿਸ ਨਵੀਦ ਨੂੰ ਦਬੋਚ ਰਹੀ ਹੈ।
ਅਮਨਦੀਪ ਨੇ ਮੀਡੀਆ ਨੂੰ ਕਿਹਾ, “ਮੈਂ ਆਪਣੇ ਧਰਮ ਤੋਂ ਸਿੱਖਿਆ ਹੈ ਕਿ ਮਨੁੱਖਤਾ ਦੀ ਰੱਖਿਆ ਕਰਨੀ ਚਾਹੀਦੀ ਹੈ। ਇਸ ਘਟਨਾ ਨੇ ਮੈਨੂੰ ਹੋਰ ਮਜ਼ਬੂਤ ਬਣਾ ਦਿੱਤਾ ਹੈ।
ਚਸ਼ਮਦੀਦਾਂ ਨੇ ਕਿਹਾ ਕਿ ਅਮਨਦੀਪ ਦੀ ਵਜ੍ਹਾ ਨਾਲ ਕਈ ਬੱਚੇ ਅਤੇ ਔਰਤਾਂ ਬਚ ਗਏ। ਇੱਕ ਨੇ ਕਿਹਾ, “ਉਸ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਇਹ ਕੰਮ ਕੀਤਾ ਅਤੇ ਉਹ ਸੱਚਮੁੱਚ ਇੱਕ ਹੀਰੋ ਹੈ।”
ਪੁਲਿਸ ਨੇ ਅਮਨਦੀਪ ਨੂੰ ਬਹਾਦਰੀ ਦਾ ਸਰਟੀਫਿਕੇਟ ਦਿੱਤਾ ਅਤੇ ਕਿਹਾ ਕਿ ਉਸ ਵਰਗੇ ਲੋਕਾਂ ਕਾਰਨ ਸਮਾਜ ਸੁਰੱਖਿਅਤ ਰਹਿੰਦਾ ਹੈ।
ਆਸਟ੍ਰੇਲੀਆ ਸਰਕਾਰ ਦੀ ਪ੍ਰਤੀਕਿਰਿਆ
ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਘਟਨਾ ‘ਤੇ ਤਿੱਖੀ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਨੇ ਕਿਹਾ ਕਿ ਅੱਤਵਾਦ ਨੂੰ ਕਿਸੇ ਵੀ ਕੀਮਤ ‘ਤੇ ਰੋਕਿਆ ਜਾਵੇਗਾ ਅਤੇ ਅਜਿਹੇ ਬੋਲਾ ਵਰਗੇ ਬਹਾਦਰ ਨਾਗਰਿਕਾਂ ਨੂੰ ਸਨਮਾਨ ਦਿੱਤਾ ਜਾਵੇਗਾ। 18 ਦਸੰਬਰ 2025 ਨੂੰ ਉਨ੍ਹਾਂ ਨੇ ਨਵੇਂ ਕਾਨੂੰਨ ਐਲਾਨ ਕੀਤੇ ਜਿਨ੍ਹਾਂ ਵਿੱਚ ਨਫ਼ਰਤ ਭਾਸ਼ਣ ਅਤੇ ਨਫ਼ਰਤ ਫੈਲਾਉਣ ਵਾਲਿਆਂ ‘ਤੇ ਸਖ਼ਤੀ ਹੋਵੇਗੀ। ਉਨ੍ਹਾਂ ਨੇ ਬੰਦੂਕ ਕਾਨੂੰਨਾਂ ਨੂੰ ਹੋਰ ਸਖ਼ਤ ਕਰਨ ਦਾ ਵਾਅਦਾ ਕੀਤਾ, ਜਿਵੇਂ ਬੰਦੂਕਾਂ ਦੀ ਗਿਣਤੀ ‘ਤੇ ਹੱਦ ਅਤੇ ਲਾਇਸੈਂਸਾਂ ਦੀ ਸਮੀਖਿਆ।
ਆਸਟ੍ਰੇਲੀਆ ਸਰਕਾਰ ਨੇ ਇਹ ਵੀ ਕਿਹਾ ਕਿ ਇਹ ਹਮਲਾ ‘ਕੈਸਕੇਡਿੰਗ ਨਫ਼ਰਤ’ ਦਾ ਨਤੀਜਾ ਹੈ ਅਤੇ ਉਸ ਨੂੰ ਰੋਕਣ ਲਈ ਨਵੇਂ ਉਪਰਾਲੇ ਕੀਤੇ ਜਾਣਗੇ। ਇਹ ਆਸਟ੍ਰੇਲੀਆ ਵਿੱਚ 3 ਦਹਾਕਿਆਂ ਵਿੱਚ ਦੂਜੀ ਵਾਰ ਹੈ ਜਦੋਂ ਮਾਸ ਸ਼ੂਟਿੰਗ ਤੋਂ ਬਾਅਦ ਬੰਦੂਕ ਕਾਨੂੰਨ ਸਖ਼ਤ ਕੀਤੇ ਜਾ ਰਹੇ ਹਨ।
ਵੱਖ-ਵੱਖ ਸਿੱਖ ਜਥੇਬੰਦੀਆਂ ਦੀ ਪ੍ਰਤੀਕਿਰਿਆ
ਅਮਨਦੀਪ ਦੀ ਬਹਾਦਰੀ ਨੇ ਸਿੱਖ ਭਾਈਚਾਰੇ ਨੂੰ ਮਾਣ ਵਧਾਇਆ ਹੈ। ਵੱਖ-ਵੱਖ ਸਿੱਖ ਜਥੇਬੰਦੀਆਂ ਨੇ ਉਸ ਦੀ ਸ਼ਲਾਘਾ ਕੀਤੀ ਹੈ। ਆਸਟ੍ਰੇਲੀਆ ਵਿੱਚ ਸਿੱਖ ਕਮਿਊਨਿਟੀ ਨੇ ਉਸ ਨੂੰ ਹੀਰੋ ਕਿਹਾ ਅਤੇ ਕਿਹਾ ਕਿ ਇਹ ਸਿੱਖ ਧਰਮ ਦੇ ਸਿਧਾਂਤਾਂ ਦੀ ਮਿਸਾਲ ਹੈ ਜਿਵੇਂ ਮਨੁੱਖਤਾ ਦੀ ਸੇਵਾ ਅਤੇ ਬਹਾਦਰੀ।
ਅਮਰੀਕਾ ਦੇ ਨੌਰਵਿਚ ਸ਼ਹਿਰ ਦੇ ਮੇਅਰ ਤੇ ਸਿੱਖ ਆਗੂ ਸਵਰਨਜੀਤ ਸਿੰਘ ਖਾਲਸਾ ਨੇ ਕਿਹਾ ਕਿ ਅਮਨਦੀਪ ਨੇ ਸਿੱਖਾਂ ਦੀ ਬਹਾਦਰੀ ਨੂੰ ਦੁਨੀਆ ਸਾਹਮਣੇ ਰੱਖਿਆ ਹੈ ਕਿ ਉਹ ਜ਼ੁਲਮ ,ਅਨਿਆਂ ,ਨਸਲਵਾਦ ਤੇ ਨਫਰਤ ਵਿਰੁੱਧ ਮਨੁੱਖਤਾ ਦੇ ਹੱਕ ਵਿਚ ਡਟਕੇ ਖਲੌਂਦੇ ਹਨ।ਉਨ੍ਹਾਂ ਕਿਹਾ ਕਿ ਅਮਨਦੀਪ ਲੋਕਾਂ ਦਾ ਨਾਇਕ ਹੈ ਜਿਸਨੇ ਮੌਤ ਦੀ ਪਰਵਾਹ ਨਾ ਕਰਦਿਆਂ ਹਮਲਾਵਰ ਨੂੰ ਦਬੋਚਕੇ ਪੁਲਿਸ ਦੇ ਹਵਾਲੇ ਕੀਤਾ ਤੇ ਅਨੇਕਾਂ ਯਹੂਦੀਆਂ ਦੀਆਂ ਜਾਨਾਂ ਬਚਾਈਆਂ।ਉਨ੍ਹਾ ਂ ਕਿਹਾ ਕਿ ਇਹ ਯਹੂਦੀਆਂ ਉਪਰ ਅੱਤਵਾਦੀ ਹਮਲਾ ਸੀ।
ਆਸਟ੍ਰੇਲੀਆ ਵਿੱਚ ਇੰਡੀਅਨ ਕਮਿਊਨਿਟੀ ਐਸੋਸੀਏਸ਼ਨ ਆਫ਼ ਕੁਈਨਜ਼ਲੈਂਡ ਨੇ ਉਸ ਨੂੰ ਸਨਮਾਨਿਤ ਕਰਨ ਦਾ ਐਲਾਨ ਕੀਤਾ ਅਤੇ ਕਿਹਾ ਕਿ ਉਸ ਨੇ ਭਿਅੰਕਰ ਖਤਰੇ ਵਿੱਚ ਬਹਾਦਰੀ ਵਿਖਾਈ ਹੈ। ਨਿਊਜ਼ੀਲੈਂਡ ਵਿੱਚ ਸਿੱਖ ਜਥੇਬੰਦੀਆਂ ਨੇ ਕਿਹਾ ਕਿ ਅਮਨਦੀਪ ਨੇ ਸਿੱਖ ਵਿਰਸੇ ਨੂੰ ਜੀਵੰਤ ਰੱਖਿਆ ਹੈ। ਪੰਥਕ ਆਗੂ ਬਾਬਾ ਸਰਬਜੋਤ ਸਿੰਘ ਬੇਦੀ ਨੇ ਉਸ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਸਿੱਖਾਂ ਦੀ ਬਹਾਦਰੀ ਦੀ ਮਿਸਾਲ ਤੇ ਮਨੂੱਖਤਾ ਦੇ ਹਿਤ ਵਿਚ ਕਾਰਨਾਮਾ ਹੈ।
ਉਨ੍ਹਾਂ ਕਿਹਾ ਕਿ ਸਿੱਖ ਧਰਮ ਵਿੱਚ ਬਹਾਦਰੀ ਨੂੰ ਮਨੁੱਖਤਾ ਦੇ ਹਿੱਤ ਵਿਚ ਉਤਸ਼ਾਹਿਤ ਕੀਤਾ ਜਾਂਦਾ ਹੈ ਅਤੇ ਅਮਨਦੀਪ ਨੇ ਉਸ ਨੂੰ ਅਮਲ ਵਿੱਚ ਵਿਖਾਇਆ ਹੈ।
![]()
