ਸੈਕਰਾਮੈਂਟੋ,ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ: ਅਗਲੇ ਸਾਲ ਦੇ ਸ਼ੁਰੂ ਵਿੱਚ ਸਖ਼ਤ ਸੰਘੀ ਨਿਯਮਾਂ ਤਹਿਤ ਕੈਲੀਫ਼ੋਰਨੀਆ ਵਿੱਚ ਹਜ਼ਾਰਾਂ ਭਾਰਤੀ ਡਰਾਈਵਰਾਂ ਦੇ ਵਪਾਰਕ ਲਾਇਸੈਂਸ ਰੱਦ ਹੋ ਜਾਣਗੇ। ਇਨ੍ਹਾਂ ਵਿੱਚ ਵੱਡੀ ਗਿਣਤੀ ਪੰਜਾਬੀ ਡਰਾਈਵਰਾਂ ਦੀ ਹੈ। ਰਾਜ ਦੇ ਅਧਿਕਾਰੀਆਂ ਅਨੁਸਾਰ ਮੋਟੇ
ਤੌਰ ’ਤੇ 17000 ਵਪਾਰਕ ਲਾਇਸੈਂਸ 6 ਜਨਵਰੀ 2026 ਨੂੰ ਰੱਦ ਹੋ ਜਾਣਗੇ। ਇਨ੍ਹਾਂ ਡਰਾਈਵਰਾਂ ਵਿੱਚ ਰਾਜਸੀ ਸ਼ਰਨ ਦੀ ਮੰਗ ਕਰਨ ਵਾਲੇ ਤੇ ਬਚਪਨ ਵਿੱਚ ਅਮਰੀਕਾ ਆਏ ਵਿਅਕਤੀ ਵੀ ਸ਼ਾਮਿਲ ਹਨ ਜਿਨ੍ਹਾਂ ਵਿਰੁੱਧ ਕਾਰਵਾਈ ਮੁਲਤਵੀ ਕਰ ਦਿੱਤੀ ਗਈ ਸੀ। ਅਧਿਕਾਰੀਆਂ ਅਨੁਸਾਰ ਇਨ੍ਹਾਂ ਡਰਾਈਵਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਕਿ ਉਨ੍ਹਾਂ ਦੇ ਕਲਾਸ ਏ ਲਾਇਸੈਂਸ ਰੱਦ ਕੀਤੇ ਜਾ ਰਹੇ ਹਨ। ਕੈਲੀਫ਼ੋਰਨੀਆ ਡਿਪਾਰਟਮੈਂਟ ਆਫ਼ ਮੋਟਰ ਵੀਹਾਈਕਲਜ ਨੇ ਲਾਇਸੈਂਸ ਰੱਦ ਕੀਤੇ ਜਾਣ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਨਵੇਂ ਸੰਘੀ ਮਾਪਦੰਡਾਂ ਤਹਿਤ ਖਾਸ ਸ਼੍ਰੇਣੀ ਦੇ ਪਰਮਿਟ ਖਤਮ ਹੋ ਰਹੇ ਹਨ ਤੇ ਉਹ ਯੋਗ ਨਹੀਂ ਰਹਿਣਗੇ। ਜਿਹੜੇ ਡਰਾਈਵਰਾਂ ਨੂੰ ਇਹ ਨੋਟਿਸ ਮਿਲੇ ਹਨ, ਉਹ ਅਜੇ ਵੀ ਕਲਾਸ ਸੀ ਲਾਇਸੈਂਸ ਦੇ ਯੋਗ ਹੋਣਗੇ ਜਿਸ ਤਹਿਤ ਉਹ ਆਪਣੀ ਨਿੱਜੀ ਗੱਡੀ ਚਲਾ ਸਕਣਗੇ ਪਰੰਤੂ ਵਪਾਰਕ ਵਾਹਨ ਟੱਰਕ ਤੇ ਕਾਰ ਆਦਿ ਚਲਾਉਣ ਦੀ ਮਨਾਹੀ ਹੋਵੇਗੀ। ਇਸ ਤਬਦੀਲੀ ਕਾਰਨ ਭਾਰਤੀ ਡਰਾਈਵਰਾਂ ਦੀ ਰੋਜ਼ੀ ਰੋਟੀ ਦਾ ਸਵਾਲ ਖੜ੍ਹਾ ਹੋ ਗਿਆ ਹੈ ਕਿਉਂਕਿ ਇਨ੍ਹਾਂ ਵਿੱਚ ਬਹੁਤੇ ਡਰਾਈਵਰ ਪੜੇ ਲਿਖੇ ਨਹੀਂ ਹਨ ਤੇ ਉਨ੍ਹਾਂ ਲਈ ਹੋਰ ਕੰਮ ਕਰ ਸਕਣਾ ਮੁਸ਼ਕਿਲ ਹੀ ਨਹੀਂ ਬਲਕਿ ਅਸੰਭਵ ਹੈ। ਪੰਜਾਬੀਆਂ ਦੀ ਟਰਾਂਸਪੋਰਟ ਸਨਅਤ ਜੋ ਪਹਿਲਾਂ ਹੀ ਭਾਰੀ ਰਾਜਸੀ ਤੇ ਆਰਥਿਕ ਦਬਾਅ ਹੇਠ ਹੈ, ਨਵੇਂ ਸੰਘੀ ਮਾਪਦੰਡਾਂ ਕਾਰਨ ਹੋਰ ਦਬਾਅ ਹੇਠ ਆ ਜਾਵੇਗੀ। ਇਥੇ ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਪ੍ਰੈਲ ਵਿੱਚ ਇੱਕ ਆਦੇਸ਼ ਜਾਰੀ ਕਰਕੇ ਏਜੰਸੀਆਂ ਨੂੰ ਵਪਾਰਕ ਟਰਾਂਸਪੋਰਟੇਸ਼ਨ ਤੇ ਇਮੀਗ੍ਰੇਸ਼ਨ ਨਿਯਮ ਸਖ਼ਤ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਸਨ।
ਟਰਾਂਸਪੋਰਟੇਸ਼ਨ ਵਿਭਾਗ ਅਨੁਸਾਰ ਕੈਲੀਫ਼ੋਰਨੀਆ ਤੋਂ ਇਲਾਵਾ ਟੈਕਸਾਸ, ਵਸ਼ਿੰਗਟਨ ਤੇ ਪੈਨਸਿਲਵਾਨੀਆ ਸਮੇਤ 5 ਹੋਰ ਰਾਜਾਂ ਨੇ ਅਜਿਹੇ ਪ੍ਰਵਾਸੀਆਂ ਨੂੰ ਵਪਾਰਕ ਲਾਇਸੈਂਸ ਜਾਰੀ ਕੀਤੇ ਹਨ ਜੋ ਲੋੜੀਦੀਆਂ ਸੰਘੀ ਯੋਗਤਾਵਾਂ ਪੂਰੀਆਂ ਨਹੀਂ ਕਰਦੇ।
![]()
