ਆਮ ਆਦਮੀ ਪਾਰਟੀ ਵੱਲੋਂ ‘ਪੇਂਡੂ ਦੰਗਲ’ ਵਿੱਚ ਜਿੱਤ ਦਾ ਸਿਆਸੀ ਅਸਰ ਕੀ ਹੋਵੇਗਾ?

In ਮੁੱਖ ਖ਼ਬਰਾਂ
December 22, 2025

ਪੰਜਾਬ ਦੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ, ਜਿਨ੍ਹਾਂ ਨੂੰ ‘ਪੇਂਡੂ ਦੰਗਲ’ ਵਜੋਂ ਵੀ ਜਾਣਿਆ ਜਾਂਦਾ ਹੈ, ਨੇ ਰਾਜਨੀਤਿਕ ਮਾਹੌਲ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ ਹੈ। ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਨੇ ਇਨ੍ਹਾਂ ਚੋਣਾਂ ਵਿੱਚ ਵੱਡੀ ਜਿੱਤ ਹਾਸਲ ਕਰਕੇ ਆਪਣੀ ਪੇਂਡੂ ਪਕੜ ਨੂੰ ਮਜ਼ਬੂਤ ਕੀਤਾ ਹੈ, ਜਦਕਿ ਵਿਰੋਧੀ ਪਾਰਟੀਆਂ ਜਿਵੇਂ ਸ਼੍ਰੋਮਣੀ ਅਕਾਲੀ ਦਲ (ਅਕਾਲੀ ਦਲ), ਇੰਡੀਅਨ ਨੈਸ਼ਨਲ ਕਾਂਗਰਸ (ਕਾਂਗਰਸ) ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਵੀ ਆਪਣੇ ਰਵਾਇਤੀ ਖੇਤਰਾਂ ਵਿੱਚ ਚੰਗਾ ਪ੍ਰਦਰਸ਼ਨ ਕਰਕੇ ਆਉਣ ਵਾਲੀਆਂ ਚੋਣਾਂ ਲਈ ਚੁਣੌਤੀ ਪੇਸ਼ ਕੀਤੀ ਹੈ। ਇਹ ਨਤੀਜੇ ਨਾ ਸਿਰਫ਼ ਪੇਂਡੂ ਵਿਕਾਸ ਦੀ ਰਾਜਨੀਤੀ ਨੂੰ ਪ੍ਰਭਾਵਿਤ ਕਰਨਗੇ ਬਲਕਿ 2027 ਵਿਧਾਨ ਸਭਾ ਚੋਣਾਂ ਲਈ ਵੀ ਇੱਕ ਵੱਡਾ ਸੰਕੇਤ ਹਨ।
ਪੰਜਾਬ ਰਾਜ ਚੋਣ ਕਮਿਸ਼ਨ ਨੇ 17 ਦਸੰਬਰ ਨੂੰ ਐਲਾਨੇ ਨਤੀਜਿਆਂ ਵਿੱਚ ਖੁਲਾਸਾ ਕੀਤਾ ਕਿ ‘ਆਪ’ ਨੇ ਜ਼ਿਲ੍ਹਾ ਪ੍ਰੀਸ਼ਦ ਦੇ 346 ਜ਼ੋਨਾਂ ਵਿੱਚੋਂ 218 ਜ਼ੋਨਾਂ ਉੱਤੇ ਕਬਜ਼ਾ ਕੀਤਾ ਹੈ, ਜਦਕਿ ਕਾਂਗਰਸ ਨੂੰ 62, ਅਕਾਲੀ ਦਲ ਨੂੰ 46, ਭਾਜਪਾ ਨੂੰ 7, ਬਹੁਜਨ ਸਮਾਜ ਪਾਰਟੀ (ਬੀਐੱਸਪੀ) ਨੂੰ 3 ਅਤੇ ਆਜ਼ਾਦ ਉਮੀਦਵਾਰਾਂ ਨੂੰ 10 ਜ਼ੋਨ ਮਿਲੇ ਹਨ। ਇਸੇ ਤਰ੍ਹਾਂ ਪੰਚਾਇਤ ਸੰਮਤੀ ਦੇ 2838 ਜ਼ੋਨਾਂ ਵਿੱਚ ਆਪ ਨੇ 1531 ਜ਼ੋਨ ਜਿੱਤੇ, ਕਾਂਗਰਸ ਨੇ 612, ਅਕਾਲੀ ਦਲ ਨੇ 445, ਭਾਜਪਾ ਨੇ 73, ਬੀ.ਐੱਸ.ਪੀ. ਨੇ 28 ਅਤੇ ਆਜ਼ਾਦਾਂ ਨੇ 144 ਜ਼ੋਨਾਂ ਉੱਤੇ ਜਿੱਤ ਹਾਸਲ ਕੀਤੀ।
ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਸ ਨੂੰ ਪਾਰਟੀ ਦੇ ਲੋਕ ਪੱਖੀ ਕੰਮਾਂ ਦਾ ਨਤੀਜਾ ਦੱਸਿਆ ਦੂਸਰੇ ਪਾਸੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਅਸੀਂ ਨਤੀਜਿਆਂ ਤੋਂ ਸੰਤੁਸ਼ਟ ਹਾਂ ਪਰ ਆਪ ਨੇ ਵਿਰੋਧੀ ਉਮੀਦਵਾਰਾਂ ਨੂੰ ਡਰਾ-ਧਮਕਾ ਕੇ ਅਤੇ ਨਾਮਜ਼ਦਗੀ ਪੱਤਰਾਂ ਵਿੱਚ ਰੁਕਾਵਟ ਪਾ ਕੇ ਚੋਣਾਂ ਨੂੰ ਪ੍ਰਭਾਵਿਤ ਕੀਤਾ ਹੈ। ਅਸਲ ਲੜਾਈ 2027 ਵਿਧਾਨ ਸਭਾ ਚੋਣਾਂ ਵਿੱਚ ਹੋਵੇਗੀ, ਜਿੱਥੇ ‘ਆਪ’ ਨੂੰ ਕੋਈ ਪ੍ਰਸ਼ਾਸਨਿਕ ਸਮਰਥਨ ਨਹੀਂ ਮਿਲੇਗਾ। ਅਕਾਲੀ ਦਲ ਦੇ ਆਗੂਆਂ ਨੇ ਵੀ ਇਸੇ ਤਰ੍ਹਾਂ ਦੇ ਇਲਜ਼ਾਮ ਲਗਾਏ ਅਤੇ ਕਿਹਾ ਕਿ ਪੇਂਡੂ ਲੋਕ ਅਕਾਲੀ ਨਾਲ ਦੁਬਾਰਾ ਜੁੜ ਰਹੇ ਹਨ। ਸ਼ੋਸ਼ਲ ਮੀਡੀਆ ਉੱਪਰ ਅਕਾਲੀ ਦਲ ਆਖ ਰਿਹਾ ਹੈ ਕਿ ਡਾਇਨਾਸੋਰ ਫਿਰ ਮੁੜ ਆਇਆ ਹੈ। ਜਦ ਕਿ ਭਗਵੰਤ ਮਾਨ ਨੇ ਕਿਹਾ ਸੀ ਕਿ ਨਾ ਅਕਾਲੀ ਦਲ ਮੁੜ ਰਾਜਨੀਤੀ ਵਿੱਚ ਸਥਾਪਤ ਹੋਵੇਗਾ, ਨਾ ਡਾਇਨਾਸੋਰ ਮੁੜ ਪਰਤੇਗਾ।
ਚੋਣ ਨਤੀਜਿਆਂ ਨੂੰ ਜ਼ਿਲ੍ਹਾਵਾਰ ਵੇਖੀਏ ਤਾਂ ‘ਆਪ’ ਨੇ ਮਾਝੇ ਅਤੇ ਮਾਲਵੇ ਵਿੱਚ ਮੋਹਰੀ ਪੁਜ਼ੀਸ਼ਨ ਬਣਾਈ ਹੈ। ਉਦਾਹਰਨ ਵਜੋਂ, ਬਠਿੰਡਾ ਜ਼ਿਲ੍ਹੇ ਵਿੱਚ ਅਕਾਲੀ ਦਲ ਨੇ ਸਭ ਤੋਂ ਵੱਧ 13 ਜ਼ੋਨ ਜਿੱਤੇ, ਜਦਕਿ ‘ਆਪ’ ਨੂੰ ਸਿਰਫ਼ 4 ਮਿਲੇ ਅਤੇ ਕਾਂਗਰਸ ਨੂੰ ਕੋਈ ਨਹੀਂ। ਇਹ ਜ਼ਿਲ੍ਹਾ ਅਕਾਲੀ ਦਲ ਦਾ ਰਵਾਇਤੀ ਗੜ੍ਹ ਹੈ ਅਤੇ ਇੱਥੇ ਬੇਅਦਬੀ ਵਰਗੀਆਂ ਘਟਨਾਵਾਂ ਨੇ ਰਾਜਨੀਤੀ ਨੂੰ ਪ੍ਰਭਾਵਿਤ ਕੀਤਾ ਸੀ। ਇਸੇ ਤਰ੍ਹਾਂ ਫਰੀਦਕੋਟ ਜ਼ਿਲ੍ਹੇ ਵਿੱਚ ਅਕਾਲੀ ਦਲ ਨੇ 10 ਜ਼ੋਨਾਂ ਵਿੱਚੋਂ 5 ਜਿੱਤੇ, ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਕੋਟਕਪੂਰਾ ਗੋਲੀਕਾਂਡ ਵਰਗੀਆਂ ਘਟਨਾਵਾਂ ਵਾਪਰੀਆਂ ਸਨ।
ਕਾਂਗਰਸ ਨੇ ਨਵਾਂਸ਼ਹਿਰ ਅਤੇ ਫਿਰੋਜ਼ਪੁਰ ਵਿੱਚ ਚੰਗਾ ਪ੍ਰਦਰਸ਼ਨ ਕੀਤਾ। ਨਵਾਂਸ਼ਹਿਰ ਵਿੱਚ 10 ਜ਼ੋਨਾਂ ਵਿੱਚੋਂ 6 ਜਿੱਤੇ ਅਤੇ ਬਾਕੀ ‘ਆਪ’ ਨੂੰ ਮਿਲੇ। ਫਿਰੋਜ਼ਪੁਰ ਵਿੱਚ 14 ਜ਼ੋਨਾਂ ਵਿੱਚੋਂ 6 ਜਿੱਤੇ, ਜੋ ਕਾਂਗਰਸ ਦੇ ਪੇਂਡੂ ਵੋਟ ਬੈਂਕ ਨੂੰ ਮਜ਼ਬੂਤ ਕਰਦਾ ਹੈ। ਮੁਹਾਲੀ ਜ਼ਿਲ੍ਹੇ ਵਿੱਚ ਅਕਾਲੀ ਦਲ ਨੇ ਮਾਜਰੀ ਬਲਾਕ ਵਿੱਚ ਬਹੁਮਤ ਹਾਸਲ ਕੀਤਾ ਅਤੇ ਖਰੜ-ਡੇਰਾਬੱਸੀ ਵਿੱਚ ਵੋਟਾਂ ਨਾਲ ਚੰਗੀ ਪੁਜ਼ੀਸ਼ਨ ਬਣਾਈ, ਜਿੱਥੇ ਆਪ ਨੂੰ 24, ਕਾਂਗਰਸ ਨੂੰ 14 ਅਤੇ ਅਕਾਲੀ ਨੂੰ 12 ਸੀਟਾਂ ਮਿਲੀਆਂ। ਇਹ ਨਤੀਜੇ ਵੋਟ ਬੈਂਕ ਵਿੱਚ ਬਦਲਾਅ ਨੂੰ ਦਰਸਾਉਂਦੇ ਹਨ।
ਭਾਜਪਾ ਨੇ ਚੋਣਾਂ ਵਿੱਚ ਘੱਟ ਜਿੱਤਾਂ ਹਾਸਲ ਕੀਤੀਆਂ ਪਰ ਵੋਟਾਂ ਵਿੱਚ ਵਾਧਾ ਦਿਖਾਇਆ। ਜ਼ਿਲ੍ਹਾ ਪ੍ਰੀਸ਼ਦ ਵਿੱਚ 7 ਅਤੇ ਪੰਚਾਇਤ ਸੰਮਤੀ ਵਿੱਚ 73 ਜ਼ੋਨਾਂ ਜਿੱਤ ਕੇ ਭਾਜਪਾ ਨੇ ਪੇਂਡੂ ਖੇਤਰ ਵਿੱਚ ਪੈਰ ਪਸਾਰਨ ਦੀ ਕੋਸ਼ਿਸ਼ ਕੀਤੀ ਹੈ। ਬੀ.ਐੱਸ.ਪੀ. ਅਤੇ ਆਜ਼ਾਦ ਉਮੀਦਵਾਰਾਂ ਨੇ ਵੀ ਛੋਟੇ ਪੱਧਰ ਉੱਤੇ ਜਿੱਤਾਂ ਹਾਸਲ ਕੀਤੀਆਂ, ਜੋ ਰਾਜਨੀਤੀ ਵਿੱਚ ਵਿਭਿੰਨਤਾ ਨੂੰ ਦਰਸਾਉਂਦਾ ਹੈ।
2027 ਵਿਧਾਨ ਸਭਾ ਚੋਣਾਂ ਉੱਤੇ ਅਸਰ ਅਤੇ ਵਿਸ਼ਲੇਸ਼ਣ
ਇਹ ਚੋਣਾਂ 2027 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇੱਕ ਮਹੱਤਵਪੂਰਨ ਪ੍ਰੀਖਿਆ ਵਜੋਂ ਵੇਖੀਆਂ ਜਾ ਰਹੀਆਂ ਸਨ। ਪੰਜਾਬ ਯੂਨੀਵਰਸਿਟੀ ਦੇ ਰਾਜਨੀਤੀ ਵਿਭਾਗ ਦੇ ਸੇਵਾਮੁਕਤ ਪ੍ਰੋਫੈਸਰ ਖ਼ਾਲਿਦ ਮੁਹੰਮਦ ਨੇ ਕਿਹਾ, ‘ਇਨ੍ਹਾਂ ਨਤੀਜਿਆਂ ਦਾ ਅਸਰ ਮਨੋਵਿਗਿਆਨਕ ਤੌਰ ’ਤੇ ਪਵੇਗਾ। ਚੋਣਾਂ ਨਾ ਸਿਰਫ਼ ਵੋਟਾਂ ਨਾਲ ਸੰਬੰਧਿਤ ਹਨ ਬਲਕਿ ਬਿਰਤਾਂਤ ਨਾਲ ਵੀ। ਆਪ ਇਹੀ ਬਿਰਤਾਂਤ ਬਣਾਏਗੀ ਕਿ ਉਹ ਪੇਂਡੂ ਲੋਕਾਂ ਨਾਲ ਜੁੜੀ ਹੈ ਅਤੇ ਉਸ ਦੀਆਂ ਨੀਤੀਆਂ ਕਾਮਯਾਬ ਹਨ।’ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਨੇ ਵੀ ਬਿਹਤਰ ਪ੍ਰਦਰਸ਼ਨ ਕੀਤਾ ਹੈ। ਲੋਕ ਅਕਾਲੀ ਨਾਲ ਦੁਬਾਰਾ ਜੁੜ ਰਹੇ ਹਨ। ਕਾਂਗਰਸ ਲਈ ਉਹਨਾਂ ਨੇ ਅੰਦਰੂਨੀ ਧੜੇਬੰਦੀ ਨੂੰ ਵੱਡੀ ਚੁਣੌਤੀ ਦੱਸਿਆ।
ਡਾਕਟਰ ਪਰਮਜੀਤ ਸਿੰਘ ਮਾਨਸਾ ਨੇ ਕਿਹਾ, ‘ਸੱਤਾਧਾਰੀ ਪਾਰਟੀ ਆਮ ਤੌਰ ’ਤੇ ਅਜਿਹੀਆਂ ਚੋਣਾਂ ਵਿੱਚ ਭਾਰੀ ਰਹਿੰਦੀ ਹੈ ਅਤੇ ‘ਆਪ’ ਨੇ ਇਹ ਰਵਾਇਤ ਜਾਰੀ ਰੱਖੀ ਹੈ। ਪਰ ਅਕਾਲੀ ਅਤੇ ਕਾਂਗਰਸ ਨੇ ਆਪਣੇ ਰਵਾਇਤੀ ਖੇਤਰਾਂ ਵਿੱਚ ਚੰਗੀ ਕਾਰਗੁਜ਼ਾਰੀ ਦਿਖਾਈ ਹੈ, ਜੋ 2027 ਲਈ ਚੰਗਾ ਸੰਕੇਤ ਹੈ। ਭਾਜਪਾ ਨੇ ਵੀ ਪੇਂਡੂ ਵਿੱਚ ਜਿੱਤ ਦਾ ਸਵਾਦ ਚੱਖਿਆ ਹੈ। ਅਕਾਲੀ ਦਲ ਆਪਣੀ ਮੁੜ ਸੁਰਜੀਤੀ ਲਈ ਇਸ ਨੂੰ ਮੌਕਾ ਵਜੋਂ ਵੇਖ ਰਿਹਾ ਹੈ, ਜਿਵੇਂ ਤਰਨਤਾਰਨ ਜ਼ਿਮਨੀ ਚੋਣ ਵਿੱਚ ਹੋਇਆ ਸੀ । ਕਾਂਗਰਸ ਆਪਣੀ ਸਥਿਤੀ ਮਜ਼ਬੂਤ ਕਰ ਰਹੀ ਹੈ।
ਡਾਕਟਰ ਮਾਨਸਾ ਦਾ ਕਹਿਣਾ ਹੈ ਕਿ ਆਪ ਲਈ ਵੀ ਚੁਣੌਤੀਆਂ ਹਨ। ਆਪ ਦੇ ਕਈ ਵੱਡੇ ਆਗੂਆਂ ਨੂੰ ਆਪਣੇ ਜੱਦੀ ਪਿੰਡਾਂ ਵਿੱਚ ਨਾਮੋਸ਼ੀ ਝੱਲਣੀ ਪਈ ਹੈ। ਉਦਾਹਰਨ ਵਜੋਂ, ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਦੇ ਪਿੰਡ ਜਗਦੇਵ ਕਲਾਂ ਵਿੱਚ ਅਕਾਲੀ ਨੂੰ ਵੱਧ ਵੋਟਾਂ ਮਿਲੀਆਂ। ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਪਿੰਡ ਸੰਧਵਾਂ ਵਿੱਚ ਆਪ ਨੂੰ ਘੱਟ ਵੋਟਾਂ ਮਿਲੀਆਂ। ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦੇ ਪਿੰਡ ਕੁਰੜ ਅਤੇ ਵਿਧਾਇਕ ਨਰਿੰਦਰ ਕੌਰ ਭਰਾਜ ਦੇ ਪਿੰਡ ਭਰਾਜ ਵਿੱਚ ਵੀ ਆਪ ਪੱਛੜ ਗਈ। ਇਹ ਨਤੀਜੇ ਆਪ ਨੂੰ ਅੰਦਰੂਨੀ ਮੁਲਾਂਕਣ ਲਈ ਮਜਬੂਰ ਕਰਨਗੇ।
ਕੀ ਅਕਾਲੀ ਦਲ ਰਾਜਨੀਤੀ ਵਿੱਚ ਗੈਂਗਸਟਰਵਾਦ ਪ੍ਰਮੋਟ ਕਰ ਰਿਹਾ?
ਚੋਣਾਂ ਦੌਰਾਨ ਸਭ ਤੋਂ ਵੱਧ ਚਰਚਾ ਅਪਰਾਧਿਕ ਪਿਛੋਕੜ ਵਾਲੇ ਗੁਰਪ੍ਰੀਤ ਸਿੰਘ ਸੇਖੋਂ ਦੀ ਪਤਨੀ ਮਨਦੀਪ ਕੌਰ ਅਤੇ ਰਿਸ਼ਤੇਦਾਰ ਕੁਲਜੀਤ ਕੌਰ ਦੀ ਹੋਈ। ਉਹ ਜ਼ਿਲ੍ਹਾ ਪ੍ਰੀਸ਼ਦ ਦੇ ਬਜੀਦਪੁਰ ਅਤੇ ਫਿਰੋਜ਼ਸ਼ਾਹ ਜ਼ੋਨਾਂ ਤੋਂ ਵੱਡੇ ਫ਼ਰਕ ਨਾਲ ਜਿੱਤੇ। ਸੇਖੋਂ ਧੜੇ ਦੇ 10 ਆਜ਼ਾਦ ਉਮੀਦਵਾਰ ਵੀ ਜਿੱਤੇ, ਜਿਨ੍ਹਾਂ ਨੂੰ ਅਕਾਲੀ ਦਲ ਦਾ ਸਮਰਥਨ ਸੀ। ਅਕਾਲੀ ਦਲ ਨੇ ਸੇਖੋਂ ਨੂੰ ਗ੍ਰਿਫ਼ਤਾਰੀ ਸਮੇਂ ਵੀ ਸਹਾਇਤਾ ਕੀਤੀ ਸੀ ਅਤੇ ਹਾਈ ਕੋਰਟ ਵਿੱਚ ਕੇਸ ਲੜਿਆ। ਇਹ ਵਿਵਾਦ ਅਕਾਲੀ ਦਲ ਨੂੰ ਨਵੇਂ ਸਹਿਯੋਗੀਆਂ ਨਾਲ ਜੋੜਦਾ ਹੈ ਪਰ ਅਪਰਾਧ ਅਤੇ ਰਾਜਨੀਤੀ ਦੇ ਨੈਕਸਸ ਨੂੰ ਵੀ ਉਜਾਗਰ ਕਰਦਾ ਹੈ।
ਵਿਧਾਨ ਸਭਾ ਚੋਣਾਂ ਕਿਉਂ ਅਹਿਮ ਹਨ ਪੰਜਾਬ ਦੀ ਰਾਜਨੀਤੀ ਲਈ
ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਨਤੀਜੇ 2027 ਵਿਧਾਨ ਸਭਾ ਚੋਣਾਂ ਲਈ ਅਹਿਮ ਹਨ। ‘ਆਪ’ ਆਪਣੀ ਜਿੱਤ ਨੂੰ ਵਿਕਾਸ ਅਤੇ ਲੋਕ ਪੱਖੀ ਨੀਤੀਆਂ ਨਾਲ ਜੋੜੇਗੀ, ਜਦਕਿ ਅਕਾਲੀ ਦਲ ਆਪਣੀ ਵਾਪਸੀ ਨੂੰ ਪੰਥਕ ਅਤੇ ਪੇਂਡੂ ਮੁੱਦਿਆਂ ਨਾਲ ਜੋੜ ਕੇ ਬਿਰਤਾਂਤ ਬਣਾਏਗਾ। ਕਾਂਗਰਸ ਨੂੰ ਅੰਦਰੂਨੀ ਏਕਤਾ ਨੂੰ ਮਜ਼ਬੂਤ ਕਰਨ ਦੀ ਲੋੜ ਹੈ ਅਤੇ ਭਾਜਪਾ ਨੂੰ ਪੇਂਡੂ ਵਿੱਚ ਵੱਧ ਵਿਸਥਾਰ ਕਰਨਾ ਪਵੇਗਾ। 2027 ਵਿੱਚ ਵਿਧਾਨ ਸਭਾ ਚੋਣਾਂ ਦੌਰਾਨ ਅਸਲ ਲੜਾਈ ਹੋਵੇਗੀ, ਜਿੱਥੇ ਇਹ ਨਤੀਜੇ ਬਿਰਤਾਂਤ ਅਤੇ ਰਣਨੀਤੀ ਨੂੰ ਪ੍ਰਭਾਵਿਤ ਕਰਨਗੇ।

Loading