ਧਾਰਮਿਕ ਆਜ਼ਾਦੀ ਅਤੇ ਲੋਕਤੰਤਰਿਕ ਮੁੱਲਾਂ ’ਤੇ ਪੂਰਾ ਵਿਸ਼ਵਾਸ ਰੱਖਦੀ ਹੈ ਸਪੇਨ ਸਰਕਾਰ : ਰਾਮੋਨ ਏਸਪਾਦਾਲੇਰ

In ਮੁੱਖ ਖ਼ਬਰਾਂ
December 22, 2025

ਅੰਮ੍ਰਿਤਸਰ/ਏ.ਟੀ.ਨਿਊਜ਼: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੂੰ ਸਪੇਨ ਦੀ ਧਰਤੀ ’ਤੇ ਸਪੇਨ ਸਰਕਾਰ ਦੇ ਨਿਆਂ, ਧਾਰਮਿਕ ਅਤੇ ਲੋਕਤੰਤਰਿਕ ਮਾਮਲਿਆਂ ਦੇ ਮੰਤਰੀ ਰਾਮੋਨ ਏਸਪਾਦਾਲੇਰ ਵੱਲੋਂ ਖਾਸ ਸੱਦੇ ’ਤੇ ਆਪਣੇ ਦਫ਼ਤਰ ਵਿੱਚ ਬੁਲਾਇਆ ਗਿਆ। ਇਸ ਮੁਲਾਕਾਤ ਦੌਰਾਨ ਦੇਸ਼-ਵਿਦੇਸ਼ ਵਿੱਚ ਵੱਸਦੇ ਸਿੱਖਾਂ ਨੂੰ ਦਰਪੇਸ਼ ਵੱਖ-ਵੱਖ ਮੁਸ਼ਕਲਾਂ ਸਬੰਧੀ ਵਿਸਤ੍ਰਿਤ ਵਿਚਾਰ-ਚਰਚਾ ਕੀਤੀ ਗਈ। ਗਿਆਨੀ ਰਘਬੀਰ ਸਿੰਘ ਨੇ ਬੈਠਕ ਦੌਰਾਨ ਸਿੱਖ ਭਾਈਚਾਰੇ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਸਪੱਸ਼ਟ ਅਤੇ ਤੱਥਪੂਰਨ ਢੰਗ ਨਾਲ ਜਾਣੂ ਕਰਵਾਇਆ। ਉਨ੍ਹਾਂ ਨੇ ਖ਼ਾਸ ਤੌਰ ’ਤੇ ਸਿੱਖਾਂ ਦੀ ਧਾਰਮਿਕ ਆਜ਼ਾਦੀ, ਦਸਤਾਰ ਅਤੇ ਕਕਾਰਾਂ ਨਾਲ ਸੰਬੰਧਿਤ ਮਸਲਿਆਂ, ਧਾਰਮਿਕ ਪਛਾਣ, ਰੋਜ਼ਗਾਰ ਅਤੇ ਸਮਾਜਿਕ ਜੀਵਨ ਵਿੱਚ ਆ ਰਹੀਆਂ ਦਿੱਕਤਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਮਸਲੇ ਸਿਰਫ਼ ਇੱਕ ਦੇਸ਼ ਤੱਕ ਸੀਮਤ ਨਹੀਂ, ਸਗੋਂ ਕਈ ਦੇਸ਼ਾਂ ਵਿੱਚ ਸਿੱਖਾਂ ਨੂੰ ਅਜੇ ਵੀ ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਦੌਰਾਨ ਸਪੇਨ ਦੇ ਨਿਆਂ ਮੰਤਰੀ ਰਾਮੋਨ ਏਸਪਾਦਾਲੇਰ ਨੇ ਗਿਆਨੀ ਰਘਬੀਰ ਸਿੰਘ ਦੀ ਗੱਲ ਨੂੰ ਧਿਆਨ ਨਾਲ ਸੁਣਦਿਆਂ ਭਰੋਸਾ ਦਿਵਾਇਆ ਕਿ ਸਪੇਨ ਵਿੱਚ ਵੱਸਦੇ ਸਿੱਖਾਂ ਦੀਆਂ ਸਮੱਸਿਆਵਾਂ ਨੂੰ ਤਰਜੀਹ ਦੇ ਆਧਾਰ ’ਤੇ ਜਲਦੀ ਹੀ ਹੱਲ ਕਰਨ ਲਈ ਢੁੱਕਵੇਂ ਕਦਮ ਚੁੱਕੇ ਜਾਣਗੇ। ਉਨ੍ਹਾਂ ਕਿਹਾ ਕਿ ਸਪੇਨ ਸਰਕਾਰ ਧਾਰਮਿਕ ਆਜ਼ਾਦੀ ਅਤੇ ਲੋਕਤੰਤਰਿਕ ਮੁੱਲਾਂ ’ਤੇ ਪੂਰਾ ਵਿਸ਼ਵਾਸ ਰੱਖਦੀ ਹੈ ਅਤੇ ਹਰ ਧਰਮ ਦੇ ਮਾਨਣ ਵਾਲਿਆਂ ਨੂੰ ਸਨਮਾਨ ਅਤੇ ਬਰਾਬਰੀ ਦੇ ਅਧਿਕਾਰ ਪ੍ਰਦਾਨ ਕਰਨ ਲਈ ਵਚਨਬੱਧ ਹੈ। ਇਸ ਮੌਕੇ ਗਿਆਨੀ ਰਘਬੀਰ ਸਿੰਘ ਨੇ ਮੰਤਰੀ ਰਾਮੋਨ ਏਸਪਾਦਾਲੇਰ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਵੀ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਸਿਰਫ਼ ਸਿੱਖਾਂ ਦਾ ਹੀ ਨਹੀਂ, ਸਗੋਂ ਸਾਰੀ ਮਨੁੱਖਤਾ ਲਈ ਸ਼ਾਂਤੀ, ਸੇਵਾ ਅਤੇ ਭਾਈਚਾਰੇ ਦਾ ਕੇਂਦਰ ਹੈ। ਮੰਤਰੀ ਏਸਪਾਦਾਲੇਰ ਨੇ ਇਸ ਸੱਦੇ ਨੂੰ ਸਵੀਕਾਰ ਕਰਦਿਆਂ ਉਚਿਤ ਸਮੇਂ ’ਤੇ ਦਰਸ਼ਨਾਂ ਲਈ ਭਾਰਤ ਆਉਣ ਦੀ ਇੱਛਾ ਵੀ ਜਤਾਈ।

Loading