ਭਾਰਤ ਦਾ ਪ੍ਰਵੇਸ਼ ਦੁਆਰ ਬਠਿੰਡਾ ਦਾ ਇਤਿਹਾਸਿਕ ਕਿਲਾ

In ਖਾਸ ਰਿਪੋਰਟ
December 23, 2025

ਸੂਬਾ ਪੰਜਾਬ ਇਤਿਹਾਸ  ਦੀਆਂ ਅਨੇਕਾਂ ਘਟਨਾਵਾਂ ਸਾਂਭੀ ਬੈਠਾ ਹੈ। ਗੁਰੂਆਂ, ਪੀਰਾਂ ਦੀ ਇਸ ਧਰਤੀ ਤੇ ਅਨੇਕਾਂ  ਬਾਹਰੀ ਤਾਕਤਾਂ ਆਈਆਂ। ਅੱਜ ਵੀ ਪੰਜਾਬ ਦੀ ਧਰਤੀ ਉੱਤੇ ਅਨੇਕਾ ਹੀ ਅਜਿਹੇ ਇਤਿਹਾਸਿਕ ਕਿਲੇ ਅਤੇ ਸਥਾਨ ਹਨ। ਜੋ ਸਾਡੇ ਵਿਦਿਆਰਥੀਆਂ ਲਈ ਸਿੱਖਿਆ ਦਾ ਮਾਧਿਅਮ  ਅਤੇ ਇਤਿਹਾਸਿਕ ਧਰੋਹਰ ਦੀ ਗਵਾਹੀ ਭਰਦੇ ਹਨ। ਅਜਿਹੇ  ਹੀ ਇਤਿਹਾਸਿਕ ਕਿਲੇ ਦੀ ਧਰੋਹਰ ਨਾਲ ਜੋੜਨ ਲਈ ਸਿੱਖਿਆ ਵਿਭਾਗ ਪੰਜਾਬ ਸਰਕਾਰ ਦੇ ਵਿਸ਼ੇਸ਼ ਉਪਰਾਲੇ ਰਾਹੀਂ ਮੁੱਖ ਮੰਤਰੀ ਪੰਜਾਬ ਸ੍ਰ .ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਪੰਜਾਬ ਸ੍ਰ . ਹਰਜੋਤ ਸਿੰਘ ਬੈਂਸ ਦੀ” ਵਿਕਸਿਤ ਪੰਜਾਬ ਸਿੱਖਿਅਤ ਪੰਜਾਬ” ਦੀ ਨੀਤੀ ਤਹਿਤ ਐਸ.ਸੀ.ਈ.ਆਰ.ਟੀ ਦੀਆਂ ਹਦਾਇਤਾਂ ਅਨੁਸਾਰ ‘ਨਵੇਂ ਪਰਿੰਦੇ’ ਛੇਵੀਂ ਕਲਾਸ ਦੇ ਵਿਦਿਆਰਥੀਆਂ ਦਾ ਵਿਦਿਅਕ ਟੂਰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰ ਸੁਨੀਤਇੰਦਰ ਸਿੰਘ,ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ.ਬਰਜਿੰਦਰਪਾਲ ਸਿੰਘ, ਬਲਾਕ ਨੋਡਲ ਅਫ਼ਸਰ ਬਰਨਾਲਾ ਹਰਪ੍ਰੀਤ ਕੌਰ ਦੀ ਅਗਵਾਈ ਹੇਠ ਵੱਖ-ਵੱਖ ਸਮਾਜਿਕ, ਇਤਿਹਾਸਿਕ, ਸੱਭਿਆਚਾਰਿਕ ਸਥਾਨਾਂ ਤੇ ਜਾ ਰਹੇ ਹਨ। ਇਸੇ ਲੜੀ ਤਹਿਤ ਸਾਡੇ ਸਰਕਾਰੀ ਸੀਨੀਅਰ  ਸੈਕੰਡਰੀ  ਸਕੂਲ ਬਡਬਰ ਜ਼ਿਲ੍ਹਾ  ਬਰਨਾਲਾ ਦਾ ਵਿਦਿਅਕ ਟੂਰ  ਸਕੂਲ ਮੁੱਖੀ ਪਰਮਜੀਤ ਕੌਰ ਦੀ ਰਹਿਨੁਮਾਈ ਹੇਠ ਟੀਮ ਮੈਂਬਰ  ਰਿਸ਼ੀ ਕੁਮਾਰ ਅਵਨੀਸ਼ ਕੁਮਾਰ ਅਵਤਾਰ ਸਿੰਘ, ਤਰਨਜੋਤ ਕੋਰ, ਇਤਿਹਾਸਿਕ ਨਗਰੀ ਬਠਿੰਡਾ ਵਿਖੇ ਗਿਆ । ਕਿਲਾ ਮੁਬਾਰਕ ਬਠਿੰਡਾ ਦੀ ਵਿਦਿਅਕ ਯਾਤਰਾ:

ਜਿੱਥੇ ਵਿਦਿਆਰਥੀਆਂ ਨੇ ਬਠਿੰਡਾ ਦੇ ਇਤਿਹਾਸਿਕ ਕਿਲਾ ਮੁਬਾਰਕ ਜੋ ਸ਼ਹਿਰ ਦੇ ਮੱਧ ਵਿੱਚ ਸਥਿਤ ਹੈ ਬਾਰੇ ਸਿੱਖਿਅਕ  ਜਾਣਕਾਰੀ ਪ੍ਰਾਪਤ ਕੀਤੀ,ਜੋ ਸਦੀਆਂ ਦਾ ਇਤਿਹਾਸ ਅਤੇ ਦਸਮ ਗੁਰੂ ਦੀ ਚਰਨ ਛੋਹ ਸੰਭਾਲੀ ਬੈਠਾ ਹੈ। ਇਹ ਕਿਲਾ ਉੱਤਰ- ਪੱਛਮ ਮਾਰਗ ਵਿੱਚ ਸਥਿਤ ਹੈ, ਜਿਸ ਨੂੰ   ਤਾਬਰ-ਏ-ਹਿੰਦ  ਜਾ ਭਾਰਤ ਦੇ ਗੇਟਵੇ ਵਜੋਂ ਵੀ ਜਾਣਿਆ ਜਾਂਦਾ ਹੈ। ਇਤਿਹਾਸਿਕ ਤੱਤਾ ਅਨੁਸਾਰ ਇਹ ਕਿਲਾ ਰਾਜਾ ਡੈਬ ਨੇ ਈ.ਡੀ (ਪਹਿਲੀ ਸਦੀ) ਵਿੱਚ ਬਣਵਾਇਆ ਅਤੇ ਬਾਅਦ ਦੇ ਵਿੱਚ ਉਸ ਦੇ ਉੱਤਰਾਧਿਕਾਰੀਆਂ ਨੇ ਇਸ ਕਿਲੇ ਨੂੰ ਪੱਕਾ ਕੀਤਾ, ਇੱਕ ਸਦੀ ਤੋਂ ਵੱਧ ਸਮੇਂ ਤੱਕ ਹਿੰਦੂ ਸਾਹੀ ਸ਼ਾਸਕਾਂ ਦਾ ਇਸ ਕਿਲੇ ਉੱਪਰ ਰਾਜ ਰਿਹਾ। ਇਸ ਕਿਲੇ ਦੇ ਪ੍ਰਾਚੀਨ ਕਾਲ ਤੋਂ ਲੈ ਕੇ ਅਨੇਕਾਂ ਨਾਮ ਰਹੇ ਹਨ ।ਇਸ ਨੂੰ ਕਿਲਾ ਮੁਬਾਰਕ ,ਵਿਕਰਮਗੜ੍ਹ, ਆਦਿ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।

ਭਾਰਤ ਦਾ ਪ੍ਰਾਚੀਨ ਕਿਲਾ:

ਇਹ ਕਿਲਾ ਭਾਰਤ ਦੇ ਸਭ ਤੋਂ ਪ੍ਰਾਚੀਨ ਕਿਲਿਆਂ ਵਿੱਚੋਂ ਆਉਂਦਾ ਹੈ।

 ਰਿਗਵੈਦ ਕਾਲ ਵਿੱਚ ਵੀ ਇਸ ਕਿਲੇ ਦਾ ਜ਼ਿਕਰ ਹੈ। 2000 ਸਾਲ ਤੋਂ ਪਹਿਲਾਂ ਕੁਸ਼ਾਨ ਕਾਲ ਦੇ ਸਮੇਂ ਦੀਆਂ ਇੱਟਾਂ ਵੀ ਇਸ ਦੀ ਗਵਾਹੀ ਭਰਦੀਆਂ ਹਨ। ਇਤਿਹਾਸਕਾਰਾਂ ਨੇ ਇਸ ਨੂੰ ਕਸ਼ਮੀਰ ਦੇ ਰਾਜਾ ਜੈਪਾਲ ਦੀ ਰਾਜਧਾਨੀ ਕਿਹਾ। ਗਜਨੀ ਤੁਰਕੀ ਦੇ ਮਹਿਮੂਦ ਨੇ 1004  ਈ. ਵਿੱਚ ਇਸ ਤੇ ਕਬਜ਼ਾ ਕਰ ਲਿਆ ਪ੍ਰਿਥਵੀਰਾਜ ਚੌਹਾਨ ਦਾ ਵੀ ਇਸ ਕਿਲੇ ਨਾਲ ਸੈਨਿਕ ਮੁਹਿੰਮਾ  ਕਰਕੇ ਵਿਸ਼ੇਸ਼ ਮਹੱਤਵ ਰਿਹਾ 1189  ਈ.ਵਿੱਚ ਮੁਹੰਮਦ ਗੌਰੀ ਨੇ ਇਸ ਕਿਲੇ ਤੇ ਕਬਜ਼ਾ ਕਰ ਲਿਆ।  ਸਲਤਨ  ਕਾਲ ਸਮੇਂ   ਇਲੁਤਮਸ ਨੇ ਮੁਲਤਾਨ- ਸਿੰਧ ਦੇ ਨਸੀਰੂ- ਦੀਨ ਕੁਬਾਚਾ  ਤੋਂ ਇਸ ਕਿਲੇ ਨੂੰ ਖੋਲ ਲਿਆ, ਉਸ ਤੋਂ ਬਾਅਦ ਭਾਰਤ ਦੀ ਪਹਿਲੀ ਮਹਿਲਾ ਸਮਰਾਟ ਰਜੀਆ ਸੁਲਤਾਨ  (ਇਲੁਤਮਿਸ ਦੀ ਪੁੱਤਰੀ) ਜਿਸਨੇ ਬਠਿੰਡੇ ਦੇ ਰਾਜਪਾਲ ਅਲਤੂਨੀਆ ਨਾਲ ਵਿਆਹ ਕਰਵਾ ਲਿਆ, ਇਸ ਕਿਲੇ ਵਿੱਚ ਆਈ ਜੋ ਕਿ 13 ਵੀਂ ਸਦੀ ਵਿੱਚ ਪਹਿਲੀ ਮੁਸਲਿਮ ਮਹਿਲਾ ਸ਼ਾਸਕ ਹੋਈ, ਜੋ ਲੋਕਾਂ ਦੁਆਰਾ ਚੁਣੀ ਗਈ ਸੀ ਅਤੇ ਜਿਸ ਨੇ ਔਰਤਾਂ ਨੂੰ ਸਮਾਨ ਅਧਿਕਾਰਾਂ ਦੀ ਮਿਸਾਲ ਪੇਸ਼ ਕੀਤੀ। ਸਲਤਨਤ ਖਾਨਦਾਨ ਤੋਂ ਬਾਅਦ ਖਿਲਜੀ ਅਤੇ ਸਈਅਦ ਦਾ ਵੀ ਰਾਜ ਰਿਹਾ। ਬਾਅਦ ਵਿੱਚ ਇਸ ਕਿਲੇ ਤੇ ਪਟਿਆਲਾ ਰਾਜੇ ਦੇ ਅਧੀਨ ਰਿਹਾ। ਇਸ ਕਿਲੇ ਵਿੱਚ ਬਾਬਰ ਦੀਆਂ ਤੋਪਾਂ, ਪੁਰਾਤਨ ਇੱਟਾਂ ਅਤੇ ਹੋਰ ਨਿਸ਼ਾਨੀਆਂ ਅੱਜ ਵੀ ਕਾਇਮ ਹਨ। ਇਸ ਤਰ੍ਹਾਂ ਵਿਦਿਆਰਥੀਆਂ ਨੇ ਇਸ ਕਿਲੇ ਦੇ ਇਤਿਹਾਸ ਨੂੰ ਜਾਣਦੇ ਹੋਏ ਦਸ਼ਮ ਗੁਰੂ ਜੀ ਦੀ ਚਰਨ ਛੋਹ ਸਥਾਨ ਤੇ ਮੱਥਾ ਟੇਕਿਆ ਅਤੇ ਕਿਲਾ ਮੁਬਾਰਕ ਦੇ ਇਤਿਹਾਸ ਨੂੰ ਸਮਝਾਇਆ ।ਇਸ ਤੋਂ ਬਾਅਦ ਵਿਦਿਆਰਥੀਆਂ ਦਾ ਅਗਲਾ ਪੜਾਅ ਪਿੰਡ ਜੈ ਸਿੰਘ ਵਾਲਾ ਵਿਖੇ ਹੋਇਆ।

ਪੰਜਾਬੀ ਸੱਭਿਆਚਾਰ ਦੀ ਪੁਰਾਤਨ ਝਲਕ:

ਜ਼ਿਲ੍ਹਾ ਬਠਿੰਡਾ ਵਿਖੇ ਪੰਜਾਬੀ ਸੱਭਿਆਚਾਰ ਦੀ ਪੁਰਾਤਨ ਝਲਕ ਦੇਖਣ ਲਈ ਪਿੰਡ ਜੈਵਾਲਾ ਜੈ ਸਿੰਘ ਵਾਲਾ ਵਿਖੇ ਪਹੁੰਚ ਕੇ ਵਿਦਿਆਰਥੀਆਂ ਨੇ ਆਰਟ ਗੈਲਰੀ ਰਾਹੀਂ ਪੰਜਾਬ ਦੇ ਪੁਰਾਤਨ ਇਤਿਹਾਸ ਦੀ ਜਾਣਕਾਰੀ ਪ੍ਰਾਪਤ ਕੀਤੀ ਪੁਰਾਤਨ ਸਮੇਂ ਦੇ ਗਹਿਣੇ ,ਘਰੇਲੂ ਸਮਾਨ ਵੱਖ- ਵੱਖ ਕਾਲ ਦੇ ਸਿੱਕੇ, ਦੁਰਲਭ ਡਾਕ ਟਿਕਟਾਂ,   ਸਿੰਧ ਘਾਟੀ ਦੇ ਸਮੇਂ ਦੇ ਬਰਤਨ, ਹਥਿਆਰ, ਖੇਤੀਬਾੜੀ ਦੇ ਪੁਰਾਤਨ ਸੰਦ ਅਤੇ ਹੋਰ ਬਹੁਤ ਸਾਰੀਆਂ ਦੁਰਲੱਭ ਵਸਤੂਆਂ, ਪੰਜਾਬ ਦੀ  ਸਮਾਜਿਕ, ਸੱਭਿਆਚਾਰਕ ,ਸਾਂਸਕ੍ਰਿਤੀਕ ਝਲਕ ਨੂੰ ਵੇਖਿਆ।ਪ੍ਰਯੋਗੀ ਗਿਆਨ ਅਤੇ ਦ੍ਰਿਸ਼ ਸਾਧਨਾਂ ਦੇ ਰੂਪ ਵਿੱਚ ਪ੍ਰਤੱਖ ਸਿੱਖਿਆ ਪ੍ਰਾਪਤ ਕੀਤੀ । ਇਸ ਤਰ੍ਹਾਂ ਇਹ ਟੂਰ ਯਾਦਗਾਰੀ ਹੋ ਕੇ ਨਿਬੜਿਆ ਜਿਸ ਵਿੱਚ ਵਿਦਿਆਰਥੀਆਂ ਨੇ ਬਹੁਤ ਹੀ ਉਤਸਾਹ ਨਾਲ ਭਾਗ ਲਿਆ।

Loading