ਜੰਗ ਦੇ ਹਨੇਰੇ ਵਿੱਚ ਮਨੁੱਖਤਾ ਦੀ ਰੌਸ਼ਨੀ

In ਮੁੱਖ ਲੇਖ
December 23, 2025

ਸਿੱਖ ਇਤਿਹਾਸ ਸਿਰਫ਼ ਜੰਗਾਂ ਦੀ ਕਹਾਣੀ ਨਹੀਂ, ਇਹ ਕੁਰਬਾਨੀ, ਵਿਛੋੜੇ, ਅਟੱਲ ਵਿਸ਼ਵਾਸ ਅਤੇ ਧਰਮ ਲਈ ਆਪਾ ਵਾਰਨ ਵਾਲੇ ਅਜਿਹੇ ਅਮਰ ਪ੍ਰਸੰਗਾਂ ਨਾਲ ਭਰਿਆ ਪਿਆ ਹੈ ਜੋ ਹਰ ਦੌਰ ਵਿੱਚ ਮਨੁੱਖੀ ਜ਼ਮੀਰ ਨੂੰ ਝੰਜੋੜ ਦਿੰਦੇ ਹਨ।

ਸ੍ਰੀ ਅਨੰਦਪੁਰ ਸਾਹਿਬ ਦੀ ਘੇਰਾਬੰਦੀ ਟੁੱਟਣ ਮਗਰੋਂ, ਧੋਖੇ ਨਾਲ ਦਿੱਤੇ ਗਏ ਕਸਮਾਂ ਨੂੰ ਤੋੜ ਕੇ ਮੁਗਲ ਫੌਜਾਂ ਅਤੇ ਪਹਾੜੀ ਰਾਜਿਆਂ ਨੇ ਗੁਰੂ ਸਾਹਿਬ ਅਤੇ ਸਿੰਘਾਂ ਉੱਤੇ ਹਮਲਾ ਬੋਲ ਦਿੱਤਾ। ਧਰਮ ਅਤੇ ਅਧਰਮ ਦੀ ਇਸ ਟੱਕਰ ਵਿੱਚ, ਗੁਰੂ ਦਾ ਕਾਰਵਾਂ ਸਰਸਾ ਨਦੀ ਤੱਕ ਪਹੁੰਚਿਆ। ਉਫਾਨ ਵਿੱਚ ਵਹਿ ਰਹੀ ਸਰਸਾ, ਪਿੱਛੋਂ ਵੈਰੀਆਂ ਦੀ ਭੀੜ, ਹਰ ਪਾਸੇ ਮੌਤ ਦਾ ਸਾਇਆ। ਇਸ ਲੜਾਈ ਵਿੱਚ ਅਨੇਕਾਂ ਸਿੱਖ ਸ਼ਹੀਦ ਹੋਏ, ਕਈ ਵਿਛੁੜ ਗਏ ਅਤੇ ਕਈ ਜ਼ਖ਼ਮੀ ਹੋਏ। ਇਹ ਸਿਰਫ਼ ਇੱਕ ਫੌਜੀ ਟਕਰਾਅ ਨਹੀਂ ਸੀ, ਇਹ ਗੁਰੂ ਦੇ ਪਰਿਵਾਰ ਅਤੇ ਪੰਥ ਲਈ ਸਭ ਤੋਂ ਵੱਡਾ ਇਮਤਿਹਾਨ ਸੀ।

ਭਾਈ ਬਚਿੱਤਰ ਸਿੰਘ ਜੀ, ਜੋ ਪਹਿਲਾਂ ਹੀ ਆਨੰਦਪੁਰ ਸਾਹਿਬ ਵਿੱਚ ਹਾਥੀ ਨੂੰ ਨਾਗਣੀ ਨਾਲ ਮਾਰ ਕੇ ਆਪਣੀ ਬਹਾਦਰੀ ਸਾਬਤ ਕਰ ਚੁੱਕੇ ਸਨ, ਸਰਸਾ ਦੀ ਲੜਾਈ ਦੌਰਾਨ ਵੀ ਅੱਗੇ-ਅੱਗੇ ਰਹੇ। ਦੁਸ਼ਮਣ ਦੀ ਭਾਰੀ ਗਿਣਤੀ ਦੇ ਬਾਵਜੂਦ ਉਹ ਸਿੰਘਾਂ ਲਈ ਢਾਲ ਬਣੇ ਰਹੇ। ਰਸਤੇ ਵਿੱਚ ਰੰਘੜਾਂ ਤੇ ਗੁੱਜਰਾਂ ਨਾਲ ਹੋਈ ਲੜਾਈ ਦੌਰਾਨ ਉਹ ਗੰਭੀਰ ਜ਼ਖ਼ਮੀ ਹੋ ਗਏ। ਖੂਨ ਨਾਲ ਲੱਥਪੱਥ, ਪਰ ਮਨ ਅਡੋਲ। ਉਨ੍ਹਾਂ ਦੀ ਸਰੀਰਕ ਹਾਲਤ ਅਜਿਹੀ ਹੋ ਗਈ ਕਿ ਅੱਗੇ ਚੱਲਣਾ ਸੰਭਵ ਨਾ ਰਿਹਾ।

ਜਦੋਂ ਗੁਰੂ ਗੋਬਿੰਦ ਸਿੰਘ ਜੀ ਸਰਸਾ ਤੋਂ ਅੱਗੇ ਵਧੇ ਤਾਂ ਭਾਈ ਬਚਿੱਤਰ ਸਿੰਘ ਜੀ ਦੀ ਹਾਲਤ ਵੇਖ ਕੇ ਉਨ੍ਹਾਂ ਨੂੰ ਕੋਟਲਾ ਨਿਹੰਗ ਖ਼ਾਨ ਵਿੱਚ ਠਹਿਰਾਉਣ ਦਾ ਫੈਸਲਾ ਕੀਤਾ ਗਿਆ। ਇਹ ਫੈਸਲਾ ਸੌਖਾ ਨਹੀਂ ਸੀ। ਇੱਕ ਪਾਸੇ ਦੁਸ਼ਮਣ ਦਾ ਖ਼ਤਰਾ, ਦੂਜੇ ਪਾਸੇ ਜ਼ਖ਼ਮੀ ਸੂਰਮਾ। ਇਤਿਹਾਸ ਗਵਾਹ ਹੈ ਕਿ ਗੁਰੂ ਸਾਹਿਬ ਨੇ ਭਾਈ ਬਚਿੱਤਰ ਸਿੰਘ ਜੀ ਨੂੰ ਛੱਡਦੇ ਸਮੇਂ ਸਿਰਫ਼ ਗੁਰੂ ਨਹੀਂ, ਪਿਤਾ ਵਰਗੀ ਮਮਤਾ ਨਾਲ ਉਨ੍ਹਾਂ ਨੂੰ ਨਿਹਾਰਿਆ। ਇਹ ਵਿਛੋੜਾ ਸਰੀਰਕ ਸੀ, ਆਤਮਕ ਨਹੀਂ। ਭਾਈ ਬਚਿੱਤਰ ਸਿੰਘ ਜੀ ਨੂੰ ਛੱਡ ਕੇ ਜਾਣਾ ਕਿਸੇ ਨੂੰ ਤਿਆਗਣਾ ਨਹੀਂ ਸੀ, ਇਹ ਸਾਬਤ ਕਰਦਾ ਹੈ ਕਿ ਗੁਰੂ ਲਈ ਹਰ ਸਿੱਖ ਮਿਸ਼ਨ ਦਾ ਹਿੱਸਾ ਹੈ। ਜਿੱਥੇ ਤਲਵਾਰ ਚੱਲਦੀ ਹੈ, ਉੱਥੇ ਵੀ ਮਰਿਆਦਾ ਹੈ ਅਤੇ ਜਿੱਥੇ ਵਿਛੋੜਾ ਹੁੰਦਾ ਹੈ, ਉੱਥੇ ਵੀ ਗੁਰੂ ਦੀ ਹਾਜ਼ਰੀ।

ਕੋਟਲਾ ਨਿਹੰਗ ਖ਼ਾਨ ਸਿਰਫ਼ ਇੱਕ ਠਹਿਰਾਅ ਦੀ ਥਾਂ ਨਹੀਂ ਸੀ, ਇਹ ਸਿੱਖ ਇਤਿਹਾਸ ਵਿੱਚ ਧਰਮਾਂ ਤੋਂ ਉੱਪਰ ਉਠੀ ਮਨੁੱਖਤਾ ਦਾ ਪ੍ਰਤੀਕ ਹੈ। ਇਥੇ ਵੱਸਦਾ ਸੀ ਪਠਾਣ ਸਰਦਾਰ ਨਿਹੰਗ ਖ਼ਾਨ। ਇਹ ਪਿੰਡ 17ਵੀਂ ਸਦੀ ਦੀਆਂ ਰਾਜਵਾੜਾ ਰਿਆਸਤਾਂ ਵਿੱਚੋਂ ਇੱਕ ਮੰਨੀ-ਪ੍ਰਮੰਨੀ ਰਿਆਸਤ ਦੀ ਰਾਜਧਾਨੀ ਸੀ, ਜਿਸ ਤੇ ਪਸਤੂਨ ਜ਼ਮੀਂਦਾਰ ਨਿਹੰਗ ਖ਼ਾਨ ਦਾ ਰਾਜ ਸੀ। ਉਹ ਦਸਵੇਂ ਪਾਤਸ਼ਾਹ ਦਾ ਸ਼ਰਧਾਲੂ ਸੀ। ਇਸ ਰਿਆਸਤ ਵਿੱਚ 80 ਤੋਂ ਵੱਧ ਪਿੰਡ ਸ਼ਾਮਲ ਸਨ।

ਜਦੋਂ ਗੁਰੂ ਸਾਹਿਬ ਭਾਈ ਬਚਿੱਤਰ ਸਿੰਘ ਜੀ ਨੂੰ ਗੰਭੀਰ ਜ਼ਖ਼ਮੀ ਹਾਲਤ ਵਿੱਚ ਇਥੇ ਛੱਡ ਕੇ ਅੱਗੇ ਵਧੇ ਤਾਂ ਨਿਹੰਗ ਖ਼ਾਨ ਦੇ ਘਰ ਦੀ ਚੌਂਕਠ ਸਿਰਫ਼ ਇੱਕ ਸੂਰਮੇ ਲਈ ਨਹੀਂ, ਸਗੋਂ ਇਨਸਾਨੀਅਤ ਲਈ ਇਮਤਿਹਾਨ ਦੀ ਘੜੀ ਬਣ ਗਈ। ਭਾਈ ਬਚਿੱਤਰ ਸਿੰਘ ਜੀ ਦਾ ਸਰੀਰ ਜ਼ਖ਼ਮਾਂ ਨਾਲ ਭਰਿਆ ਹੋਇਆ ਸੀ। ਖੂਨ ਵਗ ਰਿਹਾ ਸੀ, ਦਰਦ ਅਸਹਿਣਸ਼ੀਲ ਸੀ, ਪਰ ਚਿਹਰੇ ’ਤੇ ਗੁਰੂ ਦੇ ਸਿੰਘ ਵਾਲੀ ਅਡੋਲਤਾ ਸਾਫ਼ ਝਲਕਦੀ ਸੀ।

ਨਿਹੰਗ ਖ਼ਾਨ ਦੇ ਪਰਿਵਾਰ ਨੇ ਬਿਨਾਂ ਕਿਸੇ ਡਰ ਜਾਂ ਸਵਾਲ ਦੇ ਉਸ ਸੂਰਮੇ ਨੂੰ ਆਪਣੇ ਘਰ ਵਿੱਚ ਆਸਰਾ ਦਿੱਤਾ ਅਤੇ ਸੇਵਾ ਕੀਤੀ। ਉਸ ਸਮੇਂ ਮੁਗਲ ਹਕੂਮਤ ਵੱਲੋਂ ਸਿੱਖਾਂ ਦੀ ਮਦਦ ਕਰਨਾ ਮੌਤ ਨੂੰ ਸੱਦਾ ਦੇਣ ਬਰਾਬਰ ਸੀ। ਪਰ ਨਿਹੰਗ ਖ਼ਾਨ ਦਾ ਘਰ ਡਰ ਨਾਲ ਨਹੀਂ, ਜ਼ਮੀਰ ਨਾਲ ਚੱਲਣ ਦਾ ਪ੍ਰਤੀਕ ਬਣ ਗਿਆ।

ਇਤਿਹਾਸ ਖ਼ਾਸ ਤੌਰ ’ਤੇ ਨਿਹੰਗ ਖ਼ਾਨ ਅਤੇ ਉਨ੍ਹਾਂ ਦੀ ਬੇਟੀ ਮੁਮਤਾਜ਼ ਦੀ ਸੇਵਾ ਨੂੰ ਸਿਰ ਝੁਕਾ ਕੇ ਯਾਦ ਕਰਦਾ ਹੈ। ਉਹ ਸਿਰਫ਼ ਘਰ ਦੀ ਧੀ ਨਹੀਂ ਸੀ, ਉਹ ਮਨੁੱਖਤਾ ਦੀ ਅਸਲ ਪਛਾਣ ਬਣ ਗਈ। ਉਸ ਨੇ ਭਾਈ ਬਚਿੱਤਰ ਸਿੰਘ ਜੀ ਦੇ ਜ਼ਖ਼ਮ ਧੋਤੇ, ਪੱਟੀਆਂ ਬੰਨ੍ਹੀਆਂ ਅਤੇ ਹਰ ਪਲ ਇਹ ਕੋਸ਼ਿਸ਼ ਕੀਤੀ ਕਿ ਸੂਰਮੇ ਦੀ ਸੇਵਾ ਵਿੱਚ ਕੋਈ ਕਸਰ ਬਾਕੀ ਨਾ ਰਹੇ। ਇਹ ਸੇਵਾ ਕਿਸੇ ਧਾਰਮਿਕ ਲਾਲਚ ਲਈ ਨਹੀਂ ਸੀ, ਨਾ ਹੀ ਕਿਸੇ ਇਨਾਮ ਦੀ ਆਸ ਨਾਲ। ਇਹ ਉਹ ਸੇਵਾ ਸੀ ਜੋ ਦਿਲੋਂ ਨਿਕਲਦੀ ਹੈ, ਇਨਸਾਨ ਵੱਲੋਂ ਇਨਸਾਨ ਲਈ।

ਸਰਸਾ ਨਦੀ ਅਤੇ ਚਮਕੌਰ ਦੀ ਜੰਗ ਦੇ ਵਿਚਕਾਰਲੇ ਸਮੇਂ ਦਾ ਇਹ ਪ੍ਰਸੰਗ ਸਿੱਖ ਇਤਿਹਾਸ ਵਿੱਚ ਇਸ ਲਈ ਅਮਰ ਹੈ ਕਿਉਂਕਿ ਇੱਥੇ ਤਲਵਾਰ ਦੀ ਥਾਂ ਮਲ੍ਹਮ ਹੈ, ਨਫ਼ਰਤ ਦੀ ਥਾਂ ਮਮਤਾ ਹੈ ਅਤੇ ਜੰਗ ਦੀ ਥਾਂ ਸੇਵਾ।

ਮੁਗਲ ਫੌਜਾਂ ਦਾ ਜ਼ੁਲਮ ਬੇਲਗਾਮ ਸੀ। ਘਰ-ਘਰ ਤਲਾਸ਼ੀ, ਆਪਣੀ ਛਾਇਆ ਤੇ ਵੀ ਸ਼ੱਕ ਦਾ ਭਿਅੰਕਰ ਦੌਰ ਚੱਲ ਰਿਹਾ ਸੀ। ਕੋਟਲਾ ਨਿਹੰਗ ਖ਼ਾਨ ਵਿੱਚ ਨਿਹੰਗ ਖ਼ਾਨ ਦੇ ਘਰ ਅੰਦਰ ਇੱਕ ਗੰਭੀਰ ਜ਼ਖ਼ਮੀ ਸਿੱਖ ਸੂਰਮਾ ਅਡੋਲ ਪਿਆ ਸੀ। ਤਲਾਸ਼ੀ ਹੋ ਜਾਂਦੀ ਤਾਂ ਪਰਿਵਾਰ ਦਾ ਜੋ ਹਸ਼ਰ ਹੋਣਾ ਸੀ, ਉਸ ਨੂੰ ਸੋਚ ਕੇ ਹੀ ਰੂਹ ਕੰਬ ਉੱਠਦੀ ਹੈ।

ਇਤਿਹਾਸ ਕਈ ਵਾਰ ਇੱਕ ਵਾਕ ਨਾਲ ਅਜਿਹਾ ਮੋੜ ਲੈ ਲੈਂਦਾ ਹੈ ਜਿਹੜਾ ਮਨੁੱਖਤਾ ਲਈ ਅਮਰ ਗਾਥਾ ਬਣ ਜਾਂਦਾ ਹੈ। ਕਿਸੇ ਨੇ ਰੋਪੜ ਚੌਕੀ ਦੇ ਸਰਦਾਰ ਨੂੰ ਸੂਹ ਦਿੱਤੀ। ਸਰਦਾਰ ਜਾਫਰ ਅਲੀ ਖ਼ਾਨ ਨੇ ਆਪਣੇ ਸਿਪਾਹੀਆਂ ਨਾਲ ਕਿਲ੍ਹੇ ਨੂੰ ਘੇਰ ਲਿਆ ਅਤੇ ਚੌਧਰੀ ਨਿਹੰਗ ਖ਼ਾਨ ਦੇ ਕਿਲ੍ਹੇ ਦੀ ਛਾਣ-ਬੀਣ ਸ਼ੁਰੂ ਕਰ ਦਿੱਤੀ। ਕਿਲ੍ਹੇ ਦੀ ਸਿਰਫ਼ ਇੱਕ ਕੋਠੜੀ ਹੀ ਤਲਾਸ਼ੀ ਲਈ ਬਾਕੀ ਸੀ। ਇਸ ਬਾਰੇ ਪੁੱਛਣ ’ਤੇ ਚੌਧਰੀ ਨਿਹੰਗ ਖ਼ਾਨ ਨੇ ਕਿਹਾ:

“ਕੋਠੜੀ ਵਿੱਚ ਮੇਰੀ ਧੀ ਮੁਮਤਾਜ਼ ਅਤੇ ਜੁਆਈ ਆਰਾਮ ਕਰ ਰਹੇ ਹਨ। ਜੇ ਚਾਹੁੰਦੇ ਹੋ ਤਾਂ ਖੋਲ੍ਹ ਕੇ ਦਿਖਾਵਾਂ?”

ਕੋਠੜੀ ਵਿੱਚ ਭਾਈ ਬਚਿੱਤਰ ਸਿੰਘ ਜੀ ਦੀ ਸੇਵਾ ਬੀਬੀ ਮੁਮਤਾਜ਼ ਕਰ ਰਹੀ ਸੀ। ਮੁਗਲ ਫੌਜਾਂ ਕਮਰੇ ਤੱਕ ਪਹੁੰਚੀਆਂ। ਅੰਦਰ ਬੀਬੀ ਦੀ ਮੌਜੂਦਗੀ ਵੇਖ ਕੇ ਸਮਾਜਕ ਰੀਤ ਨੇ ਇੱਕ ਅਜਿਹਾ ਘੇਰਾ ਖਿੱਚਿਆ ਜਿਸ ਨੂੰ ਸੱਤਾ ਵੀ ਲੰਘ ਨਾ ਸਕੀ। ਤਲਾਸ਼ੀ ਨਹੀਂ ਹੋਈ। ਸਰਦਾਰ ਜਾਫਰ ਅਲੀ ਖ਼ਾਨ ਖ਼ਿਮਾ ਮੰਗ ਕੇ ਵਾਪਸ ਚਲਾ ਗਿਆ।

ਨਿਹੰਗ ਖ਼ਾਨ ਦੇ ਇਹ ਸ਼ਬਦ ਸਿਰਫ਼ ਤਲਾਸ਼ੀ ਰੋਕਣ ਦਾ ਬਹਾਨਾ ਨਹੀਂ ਸਨ, ਸਗੋਂ ਇਨਸਾਨੀਅਤ, ਮਰਿਆਦਾ ਅਤੇ ਧਰਮਕ ਸਾਂਝ ਦੀ ਗਵਾਹੀ ਸਨ। ਇਹ ਸ਼ਬਦ ਉਸ ਬੇਟੀ ਮੁਮਤਾਜ਼ ਨੇ ਵੀ ਸੁਣੇ। ਉਸ ਘੜੀ ਇਨਸਾਨੀ ਰਿਸ਼ਤਾ ਕਿਸੇ ਸਮਾਜੀ ਰਸਮਾਂ ਨਾਲ ਨਹੀਂ, ਰੂਹ ਨਾਲ ਬਣਿਆ। ਜ਼ਖ਼ਮੀ ਸੂਰਮਾ, ਜੋ ਧਰਮ ਦੀ ਰੱਖਿਆ ਲਈ ਲਹੂ ਡੋਲ ਚੁੱਕਾ ਸੀ, ਉਹ ਉਸ ਬੀਬੀ ਦੀ ਨਜ਼ਰ ਵਿੱਚ ਹੁਣ ਪਰਾਇਆ ਨਹੀਂ ਰਿਹਾ। ਉਸ ਨੇ ਭਾਈ ਬਚਿੱਤਰ ਸਿੰਘ ਜੀ ਨੂੰ ਆਪਣਾ ਪਤੀ ਮੰਨ ਲਿਆ—ਬਿਨਾਂ ਧਾਰਮਿਕ ਰਸਮਾਂ ਤੋਂ, ਬਿਨਾਂ ਢੋਲਾਂ-ਢਮੱਕੇ ਦੇ, ਸਿਰਫ਼ ਪਵਿੱਤਰ ਸੋਚ ਅਤੇ ਸੁੱਚੀ ਨੀਅਤ ਨਾਲ।

ਕੁਝ ਸਮੇਂ ਬਾਅਦ ਭਾਈ ਬਚਿੱਤਰ ਸਿੰਘ ਜੀ ਨੇ ਸ਼ਹਾਦਤ ਪਾਈ। ਇਹ ਅੰਤ ਨਹੀਂ, ਇਮਤਿਹਾਨ ਸੀ। ਉਸ ਧੀ ਨੇ ਇਹ ਇਮਤਿਹਾਨ ਪੂਰੀ ਸ਼ਿੱਦਤ ਨਾਲ ਪੂਰਾ ਕੀਤਾ। ਭਾਈ ਬਚਿੱਤਰ ਸਿੰਘ ਜੀ ਦੀ ਸ਼ਹਾਦਤ ਤੋਂ ਬਾਅਦ ਮੁਮਤਾਜ਼ ਨੇ ਵਿਆਹ ਨਹੀਂ ਕੀਤਾ। ਇਹ ਫੈਸਲਾ ਕਿਸੇ ਸਮਾਜਿਕ ਦਬਾਅ ਹੇਠ ਨਹੀਂ ਸੀ, ਸਗੋਂ ਉਸ ਰੂਹ ਦੇ ਰਿਸ਼ਤੇ ਕਰਕੇ ਸੀ ਜੋ ਉਸ ਦੇ ਪਿਤਾ ਦੇ ਕਹੇ ਸ਼ਬਦ ਸੁਣਨ ਤੋਂ ਬਾਅਦ ਉਸ ਦੇ ਮਨ ਵਿੱਚ ਬਣਿਆ ਸੀ।

ਮੁਮਤਾਜ਼ ਨੇ ਸਾਬਤ ਕਰ ਦਿੱਤਾ ਕਿ ਵਿਆਹ ਇੱਕ ਸਮਾਜੀ ਰਸਮ ਨਹੀਂ, ਰੂਹ ਦਾ ਫੈਸਲਾ ਹੁੰਦਾ ਹੈ। ਉਸ ਨੇ ਰੂਹ ਦੇ ਰਿਸ਼ਤੇ ਦੀ ਲਾਜ ਨਿਭਾਈ। ਨਿਹੰਗ ਖ਼ਾਨ ਦੀ ਗਵਾਹੀ ਨੇ ਮਾਨਵਤਾ ਲਈ ਲੜਦੇ ਇੱਕ ਗੁਰੂ ਦੇ ਸਿੱਖ ਦੀ ਜਾਨ ਬਚਾਈ। ਧੀ ਮੁਮਤਾਜ਼ ਨੇ ਆਪਣੇ ਪਿਤਾ ਦੀ ਗਵਾਹੀ ਨੂੰ ਸ਼ਿੱਦਤ ਨਾਲ ਜੀਵਿਆ ਅਤੇ ਇਤਿਹਾਸ ਨੂੰ ਇੱਜ਼ਤ ਬਖ਼ਸ਼ੀ।

ਇਹ ਕਹਾਣੀ ਜੰਗ ਦੀ ਨਹੀਂ, ਜ਼ਮੀਰ ਦੀ ਹੈ। ਸਰਸਾ ਦੀ ਧਾਰ ਨੇ ਸਰੀਰ ਵਹਾ ਦਿੱਤੇ, ਪਰ ਕੋਟਲਾ ਨਿਹੰਗ ਖ਼ਾਨ ਨੇ ਰੂਹਾਂ ਬਚਾ ਕੇ ਮਨੁੱਖਤਾ ਨੂੰ ਇੱਕ ਜਾਨਦਾਰ ਸੁਨੇਹਾ ਦਿੱਤਾ। ਜਿੱਥੇ ਹਕੂਮਤ ਤਲਾਸ਼ੀ ਲਈ ਖੜੀ ਸੀ, ਉੱਥੇ ਇੱਕ ਪਿਤਾ ਨੇ ਅਜਿਹਾ ਵਾਕ ਬੋਲ ਕੇ ਸੱਤਾ ਨੂੰ ਰੋਕ ਦਿੱਤਾ ਜਿਸ ਲਈ ਮਜ਼ਹਬ ਵੀ ਰੁਕਾਵਟ ਨਾ ਬਣ ਸਕਿਆ।

ਨਿਹੰਗ ਖ਼ਾਨ ਦੇ ਉਹ ਸ਼ਬਦ—“ਕਮਰੇ ਵਿੱਚ ਮੇਰੀ ਧੀ ਅਤੇ ਜੁਆਈ ਆਰਾਮ ਕਰ ਰਹੇ ਹਨ”—ਕਿਸੇ ਤਲਵਾਰ ਤੋਂ ਘੱਟ ਨਹੀਂ ਸਨ। ਉਹ ਸ਼ਬਦ ਇੱਕ ਜਾਨ ਬਚਾਉਣ ਲਈ ਹੀ ਨਹੀਂ, ਮਨੁੱਖਤਾ ਦੀ ਲਾਜ ਬਚਾਉਣ ਵਿੱਚ ਸਹਾਈ ਹੋਏ।

ਭਾਈ ਬਚਿੱਤਰ ਸਿੰਘ ਜੀ ਦੀ ਸ਼ਹਾਦਤ ਮੈਦਾਨ-ਏ-ਜੰਗ ਵਿੱਚ ਨਹੀਂ, ਮਨੁੱਖੀ ਮਰਿਆਦਾ ਵਿੱਚ ਪੂਰੀ ਹੋਈ। ਜ਼ਖ਼ਮੀ ਸਰੀਰ ਛੱਡਿਆ ਗਿਆ ਸੀ, ਪਰ ਗੁਰੂ ਦਾ ਸਿੱਖ ਨਹੀਂ। ਮੁਮਤਾਜ਼ ਦੀ ਸੇਵਾ ਕਿਸੇ ਮਜ਼ਹਬ ਦੀ ਮੋਹਰ ਨਹੀਂ ਸੀ, ਸਗੋਂ ਸੱਤਾ ਨੂੰ ਨਕਾਰਨ ਦਾ ਐਲਾਨ ਸੀ। ਉਸ ਨੇ ਵਿਆਹ ਨਾ ਕਰ ਕੇ ਕਿਸੇ ਰਿਵਾਜ ਨਾਲ ਨਹੀਂ, ਜ਼ਮੀਰ ਨਾਲ ਵਫ਼ਾਦਾਰੀ ਨਿਭਾਈ।

ਅਜਿਹੇ ਫੈਸਲੇ ਹੰਝੂਆਂ ਨਾਲ ਨਹੀਂ, ਦ੍ਰਿੜਤਾ ਅਤੇ ਸ਼ਿੱਦਤ ਨਾਲ ਇਤਿਹਾਸ ਦਾ ਸੁਨਹਿਰੀ ਸਮਾਂ ਹੋ ਨਿੱਬੜਦੇ ਹਨ। ਇਤਿਹਾਸ ਗਵਾਹ ਹੈ ਕਿ ਜ਼ਮੀਰ ਨਾਲ ਖੜ੍ਹਨ ਵਾਲੇ ਲੋਕ ਘੱਟ ਹੁੰਦੇ ਹਨ, ਪਰ ਇਹ ਵੀ ਸੱਚ ਹੈ ਕਿ ਉਹ ਹੀ ਘੱਟ ਲੋਕ ਇਤਿਹਾਸ ਦਾ ਜ਼ਿਕਰਯੋਗ ਹਸਤਾਖਰ ਬਣਦੇ ਹਨ।

ਨਿਹੰਗ ਖ਼ਾਨ ਅਤੇ ਉਨ੍ਹਾਂ ਦੀ ਬੇਟੀ ਮੁਮਤਾਜ਼ ਨੇ ਅਜਿਹੇ ਭਿਅੰਕਰ ਦੌਰ ਵਿੱਚ ਵੀ ਜ਼ਬਰ-ਜ਼ੁਲਮ ਵਿਰੁੱਧ ਭੁਗਤ ਕੇ ਇਹ ਸੱਚ ਕਰ ਦਿੱਤਾ ਕਿ ਤਲਵਾਰ ਹਮੇਸ਼ਾ ਆਖ਼ਰੀ ਨਹੀਂ ਹੁੰਦੀ। ਕਈ ਵਾਰ ਸ਼ਬਦ ਵੀ ਤਲਵਾਰ ਤੋਂ ਤਿੱਖੇ ਅਤੇ ਭਾਰੇ ਹੋ ਜਾਂਦੇ ਹਨ।

ਸੋ ਜਿੱਥੇ ਸ੍ਰੀ ਅਨੰਦਪੁਰ ਸਾਹਿਬ ਤੋਂ ਚਮਕੌਰ ਦੀ ਕੱਚੀ ਗੜ੍ਹੀ ਤੱਕ ਅਧਰਮ ਦੇ ਖਿਲਾਫ਼ ਜੰਗ ਲੜਨ ਵਾਲੇ ਧਰਮੀ ਸਿੱਖਾਂ ਦੀਆਂ ਸ਼ਹਾਦਤਾਂ ਅੱਗੇ ਸਿਰ ਝੁਕਦਾ ਹੈ, ਓਥੇ ਕੋਟਲਾ ਨਿਹੰਗ ਖ਼ਾਨ ਦੇ ਇਸ ਧਰਮੀ ਪਰਿਵਾਰ ਦੀ ਨਿੱਡਰਤਾ, ਸੇਵਾ, ਤਿਆਗ ਅਤੇ ਮਾਨਵਤਾਵਾਦੀ ਸੋਚ ਅੱਗੇ ਵੀ ਦਿਲ ਦੀ ਗਹਿਰਾਈ ਤੋਂ ਸਿਜਦਾ ਕਰਨਾ ਬਣਦਾ ਹੈ।

ਬਘੇਲ ਸਿੰਘ ਧਾਲੀਵਾਲ

Loading