ਅਮਰੀਕਾ ’ਚ ਅੰਤਰਰਾਜੀ ਮਾਰਗਾਂ ’ਤੇ ਟਰੱਕ ਚਲਾਉਂਦੇ 30 ਗ਼ੈਰ ਕਾਨੂੰਨੀ ਭਾਰਤੀ ਗ੍ਰਿਫ਼ਤਾਰ

In ਅਮਰੀਕਾ
December 24, 2025

ਨਿਊਯਾਰਕ/ਏ.ਟੀ.ਨਿਊਜ਼: ਅਮਰੀਕੀ ਸਰਹੱਦੀ ਗਸ਼ਤ ਏਜੰਟਾਂ ਨੇ ਵਪਾਰਕ ਡਰਾਈਵਿੰਗ ਲਾਇਸੈਂਸਾਂ ’ਤੇ ਸੈਮੀ-ਟਰੱਕ ਚਲਾ ਰਹੇ 30 ਭਾਰਤੀ ਨਾਗਰਿਕਾਂ ਸਮੇਤ ਕੁੱਲ 49 ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਿਫਤਾਰ ਕੀਤਾ ਹੈ। ਅਮਰੀਕੀ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਅਨੁਸਾਰ ਕੈਲੀਫੋਰਨੀਆ ਦੇ ਐਲ ਸੈਂਟਰੋ ਸੈਕਟਰ ਵਿੱਚ 23 ਨਵੰਬਰ ਤੋਂ 12 ਦਸੰਬਰ ਦਰਮਿਆਨ ਚਲਾਈ ਗਈ ਮੁਹਿੰਮ ਦੌਰਾਨ ਇਹ ਗ੍ਰਿਫਤਾਰੀਆਂ ਹੋਈਆਂ। ਇਹ ਲੋਕ ਅੰਤਰਰਾਜੀ ਮਾਰਗਾਂ ’ਤੇ ਟਰੱਕ ਚਲਾਉਂਦੇ ਹੋਏ ਫੜੇ ਗਏ ਹਨ।
ਫੜੇ ਗਏ ਵਿਅਕਤੀਆਂ ਵਿੱਚ ਸਭ ਤੋਂ ਵੱਧ 30 ਭਾਰਤੀ ਹਨ,ਜਦਕਿ ਬਾਕੀ ਚੀਨ,ਰੂਸ,ਮੈਕਸੀਕੋ ਅਤੇ ਹੋਰ ਦੇਸ਼ਾਂ ਨਾਲ ਸਬੰਧਿਤ ਹਨ। ਇਨ੍ਹਾਂ ਵਿੱਚੋਂ ਬਹੁਤੇ ਲਾਇਸੈਂਸ ਕੈਲੀਫੋਰਨੀਆ ਵੱਲੋਂ ਜਾਰੀ ਕੀਤੇ ਗਏ ਸਨ। ਇਸ ਤੋਂ ਇਲਾਵਾ 10 ਅਤੇ 11 ਦਸੰਬਰ ਨੂੰ ‘ਅਪਰੇਸ਼ਨ ਹਾਈਵੇਅ ਸੈਂਟੀਨਲ’ ਤਹਿਤ ਕੀਤੀ ਗਈ ਕਾਰਵਾਈ ਵਿੱਚ ਵੀ ਕਈ ਭਾਰਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਮੁਹਿੰਮ ਖਾਸ ਤੌਰ ’ਤੇ ਉਨ੍ਹਾਂ ਵਪਾਰਕ ਟਰੱਕਿੰਗ ਕੰਪਨੀਆਂ ਨੂੰ ਨਿਸ਼ਾਨਾ ਬਣਾ ਕੇ ਸ਼ੁਰੂ ਕੀਤੀ ਗਈ ਸੀ ਜਿੱਥੇ ਗੈਰ-ਕਾਨੂੰਨੀ ਵਿਅਕਤੀਆਂ ਦੁਆਰਾ ਚਲਾਏ ਜਾ ਰਹੇ ਟਰੱਕਾਂ ਕਾਰਨ ਕਈ ਘਾਤਕ ਹਾਦਸੇ ਵਾਪਰੇ ਸਨ।
ਐਲ ਸੈਂਟਰੋ ਸੈਕਟਰ ਦੇ ਕਾਰਜਕਾਰੀ ਮੁੱਖ ਪੈਟਰੋਲ ਏਜੰਟ ਜੋਸਫ ਰੇਮੇਨਰ ਨੇ ਕਿਹਾ ਕਿ ਇਹ ਲੋਕ ਕਦੇ ਵੀ ਟਰੱਕ ਚਲਾਉਣ ਦੇ ਯੋਗ ਨਹੀਂ ਸਨ ਅਤੇ ਲਾਇਸੈਂਸ ਜਾਰੀ ਕਰਨ ਵਾਲੇ ਰਾਜ ਇਨ੍ਹਾਂ ਹਾਦਸਿਆਂ ਲਈ ਸਿੱਧੇ ਤੌਰ ’ਤੇ ਜ਼ਿੰਮੇਵਾਰ ਹਨ। ਹਾਲ ਹੀ ਦੇ ਮਹੀਨਿਆਂ ਵਿੱਚ ਰਾਜਿੰਦਰ ਕੁਮਾਰ, ਹਰਜਿੰਦਰ ਸਿੰਘ, ਪ੍ਰਤਾਪ ਸਿੰਘ ਅਤੇ ਜਸ਼ਨਪ੍ਰੀਤ ਸਿੰਘ ਵਰਗੇ ਕਈ ਭਾਰਤੀ ਨਾਗਰਿਕਾਂ ਦੇ ਨਾਮ ਸਾਹਮਣੇ ਆਏ ਹਨ ਜੋ ਅਮਰੀਕਾ ਵਿੱਚ ਗ਼ੈਰ-ਕਾਨੂੰਨੀ ਤੌਰ ’ਤੇ ਰਹਿੰਦੇ ਹੋਏ ਟਰੱਕ ਚਲਾ ਰਹੇ ਸਨ ਅਤੇ ਭਿਆਨਕ ਸੜਕ ਹਾਦਸਿਆਂ ਦਾ ਕਾਰਨ ਬਣੇ, ਜਿਨ੍ਹਾਂ ਵਿੱਚ ਕਈ ਲੋਕਾਂ ਦੀ ਜਾਨ ਚਲੀ ਗਈ।

Loading