ਕੈਲੀਫ਼ੋਰਨੀਆ ਵਿੱਚ 9 ਸਾਲਾ ਧੀ ਦੀ ਹੱਤਿਆ ਦੇ ਮਾਮਲੇ ਵਿੱਚ ਮਾਂ ਗ੍ਰਿਫ਼ਤਾਰ

In ਅਮਰੀਕਾ
December 27, 2025

ਸੈਕਰਾਮੈਂਟੋ, ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ: ਕੈਲੀਫ਼ੋਰਨੀਆ ਵਿੱਚ 9 ਸਾਲ ਦੀ ਲਾਪਤਾ ਬੱਚੀ ਮੇਲੋਡੀ ਬਜ਼ਰਡ ਨੂੰ ਲੱਭਣ ਦੇ ਯਤਨ ਉਸ ਦੀ ਦੱਖਣੀ ਉਟਾਹ ਦੇ ਦਿਹਾਤੀ ਖੇਤਰ ਵਿੱਚ ਲਾਸ਼ ਮਿਲਣ ਨਾਲ ਹੀ ਖਤਮ ਹੋ ਗਏ। ਸ਼ੈਰਿਫ਼ ਦਫ਼ਤਰ ਦੇ ਅਫ਼ਸਰਾਂ ਤੇ ਐਫ਼. ਬੀ. ਆਈ. ਨੇ ਪਹਿਲਾ ਦਰਜਾ ਕਤਲ ਦੇ ਦੋਸ਼ ਵਿੱਚ ਮੇਲੋਡੀ ਦੀ ਮਾਂ ਐਸ਼ਲੀ ਬਜ਼ਰਡ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਜਾਣਕਾਰੀ ਸਾਂਤਾ ਬਰਬਰਾ ਕਾਊਂਟੀ ਸ਼ੈਰਿਫ਼ ਕੋਰੋਨਰ ਬਿਲ ਬਰਾਊਨ ਨੇ ਜਾਰੀ ਇੱਕ ਬਿਆਨ ਵਿੱਚ ਦਿੱਤੀ ਹੈ। ਉਨ੍ਹਾਂ ਕਿਹਾ ਕਿ ਬੱਚੀ ਦੀ ਲਾਸ਼ ਬਾਰੇ ਇੱਕ ਜੋੜੇ ਨੂੰ ਉਸ ਵੇਲੇ ਪਤਾ ਲੱਗਾ ਜਦੋਂ ਉਹ ਵੇਨੇ ਕਾਊਂਟੀ, ਉਟਾਹ ਦੇ ਦੂਰ ਦਰਾਜ ਦੇ ਖੇਤਰ ਵਿੱਚ ਫ਼ੋੋਟੋ ਖਿੱਚ ਰਹੇ ਸਨ। ਬਰਾਊਨ ਅਨੁਸਾਰ ਲਾਸ਼ ਦੀ ਪਛਾਣ ਤੁਰੰਤ ਨਹੀਂ ਹੋ ਸਕੀ ਪਰੂੰਤ ਇਹ ਸਾਫ਼ ਹੋ ਗਿਆ ਸੀ ਕਿ ਇਹ ਇੱਕ ਲੜਕੀ ਦੀ ਲਾਸ਼
ਹੈ ਜਿਸ ਦੇ ਸਿਰ ਵਿੱਚ ਗੋਲੀ ਮਾਰੀ ਗਈ ਹੈ। ਬਾਅਦ ਵਿੱਚ 24 ਘੰਟਿਆਂ ਦੇ ਅੰਦਰ ਹੀ ਉਟਾਹ ਕਰਾਈਮ ਲੈਬ ਦੀ ਰਿਪੋਰਟ ਵਿੱਚ ਡੀ ਐਨ ਏ ਮੇਲੋਡੀ ਦੀ ਮਾਂ ਨਾਲ ਮੇਲ ਖਾ ਗਿਆ। ਸ਼ੈਰਿਫ਼ ਅਨੁਸਾਰ ਅਪਰਾਧ ਦੀ ਗੰਭੀਰਤਾ ਨੂੰ ਵੇਖਦੇ ਹੋਏ ਮਾਂ ਵਿਰੁੱਧ ਵਿਸ਼ੇਸ਼ ਦੋਸ਼ ਲਾਏ ਜਾਣਗੇ ਜਿਨ੍ਹਾਂ ਵਿੱਚ ਨਰਦਈਪੁਣਾ ਤੇ 9 ਐਮ ਐਮ ਦੀ ਗੰਨ ਵਰਤਣ ਵਰਗੇ ਦੋਸ਼ ਸ਼ਾਮਿਲ ਹਨ। ਸ਼ੈਰਿਫ਼ ਅਨੁਸਾਰ ਉਨ੍ਹਾਂ ਨੇ ਬਜ਼ਰਡ ਵਿਰੁੱਧ ਕਾਫ਼ੀ ਸਬੂਤ ਇਕੱਠੇ ਕਰ ਲਏ ਹਨ। ਇਸਤਗਾਸਾ ਪੱਖ ਅਨੁਸਾਰ ਧੀ ਨੂੰ ਆਪਣੀ ਮਾਂ ਉਪਰ ਭਰੋਸਾ ਸੀ ਜਿਸ ਦਾ ਫ਼ਾਇਦਾ ਉਸ ਨੇ ਉਠਾਇਆ।

Loading