ਨਵੀਂ ਦਿੱਲੀ/ਏ.ਟੀ.ਨਿਊਜ਼: ਸਾਲ 2025 ਵਿੱਚ ਕਿੰਨੇ ਭਾਰਤੀ ਨਾਗਰਿਕਾਂ ਨੂੰ ਵਿਦੇਸ਼ਾਂ ਵਿੱਚੋਂ ਡਿਪੋਰਟ ਕੀਤਾ ਗਿਆ ਹੈ, ਇਸ ਬਾਰੇ ਅਹਿਮ ਅੰਕੜੇ ਸਾਹਮਣੇ ਆਏ ਹਨ। ਹਾਲ ਹੀ ਵਿੱਚ ਰਾਜ ਸਭਾ ਵਿੱਚ ਸਰਕਾਰ ਵੱਲੋਂ ਪੇਸ਼ ਕੀਤੇ ਗਏ ਅੰਕੜਿਆਂ ਅਨੁਸਾਰ, ਇਸ ਸਾਲ ਦੁਨੀਆ ਦੇ 81 ਦੇਸ਼ਾਂ ਵਿੱਚੋਂ ਕੁੱਲ 24,600 ਤੋਂ ਵੱਧ ਭਾਰਤੀਆਂ ਨੂੰ ਵਾਪਸ ਭੇਜਿਆ ਗਿਆ ਹੈ।
ਸਭ ਤੋਂ ਹੈਰਾਨੀਜਨਕ ਗੱਲ ਇਹ ਹੈ ਕਿ ਇਸ ਸਾਲ ਅਮਰੀਕਾ ਜਾਂ ਬ੍ਰਿਟੇਨ ਨਹੀਂ, ਸਗੋਂ ਸਾਊਦੀ ਅਰਬ ਨੇ ਸਭ ਤੋਂ ਵੱਧ ਭਾਰਤੀਆਂ ਨੂੰ ਵਾਪਸ ਭੇਜਿਆ ਹੈ। ਅੰਕੜਿਆਂ ਮੁਤਾਬਕ ਸਾਊਦੀ ਅਰਬ ਨੇ 12 ਮਹੀਨਿਆਂ ਵਿੱਚ ਕੁੱਲ 11,000 ਤੋਂ ਵੱਧ ਭਾਰਤੀ ਨਾਗਰਿਕਾਂ ਨੂੰ ਡਿਪੋਰਟ ਕੀਤਾ ਹੈ।
ਅਮਰੀਕਾ ਨੇ ਕਿੰਨੇ ਭਾਰਤੀਆਂ ਨੂੰ ਕੀਤਾ ਡਿਪੋਰਟ?
ਇਨ੍ਹਾਂ ਅੰਕੜਿਆਂ ’ਤੇ ਨਜ਼ਰ ਮਾਰੀਏ ਤਾਂ ਇਸ ਸਾਲ ਅਮਰੀਕਾ ਨੇ ਸਿਰਫ਼ 3,000 ਭਾਰਤੀਆਂ ਨੂੰ ਡਿਪੋਰਟ ਕੀਤਾ ਹੈ। ਹਾਲਾਂਕਿ, ਪਿਛਲੇ ਪੰਜ ਸਾਲਾਂ ਵਿੱਚ ਅਮਰੀਕਾ ਤੋਂ ਡਿਪੋਰਟ ਹੋਣ ਵਾਲਿਆਂ ਦੀ ਇਹ ਸਭ ਤੋਂ ਵੱਡੀ ਗਿਣਤੀ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਇਸ ਦਾ ਮੁੱਖ ਕਾਰਨ ਟਰੰਪ ਪ੍ਰਸ਼ਾਸਨ ਵੱਲੋਂ ਦਸਤਾਵੇਜ਼ਾਂ, ਵੀਜ਼ਾ ਸਟੇਟਸ ਅਤੇ ਵਰਕ ਪਰਮਿਟ ਦੀ ਵਧੀ ਹੋਈ ਸਖ਼ਤੀ ਅਤੇ ਜਾਂਚ ਹੈ।
ਕਿਹੜੇ ਦੇਸ਼ ਨੇ ਕਿੰਨੇ ਭਾਰਤੀਆਂ ਨੂੰ ਕੱਢਿਆ ਬਾਹਰ?
ਰਿਪੋਰਟ ਅਨੁਸਾਰ ਜਿਨ੍ਹਾਂ ਦੇਸ਼ਾਂ ਵਿੱਚੋਂ ਭਾਰਤੀਆਂ ਨੂੰ ਵੱਡੀ ਗਿਣਤੀ ਵਿੱਚ ਡਿਪੋਰਟ ਕੀਤਾ ਗਿਆ, ਉਨ੍ਹਾਂ ਵਿੱਚ ਸ਼ਾਮਲ ਹਨ:
ਮਿਆਂਮਾਰ: 1,591
ਮਲੇਸ਼ੀਆ: 1,485
ਯੂ.ਏ.ਈ. : 1,469
ਬਹਿਰੀਨ: 764
ਥਾਈਲੈਂਡ: 481
ਕੰਬੋਡੀਆ: 305
ਡਿਪੋਰਟ ਕਰਨ ਦੇ ਮੁੱਖ ਕਾਰਨ
ਵਿਦੇਸ਼ ਮੰਤਰਾਲੇ ਅਨੁਸਾਰ ਡਿਪੋਰਟ ਕੀਤੇ ਜਾਣ ਦੇ ਮੁੱਖ ਕਾਰਨ ਵੀਜ਼ਾ ਦੀ ਮਿਆਦ ਤੋਂ ਵੱਧ ਸਮਾਂ ਰੁਕਣਾ, ਬਿਨਾਂ ਵੈਧ ਵਰਕ ਪਰਮਿਟ ਦੇ ਕੰਮ ਕਰਨਾ, ਕਿਰਤ ਕਾਨੂੰਨਾਂ ਦੀ ਉਲੰਘਣਾ, ਮਾਲਕਾਂ ਕੋਲੋਂ ਭੱਜ ਜਾਣਾ ਅਤੇ ਸਿਵਲ ਜਾਂ ਫ਼ੌਜਦਾਰੀ ਮਾਮਲਿਆਂ ਵਿੱਚ ਸ਼ਾਮਲ ਹੋਣਾ ਹਨ।
ਬ੍ਰਿਟੇਨ ਤੋਂ ਸਭ ਤੋਂ ਵੱਧ ਭਾਰਤੀ ਵਿਦਿਆਰਥੀ ਹੋਏ ਡਿਪੋਰਟ
ਰਿਪੋਰਟ ਮੁਤਾਬਕ ਭਾਰਤੀ ਵਿਦਿਆਰਥੀਆਂ ਨੂੰ ਸਭ ਤੋਂ ਵੱਧ ਬ੍ਰਿਟੇਨ ਤੋਂ ਡਿਪੋਰਟ ਕੀਤਾ ਗਿਆ। ਸਾਲ 2025 ਵਿੱਚ 170 ਵਿਦਿਆਰਥੀਆਂ ਨੂੰ ਵਾਪਸ ਭੇਜਿਆ ਗਿਆ। ਇਸ ਤੋਂ ਬਾਅਦ ਆਸਟ੍ਰੇਲੀਆ (114), ਰੂਸ (82) ਅਤੇ ਅਮਰੀਕਾ (45) ਦਾ ਨੰਬਰ ਆਉਂਦਾ ਹੈ।
![]()
