ਸ੍ਰੀ ਦਰਬਾਰ ਸਾਹਿਬ ’ਚ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਪੁਰਬ ਮਨਾਇਆ

In ਪੰਜਾਬ
December 29, 2025

ਅੰਮ੍ਰਿਤਸਰ/ਏ.ਟੀ.ਨਿਊਜ਼: ਹਰਿਮੰਦਰ ਸਾਹਿਬ ਸਮੂਹ ਵਿੱਚ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਪੁਰਬ ਤੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਵਸ ਇਕੱਠੇ ਮਨਾਏ ਗਏ। ਇਸ ਦੌਰਾਨ ਆਤਿਸ਼ਬਾਜ਼ੀ ਨਹੀਂ ਚਲਾਈ ਗਈ। ਇੱਥੇ ਸੰਘਣੀ ਧੁੰਦ ਦੇ ਬਾਵਜੂਦ ਵੱਡੀ ਗਿਣਤੀ ਸੰਗਤ ਗੁਰੂ ਘਰ ਵਿੱਚ ਨਤਮਸਤਕ ਹੋਈ। ਗੁਰੂ ਘਰ ਵਿੱਚ ਸੰਗਤ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਸਨ। ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਹਰਿਮੰਦਰ ਸਾਹਿਬ ’ਚ ਸੁੰਦਰ ਜਲੌਅ ਸਜਾਏ ਗਏ ਅਤੇ ਰਾਗੀ ਸਿੰਘਾਂ ਨੇ ਕੀਰਤਨ ਕੀਤਾ। ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਰਿਮੰਦਰ ਸਾਹਿਬ ਸਮੂਹ ਸਥਿਤ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਤੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਦੇ ਸਬੰਧ ਵਿੱਚ ਵੱਖ-ਵੱਖ ਅਖੰਡ ਪਾਠ ਦੇ ਭੋਗ ਪਾਏ।
ਇਸ ਸਬੰਧੀ ਹਰਿਮੰਦਰ ਸਾਹਿਬ ਦੇ ਮੈਨੇਜਰ ਨਰਿੰਦਰ ਸਿੰਘ ਮਥਰੇਵਾਲ ਨੇ ਦੱਸਿਆ ਕਿ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਵੱਡੀ ਗਿਣਤੀ ਸੰਗਤ ਗੁਰੂ ਘਰ ਵਿੱਚ ਨਤਮਸਤਕ ਹੋਈ। ਉਨ੍ਹਾਂ ਆਖਿਆ ਕਿ ਭਾਵੇਂ ਸਵੇਰ ਵੇਲੇ ਧੁੰਦ ਸੀ ਪਰ ਸੰਗਤ ਦੀ ਸ਼ਰਧਾ ਅਤੇ ਉਤਸ਼ਾਹ ਬਰਕਰਾਰ ਰਿਹਾ। ਪ੍ਰਕਾਸ਼ ਪੁਰਬ ਅਤੇ ਸ਼ਹੀਦੀ ਦਿਵਸ ਦੋਵੇਂ ਇੱਕੋ ਦਿਨ ਹੋਣ ਕਰ ਕੇ ਗੁਰੂ ਰਾਮਦਾਸ ਲੰਗਰ ਘਰ ਵਿੱਚ ਸੰਗਤ ਵਾਸਤੇ ਸਾਦਾ ਲੰਗਰ ਹੀ ਤਿਆਰ ਕੀਤਾ ਗਿਆ ਸੀ ਜਦੋਂ ਕਿ ਪ੍ਰਕਾਸ਼ ਪੁਰਬ ਮੌਕੇ ਲੰਗਰ ਘਰ ਵਿੱਚ ਵਿਸ਼ੇਸ਼ ਪਕਵਾਨ ਵੀ ਤਿਆਰ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਸ਼ਹੀਦੀ ਦਿਵਸ ਹੋਣ ਕਾਰਨ ਸ਼ਾਮ ਵੇਲੇ ਆਤਿਸ਼ਬਾਜ਼ੀ ਨਹੀਂ ਹੋਈ ਪਰ ਦੀਪਮਾਲਾ ਕੀਤੀ ਗਈ ਤੇ ਸੰਕੇਤਕ ਰੂਪ ਵਿੱਚ ਘਿਓ ਦੇ ਦੀਵੇ ਜਗਾਏ ਗਏ।
ਇਸ ਦੌਰਾਨ ਸਵੇਰੇ ਭਾਈ ਵੀਰ ਸਿੰਘ ਦੀਵਾਨ ਹਾਲ ਤੋਂ ਹਰਿਮੰਦਰ ਸਾਹਿਬ ਤੱਕ ਪ੍ਰਭਾਤ ਫੇਰੀ ਵੀ ਕੱਢੀ ਗਈ। ਗੁਰੂ ਸਾਹਿਬ ਦਾ ਪ੍ਰਕਾਸ਼ ਪੁਰਬ ਸ਼ਹਿਰ ਵਿੱਚ ਵੱਖ-ਵੱਖ ਗੁਰਦੁਆਰਿਆਂ ਵਿੱਚ ਵੀ ਮਨਾਇਆ ਗਿਆ ਹੈ। ਸ਼ਹੀਦੀ ਦਿਵਸ ਅਤੇ ਗੁਰਪੁਰਬ ਇਕੱਠੇ ਹੋਣ ਕਾਰਨ ਸਮਾਗਮ ਸਾਦੇ ਰੂਪ ਵਿੱਚ ਮਨਾਏ ਗਏ।

Loading