ਏ.ਆਈ. ਨੂੰ ਅਪਨਾਉਣਾ ਹੁਣ ਅਪਵਾਦ ਨਹੀਂ, ਬਲਕਿ ਜ਼ਰੂਰਤ ਬਣ ਗਿਆ। ਕੋਡਿੰਗ ਪਹਿਲਾ ਅਜਿਹਾ ਉਪਯੋਗ ਖੇਤਰ ਬਣਿਆ, ਜਿੱਥੇ ਏ.ਆਈ. ਦਾ ਵੱਡੇ ਪੱਧਰ ’ਤੇ ਅਸਰ ਦਿਖਾਈ ਦਿੱਤਾ। ਕਲਾਡ, ਕਰਸਰ ਤੇ ਕੋਪਾਇਲਟ ਵਰਗੇ ਏ.ਆਈ. ਟੂਲਜ਼ ਇੰਟਰਪ੍ਰਾਈਜ਼ ਪੱਧਰ ’ਤੇ 40 ਫ਼ੀਸਦੀ ਤੋਂ ਵੱਧ ਨਵਾਂ ਕੋਡ ਤਿਆਰ ਕਰਨ ਲੱਗੇ। ਇਸ ਨਾਲ ਹੀ ਸਾਫਟਵੇਅਰ ਇੰਜੀਨੀਅਰ ਦੀ ਭੂਮਿਕਾ ਵੀ ਬਦਲਣ ਲੱਗੀ।
ਜੇ 2024 ਉਹ ਸਾਲ ਸੀ, ਜਦ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਨੇ ਬੋਲਣਾ ਸਿੱਖਿਆ ਤਾਂ 2025 ਉਹ ਸਾਲ ਰਿਹਾ, ਜਦ ਏ.ਆਈ. ਦੇ ਹੱਥ ਵਧੇ ਤੇ ਉਸ ਦਾ ਘੇਰਾ ਅਤੇ ਅਸਰ ਵਧਿਆ। ਇਹ ਉਹ ਸਾਲ ਰਿਹਾ, ਜਦ ਏ.ਆਈ. ਫ਼ੈਸਲਾਕੁਨ ਰੂਪ ਨਾਲ ਡੈਮੋ ਤੇ ਪਾਇਲਟ ਪ੍ਰੋਜੈਕਟਾਂ ਤੋਂ ਅੱਗੇ ਨਿਕਲ ਕੇ ਅਸਲੀ ਅਮਲ ਤੇ ਆਜ਼ਾਦੀ ਨਾਲ ਵੱਡੇ ਪੱਧਰ ’ਤੇ ਵਰਤੋਂ ’ਚ ਉਤਰਿਆ। ਚਰਚਾ ਏਆਈ ਟੂਲਜ਼ ਦੀ ਵਰਤੋਂ ਤੋਂ ਅੱਗੇ ਵਧ ਕੇ ਏ.ਆਈ. ਏਜੇਂਟਸ ਦੇ ਨਿਰਮਾਣ ’ਤੇ ਆ ਗਈ। ਜਨਰੇਟਿਵ ਏ.ਆਈ. ਦੀ ਥਾਂ ਏਜੇਂਟਿਕ ਏ.ਆਈ. ਮੁੱਖ ਧਾਰਨਾ ਬਣ ਗਈ। ਏਜੇਂਟਿਕ ਏ.ਆਈ. ਅਜਿਹੇ ਸਿਸਟਮ ਨੂੰ ਕਹਿੰਦੇ ਹਨ, ਜੋ ਸਿਰਫ਼ ਇਨਸਾਨਾਂ ਨੂੰ ਸਲਾਹ ਨਹੀਂ ਦਿੰਦੇ, ਬਲਕਿ ਇੰਟਰਪ੍ਰਾਈਜਿਜ਼ ਸਾਫਟਵੇਅਰ ਦੇ ਅੰਦਰ ਬਹੁ-ਪੜਾਅ ਵਾਲੇ ਵਰਕਫਲੋਅ ਨੂੰ ਆਪ ਅੰਜਾਮ ਦਿੰਦੇ ਹਨ। ਏਜੇਂਟਿਕ ਬ੍ਰਾਊਜ਼ਰਾਂ ਤੋਂ ਲੈ ਕੇ ਆਟੋਨਾਮਸ ਕਾਮਰਸ ਤੇ ਵਰਕਫਲੋਅ ਆਟੋਮੇਸ਼ਨ ਤੱਕ, ਏਆਈ ਇਕ ਸਹਾਇਕ ਤੋਂ ਵਧ ਕੇ ਜੂਨੀਅਰ ਸਹਿਯੋਗੀ ਦੀ ਤਰ੍ਹਾਂ ਵਿਵਹਾਰ ਕਰਨ ਲੱਗਾ। ਸਾਲ 2025 ਆਤਮ ਮੰਥਨ ਦਾ ਸਾਲ ਰਿਹਾ। ਕੰਪਨੀਆਂ ਨੇ ਦਿਖਾਵਟੀ ਤਜਰਬਿਆਂ ਨੂੰ ਛੱਡ ਕੇ ਪੁਖ਼ਤਾ ਤੇ ਮਾਪਣ ਯੋਗ ਰਿਟਰਨ ਆਨ ਇਨਵੈਸਟਮੈਂਟ ਦੀ ਮੰਗ ਸ਼ੁਰੂ ਕੀਤੀ।
ਏ.ਆਈ. ਨੂੰ ਅਪਨਾਉਣਾ ਹੁਣ ਅਪਵਾਦ ਨਹੀਂ, ਬਲਕਿ ਜ਼ਰੂਰਤ ਬਣ ਗਿਆ। ਕੋਡਿੰਗ ਪਹਿਲਾ ਅਜਿਹਾ ਉਪਯੋਗ ਖੇਤਰ ਬਣਿਆ, ਜਿੱਥੇ ਏ.ਆਈ. ਦਾ ਵੱਡੇ ਪੱਧਰ ’ਤੇ ਅਸਰ ਦਿਖਾਈ ਦਿੱਤਾ। ਕਲਾਡ, ਕਰਸਰ ਤੇ ਕੋਪਾਇਲਟ ਵਰਗੇ ਏਆਈ ਟੂਲਜ਼ ਇੰਟਰਪ੍ਰਾਈਜ਼ ਪੱਧਰ ’ਤੇ 40 ਫ਼ੀਸਦੀ ਤੋਂ ਵੱਧ ਨਵਾਂ ਕੋਡ ਤਿਆਰ ਕਰਨ ਲੱਗੇ। ਇਸ ਨਾਲ ਹੀ ਸਾਫਟਵੇਅਰ ਇੰਜੀਨੀਅਰ ਦੀ ਭੂਮਿਕਾ ਵੀ ਬਦਲਣ ਲੱਗੀ। ਹੁਣ ਉਹ ਸਿਰਫ਼ ਕੋਡ ਲਿਖਣ ਵਾਲਾ ਨਹੀਂ, ਬਲਕਿ ਮਸ਼ੀਨ ਦਾ ਸੁਪਰਵਾਈਜ਼ਰ ਤੇ ਸਿਸਟਮ ਆਰਕੀਟੈਕਟ ਬਣਦਾ ਜਾ ਰਿਹਾ ਹੈ। ਸੈਮੀਕੰਡਕਟਰ ਚਿਪ ਬਣਾਉਣ ਵਾਲੀ ਕੰਪਨੀ ਐਨਵੀਡੀਆ ਦੇ ਸੀਈਓ ਜੇਂਸਨ ਹੁਆਂਗ ਦੇ ਸ਼ਬਦਾਂ ’ਚ ਕਹੀਏ ਤਾਂ ਅਸੀਂ ਸਾਫਟਵੇਅਰ ਏਜੇਂਟਸ ਲਈ ਐੱਚਆਰ ਮੈਨੇਜਰ ਬਣ ਗਏ ਹਾਂ। ਇਸ ਲੰਘਦੇ ਸਾਲ ਦੇ ਪਰਦੇ ਦੇ ਪਿੱਛੇ ਏਆਈ ਦੀ ਭੌਤਿਕ ਨੀਂਹ ਵੀ ਤਿਆਰ ਹੋ ਰਹੀ ਹੈ। ਐਟਮਜ਼ ਫਾਰ ਐਲਗੋਰਿਦਮਜ਼ ਅੰਦੋਲਨ ਦੇ ਤਹਿਤ ਵੱਡੀਆਂ ਟੈੱਕ ਕੰਪਨੀਆਂ ਨੇ ਗੀਗਾਵਾਟ-ਪੱਧਰੀ ਡਾਟਾ ਕੇਂਦਰਾਂ ਨੂੰ ਊਰਜਾ ਦੇਣ ਲਈ ਪਰਮਾਣੂ ਊਰਜਾ ਵੱਲ ਰੁਖ਼ ਕੀਤਾ। ਏ.ਆਈ. ਨੇ ਸਿਰਫ਼ ਸਾਫਟਵੇਅਰ ਨੂੰ ਨਹੀਂ ਬਦਲਿਆ, ਬਲਕਿ ਵਿਸ਼ਵ ਪੱਧਰੀ ਊਰਜਾ ਦੇ ਬੁਨਿਆਦੀ ਢਾਂਚੇ ਨੂੰ ਵੀ ਨਵੇਂ ਸਿਰੇ ਤੋਂ ਆਕਾਰ ਦੇਣਾ ਸ਼ੁਰੂ ਕਰ ਦਿੱਤਾ। ਇਸੇ ਵਿਚਾਲੇ ਚੀਨ ਨੇ ਬਿਨਾਂ ਸ਼ੋਰ-ਸ਼ਰਾਬੇ ਦੇ ਸਾਲ 2025 ’ਚ ਬੜ੍ਹਤ ਬਣਾ ਲਈ। ਉਸ ਦਾ ਫੋਕਸ ਏ.ਜੀ.ਆਈ. (ਆਰਟੀਫੀਸ਼ੀਅਲ ਜਨਰਲ ਇੰਟੈਲੀਜੈਂਸ) ਦੀ ਸਮਾਂ-ਹੱਦ ਦਾ ਐਲਾਨ ਕਰਨ ਦੀ ਥਾਂ ਐਪਲੀਕੇਸ਼ਨਾਂ, ਓਪਨ-ਸੋਰਸ ਲੀਡਰਸ਼ਿਪ ਤੇ ਊਰਜਾ ’ਤੇ ਰਿਹਾ। ਏ.ਜੀ.ਆਈ. ਨੂੰ ਮਨੁੱਖ-ਪੱਧਰੀ ਏ.ਆਈ. ਵੀ ਕਿਹਾ ਜਾਂਦਾ ਹੈ। ਇਹ ਇੱਕ ਅਜਿਹੀ ਬਣਾਉਟੀ ਬੁੱਧੀ ਹੈ, ਜੋ ਲਗਪਗ ਸਾਰੇ ਬੋਧਾਤਮਕ ਕਾਰਜਾਂ ’ਚ ਮਨੁੱਖੀ ਸਮਰੱਥਾ ਦੇ ਬਰਾਬਰ ਜਾਂ ਉਨ੍ਹਾਂ ਤੋਂ ਵੀ ਅੱਗੇ ਨਿਕਲ ਸਕਦੀ ਹੈ। ਓਪਨ-ਸੋਰਸ ਦੀ ਮਾਲਕੀ ਇੱਕ ਵਾਰ ਮੁੜ ਲੰਬੇ ਸਮੇਂ ਦੀ ਰਣਨੀਤਕ ਬੜ੍ਹਤ ਸਾਬਤ ਹੋਈ ਹੈ। ਬੀਤ ਰਿਹਾ ਸਾਲ ਏ.ਆਈ. ਦੇ ਨਕਾਰਾਤਮਕ ਪਹਿਲੂਆਂ ਨੂੰ ਵੀ ਉਜਾਗਰ ਕਰ ਗਿਆ। ਅਸੀਂ ਉਨ੍ਹਾਂ ਦੀ ਅਣਦੇਖੀ ਨਹੀਂ ਕਰ ਸਕਦੇ।
ਡੀਪਫੇਕਸ ਨੇ ਦੁਨੀਆ ਭਰ ’ਚ ਜਮਹੂਰੀ ਪ੍ਰਕਿਰਿਆਵਾਂ ਲਈ ਖ਼ਤਰਾ ਪੈਦਾ ਕੀਤਾ, ਏ.ਆਈ. ਕੰਪੈਨੀਅਨਜ਼ ਨੇ ਇਕੱਲੇਪਣ ਤੇ ਮਨੁੱਖੀ ਸਬੰਧਾਂ ਨੂੰ ਲੈ ਕੇ ਅਸਹਿਜ ਸਵਾਲ ਖੜ੍ਹੇ ਕੀਤੇ ਤੇ ਉਦਯੋਗ ਇੱਕ ਡਾਟਾ ਹੱਦ ਨਾਲਟ ਕਰਾਅ ਗਿਆ, ਜਿਸ ਨਾਲ ਸਿੰਥੈਟਿਕ ਡਾਟਾ ਵੱਲ ਝੁਕਾਅ ਵਧਿਆ। ਇਸ ਦੇ ਬਾਵਜੂਦ ਇਸ ਸਾਲ ਦੇ ਅੰਤ ਤੱਕ ਅਚਾਨਕ ਗੂਗਲ ਇੱਕ ਏ.ਆਈ. ਲੀਡਰ ਦੇ ਰੂਪ ’ਚ ਉੱਭਰਿਆ, ਜਿਸ ਨੇ ਚਿਪਸ, ਮਾਡਲਸ, ਡਾਟਾ ਤੇ ਡਿਸਟ੍ਰੀਬਿਊਸ਼ਨ ’ਚ ਆਪਣੀ ਫੁਲ-ਸਟੈਕ ਤਾਕਤ ਦਾ ਲਾਭ ਉਠਾਇਆ। ਜੇ ਸਾਲ 2025 ਸਮਰੱਥਾਵਾਂ ਦਾ ਸਾਲ ਸੀ ਤਾਂ 2026 ਵਿਵੇਕ ਦਾ ਹੋਵੇਗਾ। ਅਸੀਂ ਉਸ ਦੌਰ ’ਚ ਪ੍ਰਵੇਸ਼ ਕਰ ਰਹੇ ਹਾਂ, ਜਿਸ ਨੂੰ ਰੀਜ਼ਨਿੰਗ ਵੈੱਬ ਦਾ ਯੁਗ ਕਿਹਾ ਜਾਂਦਾ ਹੈ। ਜਿੱਥੇ ਸਰਚ ਇੰਜਣ ਲਿੰਕ ਦਿਖਾਉਣ ਦੀ ਥਾਂ ਸਿੱਧਾ ਜਵਾਬ ਦੇਣ ਵਾਲੇ ਇੰਜਣ ਬਣ ਜਾਣਗੇ ਤੇ ਏਆਈ ਬ੍ਰਾਊਜ਼ਰ ਗਿਆਨ ਨੂੰ ਸਮੇਟ ਕੇ ਪੇਸ਼ ਕਰਨਗੇ। ਹਾਲਾਂਕਿ ਇਸ ਨਾਲ ਵੈੱਬ ਦੀ ਆਰਥਿਕ ਬਣਾਵਟ ਨੂੰ ਨਵੇਂ ਸਿਰੇ ਤੋਂ ਘੜਣਾ ਪਵੇਗਾ, ਨਹੀਂ ਤਾਂ ਇਹ ਉਨ੍ਹਾਂ ਕ੍ਰਿਏਟਰਸ ਨੂੰ ਨੁਕਸਾਨ ਪਹੁੰਚਾਏਗਾ, ਜਿਨ੍ਹਾਂ ’ਤੇ ਏਆਈ ਨਿਰਭਰ ਹੈ। ਇਸੇ ਸਮੇਂ ਏਜੇਂਟਸ ਕੋਪਾਇਲਟ ਤੋਂ ਅੱਗੇ ਵਧ ਕੇ ਸਹਿਯੋਗੀ ਬਣ ਜਾਣਗੇ ਤੇ ਹਲਕੀ ਮਨੁੱਖੀ ਨਿਗਰਾਨੀ ’ਚ ਪੂਰੇ ਵਰਕਫਲੋਅ ਚਲਾ ਸਕਣਗੇ। ਸਾਲ 2026 ਉਹ ਸਾਲ ਵੀ ਹੋਵੇਗਾ, ਜਦ ਏਆਈ ਨੂੰ ਸਰੀਰ ਮਿਲੇਗਾ। ਫੀਜ਼ੀਕਲ ਏ.ਆਈ. ਭਾਵ ਰੋਬੋਟਸ ਤੇ ਆਟੋਨਾਮਸ ਸਿਸਟਮਸ ਲੈਬਾਰਟਰੀਆਂ ਤੋਂ ਬਾਹਰ ਨਿਕਲ ਕੇ ਵੇਅਰਹਾਊਸ, ਫੈਕਟਰੀਆਂ ਤੇ ਸ਼ਹਿਰਾਂ ਦੀਆਂ ਸੜਕਾਂ ਤੱਕ ਪੁੱਜਣਗੇ।
ਸੈਲਫ-ਡਰਾਈਵਿੰਗ ਕਾਰਾਂ ਦਾ ਵੱਖ-ਵੱਖ ਸ਼ਹਿਰਾਂ ਤੇ ਮਹਾਦੀਪਾਂ ’ਚ ਵਿਸਥਾਰ ਇਸ ਗੱਲ ਦਾ ਸੰਕੇਤ ਹੈ ਕਿ ਏਂਬੇਡੇਡ ਇੰਟੈਲੀਜੈਂਸ ਹੁਣ ਕਲਪਨਾ ਨਹੀਂ, ਬਲਕਿ ਅਸਲੀ ਸੰਚਾਲਨ ਬਣ ਚੁੱਕੀ ਹੈ। ਸੈਲਫ-ਡਰਾਈਵਿੰਗ ਕਾਰਾਂ ਇਨਸਾਨੀ ਦਖ਼ਲ ਤੋਂ ਬਿਨਾਂ ਚੱਲ ਸਕਦੀਆਂ ਹਨ। ਅਗਲੇ ਸਾਲ ਏ.ਆਈ. ਵੈਲਿਊਏਸ਼ਨਜ਼ ’ਚ ਸੁਧਾਰ ਜ਼ਰੂਰ ਆਵੇਗਾ ਪਰ ਗਿਰਾਵਟ ਨਹੀਂ, ਕਿਉਂਕਿ ਤਕਨੀਕ ਪੁਖ਼ਤਾ ਹੈ, ਇਨਫਰਾਸਟ੍ਰਕਚਰ ਡੂੰਘਾ ਹੈ ਤੇ ਕੈਸ਼ ਫਲੋਅ ਮਜ਼ਬੂਤ ਹੈ। ਇਸ ਦੀ ਥਾਂ ਜੋ ਚੀਜ਼ ਸਭ ਤੋਂ ਕੀਮਤੀ ਬਣੇਗੀ, ਉਹ ਹੈ ਮਨੁੱਖੀ ਤੱਤ। ਜਦ ਏ.ਆਈ.-ਜਨਰੇਟਿਡ ਕੰਟੈਂਟ ਇੰਟਰਨੈੱਟ ’ਤੇ ਹੜ੍ਹ ਵਾਂਗ ਫੈਲ ਜਾਵੇਗਾ, ਤਦ ਵੈਰੀਫਾਈਡ ਮਨੁੱਖੀ ਰਚਨਾਤਮਕਤਾ, ਵਿਵੇਕ ਤੇ ਜੁੜਾਅ ਇਕ ਤਰ੍ਹਾਂ ਦੀ ਲਗਜ਼ਰੀ ਬਣ ਜਾਣਗੇ। ਕੁੱਲ ਮਿਲਾ ਕੇ ਦੁਨੀਆ ਦੇ ਨਾਲ-ਨਾਲ ਭਾਰਤ ਲਈ ਵੀ 2026 ਏਆਈ ਦੇ ਖੇਤਰ ’ਚ ਇੱਕ ਫ਼ੈਸਲਾਕੁਨ ਪਲ਼ ਲੈ ਕੇ ਆਏਗਾ। ਖ਼ੁਦਮੁਖ਼ਤਿਆਰ ਏ.ਆਈ. ਇਨਫਰਾਸਟ੍ਰਕਚਰ, ਖੇਤਰੀ ਭਾਸ਼ਾਵਾਂ ’ਚ ਕੰਟੈਂਟ ਦਾ ਧਮਾਕਾ ਤੇ ਜੀ.ਪੀ.ਯੂ. (ਗ੍ਰਾਫਿਕਸ ਪ੍ਰੋਸੈਸਿੰਗ ਯੂਨਿਟ) ਤੱਕ ਪਹੁੰਚ ਹੁਣ ਅਸਲੀਅਤ ਲੱਗਣ ਲੱਗੀ ਹੈ। ਜੇ 2025 ਨੇ ਸਾਨੂੰ ਦਿਖਾਇਆ ਕਿ ਏ.ਆਈ. ਕੀ ਕਰ ਸਕਦੀ ਹੈ ਤਾਂ 2026 ਸਾਨੂੰ ਇਹ ਤੈਅ ਕਰਨ ਲਈ ਮਜਬੂਰ ਕਰੇਗਾ ਕਿ ਅਸੀਂ ਉਸ ਦੇ ਨਾਲ ਕਿਵੇਂ ਰਹੀਏ, ਆਪਣੇ ਕੰਮ ਕਰੀਏ ਤੇ ਸ਼ਾਸਨ ਕਰੀਏ। ਕੱਚੀ ਬੁੱਧੀਮਤਾ ਦਾ ਯੁਗ ਪਿੱਛੇ ਰਹਿ ਗਿਆ ਹੈ। ਹੁਣ ਵਿਵੇਕ ਦਾ ਯੁਗ ਸ਼ੁਰੂ ਹੋ ਰਿਹਾ ਹੈ।
ਜਸਪ੍ਰੀਤ ਬਿੰਦਰਾ
(ਲੇਖਕ ਏ.ਆਈ. ਐਂਡ ਬਿਯਾਂਡ ਦਾ ਕੋ-ਫਾਊਂਡਰ ਹੈ)
![]()
