ਪ੍ਰਿੰਸੀਪਲ ਵਿਜੈ ਕੁਮਾਰ
ਕੈਨੇਡਾ ’ਚ ਆਏ ਦਿਨ ਵਧ ਰਹੀ ਬੇਰੁਜ਼ਗਾਰੀ, ਸੜਕ ਹਾਦਸੇ, ਚੋਰੀਆਂ, ਡਕੈਤੀਆਂ, ਨਸ਼ਿਆਂ ਦੀ ਵਰਤੋਂ, ਸਮਗਲਿੰਗ, ਮਹਿੰਗਾਈ, ਲੁੱਟਾਂ ਖੋਹਾਂ, ਟੈਕਸਾਂ ਦੀ ਭਰਮਾਰ, ਫਿਰੌਤੀਆਂ ਦੇ ਲੜਾਈ-ਝਗੜੇ, ਜੇਬ ਕਤਰਿਆਂ, ਅਦਾਲਤਾਂ ’ਚ ਵਧ ਰਹੇ ਝਗੜਿਆਂ ਦੀ ਤਾਦਾਦ, ਇੱਥੋਂ ਦੇ ਕਾਨੂੰਨਾਂ ਨੂੰ ਟਿੱਚ ਸਮਝਣ ਤੇ ਘਰਾਂ ਦੀ ਸਮੱਸਿਆ ਕਾਰਨ ਇੱਥੇ ਹਾਲਾਤ ਲਗਾਤਾਰ ਵਿਗੜ ਰਹੇ ਹਨ। ਇਸ ਸਭ ਨੇ ਇੱਥੇ ਵਸਣ ਆਏ 162 ਦੇਸ਼ਾਂ ਦੇ ਪਰਵਾਸੀ ਲੋਕਾਂ ਲਈ ਵੱਡੀਆਂ ਚੁਣੌਤੀਆਂ ਖੜ੍ਹੀਆਂ ਕਰ ਦਿੱਤੀਆਂ ਹਨ। ਇੱਥੋਂ ਦੀਆਂ ਸਰਕਾਰਾਂ ਵੱਲੋਂ ਨਿੱਤ ਨਵੇਂ ਪਾਸ ਕੀਤੇ ਜਾ ਰਹੇ ਕਾਨੂੰਨਾਂ ਨੇ ਤੇ ਅਮਰੀਕਾ ਦੀ ਟਰੰਪ ਸਰਕਾਰ ਦੇ ਫੈਸਲਿਆਂ ਕਾਰਨ ਪਰਵਾਸੀਆਂ ਦੀਆਂ ਦਿੱਕਤਾਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ।
ਇੱਥੇ ਸਿਰਫ਼ ਉਨ੍ਹਾਂ ਨੌਜਵਾਨਾਂ ਦੀ ਹੀ ਗੱਲ ਕਰਾਂਗੇ ਜਿਹੜੇ ਕੈਨੇਡਾ ਵਿੱਚ ਆ ਚੁੱਕੇ ਹਨ ਅਤੇ ਜਿਨ੍ਹਾਂ ਨੂੰ ਇਸ ਮੁਲਕ ’ਚ ਆਪਣਾ ਭਵਿੱਖ ਖ਼ਤਰੇ ਵਿੱਚ ਨਜ਼ਰ ਆ ਰਿਹਾ ਹੈ। ਮੈਂ ਕਈ ਵਾਰ ਪਹਿਲਾਂ ਵੀ ਜ਼ਿਕਰ ਕੀਤਾ ਹੈ ਕਿ ਇੱਥੋਂ ਦੀ ਸਰਕਾਰ ਅਜਿਹੇ ਕਾਨੂੰਨ ਲਿਆਏਗੀ ਜਿਨ੍ਹਾਂ ਨਾਲ ਇਸ ਮੁਲਕ ਵਿੱਚ ਵਸਣ ਵਾਲੇ ਪਰਵਾਸੀ ਲੋਕ ਨਾ ਇੱਥੇ ਵਸਣ ਜੋਗੇ ਰਹਿਣਗੇ ਤੇ ਨਾ ਹੀ ਇਸ ਨੂੰ ਛੱਡ ਕੇ ਜਾਣ ਜੋਗੇ ਰਹਿਣਗੇ। ਇੱਥੇ ਨਵੇਂ ਨੌਜਵਾਨ ਮੁੰਡੇ ਅਤੇ ਕੁੜੀਆਂ ਦੇ ਆਉਣ ਲਈ ਰਾਹ ਬੰਦ ਹੋਣ ਦੀ ਗੱਲ ਤਾਂ ਬੀਤੇ ਸਮੇਂ ਦੀ ਗੱਲ ਬਣ ਕੇ ਰਹਿ ਗਈ ਹੈ, ਹੁਣ ਤਾਂ ਗੱਲ ਉਨ੍ਹਾਂ ਮੁੰਡੇ, ਕੁੜੀਆਂ ਦੀ ਕਰਨ ਦੀ ਲੋੜ ਹੈ, ਜਿਹੜੇ ਇਸ ਮੁਲਕ ਵਿੱਚ ਆ ਚੁੱਕੇ ਹਨ ਤੇ ਉਨ੍ਹਾਂ ਨੂੰ ਇੱਥੋਂ ਕੱਢੇ ਜਾਣ ਦੀਆਂ ਗੱਲਾਂ ਹੋ ਰਹੀਆਂ ਹਨ।
ਸਭ ਤੋਂ ਪਹਿਲਾਂ ਤਾਂ ਇਹ ਗੱਲ ਸਪੱਸ਼ਟ ਕਰਨੀ ਜ਼ਰੂਰੀ ਹੋਵੇਗੀ ਕਿ ਇੱਥੇ ਦੂਜੇ ਦੇਸ਼ਾਂ ਤੋਂ ਆ ਕੇ ਵਸ ਚੁੱਕੇ ਅਤੇ ਵਸਣ ਦੇ ਚਾਹਵਾਨ ਨੌਜਵਾਨ ਮੁੰਡੇ, ਕੁੜੀਆਂ ਲਈ ਇਹ ਸਾਰੀਆਂ ਚੁਣੌਤੀਆਂ ਪੈਦਾ ਕਿਉਂ ਹੋਈਆਂ ਅਤੇ ਸਰਕਾਰ ਨੂੰ ਇਹ ਨਵੇਂ ਸਖ਼ਤ ਕਾਨੂੰਨ ਬਣਾਉਣ ਦੀ ਲੋੜ ਕਿਉਂ ਪਈ? ਪਿਛਲੇ ਕੁਝ ਸਾਲਾਂ ਤੱਕ ਸਭ ਕੁਝ ਠੀਕ ਚੱਲ ਰਿਹਾ ਸੀ। ਪਹਿਲਾਂ ਤਾਂ ਇੱਥੋਂ ਦੀਆਂ ਸਰਕਾਰਾਂ ਨੇ ਆਪਣਾ ਸਿਆਸੀ ਲਾਹਾ ਲੈਣ ਅਤੇ ਆਪਣੀ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਦੂਜੇ ਮੁਲਕਾਂ ਤੋਂ ਧੜਾਧੜ ਮੁੰਡੇ, ਕੁੜੀਆਂ ਨੂੰ ਬੁਲਾਉਣਾ ਸ਼ੁਰੂ ਕਰ ਦਿੱਤਾ। ਦੂਜੇ ਦੇਸ਼ਾਂ ਦੇ ਮੁੰਡੇ, ਕੁੜੀਆਂ ਨੇ ਵੀ ਇਹ ਸੋਚ ਕੇ ਕਿ ਇੱਥੇ ਡਾਲਰ ਖਿਲਰੇ ਹੋਏ ਪਏ ਹਨ, ਸਿਰਫ਼ ਝਾੜੂ ਨਾਲ ਇਕੱਠੇ ਹੀ ਕਰਨੇ ਹਨ, ਠੀਕ ਗ਼ਲਤ ਢੰਗਾਂ ਨਾਲ ਇੱਥੇ ਪਹੁੰਚਣਾ ਸ਼ੁਰੂ ਕਰ ਦਿੱਤਾ। ਇੱਥੋਂ ਦੀ ਆਬਾਦੀ ਵਿੱਚ ਵਾਧਾ ਹੋਣ ਨਾਲ ਬੇਰੁਜ਼ਗਾਰੀ ਦੀ ਸਮੱਸਿਆ ਵਿੱਚ ਵਾਧਾ ਹੋਣਾ ਸੁਭਾਵਿਕ ਜਿਹੀ ਗੱਲ ਸੀ। ਜਿਨ੍ਹਾਂ ਮੁੰਡੇ, ਕੁੜੀਆਂ ਕੋਲ ਰੋਟੀ ਰੋਜ਼ੀ ਕਮਾਉਣ ਦਾ ਕੋਈ ਨਾ ਕੋਈ ਗੁਣ ਸੀ, ਜਿਹੜੇ ਮਿਹਨਤੀ ਸਨ, ਠੀਕ ਢੰਗ ਨਾਲ ਇਸ ਮੁਲਕ ਵਿੱਚ ਆਏ ਹੋਏ ਸਨ, ਉਨ੍ਹਾਂ ਨੇ ਰੁਜ਼ਗਾਰ ਵੀ ਲੱਭ ਲਿਆ ਤੇ ਆਪਣਾ ਭਵਿੱਖ ਵੀ ਸਵਾਰ ਲਿਆ, ਪਰ ਇਨ੍ਹਾਂ ਨੌਜਵਾਨਾਂ ’ਚ ਇੱਕ ਵਰਗ ਉਹ ਵੀ ਪੈਦਾ ਹੋ ਗਿਆ, ਜਿਨ੍ਹਾਂ ਨੂੰ ਇਹ ਭੁੱਲ ਗਿਆ ਕਿ ਉਹ ਕਿਸ ਉਦੇਸ਼ ਨਾਲ ਇੱਥੇ ਆਏ ਹੋਏ ਹਨ। ਉਨ੍ਹਾਂ ਦੇ ਮਾਪਿਆਂ ਨੇ ਉਨ੍ਹਾਂ ਨੂੰ ਕਿੰਨੇ ਔਖੇ ਹੋ ਕੇ ਇਸ ਮੁਲਕ ’ਚ ਭੇਜਿਆ ਹੈ। ਉਹ ਮਾੜੀ ਸੰਗਤ ’ਚ ਪੈ ਗਏ।
ਉਨ੍ਹਾਂ ਨੂੰ ਨਸ਼ੇ, ਲੜਾਈਆਂ-ਝਗੜੇ , ਲੁੱਟਾਂ-ਖੋਹਾਂ, ਚੋਰੀਆਂ, ਧੋਖਾ-ਧੜੀਆਂ ਕਰਨ, ਫਿਰੌਤੀਆਂ ਮੰਗਣ ਦੀ ਆਦਤ ਪੈ ਗਈ। ਉਹ ਬੈਂਕਾਂ, ਬੀਮਾ ਕੰਪਨੀਆਂ ਅਤੇ ਹੋਰ ਅਦਾਰਿਆਂ ਨਾਲ ਹੇਰਾਫੇਰੀਆਂ ਕਰਨ ਲੱਗ ਪਏ। ਉਨ੍ਹਾਂ ਨੇ ਮਾਲਕ ਮਕਾਨਾਂ ਨਾਲ ਝਗੜੇ ਕਰਨੇ ਸ਼ੁਰੂ ਕਰ ਦਿੱਤੇ। ਕ੍ਰੈਡਿਟ ਕਾਰਡਾਂ ਨਾਲ ਹੇਰਾਫੇਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਨਸ਼ਿਆਂ ਦੀ ਸਮੱਗਲਿੰਗ ਕਰਨੀ ਸ਼ੁਰੂ ਕਰ ਦਿੱਤੀ। ਸ਼ਰਾਬ ਪੀਕੇ ਗੱਡੀਆਂ ਵਿੱਚ ਉੱਚੀ ਆਵਾਜ਼ ’ਚ ਗਾਣੇ ਲਗਾ ਕੇ ਤੇਜ਼ ਸਪੀਡ ’ਤੇ ਗੱਡੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਨਤਕ ਥਾਵਾਂ, ਪਲਾਜ਼ਿਆਂ ’ਤੇ ਡੈੱਕ ਲਗਾ ਕੇ ਨੱਚਣਾ ਸ਼ੁਰੂ ਕਰ ਦਿੱਤਾ। ਇੱਥੋਂ ਦੇ ਕਾਨੂੰਨਾਂ ਦੀ ਢਿੱਲ ਦਾ ਨਾਜਾਇਜ਼ ਲਾਭ ਉਠਾਉਣਾ ਸ਼ੁਰੂ ਕਰ ਦਿੱਤਾ। ਪੁਲਿਸ ਨਾਲ ਲੜਾਈ ਝਗੜੇ ਕਰਨੇ ਸ਼ੁਰੂ ਕਰ ਦਿੱਤੇ। ਇੱਥੋਂ ਦੀ ਸਰਕਾਰ ਵਿਰੁੱਧ ਸੜਕਾਂ ਉਤੇ ਮੁਜ਼ਾਹਰੇ ਕਰਨੇ ਸ਼ੁਰੂ ਕਰ ਦਿੱਤੇ। ਸੜਕਾਂ ਉੱਤੇ ਹੁੜਦੰਗ ਮਚਾਉਣਾ ਸ਼ੁਰੂ ਕਰ ਦਿੱਤਾ।
ਸਰਕਾਰ ਆਪਣਾ ਅੰਤਰਰਾਸ਼ਟਰੀ ਵੱਕਾਰ ਖ਼ਰਾਬ ਹੋਣ ਦੇ ਡਰ ਨਾਲ ਢਿੱਲ ਵਰਤਦੀ ਰਹੀ। ਇਨ੍ਹਾਂ ਨੂੰ ਲੱਗਣ ਲੱਗਾ ਕਿ ਸਰਕਾਰ ਉਨ੍ਹਾਂ ਦਾ ਕੁਝ ਨਹੀਂ ਵਿਗਾੜ ਸਕਦੀ, ਪਰ ਇਸ ਮੁਲਕ ਦੀ ਸਰਕਾਰ ਆਪਣੇ ਮੁਲਕ ਦਾ ਮਾਹੌਲ ਖ਼ਰਾਬ ਹੁੰਦਾ ਕਿਵੇਂ ਬਰਦਾਸ਼ਤ ਕਰ ਸਕਦੀ ਹੈ ? ਹੁਣ ਇੱਥੋਂ ਦੀ ਸਰਕਾਰ ਨੇ ਸਭ ਤੋਂ ਪਹਿਲਾਂ ਤਾਂ ਇੱਥੇ ਆਉਣ ਵਾਲੇ ਬੱਚਿਆਂ ਲਈ ਕਾਨੂੰਨ ਬਹੁਤ ਸਖ਼ਤ ਕਰ ਦਿੱਤੇ ਹਨ। ਪੁਰਾਣੇ ਵਰਕ ਪਰਮਿਟਾਂ ’ਚ ਵਾਧਾ ਕਰਨਾ ਅਤੇ ਨਵੇਂ ਵਰਕ ਪਰਮਿਟ ਦੇਣ ਦੇ ਕਾਨੂੰਨ ਸਖ਼ਤ ਕਰ ਦਿੱਤੇ ਹਨ। ਹੁਣ ਇੱਥੋਂ ਦੀ ਪੀ.ਆਰ. (ਪੱਕੀ ਨਾਗਰਿਕਤਾ) ਹਾਸਲ ਕਰਨੀ ਵੀ ਸੌਖੀ ਗੱਲ ਨਹੀਂ ਹੋਵੇਗੀ। ਬਿਨਾਂ ਪਰਮਿਟ ਤੋਂ ਕੰਮ ਕਰਨ ਵਾਲੇ ਗ਼ਲਤ ਢੰਗਾਂ ਨਾਲ ਆਏ ਨੌਜਵਾਨਾਂ ਨੂੰ ਵਾਪਸ ਭੇਜਿਆ ਜਾਵੇਗਾ। ਕਾਨੂੰਨ ਤੋੜਨ ਵਾਲਿਆਂ ਨਾਲ ਪੁਲੀਸ ਸਖ਼ਤੀ ਨਾਲ ਪੇਸ਼ ਆਵੇਗੀ।
ਹੁਣ ਸਵਾਲ ਇਹ ਹੈ ਕਿ ਨੌਜਵਾਨਾਂ ਨੂੰ ਆਪਣੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਨਾਲ ਕਿਵੇਂ ਨਜਿੱਠਣਾ ਹੋਵੇਗਾ ? ਸਭ ਤੋਂ ਪਹਿਲਾਂ ਤਾਂ ਮਾੜੀ ਸੰਗਤ ’ਚ ਪਏ ਮਾੜੀਆਂ ਹਰਕਤਾਂ ਕਰਨ ਵਾਲੇ ਬੱਚਿਆਂ ਨੂੰ ਇਹ ਗੱਲ ਯਾਦ ਰੱਖਣੀ ਪਵੇਗੀ ਕਿ ਉਹ ਕਿਸ ਉਦੇਸ਼ ਨੂੰ ਲੈ ਕੇ ਇਸ ਮੁਲਕ ਵਿੱਚ ਆਏ ਹੋਏ ਹਨ। ਉਨ੍ਹਾਂ ਨੂੰ ਮਾੜੀ ਸੰਗਤ ਛੱਡ ਕੇ ਆਪਣੇ ਭਵਿੱਖ ਦਾ ਫ਼ਿਕਰ ਕਰਨਾ ਪਵੇਗਾ। ਇੱਥੋਂ ਦੇ ਕਾਨੂੰਨਾਂ ਦੀ ਪਾਲਣਾ ਕਰਨੀ ਪਵੇਗੀ। ਲੜਾਈ ਝਗੜਿਆਂ ਅਤੇ ਹੇਰਾਫੇਰੀਆਂ ਤੋਂ ਆਪਣੇ ਆਪ ਨੂੰ ਦੂਰ ਰੱਖਣਾ ਪਵੇਗਾ। ਕੇਵਲ ਆਪਣੇ ਕੰਮ ਨਾਲ ਮਤਲਬ ਰੱਖਣਾ ਪਵੇਗਾ। ਇਮਾਨਦਾਰੀ ਨਾਲ ਕੰਮ ਕਰਨਾ ਪਵੇਗਾ। ਸੜਕੀ ਨਿਯਮਾਂ ਅਤੇ ਸਾਫ਼ ਸਫ਼ਾਈ ਦਾ ਧਿਆਨ ਰੱਖਣਾ ਪਵੇਗਾ। ਅਦਾਲਤੀ ਝਗੜਿਆਂ ਤੋਂ ਦੂਰ ਰਹਿਣਾ ਪਵੇਗਾ। ਨਸ਼ਿਆਂ ਤੋਂ ਦੂਰ ਰਹਿਣਾ ਪਵੇਗਾ, ਅਮਨ ਅਮਾਨ ਨਾਲ ਜ਼ਿੰਦਗੀ ਗੁਜ਼ਾਰਨੀ ਹੋਵੇਗੀ। ਕੇਵਲ ਆਪਣੇ ਆਪ ਹੀ ਨਹੀਂ ਸਗੋਂ ਮਾੜੀਆਂ ਹਰਕਤਾਂ ਕਰਨ ਵਾਲੇ ਆਪਣੇ ਸਾਥੀਆਂ ਨੂੰ ਵੀ ਰੋਕਣਾ ਹੋਵੇਗਾ ਕਿਉਂਕਿ ਮਾੜੇ ਕੰਮ ਕਰਨ ਵਾਲਿਆਂ ਦਾ ਖਮਿਆਜ਼ਾ ਉਨ੍ਹਾਂ ਨੌਜਵਾਨਾਂ ਨੂੰ ਵੀ ਭੁਗਤਣਾ ਪੈ ਰਿਹਾ ਹੈ ਜੋ ਬਹੁਤ ਸੰਜਮ ਦੀ ਜ਼ਿੰਦਗੀ ਗੁਜ਼ਾਰ ਰਹੇ ਹਨ। ਮਿਹਨਤ ਨਾਲ ਕੰਮ ਕਰਨਾ ਪਵੇਗਾ।
ਮਾੜੀਆਂ ਆਦਤਾਂ ਵਾਲੇ ਨੌਜਵਾਨਾਂ ਨਾਲੋਂ ਉਨ੍ਹਾਂ ਨੌਜਵਾਨਾਂ ਨੂੰ ਆਪਣਾ ਆਦਰਸ਼ ਬਣਾਓ ਜਿਹੜੇ ਪਰਵਾਸੀ ਨੌਜਵਾਨ ਇੱਥੇ ਡਾਕਟਰ, ਵਕੀਲ, ਜੱਜ, ਇੰਜਨੀਅਰ, ਮੰਤਰੀ ਅਤੇ ਵੱਡੇ ਕਾਰੋਬਾਰੀ ਬਣ ਕੇ ਅਨੰਦ ਕਰ ਰਹੇ ਹਨ ਅਤੇ ਸਰਕਾਰਾਂ ਨੂੰ ਉਨ੍ਹਾਂ ਦੀ ਲੋੜ ਰਹਿੰਦੀ ਹੈ। ਇਸ ਮੁਲਕ ਦੀਆਂ ਸਰਕਾਰਾਂ ਦਾ ਵਿਸ਼ਵਾਸ ਜਿੱਤਣਾ ਪਵੇਗਾ। ਇੱਥੋਂ ਦੀਆਂ ਸਰਕਾਰਾਂ ਵੀ ਪਰਵਾਸੀ ਲੋਕਾਂ ਤੋਂ ਇਹ ਸਾਰਾ ਕੁਝ ਚਾਹੁੰਦੀਆਂ ਹਨ। ਜਦੋਂ ਇੱਥੋਂ ਦੇ ਹਾਲਾਤ ਠੀਕ ਹੋ ਜਾਣਗੇ, ਉਦੋਂ ਇੱਥੇ ਰੁਜ਼ਗਾਰ ਦੇ ਮੌਕੇ ਵੀ ਪੈਦਾ ਹੋ ਜਾਣਗੇ। ਕਿਸੇ ਨੂੰ ਵੀ ਇੱਥੋਂ ਵਾਪਸ ਨਹੀਂ ਜਾਣਾ ਪਵੇਗਾ। ਵਰਕ ਪਰਮਿਟ ਵੀ ਮਿਲਣੇ ਸ਼ੁਰੂ ਹੋ ਜਾਣਗੇ। ਸਭ ਨੂੰ ਪੱਕੀ ਨਾਗਰਿਕਤਾ ਵੀ ਮਿਲਣ ਲੱਗ ਪਵੇਗੀ। ਨਵੇਂ ਆਉਣ ਵਾਲੇ ਨੌਜਵਾਨਾਂ ਲਈ ਵੀ ਆਉਣ ਦਾ ਰਾਹ ਖੁੱਲ੍ਹ ਜਾਵੇਗਾ।
![]()
