ਭਾਰਤ ਦੀ ਰਾਜਨੀਤੀ ਵਿੱਚ ਰਾਸ਼ਟਰੀ ਸਵੈਸੇਵਕ ਸੰਘ (ਆਰ.ਐੱਸ.ਐੱਸ.) ਅਤੇ ਉਸ ਨਾਲ ਜੁੜੇ ਸੰਘ ਪਰਿਵਾਰ ਦੀ ਭੂਮਿਕਾ ਹਮੇਸ਼ਾ ਵਿਵਾਦ ਵਿੱਚ ਰਹੀ ਹੈ। ਹਾਲ ਹੀ ਵਿੱਚ, ਦੁਨੀਆਂ ਦੇ ਸਭ ਤੋਂ ਵੱਕਾਰੀ ਅਖਬਾਰ ਨਿਊਯਾਰਕ ਟਾਈਮਜ਼ ਨੇ ਇੱਕ ਵੱਡੀ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ, ਜਿਸ ਨੂੰ ‘ਫਰੌਮ ਦ ਸ਼ੈਡੋਜ਼ ਟੂ ਪਾਵਰ: ਹਾਊ ਦ ਹਿੰਦੂ ਰਾਈਟ ਰੀਸ਼ੇਪਡ ਇੰਡੀਆ’ ਨਾਂਅ ਨਾਲ ਜਾਣਿਆ ਜਾਂਦਾ ਹੈ। ਇਹ ਰਿਪੋਰਟ 26 ਦਸੰਬਰ 2025 ਨੂੰ ਛਪੀ ਸੀ ਅਤੇ ਇਸ ਵਿੱਚ ਆਰ.ਐੱਸ.ਐੱਸ. ਨੂੰ ਇੱਕ ਫਾਰ-ਰਾਈਟ ਹਿੰਦੂ ਨੈਸ਼ਨਲਿਸਟ ਗਰੁੱਪ ਵਜੋਂ ਵਰਨਣ ਕੀਤਾ ਗਿਆ ਹੈ, ਜਿਸ ਨੇ ਭਾਰਤ ਨੂੰ ਇੱਕ ਹਿੰਦੂ-ਪ੍ਰਥਮ ਰਾਸ਼ਟਰ ਬਣਾਉਣ ਲਈ ਸਦੀ ਭਰ ਦੀ ਕੋਸ਼ਿਸ਼ ਕੀਤੀ ਹੈ। ਇਸ ਰਿਪੋਰਟ ਨੇ ਭਾਰਤੀ ਰਾਜਨੀਤੀ ਵਿੱਚ ਨਵੇਂ ਵਿਵਾਦ ਪੈਦਾ ਕੀਤੇ ਹਨ ਅਤੇ ਆਰ.ਐੱਸ.ਐੱਸ. ਮੁਖੀ ਮੋਹਨ ਭਾਗਵਤ ਨੇ ਵੀ ਇਸ ਬਾਰੇ ਆਪਣੇ ਬਿਆਨ ਵਿੱਚ ਜਵਾਬ ਦਿੱਤਾ ਹੈ।
ਨਿਊਯਾਰਕ ਟਾਈਮਜ਼ ਦੀ ਇਹ ਰਿਪੋਰਟ ਆਰ.ਐੱਸ.ਐੱਸ. ਦੀ 100 ਸਾਲਾਂ ਦੀ ਯਾਤਰਾ ਨੂੰ ਵਿਸਥਾਰ ਨਾਲ ਬਿਆਨ ਕਰਦੀ ਹੈ। ਰਿਪੋਰਟ ਮੁਤਾਬਕ, ਆਰ.ਐੱਸ.ਐੱਸ. ਨੂੰ 1925 ਵਿੱਚ ਡਾਕਟਰ ਕੇਸ਼ਵ ਬਲੀਰਾਮ ਹੇਡਗੇਵਾਰ ਨੇ ਸਥਾਪਿਤ ਕੀਤਾ ਸੀ ਅਤੇ ਇਹ ਇੱਕ ਅਜਿਹਾ ਸੰਗਠਨ ਹੈ ਜੋ ਹਿੰਦੂ ਨੌਜਵਾਨਾਂ ਨੂੰ ਮਾਰਸ਼ਲ ਆਰਟਸ ਅਤੇ ਅਨੁਸ਼ਾਸਨ ਸਿਖਾਉਂਦਾ ਹੈ। ਰਿਪੋਰਟ ਕਹਿੰਦੀ ਹੈ ਕਿ ਆਰ.ਐੱਸ.ਐੱਸ. ਨੇ ਭਾਰਤ ਨੂੰ ਇੱਕ ਧਰਮ ਨਿਰਪੱਖ ਗਣਰਾਜ ਨੂੰ ਬਦਲ ਕੇ ਹਿੰਦੂ ਰਾਸ਼ਟਰ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਰ.ਐੱਸ.ਐੱਸ. ਦਾ ਮੈਂਬਰ ਵਜੋਂ ਦੱਸਿਆ ਗਿਆ ਹੈ, ਜੋ ਬਚਪਨ ਵਿੱਚ ਹੀ ਇਸ ਨਾਲ ਜੁੜ ਗਏ ਸਨ ਅਤੇ ਬਾਅਦ ਵਿੱਚ ਇਸ ਦੇ ਪੂਰਨਕਾਲੀਨ ਪ੍ਰਚਾਰਕ ਬਣੇ। 2025 ਵਿੱਚ ਆਰ.ਐੱਸ.ਐੱਸ. ਨੇ ਆਪਣਾ ਸੈਂਚੁਰੀ ਮਨਾਇਆ ਅਤੇ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਹ ਹੁਣ ਦੁਨੀਆਂ ਦਾ ਸਭ ਤੋਂ ਵੱਡਾ ਫਾਰ-ਰਾਈਟ ਸੰਗਠਨ ਹੈ।
ਰਿਪੋਰਟ ਵਿੱਚ ਆਰ.ਐੱਸ.ਐੱਸ. ਨੂੰ ਇੱਕ ਗੁਪਤ ਅਤੇ ਵੱਡੀ ਤਾਕਤ ਵਜੋਂ ਵਰਨਣ ਕੀਤਾ ਗਿਆ ਹੈ ਜੋ ਭਾਰਤ ਦੇ ਸਰਕਾਰੀ ਅਦਾਰਿਆਂ, ਪੁਲਿਸ, ਨਿਆਂ ਪਾਲਿਕਾ, ਮੀਡੀਆ ਅਤੇ ਵਿੱਦਿਆ ਵਿੱਚ ਡੂੰਘਾ ਪ੍ਰਭਾਵ ਬਣਾ ਚੁੱਕਾ ਹੈ। ਇਹ ਕਹਿੰਦੀ ਹੈ ਕਿ ਆਰ.ਐੱਸ.ਐੱਸ. ਨੇ ਭਾਰਤ ਨੂੰ ਵਧੇਰੇ ਵੰਡਿਆ ਹੋਇਆ ਸਮਾਜ ਬਣਾ ਦਿੱਤਾ ਹੈ, ਜਿੱਥੇ ਮੁਸਲਮਾਨ ਅਤੇ ਹੋਰ ਘੱਟ ਗਿਣਤੀ ਵਰਗਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਉਦਾਹਰਨ ਵਜੋਂ, ਰਿਪੋਰਟ ਵਿੱਚ ਅਯੋਧਿਆ ਵਿੱਚ ਰਾਮ ਮੰਦਿਰ, ਕਸ਼ਮੀਰ ਦੀ ਆਟੋਨੋਮੀ ਖਤਮ ਕਰਨਾ, ਇਤਿਹਾਸ ਦੀਆਂ ਕਿਤਾਬਾਂ ਬਦਲਣਾ ਅਤੇ ਪੁਲਿਸ-ਪ੍ਰਸ਼ਾਸਨ ਵਿੱਚ ਵਿਚਾਰਧਾਰਕ ਪ੍ਰਭਾਵ ਦਾ ਜ਼ਿਕਰ ਹੈ। ਇਹ ਸਭ ਇੱਕ ਵੱਡੀ ਵਿਚਾਰਧਾਰਕ ਯੋਜਨਾ ਦੇ ਹਿੱਸੇ ਵਜੋਂ ਵੇਖੇ ਜਾਂਦੇ ਹਨ। ਰਿਪੋਰਟ ਕਹਿੰਦੀ ਹੈ ਕਿ ਆਰ.ਐੱਸ.ਐੱਸ. ਦੀ ਤਾਕਤ ਉਸ ਦੇ ਨੈੱਟਵਰਕ ਵਿੱਚ ਹੈ, ਜਿਸ ਵਿੱਚ 2500 ਤੋਂ ਵੱਧ ਜੁੜੇ ਸੰਗਠਨ ਹਨ, ਜਿਵੇਂ ਵਿਸ਼ਵ ਹਿੰਦੂ ਪ੍ਰੀਸ਼ਦ (ਵੀ.ਐੱਚ.ਪੀ.), ਭਾਰਤੀ ਜਨਤਾ ਪਾਰਟੀ (ਬੀਜੇਪੀ), ਵਿਦਿਆ ਭਾਰਤੀ ਅਤੇ ਹੋਰ। ਇਹ ਨੈੱਟਵਰਕ ਵਿਦੇਸ਼ਾਂ ਵਿੱਚ ਵੀ ਫੈਲਿਆ ਹੋਇਆ ਹੈ ਅਤੇ ਭਾਰਤੀ ਡਾਇਸਪੋਰਾ ਨੂੰ ਪ੍ਰਭਾਵਿਤ ਕਰਦਾ ਹੈ।
ਰਿਪੋਰਟ ਨੇ ਆਰ.ਐੱਸ.ਐੱਸ. ਨੂੰ ਘੱਟ ਗਿਣਤੀਆਂ ਵਿਰੋਧੀ ਹਿੰਸਾ ਨਾਲ ਜੋੜਿਆ ਹੈ, ਜਿਵੇਂ ਕਿ ਚਰਚਾਂ ਤੇ ਹਮਲੇ, ਬੀਫ਼ ਦੇ ਸ਼ੱਕ ਵਿੱਚ ਲਿੰਚਿੰਗ ਅਤੇ ਮੁਸਲਮਾਨ ਮੁਹੱਲਿਆਂ ਵਿੱਚ ਜਲੂਸ ਕਢਣਾ। ਰਿਪੋਟ ਕਹਿੰਦੀ ਹੈ ਕਿ ਆਰਐੱਸਐੱਸ ਦੀ ਵੱਡੀ ਤਾਕਤ ਉਸ ਦੀ ਗੁਪਤਤਾ ਅਤੇ ਗੈਰ-ਜਵਾਬਦੇਹੀ ਵਿੱਚ ਹੈ – ਕੋਈ ਆਡਿਟ ਨਹੀਂ, ਕੋਈ ਪਾਰਦਰਸ਼ਤਾ ਨਹੀਂ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਮੋਦੀ ਇੱਕ ਵਿਅਕਤੀ ਨਹੀਂ, ਬਲਕਿ ਆਰਐੱਸਐੱਸ ਦੀ ਯੋਜਨਾ ਦਾ ਇੱਕ ਸਫਲ ਸਖਸ਼ੀਅਤ ਹਨ ਅਤੇ ਉਸ ਤੋਂ ਬਾਅਦ ਵੀ ਇਹ ਵਿਵਸਥਾ ਚੱਲਦੀ ਰਹੇਗੀ।
![]()
