ਭਾਰਤ ਚੀਨ ਨੂੰ ਪਛਾੜ ਕੇ ਬਣਿਆ ਵਿਸ਼ਵ ਦਾ ਸਭ ਤੋਂ ਵੱਡਾ ਚਾਵਲ ਉਤਪਾਦਕ ਦੇਸ਼

In ਮੁੱਖ ਖ਼ਬਰਾਂ
January 05, 2026

-ਭਾਰਤ ਨੇ ਖੇਤੀਬਾੜੀ ਦੇ ਖੇਤਰ ਵਿੱਚ ਇੱਕ ਵੱਡੀ ਉਪਲਬਧੀ ਹਾਸਲ ਕਰਦਿਆਂ ਚੀਨ ਨੂੰ ਪਿੱਛੇ ਛੱਡ ਕੇ ਵਿਸ਼ਵ ਦਾ ਸਭ ਤੋਂ ਵੱਡਾ ਚਾਵਲ ਉਤਪਾਦਕ ਦੇਸ਼ ਬਣ ਗਿਆ ਹੈ। 2024–25 ਖੇਤੀ ਸਾਲ ਵਿੱਚ ਭਾਰਤ ਦਾ ਚਾਵਲ ਉਤਪਾਦਨ ਲਗਭਗ 150 ਮਿਲੀਅਨ ਟਨ ਤੱਕ ਪਹੁੰਚਣ ਦਾ ਅਨੁਮਾਨ ਹੈ, ਜਦਕਿ ਚੀਨ ਦਾ ਉਤਪਾਦਨ ਲਗਭਗ 145 ਮਿਲੀਅਨ ਟਨ ਰਹਿਣ ਦੀ ਉਮੀਦ ਹੈ। ਇਹ ਤਬਦੀਲੀ ਏਸ਼ੀਆਈ ਖੇਤੀਬਾੜੀ ਅਤੇ ਗਲੋਬਲ ਭੋਜਨ ਬਾਜ਼ਾਰਾਂ ਵਿੱਚ ਇੱਕ ਮਹੱਤਵਪੂਰਨ ਬਦਲਾਅ ਨੂੰ ਦਰਸਾਉਂਦੀ ਹੈ।
ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਬੀਤੇ ਦਿਨੀਂ ਇਸ ਪ੍ਰਾਪਤੀ ਦਾ ਐਲਾਨ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਭਾਰਤ ਨੇ ਚੀਨ ਨੂੰ ਪਿੱਛੇ ਛੱਡ ਕੇ ਚਾਵਲ ਉਤਪਾਦਨ ਵਿੱਚ ਵਿਸ਼ਵ ਪੱਧਰ ਤੇ ਪਹਿਲਾ ਸਥਾਨ ਹਾਸਲ ਕਰ ਲਿਆ ਹੈ। ਇਹ ਸਫਲਤਾ ਭਾਰਤੀ ਕਿਸਾਨਾਂ ਦੀ ਮਿਹਨਤ, ਸਰਕਾਰੀ ਨੀਤੀਆਂ ਅਤੇ ਤਕਨੀਕੀ ਤਰੱਕੀ ਦਾ ਨਤੀਜਾ ਹੈ।
ਭਾਰਤ ਨੇ ਚੀਨ ਨੂੰ ਪਿੱਛੇ ਛੱਡਣ ਵਿੱਚ ਕਈ ਕਾਰਕਾਂ ਨੇ ਅਹਿਮ ਭੂਮਿਕਾ ਨਿਭਾਈ ਹੈ,ਜਿਵੇਂ ਮੌਸਮੀ ਵਰਖਾ ਦੀ ਚੰਗੀ ਵੰਡ ਅਤੇ ਵੱਧ ਮੀਂਹ ਨੇ ਮੁੱਖ ਚਾਵਲ ਖੇਤਰਾਂ ਵਿੱਚ ਬਿਜਾਈ ਅਤੇ ਪੈਦਾਵਾਰ ਨੂੰ ਵਧਾਇਆ ਹੈ।ਨਿਊਨਤਮ ਸਮਰਥਨ ਮੁੱਲ, ਸਰਕਾਰੀ ਖਰੀਦ ਅਤੇ ਸਬਸਿਡੀਆਂ ਨੇ ਕਿਸਾਨਾਂ ਨੂੰ ਚਾਵਲ ਉਗਾਉਣ ਲਈ ਪ੍ਰੇਰਿਤ ਕੀਤਾ ਹੈ।ਉੱਚ ਪੈਦਾਵਾਰ ਵਾਲੀਆਂ ਅਤੇ ਹਾਈਬਿ੍ਰਡ ਕਿਸਮਾਂ, ਬਿਹਤਰ ਖੇਤੀ ਵਿਧੀਆਂ ਅਤੇ ਮਸ਼ੀਨੀਕਰਨ ਨੇ ਪੱਛਮੀ ਬੰਗਾਲ, ਉੱਤਰ ਪ੍ਰਦੇਸ਼, ਛੱਤੀਸਗੜ੍ਹ ਅਤੇ ਓੜੀਸਾ ਵਰਗੇ ਰਾਜਾਂ ਵਿੱਚ ਪੈਦਾਵਾਰ ਨੂੰ ਵਧਾਇਆ ਹੈ, ਜਿਸ ਨਾਲ ਰਾਸ਼ਟਰੀ ਉਤਪਾਦਨ ਵਿੱਚ ਲੱਖਾਂ ਟਨ ਵਾਧਾ ਹੋਇਆ ਹੈ।
ਦੂਜੇ ਪਾਸੇ, ਚੀਨ ਵਿੱਚ ਸ਼ਹਿਰੀਕਰਨ, ਮਜ਼ਦੂਰਾਂ ਦੀ ਤਬਦੀਲੀ ਅਤੇ ਫਸਲ ਵਿਭਿੰਨਤਾ ਕਾਰਨ ਚਾਵਲ ਖੇਤਰ ਵਿੱਚ ਵਾਧਾ ਰੁਕ ਗਿਆ ਹੈ, ਜਿਸ ਨਾਲ ਉਸ ਦੇ ਚੋਲ ਉਤਪਾਦਨ ਵਿਚ ਵਾਧਾ ਨਹੀਂ ਹੋ ਸਕਿਆ।
ਭਾਰਤ ਦੀ ਇਸ ਨਵੀਂ ਚਾਵਲ ਮਹਾਸ਼ਕਤੀ ਵਿੱਚ ਪੰਜਾਬ ਦੀ ਭੂਮਿਕਾ ਬਹੁਤ ਮਹੱਤਵਪੂਰਨ ਰਹੀ ਹੈ। ਹਰੀ ਕ੍ਰਾਂਤੀ ਦੇ ਸਮੇਂ ਤੋਂ ਪੰਜਾਬ ਭਾਰਤ ਦਾ ਅਨਾਜ ਦਾ ਭੰਡਾਰ ਬਣਿਆ ਸੀ। ਸਿੰਚਾਈ, ਖਾਦ ਅਤੇ ਉੱਚ ਪੈਦਾਵਾਰ ਵਾਲੀਆਂ ਬੀਜਾਂ ਨੇ ਇਸ ਨੂੰ ਚਾਵਲ ਉਤਪਾਦਨ ਵਿੱਚ ਅਗਵਾਈ ਦਿੱਤੀ। 1980 ਦੇ ਦਹਾਕੇ ਵਿੱਚ ਜਿੱਥੇ ਪੰਜਾਬ ਦਾ ਚਾਵਲ ਉਤਪਾਦਨ ਸਿਰਫ਼ 3.2 ਮਿਲੀਅਨ ਟਨ ਸੀ, ਉੱਥੇ 2023 ਤੱਕ ਇਹ ਵਧ ਕੇ ਲਗਭਗ 13 ਮਿਲੀਅਨ ਟਨ ਹੋ ਗਿਆ। ਇਹ ਉਤਪਾਦਨ ਨਾ ਸਿਰਫ਼ ਸਥਾਨਕ ਖਪਤ ਲਈ ਹੈ, ਸਗੋਂ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਰਾਹੀਂ ਦੇਸ਼ ਭਰ ਵਿੱਚ ਵੰਡਿਆ ਜਾਂਦਾ ਹੈ।
ਪਰ ਪੰਜਾਬ ਦੀ ਚਾਵਲ-ਕਣਕ ਚੱਕਰ ਵਿਧੀ ਨੇ ਵਾਤਾਵਰਣ ਨੂੰ ਨੁਕਸਾਨ ਵੀ ਪਹੁੰਚਾਇਆ ਹੈ। ਭੂਜਲ ਪੱਧਰ ਡਿੱਗਣਾ, ਖਾਦਾਂ ਦੀ ਵੱਧ ਵਰਤੋਂ ਅਤੇ ਪਰਾਲੀ ਸਾੜਨ ਨਾਲ ਹਵਾ ਪ੍ਰਦੂਸ਼ਣ ਵਧਿਆ ਹੈ। ਸਰਕਾਰ ਹੁਣ ਫਸਲ ਵਿਭਿੰਨਤਾ, ਮੱਕੀ, ਦਾਲਾਂ ਅਤੇ ਬਾਗਬਾਨੀ ਵੱਲ ਧੱਕਾ ਦੇ ਰਹੀ ਹੈ, ਨਾਲ ਹੀ ਪਾਣੀ ਬਚਾਉਣ ਵਾਲੀਆਂ ਤਕਨੀਕਾਂ ਜਿਵੇਂ ਡਾਇਰੈਕਟ ਸੀਡੇਡ ਰਾਈਸ ਨੂੰ ਉਤਸ਼ਾਹਿਤ ਕਰ ਰਹੀ ਹੈ।

Loading