ਕੀ ਮੁੜ ਹੋ ਰਹੀ ਹੈ ਬਸਤੀਵਾਦੀ ਯੁੱਗ ਦੀ ਵਾਪਸੀ?

In ਮੁੱਖ ਲੇਖ
January 08, 2026

ਵੈਨੇਜ਼ੁਏਲਾ ਲਾਤੀਨੀ ਅਮਰੀਕਾ ਦਾ ਪੂਰੇ ਵਿਸ਼ਵ ਵਿੱਚ ਸਭ ਤੋਂ ਵੱਡਾ ਭਾਵ 303 ਬਿਲੀਅਨ ਬੈਰਲ ਤੇਲ ਦਾ ਜ਼ਖੀਰਾ ਰੱਖਣ ਵਾਲਾ ਦੇਸ਼ ਹੈ। ਉਹ ਲੰਬੇ ਸਮੇਂ ਤੋਂ ਉਸ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ’ਤੇ ਕੋਕੀਨ ਤਸਕਰੀ ਦਾ ਵੱਡਾ ਤਸਕਰ ਹੋਣ ਦਾ ਦੋਸ਼ ਲਗਾ ਰਿਹਾ ਹੈ। ਅਮਰੀਕਾ ਦੀ ਫੈਡਰਲ ਅਦਾਲਤ ਨੇ ਸੰਨ 2020 ਵਿਚ ਉਸ ਨੂੰ ਟਨਾਂ ਦੇ ਹਿਸਾਬ ਨਾਲ ਕੋਕੀਨ ਕੌਮਾਂਤਰੀ ਤਸਕਰ ਕਾਲ ਡੀ ਲੋਸ ਸੋਲਜ ਜ਼ਰੀਏ ਭੇਜਣ ਲਈ ਦੋਸ਼ੀ ਠਹਿਰਾਇਆ ਸੀ ਜੋ ਦੋਸ਼ ਉਸ ਨੇ ਨਕਾਰ ਦਿੱਤਾ ਸੀ।
ਦਰਅਸਲ, ਸਾਰੀ ਖੇਡ ਤੇਲ, ਸੋਨੇ ਅਤੇ ਹੋਰ ਕੁਦਰਤੀ ਭੰਡਾਰਾਂ ਦੀ ਹੈ। ਮਾਦੁਰੋ ਅਮਰੀਕਾ ਦਾ ਪਿੱਠੂ ਬਣਨ ਲਈ ਤਿਆਰ ਨਹੀਂ ਸੀ। ਇਸੇ ਲਈ ਟਰੰਪ ਨੇ ਪਿਛਲੇ ਚਾਰ ਮਹੀਨੇ ਤੋਂ ਸਮੁੰਦਰੀ ਜਹਾਜ਼ਾਂ, 15000 ਨੇਵੀ ਲੜਾਕੂਆਂ ਨਾਲ ਕੈਰੇਬੀਅਨ ਪਾਣੀਆਂ ਅਤੇ ਵੈਨੇਜ਼ੁਏਲਾ ਦੀ ਹਵਾਈ ਆਵਾਜਾਈ ਦੀ ਨਾਕਾਬੰਦੀ ਕੀਤੀ ਹੋਈ ਸੀ। ਉਸ ਵਿਰੁੱਧ ਆਰਥਿਕ ਪਾਬੰਦੀਆਂ ਲਗਾਈਆਂ ਹੋਈਆਂ ਸਨ। ਅਮਰੀਕਾ ਨੇ ਦੋ ਦਰਜਨ ਹਮਲਿਆਂ ਵਿੱਚ ਕਿਸ਼ਤੀਆਂ ਸਵਾਰ 110 ਦੇ ਕਰੀਬ ਵਿਅਕਤੀ ਤਸਕਰੀ ਦੇ ਦੋਸ਼ਾਂ ਹੇਠ ਮਾਰ-ਮੁਕਾਏ ਸਨ।
ਸ਼ਨਿੱਚਰਵਾਰ ਤਿੰਨ ਜਨਵਰੀ 2026 ਨੂੰ ਰਾਤ 2 ਵਜੇ ਅਮਰੀਕਾ ਨੇ ਵੈਨੇਜ਼ੁਏਲਾ ਦੀ ਰਾਜਧਾਨੀ ਕਾਰਾਕਾਸ ’ਤੇ ਹਮਲਾ ਕਰਦੇ ਹੋਏ 90 ਮਿੰਟ ਤਾਬੜਤੋੜ ਬੰਬਾਰੀ ਕੀਤੀ। ਮੀਰਾਂਡਾ, ਰਾਗੁਆ ਅਤੇ ਲਾ ਗਵੇਰਾ ਨਾਮਕ ਤਿੰਨ ਪ੍ਰਾਂਤਾਂ ’ਤੇ ਵੀ ਹਮਲਾ ਕੀਤਾ ਜਿਸ ਵਿੱਚ 150 ਹਵਾਈ ਜਹਾਜ਼ਾਂ ਨੇ ਭਾਗ ਲਿਆ। ਰਾਸ਼ਟਰਪਤੀ ਮਾਦੁਰੋ ਦੀ ਰਿਹਾਇਸ਼ ’ਤੇ ਕਬਜ਼ਾ ਕਰ ਲਿਆ ਗਿਆ। ਉਹ ਪਤਨੀ ਸਮੇਤ ਸਟੀਲ ਚੈਂਬਰ ਵਿੱਚ ਪਨਾਹ ਲੈਣ ਵਾਲਾ ਹੀ ਸੀ ਕਿ ਕੁੰਡਾ ਨਾ ਵੱਜ ਸਕਿਆ ਅਤੇ ਪਕੜਿਆ ਗਿਆ। ਉਸ ਨੂੰ ਯੂਐੱਸਐੱਸ ਐੱਮਪੀਫੀਬੀਐੱਸ ਵਿੱਚ ਹੈਲੀਕਾਪਟਰ ਰਾਹੀਂ ਲਿਆਂਦਾ। ਉੱਥੋਂ ਨਿਊਯਾਰਕ ਡਿਟੈਂਸ਼ਨ ਸੈਂਟਰ ਵਿੱਚ ਲਿਆਂਦਾ। ਉਸ ਨੂੰ ਮੈਨਹਾਟਨ ਫੈਡਰਲ ਕੋਰਟ ਵਿੱਚ ਪੇਸ਼ ਕੀਤੇ ਜਾਣ ਤੋਂ ਬਾਅਦ ਜੇਲ੍ਹ ਭੇਜਿਆ ਗਿਆ।
ਸੰਨ 1989 ਵਿੱਚ ਪਨਾਮਾ ਦਾ ਰਾਸ਼ਟਰਪਤੀ ਮੈਨੂਅਲ ਨੋਰੀਗਾ ਅਜਿਹੀ ਫ਼ੌਜੀ ਕਾਰਵਾਈ ਵਿੱਚ ਨਸ਼ਾ ਤਸਕਰੀ ਦੇ ਦੋਸ਼ਾਂ ਵਿੱਚ ਫੜਿਆ ਸੀ ਤੇ ਮੁਕੱਦਮਾ ਚਲਾਇਆ ਸੀ। ਉਹ ਸੰਨ 2007 ਵਿੱਚ ਜੇਲ੍ਹ ਵਿੱਚ ਮਰ ਗਿਆ ਸੀ। ਤੇਰਾਂ ਦਸੰਬਰ 2003 ਨੂੰ ਇਰਾਕ ’ਤੇ ਹਮਲੇ ਦੇ ਨੌਂ ਮਹੀਨਿਆਂ ਬਾਅਦ ਰਾਸ਼ਟਰਪਤੀ ਸੱਦਾਮ ਹੁਸੈਨ ਧਰਤੀ ਹੇਠ ਬਸੇਰੇ ਵਿੱਚੋਂ ਪਕੜਿਆ ਗਿਆ। ਮੁਕੱਦਮਾ ਚਲਾ ਕੇ 30 ਦਸੰਬਰ 2006 ਨੂੰ ਉਸ ਨੂੰ ਫਾਂਸੀ ਦੇ ਦਿੱਤੀ ਗਈ। ਫਰਵਰੀ 2022 ਵਿੱਚ ਹਾਂਡੂਰਸ ਦਾ ਰਾਸ਼ਟਰਪਤੀ ਹਰਨੈਂਡਜ਼ ਪਕੜਿਆ। ਮੁਕੱਦਮੇ ਵਿੱਚ 45 ਸਾਲ ਸਜ਼ਾ ਦਿੱਤੀ ਗਈ ਪਰ ਇੱਕ ਦਸੰਬਰ 2025 ਨੂੰ ਟਰੰਪ ਨੇ ਮਾਫ਼ੀ ਦੇ ਕੇ ਰਿਹਾਅ ਕਰ ਦਿੱਤਾ।
ਤੇਈ ਨਵੰਬਰ 1962 ਨੂੰ ਜਨਮਿਆ ਮਾਦੁਰੋ ਇੱਕ ਗ਼ਰੀਬ ਘਰ ਦਾ ਤਿੰਨ ਭੈਣਾਂ ਦਾ ਇੱਕੋ-ਇੱਕ ਭਰਾ ਹੈ। ਉਸ ਦਾ ਪਿਤਾ ਟਰੇਡ ਯੂਨੀਅਨ ਆਗੂ ਸੀ। ਮੈਟ੍ਰਿਕ ਕਰ ਕੇ ਉਹ ਬੱਸ ਚਾਲਕ ਬਣਿਆ ਅਤੇ ਫਿਰ ਟਰੇਡ ਯੂਨੀਅਨ ਆਗੂ ਕਮਿਊਨਿਸਟ ਲਹਿਰ ਤੋਂ ਪ੍ਰਭਾਵਿਤ ਹੋ ਕੇ ਉਹ ਫੀਦਲ ਕਾਸਤਰੋ ਦੇ ਕਿਊਬਾ ਵਿੱਚ ਖੱਬੇ-ਪੱਖੀ ਵਿਚਾਰਧਾਰਾ ਅਤੇ ਟਰੇਨਿੰਗ ਲਈ ਕੁਝ ਸਮਾਂ ਰਿਹਾ। ਉਸ ਨੇ ਯੂਨਾਈਟਿਡ ਸੋਸ਼ਲਿਸਟ ਪਾਰਟੀ ਦੀ ਮੈਂਬਰਸ਼ਿਪ ਲੈ ਲਈ। ਸੰਨ 2000 ਵਿੱਚ ਨੈਸ਼ਨਲ ਅਸੈਂਬਲੀ ਲਈ ਚੁਣਿਆ ਗਿਆ। ਛੇਤੀ ਹੀ ਰਾਸ਼ਟਰਪਤੀ ਹੂਗੋ ਸ਼ਾਵੇਜ਼ ਦੇ ਨੇੜੇ ਚਲਾ ਗਿਆ। ਇਹ ਉਹ ਸ਼ਾਵੇਜ਼ ਸੀ ਜਿਸ ਨੇ ਯੂਐੱਨ ਜਨਰਲ ਅਸੈਂਬਲੀ ਵਿਚ ਬੋਲਦੇ ਹੋਏ ਅਮਰੀਕੀ ਰਾਸ਼ਟਰਪਤੀ ਜਾਰਜ.ਡਬਲਯੂ. ਬੁਸ਼ ਨੂੰ ਸ਼ੈਤਾਨ ਕਹਿਣ ਦੀ ਜੁਰਅਤ ਕੀਤੀ। ਮਾਦੁਰੋ 2006 ਤੋਂ 2012 ਤੱਕ ਨੈਸ਼ਨਲ ਅਸੈਂਬਲੀ ਦਾ ਸਪੀਕਰ, ਵਿਦੇਸ਼ ਮੰਤਰੀ ਰਿਹਾ ਅਤੇ ਉਪ ਰਾਸ਼ਟਰਪਤੀ 2012-13 ਵਿੱਚ ਰਿਹਾ। ਸ਼ਾਵੇਜ਼ ਦੀ ਮੌਤ ਤੋਂ ਬਾਅਦ ਉਹ 2013 ਵਿੱਚ 50.6, ਸੰਨ 2018 ਵਿੱਚ 67.8 ਅਤੇ ਸੰਨ 2024 ਵਿੱਚ 51.2% ਵੋਟਾਂ ਲੈ ਕੇ ਰਾਸ਼ਟਰਪਤੀ ਬਣਦਾ ਰਿਹਾ। ਸੰਨ 2025 ਵਿੱਚ ਉਸ ਨੇ ਇਸ ਪਦ ਦੀ ਸਹੁੰ ਚੁੱਕੀ ਸੀ। ਉਸ ਨੂੰ ਹਮੇਸ਼ਾ ਅਮਰੀਕਾ ਦੀ ਨਾਰਾਜ਼ਗੀ ਦਾ ਸਾਹਮਣਾ ਕਰਨਾ ਪਿਆ। ਨੋਬਲ ਇਨਾਮ ਵਿਜੇਤਾ ਵਿਰੋਧੀ ਧਿਰ ਦੀ ਆਗੂ ਮਾਰੀਆ ਕੋਰੀਨਾ ਮਚਾਡੋ ਮਾਦੁਰੋ ਦੀ ਧੁਰ ਵਿਰੋਧੀ ਰਹੀ ਹੈ। ਮਾਦੁਰੋ ਦੇ ਚੀਨ, ਰੂਸ ਤੇ ਲਤੀਨੀ ਅਮਰੀਕੀ ਦੇਸ਼ਾਂ ਨਾਲ ਚੰਗੇ ਸਬੰਧ ਰਹੇ। ਉਹ ਬ੍ਰਿਕਸ ਸੰਗਠਨ ਦਾ ਮੈਂਬਰ ਬਣਨਾ ਚਾਹੁੰਦਾ ਸੀ। ਉਸ ਦੀ ਰਾਖੀ ਲਈ ਚੀਨ ਅਤੇ ਰੂਸ ਅੱਗੇ ਨਹੀਂ ਆਏ ਜਿਵੇਂ ਕਿ ਸਾਨੂੰ 1962 ਵਿੱਚ ਮਿਜ਼ਾਈਲ ਸੰਕਟ ਵੇਲੇ ਅਮਰੀਕੀ ਰਾਸ਼ਟਰਪਤੀ ਜੋਹਨ ਐੱਫ. ਕੈਨੇਡੀ ਵਿਰੁੱਧ ਰੂਸੀ ਆਗੂ ਨਿਕੇਤਾ ਖੋਰਸ਼ਚੇਵ ਅੱਗੇ ਆਏ ਸਨ। ਉਦੋਂ ਵਿਸ਼ਵ ਦੀ ਤੀਸਰੀ ਮਹਾ ਜੰਗ ਲੱਗਦੇ-ਲੱਗਦੇ ਰੁਕੀ ਸੀ।
ਕੈਨੇਡਾ ਨੇ ਤਾਂ ਅਮਰੀਕਾ ਦਾ 51ਵਾਂ ਰਾਜ ਕੀ ਬਣਨਾ ਸੀ, ਵੈਨੇਜ਼ੁਏਲਾ ਸਹੀ ਆਗੂ ਮਿਲਣ ਤੱਕ ਅਮਰੀਕਾ ਦਾ 51ਵਾਂ ਰਾਜ ਬਣ ਗਿਆ ਹੈ। ਟਰੰਪ ਕਹਿੰਦਾ ਹੈ ਕਿ ਵੈਨੇਜ਼ੁਏਲਾ ’ਤੇ ਕਾਰਵਾਈ ਦੌਰਾਨ ਅਮਰੀਕਾ ਦਾ ਧੇਲਾ ਵੀ ਖ਼ਰਚ ਨਹੀਂ ਹੋਇਆ। ਉਸ ਦੀਆਂ ਕੰਪਨੀਆਂ ਇਸ ਦੇ ਤੇਲ, ਸੋਨੇ ਅਤੇ ਹੋਰ ਖਣਿਜਾਂ ’ਤੇ ਕਬਜ਼ਾ ਕਰਨਗੀਆਂ ਅਤੇ ਅਮਰੀਕੀ ਖ਼ਜ਼ਾਨੇ ਭਰਨਗੀਆਂ। ਟਰੰਪ ਨੇ ਐਲਾਨ ਕੀਤਾ ਕਿ ਪੱਛਮੀ ਗੋਲਾਰਧ ਦਾ ਅਮਰੀਕਾ ਪੂਰੀ ਤਰ੍ਹਾਂ ਮਾਲਕ ਹੈ। ਸੰਨ 1823 ਵਿਚ ਅਮਰੀਕੀ ਰਾਸ਼ਟਰਪਤੀ ਮੁਨਰੋ ਦੇ ਸਿਧਾਂਤ ਕਿ ਅਮਰੀਕਾ ਅਮਰੀਕੀਆਂ ਦਾ ਹੈ, ਮੁੜ ਸੁਰਜੀਤ ਕੀਤਾ ਗਿਆ ਹੈ। ਸੈਨੇਟ ਵਿੱਚ ਵਿਰੋਧੀ ਧਿਰ ਦੇ ਆਗੂ ਚੱਕ ਸੁਮਰ ਅਨੁਸਾਰ ਟਰੰਪ ਦਾ ਐਲਾਨ ਅਮਰੀਕੀਆਂ ਦੇ ਦਿਲਾਂ ਵਿੱਚ ਡਰ ਅਤੇ ਖ਼ੌਫ਼ ਪੈਦਾ ਕਰੇਗਾ। ਇਹ ਸੰਤਾਪ ਉਨ੍ਹਾਂ ਨੂੰ ਆਪਣੇ ਪਿੰਡੇ ’ਤੇ ਭੋਗਣਾ ਪਵੇਗਾ। ਬਰਨੀ ਸੈਂਡਰਜ਼ ਵਰਮੋਟ ਤੋਂ ਆਜ਼ਾਦ ਸੈਨੇਟਰ ਦਾ ਕਹਿਣਾ ਹੈ ਕਿ ਵੈਨੇਜ਼ੁਏਲਾ ਦੇ ਤੇਲ ਭੰਡਾਰਾਂ ’ਤੇ ਅਮਰੀਕੀ ਕਬਜ਼ਾ ਸਰਮਾਏਦਾਰੀ ਬਸਤੀਵਾਦ ਹੈ ਜੋ ਇਤਿਹਾਸ ਵਿੱਚ ਕਾਲੇ ਅਧਿਆਏ ਵਜੋਂ ਦਰਜ ਹੋਵੇਗਾ। ਕਮਲਾ ਹੈਰਿਸ ਅਮਰੀਕੀ ਫ਼ੌਜੀ ਕਾਰਵਾਈ ਨੂੰ ਗ਼ੈਰ-ਕਾਨੂੰਨੀ ਅਤੇ ਬੇਵਕੂਫਾਨਾ ਦੱਸਦੀ ਹੈ।
ਚੀਨ ਨੇ ਰਾਸ਼ਟਰਪਤੀ ਮਾਦੁਰੋ ਦੀ ਅਮਰੀਕੀ ਹਿਰਾਸਤ ਵਿੱਚੋਂ ਰਿਹਾਈ ਦੀ ਮੰਗ ਕੀਤੀ ਹੈ। ਰੂਸ, ਇਰਾਨ ਨੇ ਅਮਰੀਕੀ ਕਾਰੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਸਪੇਨ, ਬ੍ਰਾਜ਼ੀਲ, ਚਿੱਲੀ, ਕੋਲੰਬੀਆ, ਮੈਕਸੀਕੋ, ਉਰੂਗਵੇ ਨੇ ਸਾਂਝੇ ਬਿਆਨ ਵਿੱਚ ਅਮਰੀਕੀ ਹਮਲੇ ਨੂੰ ਬਹੁਤ ਖ਼ਤਰਨਾਕ ਮਿਸਾਲ ਕਰਾਰ ਦਿੱਤਾ ਹੈ। ਭਾਰਤ ਵੀ ਇਸ ਮਸਲੇ ’ਤੇ ਤਿੱਖੀ ਨਜ਼ਰ ਰੱਖ ਰਿਹਾ ਹੈ।
ਉਪ ਰਾਸ਼ਟਰਪਤੀ ਡਲਸੀ ਰੋਡਰਿਗਜ਼ ਨੂੰ ਵੈਨੇਜ਼ੁਏਲਾ ਸੰਵਿਧਾਨਕ ਚੈਂਬਰ ਸੁਪਰੀਮ ਕੋਰਟ ਵੱਲੋਂ ਅੰਤਰਿਮ ਰਾਸ਼ਟਰਪਤੀ ਬਣਾਇਆ ਗਿਆ ਹੈ। ਮਾਦੁਰੋ ਦੇ ਸਹਿਯੋਗੀ ਸਰਕਾਰ ’ਤੇ ਕਾਬਜ਼ ਹਨ। ਉਪ ਰਾਸ਼ਟਰਪਤੀ ਨੇ ਰਾਸ਼ਟਰਪਤੀ ਮਾਦੁਰੋ ਅਤੇ ਉਸ ਪਤਨੀ ਦੀ ਰਿਹਾਈ ਦੀ ਮੰਗ ਕੀਤੀ ਹੈ। ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਦਾ ਕਹਿਣਾ ਹੈ ਕਿ ਅਮਰੀਕਾ ਵੈਨੇਜ਼ੁਏਲਾ ਨਾਲ ਜੰਗ ਨਹੀਂ ਲੜ ਰਿਹਾ। ਉਹ ਉੱਥੋਂ ਦੀ ਸਰਕਾਰ ਨਾਲ ਮਿਲਵਰਤਨ ਕਰੇਗਾ ਪਰ ਟਰੰਪ ’ਤੇ ਕਿਸੇ ਵੀ ਵਿਸ਼ਵ ਆਗੂ ਨੂੰ ਇਤਬਾਰ ਨਹੀਂ ਕਿ ਅਗਲੇ ਪਲ ਕੀ ਕਰ ਸੁੱਟੇ।
ਕੌਮਾਂਤਰੀ ਕਾਨੂੰਨਾਂ ਦੇ ਮਾਹਿਰਾਂ ਅਨੁਸਾਰ ਅਮਰੀਕਾ ਇਸ ਕਾਰਵਾਈ ਨੂੰ ਸਵੈ-ਰੱਖਿਆ ਦੱਸੇਗਾ ਤੇ ਵਿਸ਼ਵ ਭਾਈਚਾਰੇ, ਲੋਕਤੰਤਰੀ ਦੇਸ਼ਾਂ ਅਤੇ ਸ਼ਾਂਤੀ ਪ੍ਰੇਮੀ ਲੋਕਾਂ ਦੇ ਗੁੱਸੇ ਅਤੇ ਤ੍ਰਿਸਕਾਰ ਤੋਂ ਬਚਣ ਦਾ ਯਤਨ ਕਰੇਗਾ। ਅਮਰੀਕਾ ਨੇ ਯੂਐੱਨ ਚਾਰਟਰ ਅਕਤੂਬਰ 1945 ’ਤੇ ਦਸਤਖ਼ਤ ਕੀਤੇ ਹੋਏ ਹਨ ਤਾਂ ਜੋ ਦੋ ਵਿਸ਼ਵ ਜੰਗਾਂ ਤੋਂ ਬਾਅਦ ਕੋਈ ਤੀਜੀ ਆਲਮੀ ਜੰਗ ਨਾ ਲੱਗੇ। ਯੂਐੱਨ ਚਾਰਟਰ ਦੀ ਧਾਰਾ 2(4) ਵਿੱਚ ਦਰਜ ਹੈ ਕਿ ਮੈਂਬਰ ਮੁਲਕਾਂ ਨੂੰ ਦੂਸਰੇ ਦੇਸ਼ਾਂ ’ਤੇ ਫ਼ੌਜੀ ਸ਼ਕਤੀ ਵਰਤਣ ਤੋਂ ਗੁਰੇਜ਼ ਕਰਨਾ ਹੋਵੇਗਾ ਅਤੇ ਉਨ੍ਹਾਂ ਦੀ ਪ੍ਰਭੂਸੱਤਾ ਦੀ ਕਦਰ ਕਰਨੀ ਹੋਵੇਗੀ। ਅਮਰੀਕਾ ਨੇ ਹਮਲਾ ਕਰ ਕੇ ਅਪਰਾਧ ਕੀਤਾ ਹੈ ਜੋ ਨਿਊਰਮਬਰਗ ਅਦਾਲਤ ਨੇ ਸਰਵਉੱਚ ਅਪਰਾਧ ਗਰਦਾਨਿਆ ਹੋਇਆ ਹੈ। ਕਿੰਗਸਟਨ ਯੂਨੀਵਰਸਿਟੀ ਵਿਚ ਕੌਮਾਂਤਰੀ ਕਾਨੂੰਨ ਦੇ ਪ੍ਰੋਫੈਸਰ ਇਲਵੀਰਾ ਡੋਮੀਗਿਊਜਾ ਰੋਡੋਡੋ ਇਸ ਨੂੰ ਗ਼ੈਰ-ਕਾਨੂੰਨੀ ਤੌਰ ’ਤੇ ਦੂਸਰੇ ਦੇਸ਼ ਵਿਰੁੱਧ ਵਰਤੀ ਸ਼ਕਤੀ ਅਤੇ ਹਮਲਾਵਰ ਅਪਰਾਧ ਮੰਨਦੇ ਹਨ। ਯੂਐੱਨ ਜੰਗੀ ਅਪਰਾਧ ਅਦਾਲਤ ਦੇ ਸਾਬਕਾ ਮੁਖੀ ਜੈਫਰੀ ਰਾਬਰਟਸਨ ਇਸ ਨੂੰ ਯੂਐੱਨ ਚਾਰਟਰ ਦੀ ਉਲੰਘਣਾ ਕਰਾਰ ਦਿੰਦੇ ਹਨ।
ਯੂਐੱਨ ਸੁਰੱਖਿਆ ਕੌਂਸਲ ਅਜਿਹੇ ਹਮਲਾਵਰ ਅਪਰਾਧੀਆਂ ਵਿਰੁੱਧ ਵਪਾਰਕ, ਹਥਿਆਰਾਂ ਦੀ ਖ਼ਰੀਦੋ-ਫਰੋਖਤ ਅਤੇ ਦੂਸਰੇ ਦੇਸ਼ਾਂ ਵਿੱਚ ਯਾਤਰਾ ’ਤੇ ਪਾਬੰਦੀਆਂ ਲਗਾ ਸਕਦੀ ਹੈ ਪਰ ਕੌਂਸਲ ਦੇ ਪੰਜ ਸਥਾਈ ਮੈਂਬਰਾਂ ਰੂਸ, ਅਮਰੀਕਾ, ਯੂਕੇ, ਫਰਾਂਸ ਤੇ ਚੀਨ ਕੋਲ ਵੀਟੋ ਸ਼ਕਤੀ ਹੋਣ ਕਾਰਨ ਅਮਰੀਕਾ ਵਿਰੁੱਧ ਅਜਿਹਾ ਸੰਭਵ ਨਹੀਂ। ਸਪਸ਼ਟ ਹੈ ਕਿ ਸੁਰੱਖਿਆ ਕੌਂਸਲ ਬੇਕਾਰ ਸੰਸਥਾ ਬਣ ਕੇ ਰਹਿ ਚੁੱਕੀ ਹੈ।
ਅਮਰੀਕਾ ਦਾ ਵੈਨੇਜ਼ੁਏਲਾ ’ਤੇ ਹਿਟਲਰੀ ਹਮਲਾ ਮਾਹਿਰਾਂ ਅਨੁਸਾਰ ਦੂਸਰੇ ਤਾਕਤਵਰ ਦੇਸ਼ਾਂ ਲਈ ਅਜਿਹਾ ਕਰਨ ਲਈ ਹੌਸਲਾ ਅਫ਼ਜ਼ਾਈ ਸਾਬਿਤ ਹੋਵੇਗਾ ਭਾਵੇਂ ਹੀ ਕੌਮਾਂਤਰੀ ਕਾਨੂੰਨ ਦੀ ਉਲੰਘਣਾ ਕਿਉਂ ਨਾ ਹੋਵੇ? ਚੀਨ ਤਾਇਵਾਨ ਅਤੇ ਰੂਸ ਯੂਕਰੇਨ ਨੂੰ ਸ਼ਿਕਾਰ ਬਣਾਉਣਗੇ। ਸੁਰੱਖਿਆ ਕੌਂਸਲ ਨੇ ਤੀਸਰੀ ਆਲਮੀ ਜੰਗ ਰੋਕਣ ਲਈ ਜੋ ਇਕ ਸਿਸਟਮ ਖੜ੍ਹਾ ਕੀਤਾ ਸੀ, ਅਮਰੀਕਾ ਨੇ ਉਸ ਦਾ ਬੇੜਾ ਗਰਕ ਕਰ ਦਿੱਤਾ ਹੈ। ਇਰਾਕ ’ਤੇ ਹਮਲੇ ਵੇਲੇ ਯੂਕੇ ਨੇ ਵੀ ਅਜਿਹਾ ਗੁਨਾਹ ਕੀਤਾ ਸੀ। ਹੁਣ ਯੂਕੇ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਕੀਰਨੇ ਪਾ ਰਿਹਾ ਹੈ ਕਿ ਸਭ ਨੂੰ ਕੌਮਾਂਤਰੀ ਕਾਨੂੰਨ ਦੀ ਰਾਖੀ ਕਰਨੀ ਚਾਹੀਦੀ ਹੈ। ਪ੍ਰੋਫੈਸਰ ਰਾਬਰਟਸਨ ਦਾ ਕਹਿਣਾ ਹੈ ਕਿ ਨਿਊਰਮਬਰਗ ਸਿਧਾਂਤਾਂ ਦੇ ਰਾਖੇ ਵਜੋਂ ਯੂਕੇ ਦਾ ਫ਼ਰਜ਼ ਹੈ ਕਿ ਉਹ ਅਮਰੀਕਾ ਵੱਲੋਂ ਕੌਮਾਂਤਰੀ ਕਾਨੂੰਨ ਦੀ ਕੀਤੀ ਉਲੰਘਣਾ ਕਰਨ ਕਰ ਕੇ ਉਸ ਦੀ ਆਲੋਚਨਾ ਕਰੇ। ਜੰਗ ਸ਼ੁਰੂ ਕਰਨ ਵਾਲੇ ਉਸ ਵਿਚ ਹੁੰਦੀਆਂ ਮੌਤਾਂ ਅਤੇ ਤਬਾਹੀ ਲਈ ਦੋਸ਼ੀ ਹੁੰਦੇ ਹਨ ਪਰ ਯੂਕੇ ਅਜਿਹੀ ਰਾਖੀ ਦੀ ਜੁਰਅਤ ਗੁਆ ਬੈਠਾ ਹੈ। ਟਰੰਪ ਖੂੰਖਾਰ ਗਲੋਬਲ ਜੰਗਬਾਜ਼ ਅਤੇ ਵਿਸ਼ਵ-ਵਿਆਪੀ ਖ਼ਤਰਾ ਬਣ ਚੁੱਕਾ ਹੈ।
-ਦਰਬਾਰਾ ਸਿੰਘ ਕਾਹਲੋਂ

-(ਸਾਬਕਾ ਰਾਜ ਸੂਚਨਾ ਕਮਿਸ਼ਨਰ ਪੰਜਾਬ)।

Loading