ਪੰਜਾਬ ਦੀ ਰਾਜਨੀਤੀ ਵਿੱਚ ਲੀਡਰਸ਼ਿਪ ਦਾ ਸੰਕਟ ਕਿਉਂ?

In ਪੰਜਾਬ
January 24, 2026

ਪੰਜਾਬ ਅੱਜ- ਕੱਲ੍ਹ ਰਾਜਨੀਤਕ ਸੰਕਟ ਵਿੱਚ ਘਿਰਿਆ ਹੋਇਆ ਹੈ। ਇੱਥੇ ਲੀਡਰਸ਼ਿਪ ਦੀ ਘਾਟ ਨੇ ਪੂਰੇ ਸੂਬੇ ਨੂੰ ਨੇਤਾ ਰਹਿਤ ਬਣਾ ਦਿੱਤਾ ਹੈ। ਪੂਰਾ ਪੰਜਾਬ ਢੁਕਵੀਂ ਅਗਵਾਈ ਦੀ ਕਮੀ ਮਹਿਸੂਸ ਕਰ ਰਿਹਾ ਹੈ। ਰਾਜਨੀਤੀ ਵਿੱਚ ਚਰਿੱਤਰ ਅਤੇ ਕਿਰਦਾਰ ਦੀ ਕਮੀ ਦਿਖਾਈ ਦੇ ਰਹੀ ਹੈ। ਹਾਲਾਂਕਿ ਪੰਜਾਬ ਵਿੱਚ ਦਰਜਨਾਂ ਰਾਜਨੀਤਕ ਪਾਰਟੀਆਂ ਹਨ, ਪਰ ਕੋਈ ਵੀ ਨੇਤਾ ਜਾਂ ਪਾਰਟੀ ਪੰਜਾਬ ਦੇ ਹਿੱਤਾਂ ਲਈ ਲੜਨ ਵਾਲੀ ਨਹੀਂ ਦਿਖਾਈ ਦਿੰਦੀ। ਵਿਖਾਵੇ ਅਤੇ ਡਰਾਮੇ ਨੂੰ ਛੱਡ ਕੇ ਅਸਲ ਕੰਮ ਨਹੀਂ ਹੋ ਰਿਹਾ। 2027 ਦੀਆਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਪਰ ਪਾਰਟੀਆਂ ਅੰਦਰੂਨੀ ਝਗੜਿਆਂ ਵਿੱਚ ਉਲਝੀਆਂ ਹੋਈਆਂ ਹਨ।
ਅਕਾਲੀ ਦਲ ਵਿੱਚ ਧੜੇਬੰਦੀ ਅਤੇ ਲੀਡਰਸ਼ਿਪ ਸੰਕਟ
ਅਕਾਲੀ ਦਲ, ਜੋ ਪੰਜਾਬ ਦੀ ਸਭ ਤੋਂ ਪੁਰਾਣੀ ਰਾਜਨੀਤਕ ਪਾਰਟੀ ਹੈ ਅਤੇ ਸਿੱਖ ਕੌਮ ਦੀ ਨੁਮਾਇੰਦਗੀ ਕਰਨ ਵਾਲੀ ਮੰਨੀ ਜਾਂਦੀ ਹੈ, ਅੱਜ ਟੁੱਟ ਭੱਜ ਵਿੱਚ ਘਿਰੀ ਹੋਈ ਹੈ। ਪਾਰਟੀ ਵਿੱਚ ਅੰਦਰੂਨੀ ਝਗੜੇ ਅਤੇ ਧੜੇਬੰਦੀ ਨੇ ਇਸ ਨੂੰ ਕਮਜ਼ੋਰ ਕਰ ਦਿੱਤਾ ਹੈ। ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ ਦਲ (ਬਾਦਲ) ਨੂੰ ਬਾਗੀ ਧੜੇ ਨੇ ਚੁਣੌਤੀ ਦਿੱਤੀ ਹੈ। ਇਹ ਬਾਗੀ ਧੜਾ, ਜਿਸ ਵਿੱਚ ਗੁਰਪ੍ਰਤਾਪ ਸਿੰਘ ਵਡਾਲਾ, ਪ੍ਰੇਮ ਸਿੰਘ ਚੰਦੂਮਾਜਰਾ, ਬੀਬੀ ਜਗੀਰ ਕੌਰ, ਮਨਪ੍ਰੀਤ ਸਿੰਘ ਇਆਲੀ ਸੁਰਜੀਤ ਸਿੰਘ ਰੱਖੜਾ ਅਤੇ ਪਰਮਿੰਦਰ ਸਿੰਘ ਢੀਂਡਸਾ ਵਰਗੇ ਨੇਤਾ ਸ਼ਾਮਲ ਹਨ, ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਆਪਣਾ ਪ੍ਰਧਾਨ ਬਣਾਇਆ ਹੈ। ਇਸ ਨਵੇਂ ਧੜੇ ਨੂੰ ‘ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ)’ ਨਾਂਅ ਨਾਲ ਜਾਣਿਆ ਜਾ ਰਿਹਾ ਹੈ।
ਬਾਗੀ ਨੇਤਾਵਾਂ ਨੇ ਸੁਖਬੀਰ ਸਿੰਘ ਬਾਦਲ ਉੱਪਰ ਧਾਰਮਿਕ ਅਤੇ ਰਾਜਨੀਤਕ ਗਲਤੀਆਂ ਦੇ ਇਲਜ਼ਾਮ ਲਾਏ ਸਨ ਕਿ ਬਾਦਲ ਪਰਿਵਾਰ ਨੇ ਪਾਰਟੀ ਨੂੰ ਨਿੱਜੀ ਜਾਇਦਾਦ ਬਣਾ ਲਿਆ ਹੈ ਅਤੇ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ। ਅਕਾਲ ਤਖ਼ਤ ਸਾਹਿਬ ਨੇ 2 ਦਸੰਬਰ 2024 ਨੂੰ ਹੁਕਮ ਜਾਰੀ ਕੀਤਾ ਸੀ ਕਿ ਪਾਰਟੀ ਨੂੰ ਨਵੀਂ ਮੈਂਬਰਸ਼ਿਪ ਅਤੇ ਚੋਣਾਂ ਕਰਵਾਉਣੀਆਂ ਚਾਹੀਦੀਆਂ ਹਨ, ਪਰ ਇਹ ਨਹੀਂ ਹੋਇਆ। ਨਤੀਜੇ ਵਜੋਂ, ਪਾਰਟੀ ਵਿੱਚ ਟੁੱਟ ਭੱਜ ਵਧ ਗਈ ਹੈ। ਅਕਾਲੀ ਦਲ ਅੰਮ੍ਰਿਤਸਰ ਦੇ ਮੁਖੀ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਵੀ ਦੋਫਾੜ ਹੋ ਚੁੱਕੀ ਹੈ ਅਤੇ ਨਵੇਂ ਧੜੇ ਨੇ ਮਾਨ ਦੀ ਕਿਰਦਾਰਕੁਸ਼ੀ ਕੀਤੀ ਹੈ।
ਇਸ ਸੰਕਟ ਦਾ ਕਾਰਨ ਪਾਰਟੀ ਵਿੱਚ ਨਵੇਂ ਲੀਡਰਾਂ ਦੀ ਘਾਟ ਅਤੇ ਪੁਰਾਣੇ ਨੇਤਾਵਾਂ ਵਿੱਚ ਵਿਸ਼ਵਾਸ ਦੀ ਕਮੀ ਹੈ।
ਸਿਆਸੀ ਮਾਹਿਰ ਡਾਕਟਰ ਪਰਮਜੀਤ ਸਿੰਘ ਮਾਨਸਾ ਦਾ ਕਹਿਣਾ ਹੈ ਕਿ ਅਕਾਲੀ ਨੇਤਾਵਾਂ ਦੇ ਚਰਿੱਤਰ-ਘਾਤ ਨੇ ਪੂਰੀ ਕੌਮ ਨੂੰ ਨੇਤਾ ਰਹਿਤ ਬਣਾ ਦਿੱਤਾ ਹੈ। ਹਾਲਾਂਕਿ ਇਹ ਨੇਤਾ ਗਲਤੀਆਂ ਤੋਂ ਮੁਕਤ ਨਹੀਂ ਹਨ, ਪਰ ਵਿਰੋਧੀ ਪਾਰਟੀਆਂ ਨੇ ਉਨ੍ਹਾਂ ਨੂੰ ਬਦਨਾਮ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਨਤੀਜੇ ਵਜੋਂ, ਅਕਾਲੀ ਦਲ ਦੇ ਵੱਖ-ਵੱਖ ਧੜੇ ਹਨ, ਪਰ ਇਹ ਏਕਤਾ ਨਹੀਂ ਕਰ ਰਹੇ। ਇਹ ਧੜੇਬੰਦੀ ਪੰਜਾਬ ਪਖੀ ਰਾਜਨੀਤੀ ਨੂੰ ਕਮਜ਼ੋਰ ਕਰ ਰਹੀ ਹੈ ਅਤੇ ਲੀਡਰਸ਼ਿਪ ਸੰਕਟ ਨੂੰ ਵਧਾ ਰਹੀ ਹੈ।
ਅਕਾਲੀ ਦਲ ਦੇ ਇਸ ਸੰਕਟ ਨੇ ਪੰਥਕ ਸਿਆਸਤ ਵਿੱਚ ਹਲਚਲ ਪੈਦਾ ਕਰ ਦਿੱਤੀ ਹੈ। ਡਾ. ਦਲਜੀਤ ਸਿੰਘ ਚੀਮਾ ਵਰਗੇ ਨੇਤਾਵਾਂ ਨੇ ਗਿਆਨੀ ਹਰਪ੍ਰੀਤ ਸਿੰਘ ’ਤੇ ਸਾਜਿਸ਼ਾਂ ਰਚਣ ਦੇ ਇਲਜ਼ਾਮ ਲਾਏ ਹਨ। ਚੀਮਾ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਅਕਾਲੀ ਦਲ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਉਹ ਕੇਂਦਰੀ ਏਜੰਸੀਆਂ ਨਾਲ ਮਿਲੇ ਹੋਏ ਹਨ। ਇਸ ਨੇ ਅਕਾਲੀ ਸਿਆਸਤ ਵਿੱਚ ਵੰਡ ਨੂੰ ਹੋਰ ਡੂੰਘਾ ਕਰ ਦਿੱਤਾ ਹੈ। ਬਾਦਲ ਦਲ ਦੇ ਆਗੂ ਪਰਮਜੀਤ ਸਿੰਘ ਸਰਨਾ ਨੇ ਪੰਥਕ ਏਕਤਾ ਦਾ ਸੱਦਾ ਦਿੱਤਾ ਹੈ ਤੇ ਕਿਹਾ ਸੀ ਕਿ ਬਾਦਲ ਅਕਾਲੀ ਦਲ ਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਵਿੱਚ ਜਲਦ ਏਕਤਾ ਹੋਵੇਗੀ ਪਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਇਸ ਨੂੰ ਖਾਰਜ ਕੀਤਾ ਹੈ ਕਿ ਬਾਦਲ ਦਲ ਨਾਲ ਕੋਈ ਏਕਤਾ ਨਹੀਂ। ਉਹ ਬੇਅਦਬੀ ਦੇ ਦੋਸ਼ਾਂ ਵਿੱਚ ਘਿਰੇ ਹਨ। ਦੂਸਰੇ ਪਾਸੇ ਸਿਮਰਨਜੀਤ ਮਾਨ ਨੇ ਵੀ ਬਾਦਲਾਂ ਨਾਲ ਸਮਝੌਤੇ ਦੀ ਇੱਛਾ ਜ਼ਾਹਰ ਕੀਤੀ ਹੈ, ਪਰ ਏਕਤਾ ਅਜੇ ਨਹੀਂ ਹੋਈ।
ਬਾਦਲ ਅਕਾਲੀ ਦਲ ਦੇ ਇਸ ਸੰਕਟ ਨੇ ਪੰਜਾਬ ਵਿੱਚ ਰਾਜਨੀਤਕ ਖਲਾਅ ਪੈਦਾ ਕੀਤਾ ਹੈ। ਪਾਰਟੀ ਜੋ ਕਦੇ ਪੰਜਾਬ ਦੀ ਮੁੱਖ ਸਿਆਸੀ ਤਾਕਤ ਸੀ, ਅੱਜ ਆਪਣੀ ਹੋਂਦ ਬਚਾਉਣ ਲਈ ਜੂਝ ਰਹੀ ਹੈ। ਬਾਗੀ ਅਕਾਲੀ ਧੜੇ ਨੂੰ ਫੰਡਾਂ ਦੀ ਘਾਟ ਹੈ ਅਤੇ ਉਹ ਆਪਣੇ ਸਾਬਕਾ ਵਿਧਾਇਕਾਂ ਤੋਂ ਮਹੀਨਾਵਾਰ ਯੋਗਦਾਨ ਮੰਗ ਰਹੇ ਹਨ। ਇਸ ਆਰਥਿਕ ਸੰਕਟ ਨੇ ਪਾਰਟੀ ਨੂੰ ਆਰਥਿਕ ਸੰਕਟ ਵਿੱਚ ਪਾ ਦਿੱਤਾ ਹੈ। ਹਾਲੇ ਤੱਕ ਇਹ ਪਾਰਟੀ ਲੋਕਾਂ ਵਿੱਚ ਆਪਣਾ ਪ੍ਰੋਗਰਾਮ ਲੈ ਕੇ ਨਹੀਂ ਜਾ ਸਕੀ।
ਕਾਂਗਰਸ ਪੰਜਾਬ ਵਿੱਚ ਕਿਉਂ ਡਗਮਗਾ ਰਹੀ ਹੈ? ਲੀਡਰਸ਼ਿਪ ਸੰਕਟ ਅਤੇ ਜਾਤੀ ਵਿਵਾਦ

ਕਾਂਗਰਸ ਪਾਰਟੀ, ਜੋ ਪੰਜਾਬ ਵਿੱਚ ਕਦੇ ਮਜ਼ਬੂਤ ਸੀ, ਅੱਜ ਅੰਦਰੂਨੀ ਝਗੜਿਆਂ ਕਾਰਨ ਡਗਮਗਾ ਰਹੀ ਹੈ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਹਾਲ ਹੀ ਵਿੱਚ ਪਾਰਟੀ ਵਿੱਚ ਦਲਿਤ ਨੁਮਾਇੰਦਗੀ ਦੀ ਘਾਟ ਬਾਰੇ ਬਿਆਨ ਦਿੱਤਾ ਸੀ, ਜਿਸ ਨੇ ਜਾਤੀ ਵਿਵਾਦ ਨੂੰ ਵਧਾ ਦਿੱਤਾ ਹੈ। ਚੰਨੀ ਨੇ ਕਿਹਾ ਕਿ ਪੰਜਾਬ ਵਿੱਚ ਦਲਿਤਾਂ ਦੀ ਆਬਾਦੀ 35-38 ਫ਼ੀਸਦੀ ਹੈ, ਪਰ ਸਾਰੇ ਅਹਿਮ ਅਹੁਦੇ ਜੱਟ ਸਿੱਖਾਂ ਕੋਲ ਹਨ। ਇਸ ਬਿਆਨ ਦੀ ਵੀਡੀਓ ਵਾਇਰਲ ਹੋਣ ਨਾਲ ਪਾਰਟੀ ਵਿੱਚ ਖਿੱਚੋਤਾਣ ਵਧ ਗਈ ਸੀ।
ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਜੇ ਕੋਈ ਨੇਤਾ ਜਾਤੀ ਵਾਲੀ ਸਿਆਸਤ ਕਰੇਗਾ ਤਾਂ ਉਹ ਪਾਰਟੀ ਨੂੰ ਤਬਾਹ ਕਰੇਗਾ। ਪਾਰਟੀ ਹਾਈਕਮਾਂਡ ਨੇ ਬੀਤੇ ਦਿਨੀਂ ਬੈਠਕ ਬੁਲਾਕੇ ਗੁਟਬਾਜ਼ੀ ਤੇ ਰੋਕ ਲਾਈ ਹੈ। ਹਾਈਕਮਾਂਡ ਨੇ ਕਿਹਾ ਕਿ ਅਨੁਸ਼ਾਸਨਹੀਣਤਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਲੀਡਰਸ਼ਿਪ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ ਪਰ ਸੂਤਰਾਂ ਦਾ ਮੰਨਣਾ ਹੈ ਕਿ ਪਾਰਟੀ ਦੇ ਹਾਲਾਤ ਠੀਕ ਨਹੀਂ ਹਨ। ਕਦੇ ਵੀ ਸਿਆਸੀ ਧਮਾਕਾ ਹੋ ਸਕਦਾ ਹੈ।
ਇਸ ਵਿਵਾਦ ਨੇ ਪੰਜਾਬ ਕਾਂਗਰਸ ਨੂੰ ਜੱਟ ਸਿੱਖ ਅਤੇ ਦਲਿਤ ਵੋਟ ਬੈਂਕ ਵਿੱਚ ਵੰਡ ਦਿੱਤਾ ਹੈ। ਸੁਖਜਿੰਦਰ ਸਿੰਘ ਰੰਧਾਵਾ ਅਤੇ ਪ੍ਰਤਾਪ ਸਿੰਘ ਬਾਜਵਾ ਵਰਗੇ ਨੇਤਾ ਵੀ ਇਸ ਵਿੱਚ ਉਲਝੇ ਹਨ। ਪਾਰਟੀ ਨੇ ਫੈਸਲਾ ਕੀਤਾ ਹੈ ਕਿ 2027 ਦੀਆਂ ਚੋਣਾਂ ਬਿਨਾਂ ਮੁੱਖ ਮੰਤਰੀ ਚਿਹਰੇ ਲੜੀਆਂ ਜਾਣਗੀਆਂ। ਇਹ ਫੈਸਲਾ ਲੀਡਰਸ਼ਿਪ ਸੰਕਟ ਨੂੰ ਦਰਸਾਉਾਂਦਾਹੈ। । ਭੂਪੇਸ਼ ਬਘੇਲ ਨੇ ਕਿਹਾ ਕਿ ਪਾਰਟੀ ਇੱਕਜੁੱਟ ਹੈ ਅਤੇ ਪੂਰੇ ਬਹੁਮਤ ਨਾਲ ਜਿੱਤੇਗੀ।
ਆਪ ਪਾਰਟੀ ਕਿਉਂ ਗੁਆ ਰਹੀ ਹੈ ਪੰਜਾਬੀਆਂ ਦਾ ਵਿਸ਼ਵਾਸ
ਆਮ ਆਦਮੀ ਪਾਰਟੀ (ਆਪ) ਨੇ 2022 ਵਿੱਚ ਪੰਜਾਬ ਵਿੱਚ ਵੱਡੀ ਜਿੱਤ ਹਾਸਲ ਕੀਤੀ ਸੀ, ਪਰ ਅੱਜ ਇਹ ਪੰਜਾਬੀਆਂ ਦਾ ਵਿਸ਼ਵਾਸ ਗੁਆ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੂੰ ਅੰਦਰੂਨੀ ਫੁੱਟ ਨਹੀਂ ਹੈ, ਪਰ ਗਵਰਨੈਂਸ ਵਿੱਚ ਨਾਕਾਮੀ ਨੇ ਲੋਕਾਂ ਨੂੰ ਨਿਰਾਸ਼ ਕੀਤਾ ਹੈ। ਨਸ਼ੇ, ਅਪਰਾਧ ਅਤੇ ਗੈਂਗਸਟਰ ਰਾਜ ਵਿੱਚ ਵਧ ਰਹੇ ਹਨ। 2026 ਦੇ ਪਹਿਲੇ ਹਫ਼ਤੇ ਵਿੱਚ ਹੀ 9 ਕਤਲ ਹੋਏ, ਜਿਸ ਨੇ ਵਿਰੋਧੀਆਂ ਨੂੰ ਸਰਕਾਰ ’ਤੇ ਹਮਲਾ ਕਰਨ ਦਾ ਮੌਕਾ ਦਿੱਤਾ ਹੈ।
ਆਪ ਨੇ ਵਾਅਦੇ ਕੀਤੇ ਸਨ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਵਾਂਗੇ, ਪਰ ਨਸ਼ਿਆਂ ਕਾਰਨ ਮੌਤਾਂ ਹੋ ਰਹੀਆਂ ਹਨ। ਕਾਨੂੰਨ ਵਿਵਸਥਾ ਡਾਵਾਂਡੋਲ ਹੈ ਅਤੇ ਵਿਕਾਸ ਕੰਮ ਰੁਕੇ ਹੋਏ ਹਨ। ਭ੍ਰਿਸ਼ਟਾਚਾਰ ਵਧਿਆ ਹੈ ਅਤੇ ਯੂ-ਟਰਨ ਲੈਣ ਦੀ ਨੀਤੀ ਨੇ ਪਾਰਟੀ ਦੀ ਸਾਖ ਨੂੰ ਨੁਕਸਾਨ ਪਹੁੰਚਾਇਆ ਹੈ।
ਆਪ ਨੂੰ ਪੰਥਕ ਸਿਆਸਤ ਵਿੱਚ ਵੀ ਚੁਣੌਤੀਆਂ ਮਿਲ ਰਹੀਆਂ ਹਨ। ਆਤਿਸ਼ੀ ਦੇ ਗੁਰੂ ਤੇਗ ਬਹਾਦੁਰ ਬਾਰੇ ਬਿਆਨ ਅਤੇ ਸਿੱਖ ਮਰਿਆਦਾ ਉੱਪਰ ਗਲਤ ਟਿੱਪਣੀਆਂ ਕਾਰਨ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਕਾਲ ਤਖ਼ਤ ਸਾਹਿਬ ਵਿਖੇ ਤਲਬ ਕਰਨ ਨੇ ਪਾਰਟੀ ਨੂੰ ਮੁਸੀਬਤ ਵਿੱਚ ਪਾਇਆ ਹੈ। ਦਿੱਲੀ ਵਿੱਚ ਸਿਆਸੀ ਹਾਰ ਨੇ ਪੰਜਾਬ ਵਿੱਚ ਆਪ ਨੂੰ ਪਹਿਲਾਂ ਹੀ ਕਮਜ਼ੋਰ ਕੀਤਾ ਹੋਇਆ ਹੈ ਅਤੇ ਕੇਜਰੀਵਾਲ ਦੀ ਦਖ਼ਲਅੰਦਾਜ਼ੀ ਨੇ ਪੰਜਾਬ ਯੂਨਿਟ ਵਿੱਚ ਨਾਰਾਜ਼ਗੀ ਪੈਦਾ ਕੀਤੀ ਹੈ। ਪੰਜਾਬ 2027 ਵਿੱਚ ‘ਆਪ’ ਲਈ ਚੁਣੌਤੀ ਹੈ ਅਤੇ ਇਹ ਪੰਜਾਬੀਆਂ ਦਾ ਵਿਸ਼ਵਾਸ ਗੁਆ ਰਹੀ ਹੈ।

ਭਾਜਪਾ ਦੀ ਪੰਜਾਬ ਬਾਰੇ ਨੀਤੀ
ਭਾਜਪਾ ਪੰਜਾਬ ਵਿੱਚ ਸੱਤਾ ਹਾਸਲ ਕਰਨ ਲਈ ਤਰਲੋਮੱਛੀ ਹੈ। ਪਾਰਟੀ ਨੇ 2027 ਚੋਣਾਂ ਲਈ ਮਿਸ਼ਨ ਸ਼ੁਰੂ ਕੀਤਾ ਹੈ ਅਤੇ ਹਰਿਆਣਾ ਮਾਡਲ ਨੂੰ ਪੰਜਾਬ ਵਿੱਚ ਲਾਗੂ ਕਰਨ ਦੀ ਗੱਲ ਕਰ ਰਹੀ ਹੈ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਪੰਜਾਬ ਵਿੱਚ ਅਕਸਰ ਆ ਰਹੇ ਹਨ ਅਤੇ ਬੀਜੇਪੀ ਨੂੰ ਪ੍ਰਮੋਟ ਕਰ ਰਹੇ ਹਨ। ਉਹ ਕਹਿੰਦੇ ਹਨ ਕਿ ਬੀ.ਜੇ.ਪੀ. ਇਕੱਲੀ ਸਰਕਾਰ ਬਣਾਏਗੀ ਅਤੇ ਪੰਜਾਬ ਨੂੰ ਅਗਾਂਹ ਵਧਾਏਗੀ।
ਭਾਜਪਾ ਦੀ ਨੀਤੀ ਵਿੱਚ ਸਿੱਖਾਂ ਨੂੰ ਹਮਦਰਦੀ ਦਿਖਾਉਣਾ ਸ਼ਾਮਲ ਹੈ। ਪਾਰਟੀ ਨੇ ਮਾਘੀ ’ਤੇ ਕਾਨਫਰੰਸ ਕੀਤੀ ਸੀ ਅਤੇ ਫਰਵਰੀ ਵਿੱਚ ਅਮਿਤ ਸ਼ਾਹ ਦੀ ਅਗਵਾਈ ਵਿੱਚ ਮੋਗਾ ਵਿੱਚ ਰੈਲੀ ਕਰਨ ਦਾ ਫੈਸਲਾ ਕੀਤਾ ਹੈ। ਇੱਥੇ ਕਈ ਪ੍ਰਮੁੱਖ ਸਿੱਖ ਨੇਤਾਵਾਂ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ ਜਾਵੇਗਾ। ਪਰ ਭਾਜਪਾ ਨੂੰ ਚੁਣੌਤੀਆਂ ਵੀ ਹਨ। ਸਿਰਸਾ ਸਾਧ ਨੂੰ ਪੈਰੋਲ ਦੇਣ,ਬੰਦੀ ਸਿੱਖਾਂ ਨੂੰ ਰਿਹਾਅ ਨਾ ਕਰਨ ਕਾਰਨ ਅਤੇ ਪੰਜਾਬ ਦੀਆਂ ਸੰਸਥਾਵਾਂ ਉਪ ਕੇਂਦਰੀ ਕਬਜ਼ੇ ਦੀਆਂ ਕੋਸ਼ਿਸ਼ਾਂ ਨੇ ਪੰਜਾਬੀਆਂ ਵਿੱਚ ਨਾਰਾਜ਼ਗੀ ਪੈਦਾ ਕੀਤੀ ਹੈ।
ਭਾਜਪਾ ਨੂੰ ਅਕਾਲੀ ਦਲ ਨਾਲ ਗਠਜੋੜ ਦੀ ਉਮੀਦ ਸੀ, ਪਰ ਅਕਾਲੀ ਦਲ ਦੇ ਸੰਕਟ ਨੇ ਇਸ ਨੂੰ ਫਿੱਕਾ ਕਰ ਦਿੱਤਾ ਹੈ। ਸੈਣੀ ਨੇ ਕਿਹਾ ਕਿ ਬੀਜੇਪੀ ਇਕੱਲੀ ਲੜੇਗੀ ਅਤੇ ਜਿੱਤੇਗੀ। ਬੀਜੇਪੀ ਨੂੰ ਪੰਜਾਬ ਵਿੱਚ ਸ਼ਹਿਰੀ ਖੇਤਰਾਂ ਤੱਕ ਸੀਮਿਤ ਹੈ ਅਤੇ ਪੇਂਡੂ ਵੋਟ ਬੈਂਕ ਵਧਾਉਣਾ ਚਾਹੁੰਦੀ ਹੈ।
ਭਾਜਪਾ ਪੰਜਾਬ ਨੂੰ ਹਰਿਆਣਾ ਵਾਂਗ ਵਿਕਸਿਤ ਬਣਾਉਣ ਦਾ ਵਾਅਦਾ ਕਰ ਰਹੀ ਹੈ।

2027 ਚੋਣਾਂ ਦੌਰਾਨ ਕੀ ਹੋਵੇਗਾ ਪੰਜਾਬ ਦਾ ਸਿਆਸੀ ਭਵਿੱਖ ?

ਪੰਜਾਬ ਵਿੱਚ ਐਂਟੀ-ਇੰਕੰਬੈਂਸੀ ਵਧ ਰਹੀ ਹੈ, ਪਰ ਕੋਈ ਬਦਲ ਨਹੀਂ ਹੈ। 2027 ਚੋਣਾਂ ਵਿੱਚ ਅੰਕੜੇ ਫੈਸਲਾ ਕਰਨਗੇ। ਪੰਜਾਬ ਰਾਜਨੀਤੀ ਵਿੱਚ ਲੀਡਰਸ਼ਿਪ ਸੰਕਟ ਡੂੰਘਾ ਹੈ ਅਤੇ ਏਕਤਾ ਦੀ ਘਾਟ ਤੇ ਸਿਆਸੀ ਆਦਰਸ਼ ਤੇ ਕਿਰਦਾਰ ਦੀ ਕਮੀ ਨੇ ਇਸ ਨੂੰ ਵਧਾਇਆ ਹੈ। ਕਾਂਗਰਸ ਅਤੇ ਆਪ ਨੂੰ ਅੰਦਰੂਨੀ ਮਸਲੇ ਹੱਲ ਕਰਨੇ ਚਾਹੀਦੇ ਹਨ, ਜਦਕਿ ਅਕਾਲੀ ਦਲ ਨੂੰ ਏਕਤਾ ਚਾਹੀਦੀ ਹੈ। ਭਾਜਪਾ ਨੂੰ ਪੰਜਾਬੀ ਸੈਂਟੀਮੈਂਟ ਨੂੰ ਸਮਝਣਾ ਚਾਹੀਦਾ ਹੈ। 2027 ਚੋਣਾਂ ਪੰਜਾਬ ਲਈ ਨਿਰਣਾਇਕ ਹੋਣਗੀਆਂ ਅਤੇ ਨਵੀਂ ਲੀਡਰਸ਼ਿਪ ਪੈਦਾ ਕਰ ਸਕਦੀਆਂ ਹਨ। ਪੰਜਾਬ ਨੂੰ ਚੰਗੇ ਨੇਤਾਵਾਂ ਦੀ ਲੋੜ ਹੈ, ਜੋ ਹਿੱਤਾਂ ਲਈ ਲੜਨ।

Loading