ਸਾਂ ਫਰਾਂਸਿਸਕੋ/ਏ.ਟੀ.ਨਿਊਜ਼: ਅਮਰੀਕਾ ਦੀ ਬਹੁ-ਰਾਸ਼ਟਰੀ ਤਕਨਾਲੋਜੀ ਅਤੇ ਸੋਸ਼ਲ ਮੀਡੀਆ ਕੰਪਨੀ ਮੇਟਾ ਨੇ ਕਿਹਾ ਹੈ ਕਿ ਉਹ ਅੱਲ੍ਹੜਾਂ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ (ਏ.ਆਈ.) ‘ਕਰੈਕਟਰ’ ਤੱਕ ਪਹੁੰਚ ਨੂੰ ਅਸਥਾਈ ਤੌਰ ’ਤੇ ਰੋਕ ਰਹੀ ਹੈ। ਕੰਪਨੀ ਨੇ ਪਿਛਲੇ ਦਿਨੀਂ ਇੱਕ ਬਲੌਗ ਪੋਸਟ ਵਿੱਚ ਇਹ ਜਾਣਕਾਰੀ ਦਿੱਤੀ। ਇੰਸਟਾਗ੍ਰਾਮ ਅਤੇ ਵਟਸਐਪ ਦੀ ਮਾਲਕੀ ਵਾਲੀ ਕੰਪਨੀ ਮੇਟਾ ਪਲੇਟਫਾਰਮਸ ਇੰਕ. ਨੇ ਕਿਹਾ ਕਿ ‘ਆਉਣ ਵਾਲੇ ਕੁਝ ਹਫ਼ਤਿਆਂ’ ਵਿੱਚ ਅੱਲ੍ਹੜਾਂ ਨੂੰ ਏ. ਆਈ. ਕਰੈਕਟਰ (ਏ. ਆਈ.-ਅਧਾਰਿਤ ਡਿਜੀਟਲ ਕਰੈਕਟਰ) ਤੱਕ ਪਹੁੰਚ ਨਹੀਂ ਦਿੱਤੀ ਜਾਵੇਗੀ ਅਤੇ ‘ਜਦੋਂ ਤੱਕ ਇੱਕ ਨਵਾਂ ਅਤੇ ਸੁਧਰਿਆ ਹੋਇਆ ਸੰਸਕਰਣ ਤਿਆਰ ਨਹੀਂ ਹੁੰਦਾ’ ਇਹ ਪਾਬੰਦੀ ਉਦੋਂ ਤੱਕ ਲਾਗੂ ਰਹੇਗੀ।
ਕੰਪਨੀ ਨੇ ਕਿਹਾ ਕਿ ਇਹ ਫੈਸਲਾ ਉਨ੍ਹਾਂ ਸਾਰੇ ਖਪਤਕਾਰਾਂ ’ਤੇ ਲਾਗੂ ਹੁੰਦਾ ਹੈ ਜਿਨ੍ਹਾਂ ਨੇ ਮੈਟਾ ’ਤੇ ਜਨਮ ਤਰੀਕ ਦਰਜ ਕੀਤੀ ਹੈ ਜਿਸ ਕਾਰਨ ਉਹ ਨਾਬਾਲਗ ਦਿਖਾਈ ਦਿੰਦੇ ਹਨ। ਇਹ ਪਾਬੰਦੀ ਉਨ੍ਹਾਂ ’ਤੇ ਵੀ ਲਾਗੂ ਹੁੰਦੀ ਹੈ ‘ਜੋ ਬਾਲਗ ਹੋਣ ਦਾ ਦਾਅਵਾ ਕਰਦੇ ਹਨ ਪਰ ਸਾਡੀ ਉਮਰ-ਅਨੁਮਾਨ ਤਕਨਾਲੋਜੀ ਦੇ ਅਧਾਰ ’ਤੇ ਸਾਨੂੰ ਨਾਬਾਲਗ ਜਾਪਦੇ ਹਨ।’ ਇਹ ਪਾਬੰਦੀ ਅਜਿਹੇ ਸਮੇਂ ਲਗਾਈ ਗਈ ਹੈ ਜਦੋਂ ਮੈਟਾ, ਟਿੱਕਟੋਕ ਅਤੇ ਗੂਗਲ ਦੇ ਯੂਟਿਊਬ ਨੂੰ ਅਗਲੇ ਹਫਤੇ ਲਾਸ ਏਂਜਲਸ ਵਿੱਚ ਆਪਣੇ ਐਪਸ ਦੇ ਬੱਚਿਆਂ ’ਤੇ ਕਥਿਤ ਨੁਕਸਾਨਦੇਹ ਪ੍ਰਭਾਵਾਂ ਦੇ ਮਾਮਲੇ ਵਿੱਚ ਮੁਕੱਦਮੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਹਾਲਾਂਕਿ ਅੱਲ੍ਹੜ ਅਜੇ ਵੀ ਮੈਟਾ ਦੇ ਏ.ਆਈ. ਸਹਾਇਕ ਦੀ ਵਰਤੋਂ ਕਰਨ ਦੇ ਯੋਗ ਹੋਣਗੇ, ਪਰ ਉਹ ਏ.ਆਈ. ਕਰੈਕਟਰ ਤੱਕ ਪਹੁੰਚ ਨਹੀਂ ਕਰ ਸਕਣਗੇ। ਬੱਚਿਆਂ ’ਤੇ ਏ.ਆਈ.-ਅਧਾਰਿਤ ਗੱਲਬਾਤ ਦੇ ਪ੍ਰਭਾਵ ਬਾਰੇ ਵਧਦੇ ਫ਼ਿਕਰਾਂ ਦਰਮਿਆਨ ਹੋਰ ਕੰਪਨੀਆਂ ਨੇ ਵੀ ਅੱਲ੍ਹੜਾਂ ਲਈ ਏ.ਆਈ. ਚੈਟਬੋਟਸ ’ਤੇ ਪਾਬੰਦੀ ਲਗਾ ਦਿੱਤੀ ਹੈ। ਮੇਟਾ ਨੇ ਪਿਛਲੇ ਸਾਲ ਅੱਲ੍ਹੜਾਂ ਲਈ ਪਾਬੰਦੀ ਦਾ ਐਲਾਨ ਕੀਤਾ ਸੀ। ਕੰਪਨੀ ਕਈ ਬਾਲ ਸੁਰੱਖਿਆ ਮੁਕੱਦਮਿਆਂ ਦਾ ਸਾਹਮਣਾ ਕਰ ਰਹੀ ਹੈ। ਇਸ ਵਿੱਚ ਇੱਕ ਮਾਂ ਵੱਲੋਂ ਦਾਇਰ ਕੀਤਾ ਗਿਆ ਕੇਸ ਵੀ ਸ਼ਾਮਲ ਹੈ, ਜਿਸ ਦਾ ਦਾਅਵਾ ਹੈ ਕਿ ਕੰਪਨੀ ਦੇ ਚੈਟਬੋਟ ਨੇ ਉਸ ਦੇ ਅੱਲ੍ਹੜ ਪੁੱਤਰ ਨੂੰ ਖੁਦਕੁਸ਼ੀ ਕਰਨ ਲਈ ਉਕਸਾਇਆ ਸੀ।
![]()
