ਨਿਊਯਾਰਕ/ਏ.ਟੀ.ਨਿਊਜ਼: ਅਮਰੀਕੀ ਵਿੱਤ ਮੰਤਰੀ ਸਕੌਟ ਬੇਸੈਂਟ ਨੇ ਕਿਹਾ ਕਿ ਡੋਨਾਲਡ ਟਰੰਪ ਸਰਕਾਰ ਭਾਰਤ ’ਤੇ ਲਾਏ ਗਏ 50 ਫ਼ੀਸਦੀ ਟੈਕਸ ਵਿਚੋਂ ਅੱਧਾ ਟੈਕਸ ਹਟਾਉਣ ’ਤੇ ਵਿਚਾਰ ਕਰ ਰਹੀ ਹੈ ਤੇ ਇਹ ਵਾਧੂ ਟੈਕਸ ਹਟਾਇਆ ਜਾ ਸਕਦਾ ਹੈ। ਉਨ੍ਹਾਂ ਅਮਰੀਕੀ ਮੀਡੀਆ ਵੈਬਸਾਈਟ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਕਿ ਭਾਰਤ ਨੇ ਰੂਸ ਤੋਂ ਕੱਚਾ ਤੇਲ ਖਰੀਦਣਾ ਕਾਫ਼ੀ ਘੱਟ ਕਰ ਦਿੱਤਾ ਹੈ, ਇਸ ਕਰ ਕੇ ਟੈਰਿਫ਼ ਵਿੱਚ ਰਾਹਤ ਦੇਣ ਦੇ ਹਾਲਾਤ ਬਣ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤ ’ਤੇ ਲਾਇਆ ਗਿਆ ਟੈਕਸ ਕਾਫ਼ੀ ਅਸਰਦਾਰ ਰਿਹਾ ਹੈ ਤੇ ਇਸ ਕਾਰਨ ਰੂਸ ਤੇਲ ਦੀ ਖਰੀਦ ਵੀ ਘਟ ਗਈ ਹੈ ਤੇ ਹੁਣ ਇਸ ਨੂੰ ਹਟਾਉਣ ਦੀ ਯੋਜਨਾ ਹੈ। ਅਮਰੀਕਾ ਨੇ ਪਹਿਲੀ ਵਾਰ ਪਿਛਲੇ ਸਾਲ ਅਗਸਤ ਵਿੱਚ ਭਾਰਤ ’ਤੇ ਟੈਕਸ ਲਾਇਆ ਸੀ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ’ਤੇ 50 ਫ਼ੀਸਦੀ ਟੈਰਿਫ਼ ਲਗਾਇਆ ਹੈ ਜਿਸ ’ਚ ਰੂਸੀ ਤੇਲ ਖ਼ਰੀਦਣ ਕਰਕੇ 25 ਫ਼ੀਸਦੀ ਟੈਰਿਫ਼ ਵੀ ਸ਼ਾਮਲ ਹੈ। ਉਨ੍ਹਾਂ ਨੇ ਭਾਰਤ ’ਤੇ ਟੈਰਿਫ਼ ਨਾ ਲਗਾਉਣ ਲਈ ਯੂਰੋਪ ਦੀ ਵੀ ਆਲੋਚਨਾ ਕਰਦਿਆਂ ਕਿਹਾ ਕਿ ਯੂਰੋਪੀਅਨ ਸਹਿਯੋਗੀਆਂ ਨੇ ਟੈਰਿਫ਼ ਲਗਾਉਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਹ ਭਾਰਤ ਨਾਲ ਵੱਡੇ ਪੱਧਰ ’ਤੇ ਵਪਾਰਕ ਸਮਝੌਤੇ ’ਤੇ ਦਸਤਖਤ ਕਰਨਾ ਚਾਹੁੰਦੇ ਹਨ। ਦੱਸਣਾ ਬਣਦਾ ਹੈ ਕਿ ਇਹ ਟੈਕਸ ਲਾਉਣ ਤੋਂ ਬਾਅਦ ਦੋਵੇਂ ਦੇਸ਼ਾਂ ਦੇ ਰਿਸ਼ਤਿਆਂ ਵਿੱਚ ਖਟਾਸ ਆ ਗਈ ਸੀ।
![]()
