ਰਸੋਖਾਣਾ ਸਾਹਿਬ ਵਿਖੇ ‘ਸ਼ੁਕਰਾਨਾ ਸਮਾਗਮ’ ਕਰਵਾਇਆ

In ਮੁੱਖ ਖ਼ਬਰਾਂ
January 26, 2026

ਨਵਾਂਸ਼ਹਿਰ/ਏ.ਟੀ.ਨਿਊਜ਼: ਬੰਗਾ ਦੇ ਨਜ਼ਦੀਕੀ ਪਿੰਡ ਮਜ਼ਾਰਾ ਨੌ ਆਬਾਦ ਸਥਿਤ ਇਤਿਹਾਸਕ ਅਸਥਾਨ ਰਸੋਖਾਣਾ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਵਿਖੇ 328 ਲਾਪਤਾ ਸਰੂਪਾਂ ਦੇ ਮਾਮਲੇ ਵਿੱਚ ਪੈਦਾ ਹੋਏ ਵਿਵਾਦ ਦੇ ਸ਼ਾਂਤੀਪੂਰਨ ਹੱਲ ਹੋਣ ’ਤੇ ‘ਸ਼ੁਕਰਾਨਾ ਸਮਾਗਮ’ ਕਰਵਾਇਆ ਗਿਆ। ਅੱਜ ਦੇ ਸਮਾਗਮ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਜਿਸ ਤੋਂ ਬਾਅਦ ਹੋਏ ਗੁਰਮਤਿ ਸਮਾਗਮ ਵਿੱਚ ਸੂਬੇ ਭਰ ਤੋਂ ਢਾਡੀ ਜੱਥਿਆਂ ਅਤੇ ਕੀਰਤਨੀ ਜੱਥਿਆਂ ਨੇ ਹਾਜ਼ਰੀ ਭਰੀ।
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸੰਸਥਾ ਦੇ ਰਿਕਾਰਡ ਨੂੰ ਦਰੁਸਤ ਦੱਸਦੇ ਹੋਏ ਇਸ ਨੂੰ ਕਲੀਨ ਚਿੱਟ ਦਿੱਤੀ ਸੀ। ਇਹ ਵਿਵਾਦ ਉਸ ਸਮੇਂ ਸ਼ੁਰੂ ਹੋਇਆ ਸੀ ਜਦੋਂ ਮਾਘੀ ਮੇਲੇ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਸੀ ਕਿ ਲਾਪਤਾ 328 ਸਰੂਪਾਂ ਵਿੱਚੋਂ 169 ਸਰੂਪ ਰਸੋਖਾਣਾ ਸਾਹਿਬ ਵਿਖੇ ਮਿਲੇ ਹਨ। ਇਸ ਬਿਆਨ ਤੋਂ ਬਾਅਦ ਸਿਆਸੀ ਤੂਫ਼ਾਨ ਖੜ੍ਹਾ ਹੋ ਗਿਆ ਸੀ ਅਤੇ ਵੱਖ-ਵੱਖ ਪਾਰਟੀਆਂ ਵੱਲੋਂ ਸਰਕਾਰ ਦੀ ਨਿਖੇਧੀ ਕੀਤੀ ਗਈ ਸੀ।
ਹਾਲਾਤ ਵਿਗੜਦੇ ਦੇਖ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੋਰਚਾ ਸੰਭਾਲਿਆ ਅਤੇ ਸਪੱਸ਼ਟ ਕੀਤਾ ਕਿ ਡੇਰੇ ਦਾ ਰਿਕਾਰਡ ਪੂਰੀ ਤਰ੍ਹਾਂ ਸਾਫ਼ ਹੈ ਅਤੇ ਪ੍ਰਬੰਧਕਾਂ ਵਿਰੁੱਧ ਕੋਈ ਵੀ ਮਾਮਲਾ ਨਹੀਂ ਬਣਦਾ। ਇਸ ਸਮਾਗਮ ਵਿੱਚ ਮੁੱਖ ਮੰਤਰੀ ਦੀ ਆਮਦ ਦੀ ਉਮੀਦ ਸੀ ਪਰ ਉਹ ਨਜ਼ਰ ਨਹੀਂ ਆਏ।
ਪ੍ਰਬੰਧਕੀ ਕਮੇਟੀ ਦੇ ਮੈਂਬਰ ਅਮਰੀਕ ਸਿੰਘ ਬੁੱਲੋਵਾਲ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਜਿਹੜਾ ਭੰਬਲਭੂਸਾ ਸਿੱਖ ਸੰਗਤ ਦੇ ਮਨਾਂ ਵਿੱਚ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਉਹ ਗੁਰੂ ਸਾਹਿਬ ਦੀ ਕਿਰਪਾ ਨਾਲ ਬਹੁਤ ਹੀ ਸਿਆਣਪ ਅਤੇ ਸ਼ਾਂਤੀਪੂਰਨ ਤਰੀਕੇ ਨਾਲ ਦੂਰ ਹੋ ਗਿਆ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਸੰਸਥਾ ਦਾ ਕਦੇ ਵੀ ਸਿਆਸਤ ਨਾਲ ਕੋਈ ਲੈਣਾ-ਦੇਣਾ ਨਹੀਂ ਰਿਹਾ ਅਤੇ ਨਾ ਹੀ ਉਨ੍ਹਾਂ ਨੇ ਇਹ ਵਿਵਾਦ ਸ਼ੁਰੂ ਕੀਤਾ ਸੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਹੀ ਇਹ ਵਿਵਾਦ ਖੜ੍ਹਾ ਕੀਤਾ ਸੀ ਅਤੇ ਅਸੀਂ ਸਿਰਫ਼ ਆਪਣੀ ਸੱਚਾਈ ਸੰਗਤ ਦੇ ਸਾਹਮਣੇ ਰੱਖੀ ਹੈ।ਬੁੱਲੋਵਾਲ ਨੇ ਅੰਤ ਵਿੱਚ ਕਿਹਾ ਕਿ 328 ਸਰੂਪਾਂ ਦਾ ਅਸਲ ਮਾਮਲਾ ਸ਼੍ਰੋਮਣੀ ਕਮੇਟੀ ਅਤੇ ਸਰਕਾਰ ਵਿਚਕਾਰ ਹੈ ਪਰ ਉਨ੍ਹਾਂ ਦੀ ਸੰਸਥਾ ’ਤੇ ਲਾਏ ਗਏ ਦੋਸ਼ ਪੂਰੀ ਤਰ੍ਹਾਂ ਬੇਬੁਨਿਆਦ ਸਨ।
ਸਮਾਗਮ ਦੌਰਾਨ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚੀ ਸੰਗਤ ਦੇ ਇਕੱਠ ਨੇ ਇੱਕ ਤਰ੍ਹਾਂ ਨਾਲ ਸੰਸਥਾ ਦੀ ਤਾਕਤ ਦਾ ਪ੍ਰਦਰਸ਼ਨ ਵੀ ਕੀਤਾ। ਜਿੱਥੇ ਕੁਝ ਬੁਲਾਰਿਆਂ ਨੇ ਸਰਕਾਰ ਵਿਰੁੱਧ ਤਿੱਖੇ ਭਾਸ਼ਣ ਦਿੱਤੇ, ਉੱਥੇ ਹੀ ਪ੍ਰਬੰਧਕੀ ਕਮੇਟੀ ਨੇ ਸੰਤੁਲਿਤ ਪਹੁੰਚ ਅਪਣਾਉਂਦਿਆਂ ਕਿਹਾ ਕਿ ਉਹ ਸਿਰਫ਼ ਗੁਰਮਤਿ ਮਰਿਆਦਾਵਾਂ ਵਿੱਚ ਵਿਸ਼ਵਾਸ ਰੱਖਦੇ ਹਨ।

Loading