ਪ੍ਰਧਾਨ ਮੰਤਰੀ ਨਰਿੰਦਰ ਮੋਦੀ ਡੇਰਾ ਬੱਲਾਂ ਵਿਖੇ ਹੋਏ ਨਤਮਸਤਕ

In ਪੰਜਾਬ
February 02, 2026

ਜਲੰਧਰ/ਏ.ਟੀ.ਨਿਊਜ਼: ਪ੍ਰਧਾਨ ਮੰਤਰੀ ਨੇ ਪਿਛਲੇ ਦਿਨੀਂ ਆਦਮਪੁਰ ਹਵਾਈ ਅੱਡੇ ਦਾ ਨਾਮ ‘ਸ੍ਰੀ ਗੁਰੂ ਰਵਿਦਾਸ ਜੀ ਹਵਾਈ ਅੱਡਾ, ਆਦਮਪੁਰ’ ਰੱਖਣ ਦਾ ਐਲਾਨ ਕੀਤਾ ਤੇ ਵਰਚੁਅਲੀ ਲੁਧਿਆਣਾ ਦੇ ਹਲਵਾਰਾ ਹਵਾਈ ਅੱਡੇ ’ਤੇ ਟਰਮੀਨਲ ਇਮਾਰਤ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਬਾਅਦ ਦੁਪਹਿਰ 3.45 ਵਜੇ ਦੇ ਕਰੀਬ ਦਿੱਲੀ ਤੋਂ ਆਦਮਪੁਰ ਹਵਾਈ ਅੱਡੇ ’ਤੇ ਪੁੱਜੇ, ਜਿਥੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ, ਮੋਹਿੰਦਰ ਭਗਤ ਅਤੇ ਮੁੱਖ ਸਕੱਤਰ ਨੇ ਉਨ੍ਹਾਂ ਦਾ ਸਵਾਗਤ ਕੀਤਾ।
ਇਸ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਡੇਰਾ ਸੱਚਖੰਡ ਬੱਲਾਂ ਪੁੱਜੇ ਅਤੇ ਗੁਰੂ ਰਵਿਦਾਸ ਦੇ 649ਵੇਂ ਜਨਮ ਦਿਵਸ ਦੇ ਮੌਕੇ ’ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਪ੍ਰਧਾਨ ਮੰਤਰੀ ਮੋਦੀ ਦਾ ਡੇਰੇ ਦਾ ਦੌਰਾ 25 ਜਨਵਰੀ ਨੂੰ ਸੰਪਰਦਾ ਦੇ ਮੁਖੀ ਸੰਤ ਨਿਰੰਜਣ ਦਾਸ ਨੂੰ ਚੌਥੇ ਸਭ ਤੋਂ ਵੱਡੇ ਨਾਗਰਿਕ ਪੁਰਸਕਾਰ ਪਦਮ ਸ੍ਰੀ ਲਈ ਚੁਣੇ ਜਾਣ ਤੋਂ ਕੁਝ ਦਿਨ ਬਾਅਦ ਹੋਇਆ ਹੈ। ਜਲੰਧਰ ਦੇ ਬੱਲਾਂ ਵਿਖੇ ਸਥਿਤ ਡੇਰਾ ਸੱਚਖੰਡ, ਰਾਜ ਵਿੱਚ ਰਵਿਦਾਸੀਆ ਭਾਈਚਾਰੇ ਦਾ ਸਭ ਤੋਂ ਵੱਡਾ ਡੇਰਾ ਹੈ। ਗੁਰੂ ਰਵਿਦਾਸ ਜਯੰਤੀ ਅਤੇ ਮਾਘ ਪੂਰਨਿਮਾ ਦੇ ਮੌਕੇ ’ਤੇ ਲੋਕਾਂ ਨੂੰ ਵਧਾਈ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ, ‘‘ਮੈਂ ਪੰਜਾਬ ਦੀ ਇਸ ਧਰਤੀ ਨੂੰ ਨਮਨ ਕਰਦਾ ਹਾਂ।’’ ਉਨ੍ਹਾਂ ਕਿਹਾ ਕਿ ਉਹ ਪੰਜਾਬ ਨੂੰ ਅੱਜ ਦੋ ਚੀਜ਼ਾਂ ਦੇ ਰਹੇ ਹਨ। ਅੱਜ ਤੋਂ ਆਦਮਪੁਰ ਹਵਾਈ ਅੱਡੇ ਨੂੰ ਸੰਤ ਰਵਿਦਾਸ ਦੇ ਨਾਮ ਨਾਲ ਜਾਣਿਆ ਜਾਵੇਗਾ ਅਤੇ ਦੂਜਾ ਹਲਵਾਰਾ ਹਵਾਈ ਅੱਡੇ ਨੂੰ ਪੰਜਾਬ ਦੇ ਲੋਕਾਂ ਲਈ ਹਵਾਈ ਰਸਤੇ ਰਾਹੀਂ ਦੂਜੇ ਸ਼ਹਿਰਾਂ ਅਤੇ ਸੂਬਿਆਂ ਨਾਲ ਜੋੜਿਆ ਜਾ ਰਿਹਾ ਹੈ। ਉਨ੍ਹਾਂ ਵਰਚੁਅਲੀ ਹਲਵਾਰਾ ਹਵਾਈ ਅੱਡੇ ਦੇ ਨਵੇਂ ਟਰਮੀਨਲ ਦਾ ਉਦਘਾਟਨ ਕੀਤਾ।
ਡੇਰਾ ਪ੍ਰਬੰਧਕਾਂ ਨੇ ਕਿਹਾ ਕਿ 78 ਸਾਲਾਂ ਵਿੱਚ ਕਿਸੇ ਨੇ ਵੀ ਉਨ੍ਹਾਂ ਦੇ ਸਮਾਜ ਬਾਰੇ ਨਹੀਂ ਸੋਚਿਆ ਪਰ ਪ੍ਰਧਾਨ ਮੰਤਰੀ ਨੇ ਉਨ੍ਹਾਂ ਦੇ ਸਮਾਜ ਦੀ ਸਾਰ ਲਈ ਤੇ ਖੁਦ ਇੱਥੇ ਆਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸੰਤਾਂ ਨੇ ਹਮੇਸ਼ਾ ਬਰਾਬਰੀ ਦੀ ਗੱਲ ਕੀਤੀ ਹੈ। ਉਨ੍ਹਾਂ ਦਾ ਗੁਰੂ ਰਵਿਦਾਸ ਦੀ ਜਨਮ ਭੂਮੀ ਨਾਲ ਰਿਸ਼ਤਾ ਹੈ। ਸ੍ਰੀ ਮੋਦੀ ਨੇ ਡੇਰਾ ਮੁਖੀ ਸੰਤ ਨਿਰੰਜਨ ਦਾਸ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਤੋਂ ਅਸ਼ੀਰਵਾਦ ਲਿਆ। ਉਨ੍ਹਾਂ ਕਿਹਾ ਕਿ ਅੱਜ ਦੇ ਬਜਟ ਨਾਲ ਸਪੋਰਟਸ ਇੰਡਸਟਰੀ ਨੂੰ ਕਾਫੀ ਫਾਇਦਾ ਹੋਵੇਗਾ। ਜਲੰਧਰ ਵਿੱਚ ਖੇਡਾਂ ਦਾ ਵੱਡਾ ਕਾਰੋਬਾਰ ਕੀਤਾ ਜਾਂਦਾ ਹੈ ਜਿਸ ਦਾ ਫਾਇਦਾ ਪੰਜਾਬ ਵਾਸੀਆਂ ਨੂੰ ਹੋਵੇਗਾ ਤੇ ਪੰਜਾਬ ਦੇ ਲੱਖਾਂ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ।
ਸ੍ਰੀ ਮੋਦੀ ਨੇ ਕਿਹਾ ਕਿ ਇਸ ਸਾਲ ਦੇ ਬਜਟ ਵਿੱਚ ਜਲੰਧਰ, ਲੁਧਿਆਣਾ ਅਤੇ ਹੁਸ਼ਿਆਰਪੁਰ ਵਰਗੇ ਸ਼ਹਿਰਾਂ ਦੇ ਨਾਲ-ਨਾਲ ਹੋਰ ਸ਼ਹਿਰੀ ਖੇਤਰਾਂ ’ਤੇ ਵੀ ਧਿਆਨ ਕੇਂਦਰਿਤ ਕੀਤਾ ਗਿਆ ਹੈ। ਪੰਜਾਬ ਆਪਣੇ ਮਿਹਨਤੀ, ਹੁਨਰਮੰਦ ਕਾਮਿਆਂ ਲਈ ਜਾਣਿਆ ਜਾਂਦਾ ਹੈ ਅਤੇ ਸਾਰਿਆਂ ਨੂੰ ਬਜਟ ਦਾ ਲਾਭ ਮਿਲੇਗਾ। ਇਥੋਂ ਦੇ ਟੈਕਸਟਾਈਲ ਸੈਕਟਰ ਨੂੰ ਘੱਟੋ-ਘੱਟ ਟੈਕਸਾਂ ਨਾਲ 27 ਨਵੇਂ ਦੇਸ਼ਾਂ ਤੱਕ ਪਹੁੰਚ ਮਿਲੇਗੀ। ਖੁਰਾਕ ਪ੍ਰਾਸੈਸਿੰਗ ਖੇਤਰ ਨਾਲ ਜੁੜੀਆਂ ਨਵੀਆਂ ਪਹਿਲਕਦਮੀਆਂ ਰਾਹੀਂ ਪੰਜਾਬ ਦੇ ਮੋਗਾ, ਫ਼ਿਰੋਜ਼ਪੁਰ, ਹੁਸ਼ਿਆਰਪੁਰ ਅਤੇ ਬਠਿੰਡਾ ਜ਼ਿਲ੍ਹਿਆਂ ਨੂੰ ਵੱਡਾ ਲਾਭ ਮਿਲੇਗਾ। ਇਸ ਖੇਤਰ ਦਾ ਵਿਕਾਸ ਕਿਸਾਨਾਂ ਦੀ ਆਮਦਨ ਵਧਾਉਣ ਦੇ ਨਾਲ-ਨਾਲ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਕਰੇਗਾ। ਪ੍ਰਧਾਨ ਮੰਤਰੀ ਦੇ ਜਲੰਧਰ ਦੌਰੇ ਦੇ ਮੱਦੇਨਜ਼ਰ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ।

Loading