ਵਪਾਰਕ ਸਮਝੌਤੇ ਕਾਰਨ ਸ਼ੇਅਰ ਬਾਜ਼ਾਰ ਨੇ ਭਰੀ ਉਡਾਣ

In ਮੁੱਖ ਖ਼ਬਰਾਂ
February 03, 2026

ਨਵੀਂ ਦਿੱਲੀ/ਏ.ਟੀ.ਨਿਊਜ਼: ਅੱਜ ਭਾਰਤੀ ਸ਼ੇਅਰ ਬਾਜ਼ਾਰ ਜ਼ੋਰਦਾਰ ਤੇਜ਼ੀ ਨਾਲ ਖੁੱਲ੍ਹਿਆ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੀਤੇ ਦਿਨ ਭਾਰਤ ਨਾਲ ਇੱਕ ਵਪਾਰਕ ਸਮਝੌਤੇ ਦਾ ਐਲਾਨ ਕੀਤਾ ਸੀ। ਟਰੰਪ ਅਨੁਸਾਰ, ਭਾਰਤ ਰੂਸੀ ਤੇਲ ਖਰੀਦਣਾ ਬੰਦ ਕਰਨ ਤੇ ਅਮਰੀਕਾ ਤੇ ਸੰਭਾਵੀ ਤੌਰ ’ਤੇ ਵੈਨੇਜ਼ੁਏਲਾ ਤੋਂ ਜ਼ਿਆਦਾ ਤੇਲ ਖਰੀਦਣ ’ਤੇ ਸਹਿਮਤ ਹੋ ਗਿਆ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਤੋਂ ਬਾਅਦ ਇਕ ਸੋਸ਼ਲ ਮੀਡੀਆ ਪੋਸਟ ’ਚ ਟਰੰਪ ਨੇ ਕਿਹਾ, ‘ਪ੍ਰਧਾਨ ਮੰਤਰੀ ਮੋਦੀ ਨਾਲ ਦੋਸਤੀ ਅਤੇ ਸਤਿਕਾਰ ਕਾਰਨ, ਅਤੇ ਉਨ੍ਹਾਂ ਦੀ ਬੇਨਤੀ ਅਨੁਸਾਰ, ਤੁਰੰਤ ਪ੍ਰਭਾਵ ਨਾਲ, ਅਸੀਂ ਅਮਰੀਕਾ ਅਤੇ ਭਾਰਤ ਵਿਚਕਾਰ ਇੱਕ ਵਪਾਰਕ ਸਮਝੌਤੇ ’ਤੇ ਸਹਿਮਤ ਹੋਏ ਹਾਂ, ਜਿਸ ਤਹਿਤ ਅਮਰੀਕਾ ਘੱਟ ਰੈਸੀਪ੍ਰੋਕਲ ਟੈਰਿਫ ਲਗਾਏਗਾ, ਇਸ ਨੂੰ 25% ਤੋਂ ਘਟਾ ਕੇ 18% ਕਰ ਦਿੱਤਾ ਜਾਵੇਗਾ।’
ਇਸ ਇਤਿਹਾਸਕ ਐਲਾਨ ਤੋਂ ਬਾਅਦ ਬੀਤੇ ਦਿਨ ਬਾਜ਼ਾਰ ਵਿੱਚ ਰਿਕਾਰਡ ਤੇਜ਼ੀ ਦੇਖਣ ਨੂੰ ਮਿਲੀ। ਸੈਂਸੇਕਸ 3656 ਪੁਆਇੰਟ ਉਛਲ ਕੇ ਖੁੱਲ੍ਹਿਆ। ਪਿਛਲੀ ਕਲੋਜ਼ਿੰਗ 81,666.46 ਦੇ ਮੁਕਾਬਲੇ ਮੰਗਲਵਾਰ ਸਵੇਰੇ ਇਹ 85,523.30 ’ਤੇ ਖੁੱਲ੍ਹਿਆ। ਨਿਫਟੀ ਨੇ 1220 ਅੰਕਾਂ ਦੇ ਵਾਧੇ ਨਾਲ ਸ਼ੁਰੂਆਤ ਕੀਤੀ। ਇਹ 25,088.40 ਦੇ ਮੁਕਾਬਲੇ 26,308.05 ’ਤੇ ਖੁੱਲ੍ਹਿਆ।
ਸ਼ੇਅਰ ਬਾਜ਼ਾਰ ਦੇ ਪ੍ਰੀ-ਓਪਨ ਮਾਰਕੀਟ ’ਚ ਬਹੁਤ ਵੱਡਾ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਸੈਂਸੇਕਸ ’ਚ 3500 ਅੰਕਾਂ ਅਤੇ ਨਿਫਟੀ ’ਚ 1400 ਅੰਕਾਂ ਦੀ ਤੇਜ਼ੀ ਦਿਖਾਈ ਦੇ ਰਹੀ ਹੈ। ਇਹ 5 ਫੀਸਦੀ ਤੋਂ ਵੱਧ ਦੇ ਵਾਧੇ ਨਾਲ ਮਾਰਕੀਟ ਖੁੱਲ੍ਹਣ ਦਾ ਸੰਕੇਤ ਹੈ।

ਟੈਕਸਟਾਈਲ ਤੇ ਕੱਪੜਾ ਉਦਯੋਗ ਦੀ ਬੱਲੇ-ਬੱਲੇ
ਇਸ ਡੀਲ ਦਾ ਸਭ ਤੋਂ ਵੱਡਾ ਫਾਇਦਾ ਟੈਕਸਟਾਈਲ (ਕੱਪੜਾ) ਉਦਯੋਗ ਨੂੰ ਸਭ ਤੋਂ ਵੱਡਾ ਫਾਇਦਾ ਹੋਣ ਵਾਲਾ ਮੰਨਿਆ ਜਾ ਰਿਹਾ ਹੈ। ਅਮਰੀਕਾ ਭਾਰਤ ਦੇ ਕੁੱਲ ਟੈਕਸਟਾਈਲ ਬਰਾਮਦ ਦਾ ਲਗਪਗ 28% ਹਿੱਸਾ ਹੈ। ਭਾਰਤ ਦੇ ਅੱਧੇ ਤੋਂ ਵੱਧ ਕੱਪੜਾ ਉਦਯੋਗ ਦਾ ਦਰਾਮਦ ਵੀ ਅਮਰੀਕੀ ਕਪਾਹ ਨਾਲ ਜੁੜਿਆ ਹੋਇਆ ਹੈ। ਜਿਨ੍ਹਾਂ ਕੰਪਨੀਆਂ ਦਾ ਅਮਰੀਕਾ ’ਚ ਵੱਡਾ ਕਾਰੋਬਾਰ ਹੈ, ਉਨ੍ਹਾਂ ਦੇ ਸ਼ੇਅਰਾਂ ’ਚ ਤੇਜ਼ੀ ਆਉਣ ਦੀ ਸੰਭਾਵਨਾ ਹੈ। ਕੁਝ ਪ੍ਰਮੁੱਖ ਸਟਾਕਸ ਜਿਨ੍ਹਾਂ ਦਾ ਅਮਰੀਕੀ ਮਾਲੀਏ ਵਿੱਚ ਵੱਡਾ ਹਿੱਸਾ ਹੈ:
ਇੰਡੋ ਕਾਊਂਟ ਇੰਡਸਟਰੀਜ਼ (70%)
ਕਿਟੈਕਸ (70%)
ਗੋਕਲਦਾਸ ਐਕਸਪੋਰਟਸ (67%)
ਪਰਲ ਗਲੋਬਲ (64%)
ਵੈਲਸਪਨ ਇੰਡੀਆ (61%)
ਟ੍ਰਾਈਡੈਂਟ (28%)
ਮਾਰਕੀਟ ਲਈ ਵੱਡੀ ਰੁਕਾਵਟ ਹੋਈ ਦੂਰ
ਜ਼ਿਆਦਾਤਰ ਮਾਰਕੀਟ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਡੀਲ ਨਾਲ ਬਾਜ਼ਾਰ ਲਈ ਇਕ ਵੱਡੀ ਅਨਿਸ਼ਚਿਤਤਾ ਖਤਮ ਹੋ ਗਈ ਹੈ। ਹੁਣ ਜੈਮਸ ਤੇ ਜਵੈਲਰੀ, ਮਸ਼ੀਨਰੀ ਤੇ ਇਕੁਇਪਮੈਂਟ ਵਰਗੇ ਬਰਾਮਦ ਆਧਾਰਿਤ ਸੈਕਟਰਾਂ ’ਤੇ ਖਾਸ ਫੋਕਸ ਰਹੇਗਾ।

Loading