ਚੰਡੀਗੜ੍ਹ/ਏ.ਟੀ.ਨਿਊਜ਼: ਪੰਜਾਬ ਦੀ ਸਿਆਸਤ ਵਿੱਚ ਇੱਕ ਵੱਡਾ ਮੋੜ ਆਇਆ ਹੈ ਜਦੋਂ ਸੁਪਰੀਮ ਕੋਰਟ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਜ਼ਮਾਨਤ ਦੇ ਦਿੱਤੀ। ਇਹ ਘਟਨਾ ਨਾ ਸਿਰਫ਼ ਅਕਾਲੀ ਦਲ ਨੂੰ ਨਵੀਂ ਊਰਜਾ ਪ੍ਰਦਾਨ ਕਰ ਰਹੀ ਹੈ ਬਲਕਿ ਪੰਜਾਬ ਦੇ ਸਿਆਸੀ ਹਾਲਾਤ ਨੂੰ ਵੀ ਬਦਲਣ ਦੀ ਸੰਭਾਵਨਾ ਰੱਖਦੀ ਹੈ। ਮਜੀਠੀਆ, ਜਿਨ੍ਹਾਂ ਨੂੰ ਜੂਨ 2025 ਤੋਂ ਨਾਭਾ ਜੇਲ੍ਹ ਵਿੱਚ ਰੱਖਿਆ ਗਿਆ ਸੀ, ਨੂੰ 2 ਫਰਵਰੀ ਨੂੰ ਰਿਹਾਅ ਕੀਤਾ ਗਿਆ ਸੀ। ਇਸ ਮਾਮਲੇ ਵਿੱਚ 540 ਕਰੋੜ ਰੁਪਏ ਦੀ ਜਾਇਦਾਦ ਅਤੇ ਭ੍ਰਿਸ਼ਟਾਚਾਰ ਰੋਕੂ ਐਕਟ ਨਾਲ ਜੁੜੇ ਦੋਸ਼ ਸਨ, ਪਰ ਅਦਾਲਤ ਨੇ ਹਾਲਾਤਾਂ ਨੂੰ ਵੇਖਦਿਆਂ ਜ਼ਮਾਨਤ ਮਨਜ਼ੂਰ ਕੀਤੀ ਅਤੇ ਟ੍ਰਾਇਲ ਅਦਾਲਤ ਨੂੰ ਸਖ਼ਤ ਸ਼ਰਤਾਂ ਲਾਉਣ ਦੀ ਆਗਿਆ ਦਿੱਤੀ।
ਜੇਲ੍ਹ ਤੋਂ ਬਾਹਰ ਆਉਂਦਿਆਂ ਮਜੀਠੀਆ ਨੇ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਕਿਹਾ, ‘ਸਰਕਾਰਾਂ ਚਾਹੁੰਦੀਆਂ ਸਨ ਕਿ ਮੈਂ ਜਿਊਂਦਾ ਬਾਹਰ ਨਾ ਆਵਾਂ। ਪਰ ਵਾਹਿਗੁਰੂ ਨੇ ਬਲ ਬਖ਼ਸ਼ਿਆ ਅਤੇ ਅੱਜ ਮੈਂ ਤੁਹਾਡੇ ਵਿੱਚ ਹਾਂ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੈਲਿੰਜ ਕੀਤਾ ਕਿ ਮੈਂ ਜੇਲ੍ਹ ਵਿੱਚ ਬੈਂਗਣ ਖਾ ਕੇ ਗੁਜ਼ਾਰਾ ਕੀਤਾ ਹੈ, ਤੇਰਾ ਕੀ ਬਣੂਗਾ?’ ਮਜੀਠੀਆ ਨੇ ਸੁਨੀਲ ਜਾਖੜ (ਪੰਜਾਬ ਭਾਜਪਾ ਪ੍ਰਧਾਨ), ਕੈਪਟਨ ਅਮਰਿੰਦਰ ਸਿੰਘ, ਸੁਖਬੀਰ ਸਿੰਘ ਬਾਦਲ, ਚਰਨਜੀਤ ਸਿੰਘ ਚੰਨੀ ਅਤੇ ਹੋਰਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਨ੍ਹਾਂ ਨੂੰ ਮਾੜੇ ਸਮੇਂ ਵਿੱਚ ਸਹਿਯੋਗ ਦਿੱਤਾ। ਇਸ ਰਿਹਾਈ ਨਾਲ ਅਕਾਲੀ ਦਲ (ਬਾਦਲ) ਵਿੱਚ ਉਤਸ਼ਾਹ ਦੀ ਲਹਿਰ ਦੌੜ ਗਈ ਹੈ। ਪਾਰਟੀ ਆਗੂ ਕਹਿ ਰਹੇ ਹਨ ਕਿ ਮਜੀਠੀਆ ਦੀ ਵਾਪਸੀ ਨਾਲ ਪਾਰਟੀ ਨੂੰ ਨਵੀਂ ਊਰਜਾ ਮਿਲੇਗੀ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਨੂੰ ਮਜ਼ਬੂਤੀ ਮਿਲੇਗੀ।
ਅਕਾਲੀ ਆਗੂ ਅਰਸ਼ਦੀਪ ਕਲੇਰ ਨੇ ਕਿਹਾ, ‘ਆਪ ਨੇ ਮਜੀਠਿਆ ਉਪਰ ਝੂਠੇ ਕੇਸ ਬਣਾਏ ਸਨ ਅਤੇ ਅਦਾਲਤ ਵਿੱਚ ਉਹ ਟਿਕ ਨਹੀਂ ਸਕੇ।’ ਪਾਰਟੀ ਨੂੰ ਲੱਗਦਾ ਹੈ ਕਿ ਇਹ ਰਿਹਾਈ ਆਪ ਨੂੰ ਝਟਕਾ ਦੇਵੇਗੀ ਅਤੇ ਅਕਾਲੀ ਨੂੰ ਬੂਸਟ ਮਿਲੇਗਾ।
ਕੀ ਭਾਜਪਾ ਤੇ ਅਕਾਲੀ ਗੱਠਜੋੜ ਹੋਵੇਗਾ?
ਪੰਜਾਬ ਵਿੱਚ ਅਕਾਲੀ ਦਲ ਅਤੇ ਭਾਜਪਾ ਦਾ ਪੁਰਾਣਾ ਗਠਜੋੜ ਰਿਹਾ ਹੈ, ਜੋ 2020 ਵਿੱਚ ਖੇਤੀ ਕਾਨੂੰਨਾਂ ਕਾਰਨ ਟੁੱਟ ਗਿਆ ਸੀ, ਪਰ ਹੁਣ ਮੁੜ ਜੁੜਨ ਦੀਆਂ ਅਟਕਲਾਂ ਹਨ। ਸਿਆਸੀ ਮਾਹਿਰਾਂ ਅਨੁਸਾਰ, ਮਜੀਠੀਆ ਦੀ ਜ਼ਮਾਨਤ ਵਿੱਚ ਭਾਜਪਾ ਦੀ ਭੂਮਿਕਾ ਬਾਰੇ ਚਰਚਾ ਗਰਮ ਹੈ। ਹਾਲਾਂ ਕਿ ਸੁਪਰੀਮ ਕੋਰਟ ਨੇ ਜ਼ਮਾਨਤ ਦਿੱਤੀ ਹੈ, ਪਰ ਸਿਆਸੀ ਹਲਕਿਆਂ ਵਿੱਚ ਅਟਕਲਾਂ ਹਨ ਕਿ ਭਾਜਪਾ ਨੇ ਪਿੱਠ ਪਿੱਛੇ ਮਦਦ ਕੀਤੀ ਹੈ। ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਮਜੀਠੀਆ ਦੀ ਰਿਹਾਈ ਦਾ ਸਵਾਗਤ ਕੀਤਾ ਅਤੇ ਇਸ ਨੂੰ ਨਿਆਂ ਦੀ ਜਿੱਤ ਦੱਸਿਆ। ਸੂਤਰਾਂ ਅਨੁਸਾਰ, ਭਾਜਪਾ ਨੇ ਕੇਂਦਰੀ ਪੱਧਰ ਉੱਤੇ ਅਸਿੱਧੇ ਤੌਰ ਉੱਤੇ ਪ੍ਰਭਾਵ ਪਾਇਆ ਹੋ ਸਕਦਾ ਹੈ, ਕਿਉਂਕਿ ਇਸ ਨਾਲ ‘ਆਪ’ ਨੂੰ ਝਟਕਾ ਲੱਗੇਗਾ ਅਤੇ ਅਕਾਲੀ ਨੂੰ ਫਾਇਦਾ ਹੋਵੇਗਾ। ਭਾਜਪਾ ਨੂੰ ਪੰਜਾਬ ਵਿੱਚ ਆਪਣੀ ਜ਼ਮੀਨ ਮਜ਼ਬੂਤ ਕਰਨ ਲਈ ਅਕਾਲੀ ਨਾਲ ਮੁੜ ਗਠਜੋੜ ਦੀ ਲੋੜ ਹੈ, ਅਤੇ ਮਜੀਠੀਆ ਦੀ ਰਿਹਾਈ ਇਸ ਵੱਲ ਇੱਕ ਕਦਮ ਵਜੋਂ ਵੇਖੀ ਜਾ ਰਹੀ ਹੈ। ਹਾਲਾਂ ਕਿ, ਭਾਜਪਾ ਆਗੂ ਰਵਨੀਤ ਬਿੱਟੂ ਨੇ ਅਕਾਲੀ ਨਾਲ ਗਠਜੋੜ ਦਾ ਵਿਰੋਧ ਕੀਤਾ ਹੈ, ਕਹਿੰਦੇ ਹੋਏ ਕਿ ਨਸ਼ਾ ਤਸਕਰੀ ਵਾਲਿਆਂ ਨਾਲ ਗਠਜੋੜ ਨਾਲ ਪਾਰਟੀ ਦੇ ਭ੍ਰਿਸ਼ਟਾਚਾਰ ਵਿਰੋਧੀ ਸਟੈਂਡ ਨੂੰ ਨੁਕਸਾਨ ਪਹੁੰਚੇਗਾ।
ਰਾਧਾ ਸਵਾਮੀ ਬਾਬੇ ਦੀ ਭੂਮਿਕਾ:
ਰਾਧਾ ਸਵਾਮੀ ਸਤਸੰਗ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਜ਼ਮਾਨਤ ਮਿਲਣ ਤੋਂ ਇੱਕ ਦਿਨ ਪਹਿਲਾਂ ਨਾਭਾ ਜੇਲ੍ਹ ਵਿੱਚ ਮਜੀਠੀਆ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਉਨ੍ਹਾਂ ਉੱਤੇ ਲੱਗੇ ਸਾਰੇ ਦੋਸ਼ ਝੂਠੇ ਅਤੇ ਬੇਬੁਨਿਆਦ ਹਨ। ਬਾਬਾ ਨੇ ਕਿਹਾ, ‘ਬਿਕਰਮ ਮੇਰਾ ਰਿਸ਼ਤੇਦਾਰ ਹੈ ਅਤੇ ਉਸ ਉਪਰ ਦੋਸ਼ ਗਲਤ ਹਨ।’ ਇਹ ਮੁਲਾਕਾਤ ਬਾਬੇ ਦੀ ਮਜੀਠੀਆ ਨਾਲ ਦੂਜੀ ਮੁਲਾਕਾਤ ਸੀ ਅਤੇ ਇਸ ਨੇ ਸਿਆਸੀ ਹਲਕਿਆਂ ਵਿੱਚ ਹਲਚਲ ਮਚਾ ਦਿੱਤੀ ਹੈ। ਬਾਬਾ ਢਿੱਲੋਂ ਲੱਖਾਂ ਪੈਰੋਕਾਰਾਂ ਦੇ ਆਗੂ ਹਨ ਅਤੇ ਪੰਜਾਬ ਵਿੱਚ ਡੇਰੇ ਦੀ ਵੋਟ ਬੈਂਕ ਬਹੁਤ ਮਜ਼ਬੂਤ ਹੈ, ਖਾਸ ਕਰ ਮਾਝੇ ਅਤੇ ਮਾਲਵੇ ਵਿੱਚ। ਇਹ ਮੁਲਾਕਾਤ ਜ਼ਮਾਨਤ ਵਿੱਚ ਭੂਮਿਕਾ ਵਜੋਂ ਵੇਖੀ ਜਾ ਰਹੀ ਹੈ, ਕਿਉਂਕਿ ਇਸ ਤੋਂ ਬਾਅਦ ਹੀ ਅਦਾਲਤ ਨੇ ਜ਼ਮਾਨਤ ਦਿੱਤੀ ਹੈ। ਹਾਲਾਂ ਕਿ ਬਾਬੇ ਨੇ ਇਸ ਨੂੰ ਨਿੱਜੀ ਰਿਸ਼ਤੇਦਾਰੀ ਦੱਸਿਆ ਹੈ, ਪਰ ਆਪ ਨੇ ਇਸ ਉੱਤੇ ਇਤਰਾਜ਼ ਜਤਾਇਆ ਹੈ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ, ‘ਜ਼ਮਾਨਤ ਮਿਲਣ ਨਾਲ ਉਹ ਮੁਕਤ ਨਹੀਂ ਹੋ ਗਏ, ਅਸੀਂ ਰੀਵਿਊ ਪਟੀਸ਼ਨ ਪਾਵਾਂਗੇ ਅਤੇ ਟ੍ਰਾਇਲ ਵਿੱਚ ਸਜ਼ਾ ਮਿਲੇਗੀ।’ ਮੁੱਖ ਮੰਤਰੀ ਮਾਨ ਨੇ ਟਵੀਟ ਕਰ ਕੇ ਤਨਜ਼ ਕੱਸਿਆ ਕਿ ‘ਅਦਾਲਤਾਂ ਦਾ ਰੱਬ ਰਾਖਾ, ਜਿੱਥੇ ਮੁਲਾਕਾਤੀ ਹੀ ਜੱਜ ਬਣ ਜਾਣ।’
ਸਿਆਸੀ ਵਿਸ਼ਲੇਸ਼ਕਾਂ ਅਨੁਸਾਰ, ਡੇਰਾ ਬਿਆਸ,ਭਾਜਪਾ- ਅਕਾਲੀ ਗੱਠਜੋੜ ‘ਆਪ’ ਲਈ ਨੁਕਸਾਨਦੇਹ ਹੋ ਸਕਦਾ ਹੈ, ਖਾਸ ਕਰ ਅਗਲੀਆਂ ਚੋਣਾਂ ਵਿੱਚ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਡੇਰਾ ਬਿਆਸ ਦਾ ਦੌਰਾ ਕਰ ਚੁੱਕੇ ਹਨ ਅਤੇ ਆਰਐੱਸਐੱਸ ਮੁਖੀ ਮੋਹਨ ਭਾਗਵਤ ਨਾਲ ਬਾਬੇ ਦੀਆਂ ਮੁਲਾਕਾਤਾਂ ਹੋਈਆਂ ਸਨ, ਜੋ ਭਾਜਪਾ ਨਾਲ ਨੇੜਤਾ ਨੂੰ ਦਰਸਾਉਂਦੀਆਂ ਹਨ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਜਗਰੂਪ ਸਿੰਘ ਸੇਖੋਂ ਨੇ ਕਿਹਾ ਕਿ ਡੇਰਾ ਬਿਆਸ ਕਾਫੀ ਤਾਕਤ ਰੱਖਦਾ ਹੈ ਅਤੇ ਇਹ ‘ਕਿੰਗ ਮੇਕਰ’ ਵਜੋਂ ਕੰਮ ਕਰ ਸਕਦਾ ਹੈ।
‘ਆਪ’ ਨੂੰ ਰਾਜਨੀਤਿਕ ਝਟਕਾ:
‘ਆਪ’ ਨੂੰ ਇਸ ਘਟਨਾ ਨਾਲ ਵੱਡਾ ਝਟਕਾ ਲੱਗਿਆ ਹੈ ਕਿਉਂਕਿ ਮਜੀਠੀਆ ‘ਆਪ’ ਦੇ ਵੱਡੇ ਵਿਰੋਧੀ ਹਨ। ਆਪ ਨੇ 2022 ਵਿੱਚ ਨਸ਼ੀਲੇ ਪਦਾਰਥਾਂ ਵਿਰੁੱਧ ਮੁਹਿੰਮ ਚਲਾ ਕੇ ਸੱਤਾ ਹਾਸਲ ਕੀਤੀ ਸੀ ਅਤੇ ਮਜੀਠੀਆ ਨੂੰ ਨਿਸ਼ਾਨਾ ਬਣਾਇਆ ਸੀ। ਹੁਣ ਉਨ੍ਹਾਂ ਦੀ ਰਿਹਾਈ ਨਾਲ ‘ਆਪ’ ਦੀ ਮੁਹਿੰਮ ਨੂੰ ਝਟਕਾ ਲੱਗਾ ਹੈ। ‘ਆਪ’ ਪੰਜਾਬ ਪ੍ਰਧਾਨ ਅਮਨ ਅਰੋੜਾ ਨੇ ਕਿਹਾ ਕਿ ਜ਼ਮਾਨਤ ਨੂੰ ਦੋਸ਼-ਮੁਕਤੀ ਵਜੋਂ ਨਹੀਂ ਵੇਖਣਾ ਚਾਹੀਦਾ ਅਤੇ ਕੇਸ ਬਰਕਰਾਰ ਹੈ। ‘ਆਪ’ ਮੀਡੀਆ ਇਨਚਾਰਜ ਬਲਤੇਜ ਪੰਨੂ ਨੇ ਕਿਹਾ ਕਿ ਮਜੀਠੀਆ ਨੂੰ ਅਕਾਲੀ ਲੀਡਰਸ਼ਿਪ ਨੇ ਇਕੱਲਾ ਛੱਡ ਦਿੱਤਾ ਹੈ।
ਪੰਜਾਬ ਦੀ ਸਿਆਸਤ ਵਿੱਚ ਨਵਾਂ ਮੋੜ:
ਮਜੀਠਿਆ ਦੀ ਰਿਹਾਈ ਨਾਲ ਪੰਜਾਬ ਦੀ ਸਿਆਸਤ ‘ਆਪ’ ਵਿਰੁੱਧ ਅਕਾਲੀ-ਭਾਜਪਾ ਗਠਜੋੜ ਵੱਲ ਜਾ ਰਹੀ ਹੈ। ਮਜੀਠੀਆ ਨੂੰ ਅਕਾਲੀ ਵਿੱਚ ਤਬਦੀਲੀ ਲਿਆਉਣ ਵਾਲਾ ਮੰਨਿਆ ਜਾ ਰਿਹਾ ਹੈ। ਅਕਾਲੀ ਦਲ ਬਾਦਲ ਨੇ ਇਸ ਨੂੰ ਸੱਚਾਈ ਦੀ ਜਿੱਤ ਦੱਸਿਆ ਹੈ। ਅਗਲੀਆਂ ਚੋਣਾਂ ਵਿੱਚ ਡੇਰੇ ਦੀ ਵੋਟ ਅਹਿਮ ਹੋਵੇਗੀ। ਡਾਕਟਰ ਪਰਮਜੀਤ ਸਿੰਘ ਨੇ ਕਿਹਾ ਕਿ ਮਜੀਠੀਆ ਦੀ ਵਾਪਸੀ ਨਾਲ ਅਕਾਲੀ ਨੂੰ ਬੂਸਟ ਮਿਲੇਗਾ ਅਤੇ ਭਾਜਪਾ ਪੰਜਾਬ ਵਿੱਚ ਵਧੇਗੀ। ਉਨ੍ਹਾਂ ਨੇ ਡੇਰਾ ਮੁਖੀ ਦੇ ਦਖਲ ਉੱਤੇ ਚਿੰਤਾ ਜਤਾਈ ਕਿ ਇਹ ਜਮਹੂਰੀਅਤ ਲਈ ਚੰਗਾ ਨਹੀਂ ਹੈ। ਡਾਕਟਰ ਖੁਸ਼ਹਾਲ ਸਿੰਘ ਨੇ ਇਸ ਨੂੰ ਆਪ ਦੀ ਨਾਕਾਮੀ ਵਜੋਂ ਵੇਖਿਆ। ਗੁਰੂ ਨਾਨਕ ਯੂਨੀਵਰਸਿਟੀ ਦੇ ਪ੍ਰੋਫੈਸਰ ਪਰਮਜੀਤ ਸਿੰਘ ਨੇ ਕਿਹਾ ਕਿ ਗੁਰਿੰਦਰ ਢਿੱਲੋਂ ਸਿਆਸਤ ਵਿੱਚ ਆ ਸਕਦੇ ਹਨ ਪਰ ਡੇਰੇ ਦਾ ਪ੍ਰਭਾਵ ਸੀਮਤ ਹੈ।
ਇਸ ਘਟਨਾ ਨੇ ਪੰਜਾਬ ਵਿੱਚ ਵਿਸ਼ਲੇਸ਼ਣ ਨੂੰ ਗਰਮਾ ਦਿੱਤਾ ਹੈ। ਡਾਕਟਰ ਪਰਮਜੀਤ ਸਿੰਘ ਮਾਨਸਾ ਨੇ ਕਿਹਾ ਕਿ ਡੇਰਾ ਮੁਖੀ ਦੇ ਸਮਰਥਨ ਅਤੇ ਜ਼ਮਾਨਤ ਦਾ ਇੱਕੋ ਦਿਨ ਹੋਣਾ ਨਿੱਜੀ ਅਤੇ ਸਿਆਸੀ ਨੈੱਕਸ ਨੂੰ ਉਜਾਗਰ ਕਰਦਾ ਹੈ।
ਇਸ ਤਰ੍ਹਾਂ, ਮਜੀਠੀਆ ਦੀ ਰਿਹਾਈ ਨਾਲ ਪੰਜਾਬ ਦੀ ਸਿਆਸਤ ਵਿੱਚ ਨਵੇਂ ਸਮੀਕਰਨ ਬਣ ਰਹੇ ਹਨ। ਅਕਾਲੀ ਦਲ ਵਿੱਚ ਤਬਦੀਲੀ ਆਉਣ ਦੀ ਸੰਭਾਵਨਾ ਹੈ ਅਤੇ ਆਪ ਨੂੰ ਰੱਖਿਆਤਮਕ ਰੱੁਖ ਅਪਣਾਉਣਾ ਪਵੇਗਾ। ਭਾਜਪਾ ਅਤੇ ਡੇਰੇ ਦੀ ਭੂਮਿਕਾ ਨੇ ਰਾਜਨੀਤੀ ਵਿੱਚ ਆਪਣਾ ਸਿੱਕਾ ਜਮਾਇਆ ਹੈ, ਜੋ ਅਗਲੀਆਂ ਚੋਣਾਂ ਨੂੰ ਪ੍ਰਭਾਵਿਤ ਕਰੇਗਾ।
ਡੇਰਾ ਰਾਧਾ ਸੁਆਮੀ ਬਿਆਸ ਪੰਜਾਬ ਵਿੱਚ ਬਹੁਤ ਵੱਡੀ ਫਾਲੋਇੰਗ ਵਾਲਾ ਹੈ ਅਤੇ ਚੋਣਾਂ ਵਿੱਚ ਇਸ ਦਾ ਪ੍ਰਭਾਵ ਪੈਂਦਾ ਹੈ। ਪਹਿਲੇ ਡੇਰਾ ਮੁਖੀ ਸਥਾਨਕ ਰਾਜਨੀਤੀ ਵਿੱਚ ਘੱਟ ਦਖਲ ਦਿੰਦੇ ਸਨ, ਪਰ ਗੁਰਿੰਦਰ ਢਿੱਲੋਂ ਨੇ ਹਾਲ ਹੀ ਵਿੱਚ ਵੱਧ ਜਨਤਕ ਰੂਪ ਵਿੱਚ ਦਿਖਾਈ ਦੇਣਾ ਸ਼ੁਰੂ ਕੀਤਾ ਹੈ।
![]()
