ਪੰਥਕ ਕੌਂਸਲ ਵੱਲੋਂ ਕੌਂਸਲ ਦਾ ਵਿਧੀ ਵਿਧਾਨ ਘੜਨ ਲਈ ਅਤੇ ਭਵਿੱਖ ਮਿਸ਼ਨ ਤੈਅ ਕਰਨ ਹਿੱਤ ਪੰਥਕ ਕੌਂਸਲ ਦੀ ਮੁੱਢਲੀ ਕਮੇਟੀ ਦਾ ਗਠਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਥਕ ਕੌਂਸਲ ਦੇ ਬੁਲਾਰੇ ਨੇ ਦੱਸਿਆ ਕਿ ਇਸ ਮੌਕੇ ਮੁੱਖ ਸੇਵਾਦਾਰ ਸਤਵੰਤ ਕੌਰ ਨੂੰ ਬਣਾਇਆ ਗਿਆ, ਜਦੋਂ ਕਿ ਸਿੱਖ ਇਤਿਹਾਸਕਾਰ ਅਤੇ ਸਿੱਖ ਚਿੰਤਕ ਭਾਈ ਬਲਦੀਪ ਸਿੰਘ ਰਾਮੂੰਵਾਲੀਆ, ਸਿੱਖ ਵਿਦਵਾਨ ਡਾ. ਜਸਪਾਲ ਸਿੰਘ ਖ਼ਾਲਸਾ, ਸਿੱਖ ਵਿਦਵਾਨ ਐਡਵੋਕੇਟ ਪਰਮਜੀਤ ਸਿੰਘ ਭੰਗੂ, ਸਿੱਖ ਚਿੰਤਕ ਐਡਵੋਕੇਟ ਬਲਵੰਤ ਸਿੰਘ ਮੁਕਤਸਰ ਸਾਹਿਬ ਨੂੰ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਹੈ।
ਉਹਨਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਅਗਵਾਈ ਅਧੀਨ ਮਿਤੀ 11-8-2025 ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਖਾਲਸਾ ਪੰਥ ਦੇ ਡੈਲੀਗੇਟ ਇਜਲਾਸ ਵਿੱਚ ਪੰਥਕ ਨਿਸ਼ਾਨਿਆਂ ਦੀ ਪੂਰਤੀ ਲਈ ਸਰਬਸੰਮਤੀ ਨਾਲ ਪੰਥਕ ਕੌਂਸਲ ਦੀ ਸਥਾਪਨਾ ਕੀਤੀ ਗਈ ਸੀ ਜਿਸ ਦਾ ਮੁੱਖ ਮੰਤਵ ਪੰਥ ਦੀ ਖਿਲਰੀ ਹੋਈ ਸ਼ਕਤੀ ਨੂੰ ਇੱਕਠਿਆਂ ਕਰਨ ਦਾ ਯਤਨ ਕਰਨਾ ਅਤੇ ਪੰਥਕ ਕਾਰਜਾਂ ਲਈ ਇੱਕ ਸੁਰਤਾ ਲਿਆਉਣਾ ਹੈ।
ਉਹਨਾਂ ਕਿਹਾ ਕਿ ਵਿਸ਼ਵ ਭਰ ਵਿੱਚ ਵੱਸਦੇ ਸਿੱਖਾਂ ਨੂੰ ਨਾਲ ਜੋੜਨ ਲਈ ਇਸ ਦਾ ਦਾਇਰਾ ਵਿਸ਼ਵਵਿਆਪੀ ਰੱਖਿਆ ਜਾਵੇਗਾ। ਪੰਥਕ ਨਿਸ਼ਾਨਿਆਂ ਦੀ ਪੂਰਤੀ ਲਈ ਸੰਗਤਾਂ ਦੀਆਂ ਭਾਵਨਾਵਾਂ ਅਨੁਸਾਰ ਇੱਕ ਪੰਥਕ ਇਕਸੁਰਤਾ ਕਮਕੇਟੀ ਦਾ ਗਠਨ ਕੀਤਾ ਜਾਵੇਗਾ। ਇਸ ਕਾਰਜ ਲਈ ਸਿੱਖ ਬੁਧੀਜੀਵੀਆਂ, ਵਿਦਵਾਨਾਂ, ਧਾਰਮਿਕ ਸ਼ਖਸੀਅਤਾਂ ਅਤੇ ਵੱਖ ਵੱਖ ਸਿੱਖ ਜਥੇਬੰਦੀਆਂ ਦਾ ਇੱਕ ਥਿੰਕ ਟੈਂਕ ਭਾਵ ਸਲਾਹਕਾਰ ਕਮੇਟੀ ਗਠਿਤ ਕੀਤੀ ਜਾਵੇਗੀ। ਪੰਥਕ ਕੌਂਸਲ ਵੱਲੋਂ ਸਿੱਖ ਨੌਜਵਾਨਾਂ ਨੂੰ ਧਾਰਮਿਕ, ਸਮਾਜਿਕ , ਸਮਾਜਿਕ ਅਤੇ ਰਾਜਸੀ ਸਰੋਕਾਰਾਂ ਦੀ ਸੋਝੀ ਦੇਣ ਲਈ ਉਪਰਾਲੇ ਕੀਤੇ ਜਾਣਗੇ ਤਾਂ ਜੋ ਭਵਿੱਖ ਲਈ ਸੁਹਿਰਦ ਲੀਡਰਸ਼ਿਪ ਤਿਆਰ ਕੀਤੀ ਜਾ ਸਕੇ।
![]()
