ਸੈਕਰਾਮੈਂਟੋ,ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ: ਚੋਟੀ ਦੇ ਡੈਮੋਕਰੈਟਸ ਆਗੂਆਂ ਨੇ ਨਵੀਂ ਸਮਾਲ ਬਿਜ਼ਨਸ ਐਡਮਨਿਸਟ੍ਰੇਸ਼ਨ (ਐਸ. ਬੀ. ਏ.) ਨੀਤੀ ਦੀ ਅਲੋਚਨਾ ਕੀਤੀ ਹੈ ਜਿਸ ਤਹਿਤ ਕਾਨੂੰਨੀ ਸਥਾਈ ਵਾਸੀ ਪ੍ਰਵਾਸੀਆਂ ਉੱਪਰ ਕਰਜ਼ਾ ਲੈਣ ’ਤੇ ਰੋਕ ਲਾਈ ਗਈ ਹੈ। ਸੈਨੇਟਰ ਐਡਵਰਡ ਜੇ ਮਾਰਕੇ (ਐਮ. ਏ.) ਤੇ ਪ੍ਰਤੀਨਿਧ ਨਾਇਡੀਆ ਵੇਲਾਜ਼ਕੁਏਜ਼ (ਐਨ. ਵਾਈ.) ਨੇ ਕਿਹਾ ਹੈ ਕਿ ਇਸ
ਨੀਤੀ ਨਾਲ ਪ੍ਰਵਾਸੀ ਉੱਦਮੀ ਪ੍ਰਭਾਵਿਤ ਹੋਣਗੇ ਤੇ ਸਥਾਨਿਕ ਅਰਥ ਵਿਵਸਥਾ ਉੱਪਰ ਮਾੜਾ ਅਸਰ ਪਵੇਗਾ। ਉਨ੍ਹਾਂ ਕਿਹਾ ਕਿ ਇਸ ਨੀਤੀ ਤਹਿਤ ਦਹਾਕਿਆਂ ਪੁਰਾਣੇ ਅਮਲ ਨੂੰ ਪੁੱਠਾ ਗੇੜਾ ਦੇ ਦਿੱਤਾ ਗਿਆ ਹੈ ਤੇ ਕਾਨੂੰਨੀ ਪ੍ਰਵਾਸੀ ਜੋ ਛੋਟੇ ਕਾਰੋਬਾਰ ਕਰਦੇ ਹਨ, ਨੂੰ ਬਾਹਰ ਦਾ ਰਸਤਾ ਵਿਖਾ ਦਿੱਤਾ ਗਿਆ ਹੈ। ਸੰਸਦ ਮੈਂਬਰਾਂ ਨੇ ਕਿਹਾ ਹੈ ਕਿ ਟਰੰਪ ਪ੍ਰਸ਼ਾਸਨ ਪ੍ਰਵਾਸੀਆਂ ਤੇ ਛੋਟੇ ਕਾਰੋਬਾਰੀਆਂ ਵਿੱਚ
ਨਫ਼ਰਤ, ਡਰ ਤੇ ਭੰਬਲਭੂਸਾ ਪੈਦਾ ਕਰ ਰਿਹਾ ਹੈ। ਚਾਹੀਦਾ ਤਾਂ ਇਹ ਸੀ ਕਿ ਟਰੰਪ ਪ੍ਰਸ਼ਾਸਨ ਕਾਨੂੰਨੀ ਪ੍ਰਵਾਸੀਆਂ ਦੀ ਕਾਰੋਬਾਰ ਵਧਾਉਣ ਵਿੱਚ ਮਦਦ ਕਰਦਾ ਪਰੰਤੂ ਹੋ ਇਸ ਦੇ ਉਲਟ ਰਿਹਾ ਹੈ। ਐਸ. ਬੀ. ਏ. ਵੱਲੋਂ ਪ੍ਰਕਾਸ਼ਿਤ ਨਵੀਂ ਨੀਤੀ ਪਹਿਲੀ ਮਾਰਚ ਤੋਂ ਲਾਗੂ ਹੋਵੇਗੀ। ਨਵੇਂ ਨਿਯਮ ਤਹਿਤ ਛੋਟੇ ਕਾਰੋਬਾਰ ਦਾ ਮਾਲਕ ਸੌ ਪ੍ਰਤੀਸ਼ਤ ਅਮਰੀਕੀ ਨਾਗਰਿਕ ਹੋਣਾ ਚਾਹੀਦਾ ਹੈ ਤੇ ਕਾਨੂੰਨੀ ਤੌਰ ’ਤੇ ਪੀ. ਆਰ. ਜਿਨ੍ਹਾਂ ਨੂੰ ਗਰੀਨ ਕਾਰਡ ਧਾਰਕ ਵੀ ਕਿਹਾ ਜਾਂਦਾ ਹੈ, ਦਾ ਐਸ. ਬੀ. ਏ. ਤੋਂ ਲਏ ਕਰਜ਼ੇ ਵਾਲੇ ਕਾਰੋਬਾਰ ਵਿੱਚ ਕੋਈ ਹਿੱਸਾ ਨਹੀਂ ਹੋਣਾ ਚਾਹੀਦਾ।
![]()
