ਕੈਨੇਡਾ ਦੇ ਸਕੂਲ ’ਚ ਦਿਨ ਦਿਹਾੜੇ ਚੱਲੀਆਂ ਗੋਲੀਆਂ

In ਮੁੱਖ ਖ਼ਬਰਾਂ
February 11, 2026

ਟੰਬਲਰ ਰਿਜ/ਏ.ਟੀ.ਨਿਊਜ਼: ਕੈਨੇਡਾ ਦੇ ਪੱਛਮੀ ਤੱਟੀ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਉੱਤਰੀ ਪਾਸੇ ਸ਼ਾਂਤ ਖੇਤਰ ਵਜੋਂ ਜਾਣੇ ਜਾਂਦੇ ਇਲਾਕੇ ਟੰਬਲਰ ਰਿੱਜ ਦੇ ਹਾਇਰ ਸੈਕੰਡਰੀ ਸਕੂਲ ’ਚ ਬੰਦੂਕਧਾਰੀ ਵਲੋਂ ਕੀਤੀ ਗੋਲੀਬਾਰੀ ਕਾਰਨ 9 ਲੋਕਾਂ ਦੀ ਮੌਤ ਹੋ ਗਈ। ਪੁਲਿਸ ਅਧਿਕਾਰੀਆਂ ਅਨੁਸਾਰ ਹਮਲਾਵਰ ਬੰਦੂਕਧਾਰੀ ਔਰਤ ਦੀ ਵੀ ਮੌਤ ਹੋ ਗਈ ਹੈ। ਕਰੀਬ 25 ਹੋਰਾਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ। ਇਸ ਤੋਂ ਪਹਿਲਾਂ ਟੰਬਲਰ ਰਿੱਜ ਪੁਲਿਸ ਵੱਲੋਂ ਲੋਕਾਂ ਨੂੰ ਜਾਨਾਂ ਬਚਾਉਣ ਲਈ ਘਰਾਂ ਦੇ ਅੰਦਰ ਜਾਂ ਸੁਰੱਖਿਅਤ ਥਾਵਾਂ ਤੇ ਲੁਕੇ ਰਹਿਣ ਬਾਰੇ ਚੌਕਸੀ ਜਾਰੀ ਕੀਤੀ ਗਈ ਸੀ। ਬੀ ਸੀ ਰਾਇਲ ਕੈਨੇਡੀਅਨ ਮਾਂਉਟਿਡ ਪੁਲਿਸ ਅਨੁਸਾਰ ਪੁਲਿਸ ਨੂੰ ਬੀਤੇ ਦਿਨ ਡੇਢ ਵਜੇ ਟੰਬਲਰ ਰਿੱਜ ਸਕੂਲ ਵਿੱਚ ਕਿਸੇ ਬੰਦੂਕਧਾਰੀ ਦੇ ਬਾਰੇ ਸੂਚਨਾ ਮਿਲੀ ਸੀ, ਮੌਕੇ ’ਤੇ ਪਹੁੰਚਣ ਤੱਕ 7ਵੀਂ ਤੋਂ 12ਵੀਂ ਤੱਕ ਦੇ ਕਈ ਵਿਦਿਆਰਥੀਆਂ ਨੂੰ ਗੋਲੀਆਂ ਲੱਗੀਆਂ ਹੋਈਆਂ ਸੀ, ਜਿੰਨਾਂ ਚੋਂ ਕੁਝ ਦੀ ਮੌਤ ਹੋ ਚੁੱਕੀ ਸੀ।
ਉੱਤਰੀ ਖੇਤਰ ਬੀ ਸੀ ਦੀ ਪੁਲਿਸ ਦੇ ਸੁਪਰਡੈਂਟ ਕੈਨ ਫਲੌਇਡ ਅਨੁਸਾਰ ਪੁਲਿਸ ਸਕੂਲ ਪਹੁੰਚੀ ਤਾਂ ਉੱਥੇ 6 ਵਿਦਿਆਰਥੀਆਂ ਤੇ ਬੰਦੂਕਧਾਰੀ ਦੀ ਮੌਤ ਹੋ ਚੁੱਕੀ ਸੀ, ਇੱਕ ਜ਼ਖ਼ਮੀ ਮੁਢਲੀ ਡਾਕਟਰੀ ਮਦਦ ਦੌਰਾਨ ਦਮ ਤੋੜ ਗਿਆ, 3 ਗੰਭੀਰ ਜ਼ਖ਼ਮੀਆਂ ਨੂੰ ਹਵਾਈ ਐਂਬਲੈਂਸ ਰਾਹੀਂ ਵੱਡੇ ਹਸਪਤਾਲ ਭੇਜਿਆ ਗਿਆ ਹੈ।
ਇਸ ਦੌਰਾਨ ਆਲੇ ਦੁਆਲੇ ਦੇ ਘਰਾਂ ਚੋਂ ਦੋ ਵਿਅਕਤੀਆਂ ਦੀਆਂ ਲਾਸ਼ਾਂ ਮਿਲੀਆਂ। ਅਜੇ ਹੋਰ ਘਰਾਂ ਬਾਰੇ ਜਾਣਕਾਰੀ ਇਕੱਤਰ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਅਜੇ ਇਹ ਪਤਾ ਨਹੀਂ ਲੱਗ ਸਕਿਆ ਕਿ ਬੰਦੂਕਧਾਰੀ ਨੇ ਖੁਦਕੁਸ਼ੀ ਕੀਤੀ ਜਾਂ ਕਿਸੇ ਹੋਰ ਨੇ ਉਸ ਨੂੰ ਮਾਰਿਆ ਹੈ। ਪੁਲਿਸ ਪਹਿਲ ਦੇ ਅਧਾਰ ਤੇ ਜ਼ਖ਼ਮੀ ਲੋਕਾਂ ਦੀ ਮਦਦ ਅਤੇ ਹੋਰ ਜ਼ਖ਼ਮੀਆਂ ਦੀ ਭਾਲ ਨੂੰ ਪਹਿਲ ਦੇ ਰਹੀ ਹੈ।
ਪੀਸ ਰਿਵਰ ਸਾਊਥ ਸਕੂਲ ਡਿਸਟ੍ਰਿਕਟ ਨੇ ਕਿਹਾ ਕਿ ਸੈਕੰਡਰੀ ਸਕੂਲ ਅਤੇ ਟੰਬਲਰ ਰਿਜ ਐਲੀਮੈਂਟਰੀ ਸਕੂਲ ਦੋਵਾਂ ਨੂੰ ਲੌਕਡਾਊਨ ਅਤੇ ਸੁਰੱਖਿਅਤ ਕਰ ਦਿੱਤਾ ਗਿਆ ਸੀ। ਪੀਸ ਰਿਵਰ ਸਾਊਥ ਦੇ ਵਿਧਾਇਕ ਲੈਰੀ ਨਿਊਫੀਲਡ ਨੇ ਵਿਧਾਨ ਸਭਾ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਕਮਿਊਨਿਟੀ ਵਿੱਚ ਆਰਸੀਐਮਪੀ ਅਤੇ ਐਂਬੂਲੈਂਸ ਸਹਾਇਤਾ ਸਮੇਤ ਭਾਰੀ ਮਾਤਰਾ ਵਿੱਚ ਸਰੋਤ ਭੇਜੇ ਗਏ ਹਨ।
ਇੱਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਹਮਲਾਵਰ ਕੌਣ ਹੈ ਅਤੇ ਗੋਲੀਬਾਰੀ ਪਿੱਛੇ ਉਸਦਾ ਕੀ ਮਕਸਦ ਸੀ? ਇਸਦਾ ਪਤਾ ਲਾਉਣ ਦੇ ਵੀ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਆਖਿਆ ਕਿ ਬੰਦੂਕਧਾਰੀ ਦੀ ਲਾਸ਼ ਮਿਲਣ ਤੋਂ ਬਾਅਦ ਸ਼ਾਮ 6 ਵਜੇ ਲੋਕਾਂ ਨੂੰ ਸੁਰੱਖਿਆ ਬਾਰੇ ਜਾਰੀ ਕੀਤੀ ਚੌਕਸੀ ਵਾਪਸ ਲੈ ਲਈ ਗਈ ਹੈ ਤੇ ਹੁਣ ਉਹ ਕਿੱਧਰੇ ਵੀ ਆ ਜਾ ਸਕਦੇ ਹਨ। ਪੁਲਿਸ ਨੇ ਅਜੇ ਤੱਕ ਮ੍ਰਿਤਕਾਂ ਅਤੇ ਜ਼ਖ਼ਮੀਆਂ ਦੀ ਪਛਾਣ ਜਾਰੀ ਨਹੀਂ ਕੀਤੀ ਹੈ। ਕੈਨੇਡਾ ਦੇ ਸਕੂਲ ਵਿੱਚ ਹੋਈ ਗੋਲੀਬਾਰੀ ਦੀ ਗੋਲੀਬਾਰੀ ਦੀ ਇਸ ਘਟਨਾ ਨੇ ਆਮ ਲੋਕਾਂ ਦੀ ਸੁਰੱਖਿਆ ਬਾਰੇ ਵੱਡੀਆਂ ਚਿੰਤਾਵਾਂ ਪੈਦਾ ਕਰ ਦਿੱਤੀਆਂ ਹਨ।
ਟੰਬਲਰ ਰਿਜ ਵੈਨਕੂਵਰ ਤੋਂ 1,000 ਕਿਲੋਮੀਟਰ (600 ਮੀਲ) ਤੋਂ ਵੱਧ ਉੱਤਰ ਵਿੱਚ ਅਲਬਰਟਾ ਦੀ ਸਰਹੱਦ ਦੇ ਨੇੜੇ ਸਥਿਤ ਹੈ। ਸੂਬਾਈ ਸਰਕਾਰ ਦੀ ਵੈੱਬਸਾਈਟ ਟੰਬਲਰ ਰਿਜ ਸੈਕੰਡਰੀ ਸਕੂਲ ਵਿੱਚ 7ਵੀਂ ਤੋਂ 12ਵੀਂ ਜਮਾਤ ਤੱਕ ਦੇ 175 ਵਿਦਿਆਰਥੀ ਦਰਸਾਉਂਦੀ ਹੈ। ਕੈਨੇਡਾ ਵਿੱਚ ਸਕੂਲੀ ਗੋਲੀਬਾਰੀ ਦੀਆਂ ਘਟਨਾਵਾਂ ਬਹੁਤ ਘੱਟ ਹੁੰਦੀਆਂ ਹਨ।

Loading