ਅੱਕ ਢੱਕ ਦੀ ਮੈਂ ਗੱਡੀ ਬਣਾਈ…….

In ਮੁੱਖ ਲੇਖ
February 11, 2026

ਜੋਗਿੰਦਰ ਕੌਰ ਅਗਨੀਹੋਤਰੀ
ਕੁਦਰਤ ਵੱਲੋਂ ਪੈਦਾ ਕੀਤੀ ਕੋਈ ਵੀ ਚੀਜ਼ ਨਿਕੰਮੀ ਨਹੀਂ ਹੈ। ਹਰ ਚੀਜ਼ ਦਾ ਆਪਣਾ ਮਹੱਤਵ ਹੈ। ਘਾਹ ਦੇ ਤਿਣਕੇ ਤੋਂ ਲੈ ਕੇ ਵੱਡੇ ਵੱਡੇ ਰੁੱਖਾਂ ਦੀ ਆਪਣੀ ਮਹਾਨਤਾ ਹੈ। ਘਾਹ ਜਿਸ ਨੂੰ ਇੱਕ ਨਦੀਨ ਸਮਝ ਕੇ ਖੇਤ ਵਿੱਚੋਂ ਕੱਢ ਕੇ ਬਾਹਰ ਸੁੱਟਿਆ ਜਾਂਦਾ ਹੈ, ਉਹ ਵੀ ਬਹੁਤ ਕੀਮਤੀ ਹੈ। ਖੱਚਰ, ਗਧੇ ਅਤੇ ਹੋਰ ਕੁਝ ਪਸ਼ੂ ਸੁੱਕੇ ਘਾਹ ਨੂੰ ਖਾਂਦੇ ਹਨ। ਭਾਵੇਂ ਘਾਹ ਵੱਖ- ਵੱਖ ਕਿਸਮ ਦੇ ਹਨ, ਪਰ ਫਿਰ ਵੀ ਆਮ ਤੌਰ ’ਤੇ ਖੱਬਲ ਨੂੰ ਘਾਹ ਮੰਨਿਆ ਜਾਂਦਾ ਹੈ। ਇਹ ਹਰਾ ਕਚੂਰ ਘਾਹ ਪਸ਼ੂਆਂ ਲਈ ਬਹੁਤ ਕੀਮਤੀ ਚਾਰਾ ਹੈ ਜੋ ਉਨ੍ਹਾਂ ਦਾ ਢਿੱਡ ਭਰਨ ਵਿੱਚ ਸਹਾਈ ਹੁੰਦਾ ਹੈ।
ਪਾਲਤੂ ਪਸ਼ੂਆਂ ਲਈ ਵੀ ਲੋਕ ਇਸ ਖੱਬਲ ਨੂੰ ਖੇਤਾਂ ਵਿੱਚੋਂ ਖੋਤ ਕੇ ਲਿਆਉਂਦੇ ਹਨ। ਜ਼ਮੀਨਾਂ ਵਾਲੇ ਭਾਵੇਂ ਵੱਖ ਵੱਖ ਕਿਸਮ ਦੇ ਚਾਰੇ ਪਸ਼ੂਆਂ ਲਈ ਬੀਜਦੇ ਹਨ, ਪਰ ਖੱਬਲ ਦਾ ਉਨ੍ਹਾਂ ਵਿੱਚ ਅਹਿਮ ਸਥਾਨ ਹੈ। ਜਿਨ੍ਹਾਂ ਲੋਕਾਂ ਕੋਲ ਜ਼ਮੀਨ ਨਹੀਂ ਹੈ, ਉਹ ਵੀ ਦੂਰੋਂ ਨੇੜਿਓਂ ਪੈਦਾ ਹੋਇਆ ਵੱਖ ਵੱਖ ਕਿਸਮ ਦਾ ਘਾਹ ਖੋਤ ਕੇ ਪਸ਼ੂਆਂ ਲਈ ਲਿਆਉਂਦੇ ਹਨ। ਇਨ੍ਹਾਂ ਵਿੱਚ ਭਿੰਨ ਭਿੰਨ ਪ੍ਰਕਾਰ ਦੇ ਚਾਰੇ ਹੁੰਦੇ ਹਨ ਜਿਵੇਂ ਮੋਥਰਾ, ਭਗਤਲ, ਦੁਧਕੁਲ ਅਤੇ ਹੋਰ ਕਈ ਪ੍ਰਕਾਰ ਦੀਆਂ ਜੜੀਆਂ ਬੂਟੀਆਂ ਵੀ ਹਨ। ਇਸ ਤੋਂ ਇਲਾਵਾ ਖੰਡੀ, ਚਾਰਾ, ਜੌਂਧਰ ਆਦਿ ਆਪੇ ਉੱਗੇ ਨਦੀਨ ਪਸ਼ੂਆਂ ਦਾ ਭੋਜਨ ਬਣਦੇ ਹਨ। ਇਸ ਤਰ੍ਹਾਂ ਗਰਮੀ ਵਿੱਚ ਪੈਦਾ ਹੋਣ ਵਾਲੇ ਨਦੀਨ ਜਿਵੇਂ ਇਟਸਿਟ ਊਠਾਂ ਦਾ ਖਾਈਆ/ਖਾਜਾ ਹੈ। ਜਾਨਵਰਾਂ ਵਿੱਚੋਂ ਬੱਕਰੀ ਅਜਿਹਾ ਪਸ਼ੂ ਹੈ ਜੋ ਵਿਸ਼ੈਲੇ ਪੌਦਿਆਂ ਨੂੰ ਵੀ ਆਪਣੇ ਭੋਜਨ ਦਾ ਹਿੱਸਾ ਬਣਾਉਂਦੀ ਹੈ। ਬੱਕਰੀਆਂ ਜਿੱਥੇ ਕਿੱਕਰ ਦੀਆਂ ਕਰੂੰਬਲਾਂ ਖਾਂਦੀਆਂ ਹਨ, ਉੱਥੇ ਉਹ ਅੱਕ ਦੇ ਪੱਤੇ ਜਾਂ ਉਸ ਉੱਤੇ ਆਈਆਂ ਕੋਮਲ ਡੋਡੀਆਂ ਵੀ ਖਾ ਜਾਂਦੀਆਂ ਹਨ।
ਅੱਕ ਇੱਕ ਅਜਿਹਾ ਪੌਦਾ ਹੈ ਜੋ ਜ਼ਹਿਰੀਲਾ ਮੰਨਿਆ ਜਾਂਦਾ ਹੈ। ਬੱਚਿਆਂ ਨੂੰ ਅੱਕ ਦੇ ਪੌਦੇ ਦੇ ਨੇੜੇ ਖੇਡਣ ਨਹੀਂ ਦਿੱਤਾ ਜਾਂਦਾ ਤਾਂ ਕਿ ਕਿਤੇ ਅੱਕ ਚੜ੍ਹ ਨਾ ਜਾਵੇ, ਭਾਵ ਉਸ ਦਾ ਅਸਰ ਨਾ ਹੋ ਜਾਵੇ। ਜਿੱਥੇ ਅੱਕ ਵਿੱਚ ਔਗੁਣ ਹਨ, ਉੱਥੇ ਗੁਣ ਵੀ ਬਹੁਤ ਹਨ। ਇਨ੍ਹਾਂ ਗੁਣਾਂ ਕਰਕੇ ਹੀ ਇਸ ਦੀ ਵਰਤੋਂ ਘਰਾਂ ਵਿੱਚ ਛੋਟੇ ਛੋਟੇ ਰੋਗਾਂ ਨੂੰ ਦੂਰ ਕਰਨ ਲਈ ਕੀਤੀ ਜਾਂਦੀ ਹੈ। ਇਸ ਦੀ ਵਰਤੋਂ ਉਹ ਆਪਣੇ ਤਜਰਬੇ ਨਾਲ ਕਰਦੇ ਹਨ। ਸਭ ਤੋਂ ਪਹਿਲਾਂ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਅੱਕ ਦੀਆਂ ਡੋਡੀਆਂ ਲੈ ਕੇ ਉਨ੍ਹਾਂ ਨੂੰ ਸਰ੍ਹੋਂ ਦੇ ਤੇਲ ਵਿੱਚ ਪਾ ਕੇ ਚੰਗੀ ਤਰ੍ਹਾਂ ਕਾੜ੍ਹਨ ਤੋਂ ਬਾਅਦ ਉਸ ਵਿੱਚ ਕੁਝ ਮੋਮ ਮਿਲਾ ਕੇ ਫੋੜੇ ਫੁੰਸੀਆਂ ’ਤੇ ਲਾਉਣ ਵਾਲੀ ਦਵਾਈ ਬਣਾਈ ਜਾਂਦੀ ਹੈ। ਇਸ ਨਾਲ ਜ਼ਖ਼ਮ ਜਲਦੀ ਸੁੱਕਦਾ ਹੈ।
ਅੱਕ ਦੇ ਪੀਲੇ ਪੱਤੇ ਗੋਡੇ ਜਾਂ ਕਿਸੇ ਹੋਰ ਹੱਡੀ ਦੇ ਦਰਦ ਤੋਂ ਰਾਹਤ ਦੇਣ ਲਈ ਸਹਾਈ ਹੁੰਦੇ ਹਨ। ਅੱਕ ਦੇ ਪੀਲੇ ਪੱਤਿਆਂ ਨੂੰ ਸਰ੍ਹੋਂ ਦਾ ਤੇਲ ਲਗਾਉਣ ਤੋਂ ਬਾਅਦ ਉਸ ਨੂੰ ਹਲਕਾ ਜਿਹਾ ਤਵੇ ਉੱਤੇ ਗਰਮ ਕਰਨ ਤੋਂ ਬਾਅਦ ਉਸ ਨੂੰ ਦਰਦ ਵਾਲੀ ਥਾਂ ’ਤੇ ਬੰਨ੍ਹਣ ਨਾਲ ਦੋ-ਤਿੰਨ ਦਿਨਾਂ ਵਿੱਚ ਹੀ ਆਰਾਮ ਆ ਜਾਂਦਾ ਹੈ। ਅੱਕ ਦੀ ਜੜ੍ਹ ਜਾਂ ਮੁੱਢੀ ਬੁਖਾਰ ਦੀ ਦਵਾਈ ਬਣਾਉਣ ਲਈ ਕੰਮ ਆਉਾਂਦੀਹੈ। ਇਸ ਮੁੱਢੀ ਨੂੰ ਚੰਗੀ ਤਰ੍ਹਾਂ ਸਾੜ ਕੇ ਉਸ ਦੀ ਰਾਖ ਨੂੰ ਤਵਾਸੀਰ ਅਤੇ ਹੋਰ ਦਵਾਈ ਵਿੱਚ ਮਿਲਾ ਕੇ ਬੁਖਾਰ ਦੀ ਦਵਾਈ ਬਣਾਈ ਜਾਂਦੀ ਹੈ।
ਅੱਕ ਦੇ ਦੁੱਧ ਤੋਂ ਭਾਵ ਹੈ ਕਿ ਅੱਕ ਨੂੰ ਤੋੜਨ ਸਮੇਂ ਉਸ ਦੇ ਵਿੱਚੋਂ ਚਿੱਟੇ ਰੰਗ ਦਾ ਪਦਾਰਥ ਨਿਕਲਦਾ ਹੈ ਜਿਸ ਨੂੰ ਅੱਕ ਦਾ ਦੁੱਧ ਕਿਹਾ ਜਾਂਦਾ ਹੈ। ਇਹ ਬਹੁਤ ਜ਼ਹਿਰੀਲਾ ਹੁੰਦਾ ਹੈ, ਪ੍ਰੰਤੂ ਸਿਰ ਦਰਦ ਲਈ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਉਹ ਸਿਰ ਦਰਦ ਜੋ ਲਗਾਤਾਰ ਹੁੰਦਾ ਹੈ ਭਾਵ ਪੁੜਪੜੀ ਟੱਪ ਟੱਪ ਵੱਜਦੀ ਹੈ। ਇਸ ਨੂੰ ਉੱਲ ਵੱਜਣਾ ਵੀ ਕਿਹਾ ਜਾਂਦਾ ਹੈ। ਇਸ ਉੱਲ ਨਾਲ ਅੱਖ ਦੀ ਨਿਗ੍ਹਾ ਚਲੀ ਜਾਂਦੀ ਹੈ। ਘਰੇਲੂ ਉਪਚਾਰ ਵਿੱਚ ਇਹ ਅੱਕ ਦਾ ਦੁੱਧ ਵਰਤਿਆ ਜਾਂਦਾ ਸੀ। ਤਾਜ਼ਾ ਅੱਕ ਤੋੜ ਕੇ ਉਸ ਵਿੱਚੋਂ ਨਿਕਲਿਆ ਪਦਾਰਥ ਅੰਗੂਠੇ ਦੇ ਨਹੁੰ ਉੱਤੇ ਪਾਇਆ ਜਾਂਦਾ ਹੈ। ਜੋ ਪਦਾਰਥ ਨਹੁੰ ਤੋਂ ਡਿੱਗ ਕੇ ਹੇਠਾਂ ਚਲਾ ਜਾਂਦਾ ਹੈ ਤਾਂ ਉਸ ਨੂੰ ਵਿਅਰਥ ਸਮਝਿਆ ਜਾਂਦਾ ਹੈ, ਪਰ ਜੋ ਪਦਾਰਥ ਨਹੁੰ ਦੇ ਉੱਤੇ ਰਹਿ ਜਾਂਦਾ ਹੈ, ਉਸ ਨੂੰ ਉਸ ਦਰਦ ਵਾਲੀ ਥਾਂ ’ਤੇ ਲਾਇਆ ਜਾਂਦਾ ਹੈ। ਇਸ ਨਾਲ ਇੱਕ ਵਾਰ ਤਾਂ ਉਸ ਥਾਂ ਉੱਤੇ ਇੱਕ ਛਾਲਾ ਉੱਠਦਾ ਹੈ, ਪ੍ਰੰਤੂ ਦਰਦ ਬੰਦ ਹੋ ਜਾਂਦਾ ਹੈ ਅਤੇ ਛਾਲਾ ਕੁਝ ਦਿਨਾਂ ਬਾਅਦ ਆਪਣੇ ਆਪ ਹੀ ਠੀਕ ਹੋ ਜਾਂਦਾ ਹੈ। ਅੱਕ ਦੀਆਂ ਕੱਚੀਆਂ ਡੋਡੀਆਂ ਤਪਦਿਕ ਦੇ ਮਰੀਜ਼ਾਂ ਨੂੰ ਵੀ ਖਵਾਈਆਂ ਜਾਂਦੀਆਂ ਸਨ। ਇਸ ਤਰ੍ਹਾਂ ਘਰੇਲੂ ਉਪਚਾਰ ਵਿੱਚ ਅੱਕ ਵੀ ਆਪਣਾ ਥਾਂ ਰੱਖਦਾ ਹੈ।
ਨਰਾਤਿਆਂ ਵਿੱਚ ਜੌਂ ਬੀਜਣ ਤੋਂ ਬਾਅਦ ਉਨ੍ਹਾਂ ਨੂੰ ਅੱਕ ਦੇ ਪੱਤਿਆਂ ਨਾਲ ਢਕਿਆ ਜਾਂਦਾ ਹੈ ਤਾਂ ਕਿ ਜੌਂ ਇਨ੍ਹਾਂ ਦੀ ਗਰਮਾਹਟ ਨਾਲ ਜਲਦੀ ਉੱਗ ਪੈਣ ਅਤੇ ਹਰੇ ਭਰੇ ਹੋਣ। ਭਾਵੇਂ ਅੱਕ ਨੂੰ ਨਿਗੂਣਾ ਬੂਟਾ ਹੀ ਸਮਝਿਆ ਜਾਂਦਾ ਹੈ, ਪਰ ਇਸ ਨੂੰ ਸ਼ਿਵ ਜੀ ਦੀ ਪੂਜਾ ਲਈ ਵਰਤਿਆ ਜਾਂਦਾ ਹੈ। ਇਸ ਦੇ ਫੁੱਲ ਸ਼ਿਵਲਿੰਗ ’ਤੇ ਚੜ੍ਹਾਏ ਜਾਂਦੇ ਹਨ। ਅੱਕ ਦੀਆਂ ਕੁਕੜੀਆਂ ਜਾਂ ਅੰਬੀਆਂ ਨਾਲ ਬੱਚੇ ਆਪਣੀਆਂ ਖੇਡਾਂ ਬਣਾ ਕੇ ਵੀ ਖੇਡ ਲੈਂਦੇ ਸਨ। ਇਸ ਬਾਰੇ ਬਾਲ ਗੀਤ ਇਸ ਤਰ੍ਹਾਂ ਹੈ;
ਅੱਕ ਢੱਕ ਦੀ ਮੈਂ ਗੱਡੀ ਬਣਾਈ
ਮੇਂਢਕ (ਡੱਡੂ) ਜੋਤ ਕੇ ਜਾਵਾਂ।
ਰਾਜੇ ਨੇ ਮੇਰੇ ਬਲਦ ਲੁਕੋਏ।
ਉਸ ਨਾਲ ਝਗੜਨ ਜਾਵਾਂ।
ਜਦੋਂ ਕੁੜੀਆਂ ਤੇ ਮੁੰਡੇ ਇਕੱਠੇ ਹੋ ਕੇ ਖੇਡਦੇ ਸਨ ਤਾਂ ਬਾਲ ਗੀਤਾਂ ਵਿੱਚ ਅੱਕ ਢੱਕ ਦਾ ਜ਼ਿਕਰ ਜ਼ਰੂਰ ਕਰਦੇ ਸਨ। ਬੱਚਿਆਂ ਦੇ ਮਨਾਂ ਵਿੱਚ ਤਰ੍ਹਾਂ ਤਰ੍ਹਾਂ ਦੇ ਖ਼ਿਆਲ ਆਉਂਦੇ ਹਨ ਭਾਵੇਂ ਉਹ ਕਿਸੇ ਨੂੰ ਬੁਰੇ ਲੱਗਣ ਭਾਵੇਂ ਚੰਗੇ, ਪਰ ਉਹ ਆਪਣੇ ਵਿਚਾਰ ਪੇਸ਼ ਕਰਨ ਵੇਲੇ ਸੰਗਦੇ ਨਹੀਂ। ਇਸੇ ਤਰ੍ਹਾਂ ਹੀ ਖੇਡਣ ਵੇਲੇ ਬੱਚੇ ਖੇਡਦੇ ਖੇਡਦੇ ਇਕੱਠੇ ਹੁੰਦੇ ਸਮੇਂ ਆਪਣੇ ਦੂਜੇ ਸਾਥੀਆਂ ਨੂੰ ਨਾਲ ਰਲਾਉਣ ਲਈ ਇਹ ਗੀਤ ਗਾ ਕੇ ਬੁਲਾਉਂਦੇ ਤੇ ਇਹ ਬਾਲ ਗੀਤ ਦੁਹਰਾਉਂਦੇ। ਕੁੜੀਆਂ ਇਸ ਤਰ੍ਹਾਂ ਗਾਉਂਦੀਆਂ;
ਅੱਕ ਦਾ ਡੰਡਾ, ਮੜੱਕ ਦਾ ਡੰਡਾ
ਆਓ ਸਹੇਲੀਓ ਖੇਡੀਏ।
ਜਿਹਦੀ ਮਾਂ ਨਾ ਖੇਡਣ ਦਿੰਦੀ
ਚੱਕੋ ਪਸੇਰੀ ਢਾਹ ਦਿਉ ਢੇਰੀ
ਰੁੜ੍ਹਦੀ ਰੁੜ੍ਹਦੀ ਆਉਣ ਦਿਉ।
ਅੱਕ ਦੀਆਂ ਪੱਕੀਆਂ ਟਾਹਣੀਆਂ ਨੂੰ ਤੋੜ ਕੇ ਜਾਂ ਕੱਟ ਕੇ ਉਸ ਦੀਆਂ ਛੋਟੀਆਂ ਛੋਟੀਆਂ ਨਲਕੀਆਂ ਬਣਾਈਆਂ ਜਾਂਦੀਆਂ ਹਨ ਜੋ ਕਿ ਤਾਣੀ ਬੁਣਨ ਵਾਲੀਆਂ ਨੂੰ ਤਾਣੀ ਬੁਣਨ ਵੇਲੇ ਕੰਮ ਦਿੰਦੀਆਂ ਹਨ। ਇਨ੍ਹਾਂ ਛੋਟੀਆਂ ਛੋਟੀਆਂ ਨਲਕੀਆਂ ਉੱਤੇ ਸੂਤ ਚੜ੍ਹਾਉਣ ਲਈ ਚਰਖੇ ਅਤੇ ਊਰੀ ਦੀ ਵਰਤੋਂ ਕੀਤੀ ਜਾਂਦੀ ਹੈ, ਫਿਰ ਇਹ ਸੂਤ ਤਾਣੇ ਵਿੱਚ ਵਗਾਇਆ ਜਾਂਦਾ ਹੈ। ਅੱਕ ਦੀਆਂ ਟਾਹਣੀਆਂ ਦੇ ਅੰਦਰ ਕੁਦਰਤੀ ਤੌਰ ’ਤੇ ਅੰਦਰ ਹੀ ਖੋਲ੍ਹ ਹੁੰਦਾ ਹੈ ਜਿਸ ਨੂੰ ਚਰਖੇ ’ਤੇ ਚੜ੍ਹਾਉਣਾ ਆਸਾਨ ਹੁੰਦਾ ਹੈ। ਚਰਖਾ ਕੱਤਣ ਵੇਲੇ ਅੱਕ ਦੀ ਇਸ ਲੱਕੜੀ ਦੀਆਂ ਛੋਟੀਆਂ ਛੋਟੀਆਂ ਬੀੜੀਆਂ ਵੀ ਬਣਾਈਆਂ ਜਾਂਦੀਆਂ ਹਨ ਜੋ ਤਕਲੇ ’ਤੇ ਚੜ੍ਹਾਈਆਂ ਜਾਂਦੀਆਂ ਹਨ।
ਅੱਕ ਦਾ ਜ਼ਿਕਰ ਲੋਕ ਗੀਤਾਂ ਵਿੱਚ ਵੀ ਕੀਤਾ ਜਾਂਦਾ ਹੈ। ਮਸਤੀ ਵਿੱਚ ਨੱਚਦੀਆਂ ਕੁੜੀਆਂ ਆਪਣੇ ਮਨੋਭਾਵਾਂ ਨੂੰ ਪਤਾ ਨਹੀਂ ਕਿੱਥੋਂ ਕਿੱਥੋਂ ਤੱਕ ਲੈ ਕੇ ਜਾਂਦੀਆਂ ਹਨ ਅਤੇ ਆਪਣੇ ਵਿਚਾਰਾਂ ਨੂੰ ਆਪਣੇ ਹਿਸਾਬ ਨਾਲ ਹੀ ਪ੍ਰਗਟ ਕਰਦੀਆਂ ਹਨ;
ਕਿੱਕਰਾਂ ਵੀ ਰੰਗ ਆਈ ਬੇਰੀਆਂ ਵੀ ਰੰਗ ਆਈ
ਲੰਘਣੇ ਰਹਿ ਗਏ ਅੱਕ
ਨੀਂ ਗਿੱਧੇ ਵਿੱਚ ਨੱਚਦੀ ਦਾ
ਮੇਰਾ ਝੂਟੇ ਖਾਂਦਾ ਲੱਕ।
ਬਨਸਪਤੀ ਦੇ ਗੁਣ ਅਤੇ ਔਗੁਣ ਨਾਲੋਂ ਨਾਲ ਪਰਖੇ ਜਾਂਦੇ ਹਨ ਅਤੇ ਨਾਲ ਹੀ ਉਹ ਲੋਕ ਗੀਤਾਂ, ਲੋਕ ਵਿਸ਼ਵਾਸਾਂ ਅਤੇ ਮੁਹਾਵਰਿਆਂ ਦੀ ਵਰਤੋਂ ਵਿੱਚ ਆ ਜਾਂਦੇ ਹਨ। ਕਿਸੇ ਵੀ ਮਾੜੇ ਬੰਦੇ ਨੂੰ ਉਸ ਦੇ ਔਗੁਣ ਬਿਆਨ ਕਰਨ ਲਈ ਅੱਕ ਦਾ ਬੂਟਾ ਕਿਹਾ ਜਾਂਦਾ ਹੈ। ਜੇ ਕਿਤੇ ਕੋਈ ਕਿਸੇ ਨੂੰ ਤੰਗ ਕਰਦਾ ਹੋਵੇ ਤਾਂ ਔਰਤਾਂ ਇਹ ਵੀ ਗਾਲ੍ਹ ਕੱਢਦੀਆਂ ਹਨ ਕਿ ਇਹ ਕਿੱਥੋਂ ਅੱਕ ਲੱਗ ਗਿਆ ਭਾਵ ਇਸ ਨਾਲ ਸਬੰਧ ਜੁੜ ਗਿਆ।
ਭਾਵੇਂ ਅੱਕ ਦੀ ਕੀਮਤ ਕੁਝ ਨਹੀਂ ਮਿੱਥੀ ਗਈ, ਪ੍ਰੰਤੂ ਅੱਕ ਦੀ ਕੀਮਤ ਉਨ੍ਹਾਂ ਘਰੇਲੂ ਔਰਤਾਂ ਦੀਆਂ ਨਜ਼ਰਾਂ ਵਿੱਚ ਬਹੁਤ ਵੱਡੀ ਬਣ ਜਾਂਦੀ ਹੈ ਜਿਨ੍ਹਾਂ ਨੇ ਇਸ ਦੀ ਵਰਤੋਂ ਆਪਣੀ ਘਰੇਲੂ ਕਬੀਲਦਾਰੀ ਨੂੰ ਨਜਿੱਠਣ ਲਈ ਕੀਤੀ। ਉਨ੍ਹਾਂ ਲਈ ਅੱਕ ਦੀਆਂ ਕੁਕੜੀਆਂ ਵੀ ਬਹੁਤ ਕੀਮਤੀ ਹਨ। ਇਹ ਜੇਠ ਹਾੜ੍ਹ ਦੇ ਮਹੀਨੇ ਵਿੱਚ ਪੱਕਦੀਆਂ ਹਨ। ਇਹ ਪੱਕੀਆਂ ਹੋਈਆਂ ਕੁਕੜੀਆਂ/ਅੰਬੀਆਂ ਜ਼ਿਆਦਾ ਗਰਮੀ ਪੈਣ ਕਰਕੇ ਆਪਣੇ ਆਪ ਫਟ ਜਾਂਦੀਆਂ ਹਨ ਅਤੇ ਇਨ੍ਹਾਂ ਵਿਚਲੀ ਹਲਕੀ ਰੂੰ ਦੇ ਹਲਕੇ ਜਿਹੇ ਫੰਬੇ ਆਪ ਮੁਹਾਰੇ ਉੱਡਦੇ ਰਹਿੰਦੇ ਹਨ। ਪੇਂਡੂ ਭਾਸ਼ਾ ਵਿੱਚ ਇਨ੍ਹਾਂ ਨੂੰ ਭੱਬੂ ਜਾਂ ਅੱਕ ਦਾ ਕੁੱਤਾ ਕਿਹਾ ਜਾਂਦਾ ਹੈ। ਅੱਕ ਦੀ ਇਸ ਰੂੰ ਨੂੰ ਸੁੱਘੜ ਔਰਤਾਂ ਬੜੀ ਸਾਵਧਾਨੀ ਨਾਲ ਚਰਖੇ ’ਤੇ ਕੱਤਦੀਆਂ ਸਨ। ਇਸ ਰੂੰ ਨੂੰ ਕੱਤਣ ਲਈ ਮੂੰਹ ਵਿੱਚ ਹਰੜ ਰੱਖ ਕੇ ਕੱਤਣਾ ਪੈਂਦਾ ਹੈ। ਔਰਤਾਂ ਅੱਕ ਦੇ ਜ਼ਹਿਰੀਲੇ ਪੱਖ ਤੋਂ ਬਚਣ ਲਈ ਮੂੰਹ ਵਿੱਚ ਹਰੜ ਇਸ ਲਈ ਰੱਖਦੀਆਂ ਸਨ ਕਿ ਇਸ ਦਾ ਉਨ੍ਹਾਂ ਉੱਤੇ ਕੋਈ ਅਸਰ ਨਾ ਪਵੇ। ਇਹ ਕੂਲਾ ਧਾਗਾ ਅਨੇਕਾਂ ਵੰਨਗੀਆਂ ਬਣਾਉਣ ਦੇ ਕੰਮ ਆਉਾਂਦਾਹੈ। ਕੁੜੀਆਂ ਨੂੰ ਦਾਜ ਵਿੱਚ ਦਰੀਆਂ, ਗਲੀਚੇ, ਝੋਲੇ ਅਤੇ ਸਿਰ੍ਹਾਣੇ ਵੀ ਇਸ ਧਾਗੇ ਦੇ ਬਣਾ ਕੇ ਦਿੱਤੇ ਜਾਂਦੇ ਸਨ। ਇਹ ਸਸਤਾ ਅਤੇ ਸੁੰਦਰ ਧਾਗਾ ਅੱਜ ਦੇ ਮੁੱਲ ਦੇ ਜਾਂ ਬਣੇ ਬਣਾਏ ਮਾਲ ਤੋਂ ਵੱਧ ਕੀਮਤੀ ਅਤੇ ਸ਼ਾਨਦਾਰ ਹੁੰਦਾ ਸੀ। ਇਸ ਕੂਲੇ ਧਾਗੇ ਨਾਲ ਬਣੀਆਂ ਵੰਨਗੀਆਂ ਦੀ ਆਪਣੀ ਵੱਖਰੀ ਥਾਂ ਹੁੰਦੀ ਸੀ। ਕਹਿਣ ਦਾ ਮਤਲਬ ਹੈ ਕਿ ਬਨਸਪਤੀ ਇੰਨੀ ਕੀਮਤੀ ਹੈ ਕਿ ਸੂਝਵਾਨ ਇਸ ਦੀ ਵਰਤੋਂ ਕਰਕੇ ਬਹੁਤ ਕੁਝ ਪ੍ਰਾਪਤ ਕਰ ਸਕਦਾ ਹੈ।

Loading