ਰੁੱਤ ਬਸੰਤ ਨਵਾਂ ਰਸ ਪਾਇਆ…….

In ਮੁੱਖ ਲੇਖ
February 11, 2026

ਜਗਤਾਰ ਮਾਨਸਾ

ਪੰਜਾਬ ਦੀ ਧਰਤੀ ਲਗਭਗ ਛੇ ਰੁੱਤਾਂ ਦੇਖਦੀ ਹੈ। ਇਨ੍ਹਾਂ ਵਿੱਚੋਂ ਇੱਕ ਬਸੰਤ ਰੁੱਤ ਹੈ। ਇਸ ਨੂੰ ਰੁੱਤਾਂ ਦਾ ਰਾਜਾ ਜਾਂ ਰੁੱਤਾਂ ਦੀ ਰਾਣੀ ਕਿਹਾ ਜਾਂਦਾ ਹੈ। ਸੰਸਕ੍ਰਿਤ ਵਿੱਚ ਇਸ ਸ਼ਬਦ ਦਾ ਮਤਲਬ ਖਿੜੀ ਹੋਈ ਬਹਾਰ ਤੋਂ ਹੈ। ਬਸੰਤ ਰੁੱਤ ਦੀ ਸ਼ੁਰੂਆਤ ਦੇ ਪਹਿਲੇ ਦਿਨ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਹ ਦਿਨ ਆਮ ਤੌਰ ’ਤੇ ਫਰਵਰੀ ਵਿੱਚ ਆਉਂਦਾ ਹੈ। ਬਸੰਤ ਪੰਚਮੀ ਦਾ ਅਰਥ ਸਮਝੀਏ ਤਾਂ ਇਹ ਚੜ੍ਹਦੇ ਪੱਖ ਦਾ ਪੰਜਵਾਂ ਦਿਨ ਹੁੰਦਾ ਹੈ। ਪਤਝੜ ਤੋਂ ਬਾਅਦ ਬਸੰਤ ਆਉਂਦੀ ਹੈ, ਭਾਵੇਂ ਇਹ ਰੁੱਤ ਇੱਕ ਮਾਘ ਨੂੰ ਸ਼ੁਰੂ ਹੋਈ ਮੰਨੀ ਜਾਂਦੀ ਹੈ, ਪਰ ਇਸ ਦਾ ਪੂਰਾ ਪ੍ਰਭਾਵ ਫੱਗਣ ਵਿੱਚ ਦਿਖਾਈ ਦਿੰਦਾ ਹੈ। ਇਹ ਚੇਤ ਅਤੇ ਵਿਸਾਖ ਤੱਕ ਰਹਿੰਦਾ ਹੈ। ਬਸੰਤ ਰੁੱਤ ਸਰਦੀ ਤੋਂ ਬਾਅਦ ਪ੍ਰਕਿਰਤੀ ਦੇ ਨਵੇਂ ਜਨਮ ਜਿਹਾ ਸਮਾਂ ਹੁੰਦਾ ਹੈ। ਇਸ ਰੁੱਤ ਵਿੱਚ ਕੁਦਰਤ ਦੀ ਕਾਦਰ ਬਹੁਤ ਸੋਹਣੇ ਰੂਪ ਵਿੱਚ ਨਿੱਖਰਦੀ ਹੋਈ ਦਿਖਾਈ ਦਿੰਦੀ ਹੈ।

ਗੁਰਮੁਖ ਸਿੰਘ ਮੁਸਾਫਿਰ ਦੇ ਸ਼ਬਦਾਂ ਵਿੱਚ;
ਰੁੱਤ ਬਸੰਤ ਨਵਾਂ ਰਸ ਪਾਇਆ
ਹਰ ਬੂਟੇ ਹਰ ਡਾਲੀ।
ਹਰ ਸ਼ੈ ਦੇ ਵਿੱਚ ਜੋਬਨ ਖੇੜਾ
ਹਰ ਸ਼ੈ ਦੇ ਵਿੱਚ ਲਾਲੀ
ਕਲੀਆਂ ਹਸੀਆਂ, ਗੁੰਚੇ ਮਹਿਕੇ
ਮੌਲੇ ਜੰਗਲ ਬੇਲੇ
ਪਰ ਸੁੱਕੇ ਉਹ ਰਹੇ ਅਭਾਗੇ
ਜੜ੍ਹ ਨ ਜਿਨ੍ਹਾਂ ਸੰਭਾਲੀ।
ਇਹ ਹਰ ਇੱਕ ਜੀਵ, ਜਨੌਰ, ਮਨੁੱਖ ਦੀ ਮਨਪਸੰਦ ਰੁੱਤ ਹੁੰਦੀ ਹੈ। ਫੁੱਲਾਂ ’ਤੇ ਬਹਾਰ ਆ ਜਾਂਦੀ ਹੈ, ਕਣਕਾਂ ਨਿੱਸਰਨੀਆਂ ਸ਼ੁਰੂ ਹੋ ਜਾਂਦੀਆਂ ਹਨ, ਸਰ੍ਹੋਂ ਪੀਲੀ ਹੋ ਜਾਂਦੀ ਹੈ। ਤਿਤਲੀਆਂ, ਭੌਰੇ ਫੁੱਲਾਂ ’ਤੇ ਮੰਡਰਾਉਣ ਲੱਗ ਜਾਂਦੇ ਹਨ। ਬਾਗ਼ ਬਗ਼ੀਚਿਆਂ ਵਿੱਚ ਫੁੱਲ ਹੀ ਫੁੱਲ ਦਿਸਦੇ ਹਨ। ਅਸਮਾਨ ਪੰਛੀਆਂ ਲਈ ਉਡਾਰੀਆਂ ਲਾਉਣ ਨੂੰ ਖੁੱਲ੍ਹ ਕੇ ਸਾਫ਼ ਹੋ ਜਾਂਦਾ ਹੈ। ਇਸ ਨੂੰ ਮਨਾਉਣ ਲਈ ਬਸੰਤ ਪੰਚਮੀ ਮਨਾਈ ਜਾਂਦੀ ਹੈ।
ਹਿੰਦੂ ਧਰਮ ਅਨੁਸਾਰ ਵੇਦਾਂ ਵਿੱਚ ਇਸ ਨੂੰ ਸਰਸਵਤੀ ਦੇਵੀ ਨਾਲ ਜੋੜਿਆ ਜਾਂਦਾ ਹੈ ਜੋ ਕਿ ਗਿਆਨ ਦੀ ਦੇਵੀ ਮੰਨੀ ਜਾਂਦੀ ਹੈ। ਉਸ ਦੀ ਪੂਜਾ ਕੀਤੀ ਜਾਂਦੀ ਹੈ। ਇਸ ਨੂੰ ਲਕਸ਼ਮੀ ਤੇ ਵਿਸ਼ਣੂ ਭਗਵਾਨ ਨਾਲ ਵੀ ਜੋੜਿਆ ਜਾਂਦਾ ਹੈ। ਲੋਕ ਉਨ੍ਹਾਂ ਦੀ ਪੂਜਾ ਕਰਦੇ ਹਨ। ਲੋਕ ਬਸੰਤ ਪੰਚਮੀ ’ਤੇ ਸਪੈਸ਼ਲ ਰੰਗ ਦੇ ਕੱਪੜੇ ਪਾਉਂਦੇ ਹਨ। ਪੁਰਾਣੇ ਸਮਿਆਂ ਵਿੱਚ ਇਸ ਦਾ ਸਬੰਧ ਕਿਤੇ ਰਤੀ ਤੇ ਕਾਮਦੇਵ ਦੀ ਪੂਜਾ ਨਾਲ ਜੋੜਿਆ ਜਾਂਦਾ ਸੀ। ਇਸ ਪੂਜਾ ਕਰਕੇ ਗ੍ਰਹਿਸਥ ਜੀਵਨ ਵਿੱਚ ਸੁੱਖ ਪ੍ਰਾਪਤੀ ਕੀਤੀ ਜਾਂਦੀ ਸੀ। ਭਗਵਾਨ ਸ੍ਰੀ ਕ੍ਰਿਸ਼ਨ ਤੇ ਮਹਾਂਰਿਸ਼ੀ ਬਾਲਮੀਕ ਨੇ ਵੀ ਇਸ ਦਾ ਵਧੀਆ ਤੇ ਮਨਮੋਹਣੇ ਢੰਗ ਨਾਲ ਬਿਆਨ ਕੀਤਾ ਹੈ। ਅਸਮਾਨ ਵਿੱਚ ਠੰਡ ਤੋਂ ਬਾਅਦ ਪੰਛੀਆਂ ਦੀਆਂ ਲੰਮੀਆਂ ਉਡਾਰੀਆਂ, ਫੁੱਲ, ਤਿਤਲੀਆਂ ਇੱਕ ਤਰ੍ਹਾਂ ਨਾਲ ਵਾਤਾਵਰਣ ਨੂੰ ਮਹਿਕਣ ਲਾ ਦਿੰਦੇ ਹਨ।
ਸਿੱਖ ਧਰਮ ਦੇ ਫ਼ਲਸਫ਼ੇ ਵਿੱਚ ਵੀ ਇਸ ਨੂੰ ਵਡਿਆਇਆ ਗਿਆ ਹੈ। ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਨਾਲ ਸਬੰਧਿਤ ਗੁਰਦੁਆਰਾ ਸ੍ਰੀ ਛੇਹਰਟਾ ਸਾਹਿਬ ਵਿਖੇ ਬਸੰਤ ਪੰਚਮੀ ਬਹੁਤ ਧੂਮਧਾਮ ਨਾਲ ਮਨਾਈ ਜਾਂਦੀ ਹੈ। ਗੁਰਬਾਣੀ ਵਿੱਚ ਵੀ ਇਸ ਰੁੱਤ ਦਾ ਜ਼ਿਕਰ ਹੈ। ਇੱਕ ਬਸੰਤ ਰਾਗ ਵੀ ਹੈ। ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਇਸ ਰੁੱਤ ਵਿੱਚ ਬਸੰਤ ਰਾਗ ਵਿੱਚ ਗੁਰਬਾਣੀ ਦੇ ਸ਼ਬਦ ਗਾਇਨ ਕੀਤੇ ਜਾਂਦੇ ਹਨ। ਸਿੱਖ ਗੁਰੂਆਂ ਨੇ ਆਤਮਾ-ਪਰਮਾਤਮਾ ਦੀ ਗੱਲ ਕਰਦਿਆਂ ਆਤਮਾ ਦੀ ਪਰਮਾਤਮਾ ਨਾਲ ਮੇਲ ਦੀ ਗੱਲ ਕੀਤੀ ਹੈ। ਇਸ ਰੁੱਤ ਵਿੱਚ ਪਰਮਾਤਮਾ ਮਿਹਰਵਾਨ ਹੁੰਦਾ ਹੈ। ਜਿਸ ਮਨੁੱਖ ਉੱਤੇ ਪਰਮਾਤਮਾ ਦੀ ਕਿਰਪਾ ਹੋ ਜਾਵੇ, ਉਹ ਤਰ ਜਾਂਦੇ ਹਨ। ਉਨ੍ਹਾਂ ਨੂੰ ਗੁਰੂ ਸਾਹਿਬਾਨ ਆਪਣੇ ਲੜ ਲਾ ਲੈਂਦੇ ਹਨ;
ਤਿਸੁ ਬਸੰਤੁ ਜਿਸੁ ਪ੍ਰਭੁ ਕ੍ਰਿਪਾਲੁ॥
ਤਿਸੁ ਬਸੰਤੁ ਜਿਸ ਗੁਰੁ ਦਇਆਲੁ॥
ਇਸ ਰੁੱਤ ਦਾ ਸਬੰਧ ਸਰਦੀ ਦੇ ਘਟਣ ਨਾਲ ਵੀ ਜੋੜਿਆ ਜਾਂਦਾ ਹੈ। ਇਸ ਰੁੱਤ ਦੇ ਆਉਣ ਨਾਲ ਸਰਦੀ ਘਟਣੀ ਸ਼ੁਰੂ ਹੋ ਜਾ ਜਾਂਦੀ ਹੈ। ਸ਼ਾਇਦ ਇਸ ਕਰਕੇ ਕਿਹਾ ਜਾਂਦਾ ਹੈ;
ਆਈ ਬਸੰਤ
ਪਾਲ਼ਾ ਉਡੰਤ।
ਪੰਜਾਬੀ ਸਾਹਿਤ ਅਤੇ ਸੱਭਿਆਚਾਰ ਵਿੱਚ ਵੀ ਇਸ ਰੁੱਤ ਨਾਲ ਸਬੰਧਿਤ ਬਹੁਤ ਰਚਨਾ ਰਚੀ ਗਈ ਹੈ। ਪ੍ਰੋ. ਪੂਰਨ ਸਿੰਘ ਅਤੇ ਮੋਹਨ ਸਿੰਘ ਜਿਹੇ ਵੱਡੇ ਕਵੀਆਂ ਨੇ ਇਸ ਵਾਰੇ ਕਵਿਤਾਵਾਂ ਲਿਖੀਆਂ ਹਨ। ਧਨੀ ਰਾਮ ਚਾਤ੍ਰਿਕ ਲਿਖਦੇ ਹਨ;
ਹਾਰ ਸ਼ਿੰਗਾਰ ਸੁਆਰ ਬਹਾਰ
ਉਭਾਰ ਕੇ ਜੋਬਨ, ਰੂਪ ਨਿਖਾਰ ਕੇ
ਰੰਗ ਬਿਰੰਗਾ ਦੁਪੱਟਾ ਪਸਾਰ ਕੇ
ਨੈਣਾਂ ਦੇ ਵਿੱਚ ਸਰੂਰ ਖਿਲਾਰ ਕੇ
ਜਾਦੂ ਚਲਾਉਂਦੀ ਸੈਨਤਾਂ ਮਾਰ
ਫਸਾਉਂਦੀ ਰਾਹੀ ਵੰਗਾਰ ਵੰਗਾਰ ਕੇ
ਪੀਂਘ ਉਲਾਰ, ਸੁਗੰਧ ਪਸਾਰ ਕੇ
ਮੋਏ ਜਿਵਾਉਂਦੀ,ਜੀਉਂਦੇ ਮਾਰ ਕੇ
ਪ੍ਰੋ. ਪੂਰਨ ਸਿੰਘ ਇਸ ਸਭ ਵਿੱਚ ਆਪਣੇ ਕੁਝ ਗੁਆਚ ਗਏ ਨੂੰ ਲੱਭਦੇ ਹਨ;

ਬਸੰਤ ਆਈ ਸਭ ਲਈ
ਮੇਰੀ ਬਸੰਤ ਕਿੱਥੇ ਗਈ ?
ਬਾਵਾ ਬੁੱਧ ਸਿੰਘ ਇਸ ਨੂੰ ਇਸ ਤਰ੍ਹਾਂ ਬਿਆਨ ਕਰਦੇ ਹਨ;

ਹੁਣ ਆਈ ਰੁੱਤ ਬਸੰਤ ਦੀ
ਏ ਸਦਾ ਪਿਆਰੇ ਕੰਤ ਦੀ।
ਏ ਜਿੰਦ ਜੀਆ ਜੰਤ ਦੀ
ਸੁਰ ਰਾਗ ਏ ਬਿਅੰਤ ਦੀ।
ਹੁਣ ਖੋਲ੍ਹ ਅੱਖਾਂ ਜਾਗ ਨੀਂ
ਰੰਗ ਵੇਖ ਸੁਣ ਸਹੁ ਰਾਗ ਨੀਂ।
ਇਹ ਮਨ ਦੀ ਮੌਜ ਅਤੇ ਮਸਤੀ ਭਰਿਆ ਮੌਸਮ ਹੁੰਦਾ ਹੈ। ਇਸ ਵਿੱਚ ਮਨ ਖ਼ੁਸ਼ ਰਹਿੰਦਾ ਹੈ, ਸ਼ਾਇਦ ਇਸੇ ਕਰਕੇ ਕਹਾਵਤ ਬਣੀ ਹੈ, ‘ਸਦਾ ਦੀਵਾਲੀ ਸਾਧ ਦੀ, ਅੱਠੋ ਪਹਿਰ ਬਸੰਤ।’

Loading