ਬੰਗਲਾਦੇਸ਼ ’ਚ ਤਾਰਿਕ ਰਹਿਮਾਨ ਨੇ ਪ੍ਰਧਾਨ ਮੰਤਰੀ ਵਜੋਂ ਚੁੱਕੀ ਸਹੁੰ

In ਮੁੱਖ ਖ਼ਬਰਾਂ
February 18, 2026

ਢਾਕਾ/ਏ.ਟੀ.ਨਿਊਜ਼: ਤਾਰਿਕ ਰਹਿਮਾਨ ਨੇ ਬੀਤੇ ਦਿਨੀਂ ਬੰਗਲਾਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਹਲਫ਼ ਲਿਆ। ਰਹਿਮਾਨ ਸਰਕਾਰ ਦੇ ਹੋਂਦ ਵਿੱਚ ਆਉਣ ਨਾਲ ਮੁਹੰਮਦ ਯੂਨਸ ਦੀ ਅਗਵਾਈ ਵਾਲੀ 18 ਮਹੀਨੇ ਪੁਰਾਣੀ ਅੰਤਰਿਮ ਸਰਕਾਰ ਦਾ ਭੋਗ ਪੈ ਗਿਆ, ਜਿਸ ਨੇ ਅਗਸਤ 2024 ਵਿੱਚ ਸ਼ੇਖ ਹਸੀਨਾ ਸਰਕਾਰ ਡਿੱਗਣ ਮਗਰੋਂ ਮੁਲਕ ਦੀ ਕਮਾਨ ਸੰਭਾਲੀ ਸੀ।
ਰਾਸ਼ਟਰਪਤੀ ਮੁਹੰਮਦ ਸ਼ਹਾਬੂਦੀਨ ਨੇ 60 ਸਾਲਾ ਰਹਿਮਾਨ ਨੂੰ ਪੁਰਾਣੀ ਰਵਾਇਤ ਦੇ ਉਲਟ ਬੰਗਾਭਵਨ ਦੀ ਥਾਂ ਜਾਤੀਆ ਸੰਸਦ ਦੇ ਸਾਊਥ ਪਲਾਜ਼ਾ ਵਿੱਚ ਅਹੁਦੇ ਦਾ ਹਲਫ਼ ਦਿਵਾਇਆ। ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ ਤੇ ਮਰਹੂਮ ਰਾਸ਼ਟਰਪਤੀ ਜ਼ਿਆ ਉਰ ਰਹਿਮਾਨ ਦੇ ਪੁੱਤਰ ਰਹਿਮਾਨ ਦੀ ਦੋ ਮਹੀਨੇ ਪਹਿਲਾਂ ਦੇਸ਼ ਵਿੱਚ ਵਾਪਸੀ ਹੋਈ ਹੈ। ਉਸ ਨੇ 17 ਸਾਲ ਲੰਡਨ ਵਿੱਚ ਸਵੈ-ਜਲਾਵਤਨੀ ਹੰਢਾਈ। ਇਸ ਤੋਂ ਪਹਿਲਾਂ ਦਿਨੇ ਰਹਿਮਾਨ ਨੂੰ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀ ਐੱਨ ਪੀ) ਦੇ ਕਾਨੂੰਨਘਾੜਿਆਂ ਵੱਲੋਂ ਸੰਸਦੀ ਦਲ ਦਾ ਆਗੂ ਚੁਣਿਆ ਗਿਆ।
ਰਾਸ਼ਟਰਪਤੀ ਸ਼ਹਾਬੂਦੀਨ ਨੇ ਹਲਫ਼ਦਾਰੀ ਸਮਾਗਮ ਦੌਰਾਨ ਕੈਬਨਿਟ ਦੇ ਨਵੇਂ ਮੈਂਬਰਾਂ ਨੂੰ ਵੀ ਸਹੁੰ ਚੁਕਾਈ। ਸਮਾਗਮ ਵਿੱਚ ਭਾਰਤ ਤੇ ਪਾਕਿਸਤਾਨ ਸਣੇ ਗੁਆਂਂਢੀ ਮੁਲਕਾਂ ਦੇ ਕਈ ਆਗੂ ਸ਼ਾਮਲ ਹੋਏ। ਭਾਰਤ ਦੀ ਨੁਮਾਇੰਦਗੀ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕੀਤੀ। ਇਸ ਮੌਕੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਵੀ ਉਨ੍ਹਾਂ ਨਾਲ ਮੌਜੂਦ ਸਨ। ਬੀ ਐੱਨ ਪੀ ਨੇ ਪਿਛਲੇ ਦਿਨੀਂ ਆਮ ਚੋਣਾਂ ਵਿੱਚ 297 ’ਚੋਂ 209 ਸੀਟਾਂ ’ਤੇ ਜਿੱਤ ਦਰਜ ਕੀਤੀ ਸੀ; ਸੱਜੇ ਪੱਖੀ ਜਮਾਤ-ਏ-ਇਸਲਾਮੀ ਦੀ ਝੋਲੀ 68 ਸੀਟਾਂ ਪਈਆਂ ਸਨ।

ਰਾਇਸ਼ੁਮਾਰੀ ਬਾਰੇ ਬੀ ਐੱਨ ਪੀ ਤੇ ਜਮਾਤ ’ਚ ਪੇਚ ਫਸਿਆ

ਢਾਕਾ: ਰਾਇਸ਼ੁਮਾਰੀ ਉੱਤੇ ਸਹੁੰ ਚੁੱਕਣ ਨੂੰ ਲੈ ਕੇ ਬੀ ਐੱਨ ਪੀ ਤੇ ਜਮਾਤ-ਏ-ਇਸਲਾਮੀ ਦਰਮਿਆਨ ਪੇਚ ਫਸ ਗਿਆ ਹੈ। ਬੰਗਲਾਦੇਸ਼ ਦੀ ਸੱਜੇ ਪੱਖੀ ਜਮਾਤ-ਏ-ਇਸਲਾਮੀ ਦੇ ਨਵੇਂ ਚੁਣੇ ਸੰਸਦ ਮੈਂਬਰਾਂ ਨੇ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਵੱਲੋਂ ‘ਸੰਵਿਧਾਨ ਸੁਧਾਰ ਪਰਿਸ਼ਦ’ ਦੇ ਮੈਂਬਰਾਂ ਵਜੋਂ ਸਹੁੰ ਚੁੱਕਣ ਤੋਂ ਇਨਕਾਰ ਕੀਤੇ ਜਾਣ ਮਗਰੋਂ ਅਹੁਦੇ ਦਾ ਹਲਫ਼ ਲੈਣ ਤੋਂ ਨਾਂਹ ਕਰ ਦਿੱਤੀ। ਜਮਾਤ ਦੇ ਉਪ ਮੁਖੀ ਅਬਦੁੱਲਾ ਮੁਹੰਮਦ ਤਾਹਿਰ ਨੇ ਕਿਹਾ, ‘‘ਅਸੀਂ ਉਦੋਂ ਤੱਕ ਸਹੁੰ ਨਹੀਂ ਚੁੱਕਾਂਗੇ, ਜਦੋਂ ਤੱਕ ਬੀ ਐੱਨ ਪੀ ਸੰਸਦ ਮੈਂਬਰ ਨਿਯਮਤ ਸੰਸਦ ਮੈਂਬਰਾਂ ਦੇ ਨਾਲ ‘ਸੰਵਿਧਾਨ ਸੁਧਾਰ ਪਰਿਸ਼ਦ’ ਦੇ ਮੈਂਬਰਾਂ ਵਜੋਂ ਹਲਫ਼ ਨਹੀਂ ਲੈਂਦੇ।’’ ਯਾਦ ਰਹੇ ਕਿ ਦੂਜੇ ਹਲਫ਼ ਦਾ ਮੁੱਖ ਮਕਸਦ ਸੰਸਦ ਮੈਂਬਰਾਂ ਨੂੰ ‘ਜੁਲਾਈ ਚਾਰਟਰ’ ਲਾਗੂ ਕਰਨ ਦੇ ਪਾਬੰਦ ਬਣਾਉਣਾ ਹੈ। ਆਮ ਚੋਣਾਂ ਦੇ ਨਾਲ ਹੀ ‘84 ਨੁਕਾਤੀ ਸੁਧਾਰਾਂ’ ਨੂੰ ਅਮਲੀ ਰੂਪ ਦੇਣ ਲਈ ਵੀ ਵੋਟਾਂ ਪਈਆਂ ਸਨ ਤੇ 60 ਫੀਸਦ ਤੋਂ ਵੱਧ ਵੋਟਰਾਂ ਨੇ ਇਸ ਦੇ ਹੱਕ ਵਿੱਚ ਵੋਟ ਪਾਈ ਸੀ।

Loading