ਓਟਾਵਾ/ਏ.ਟੀ.ਨਿਊਜ਼: ਭਾਰਤੀ ਏਜੰਟਾਂ ’ਤੇ ਹਰਦੀਪ ਸਿੰਘ ਨਿੱਝਰ ਦੇ ਕਤਲ ਦਾ ਦੋਸ਼ ਲਾਉਣ ਤੋਂ ਬਾਅਦ, ਕੈਨੇਡਾ ਦਾ ਨਿਆਂ ਵਿਭਾਗ ਹੁਣ ਉਸ ਦੇ ਮੁਕੱਦਮੇ ਵਿੱਚ ਕੌਮੀ ਸੁਰੱਖਿਆ ਨਾਲ ਜੁੜੇ ਕੁਝ ਸੰਵੇਦਨਸ਼ੀਲ ਸਬੂਤਾਂ ਨੂੰ ਰੋਕਣ(ਦੱਬਣ) ਦੀ ਕੋਸ਼ਿਸ਼ ਕਰ ਰਿਹਾ ਹੈ। ਸਤੰਬਰ 2023 ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਪਹਿਲੀ ਵਾਰ ਜਨਤਕ ਤੌਰ ’ਤੇ ਭਾਰਤ ਦੀ ਸ਼ਮੂਲੀਅਤ ਦਾ ਦੋਸ਼ ਲਾਏ ਜਾਣ ਤੋਂ ਬਾਅਦ ਇਹ ਮਾਮਲਾ ਭਾਰਤ-ਕੈਨੇਡਾ ਸਬੰਧਾਂ ਵਿੱਚ ਇੱਕ ਵੱਡੀ ਰੁਕਾਵਟ ਬਣਿਆ ਹੋਇਆ ਹੈ।
ਗਲੋਬਲ ਨਿਊਜ਼ ਅਨੁਸਾਰ, ਕੈਨੇਡਾ ਦੇ ਅਟਾਰਨੀ ਜਨਰਲ ਦੀ ਨੁਮਾਇੰਦਗੀ ਕਰਨ ਵਾਲੇ ਸੰਘੀ ਵਕੀਲਾਂ ਨੇ ਫੈਡਰਲ ਕੋਰਟ ਵਿੱਚ ਇੱਕ ਅਰਜ਼ੀ ਦਾਇਰ ਕਰਕੇ ਕੁਝ ਖਾਸ ਸਬੂਤਾਂ ਨੂੰ ਦਬਾਉਣ ਦੀ ਇਜਾਜ਼ਤ ਮੰਗੀ ਹੈ, ਅਤੇ ਦਲੀਲ ਦਿੱਤੀ ਕਿ ਇਸਦਾ ਖੁਲਾਸਾ ‘ਅੰਤਰਰਾਸ਼ਟਰੀ ਸਬੰਧਾਂ ਅਤੇ ਕੌਮੀ ਸੁਰੱਖਿਆ ਲਈ ਨੁਕਸਾਨਦੇਹ’ ਹੋਵੇਗਾ।
ਇਹ ਅਰਜ਼ੀ ਕੈਨੇਡਾ ਐਵੀਡੈਂਸ ਐਕਟ ਦੀ ਧਾਰਾ 38 ਦੇ ਤਹਿਤ ਦਾਇਰ ਕੀਤੀ ਗਈ ਸੀ। ਗਲੋਬਲ ਨਿਊਜ਼ ਨੇ ਅੱਗੇ ਦੱਸਿਆ ਕਿ ਫੈਡਰਲ ਕੋਰਟ ਵਿੱਚ ਦਾਇਰ ਅਰਜ਼ੀ ਦੇ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਸੰਘੀ ਅਟਾਰਨੀ ਜਨਰਲ ਨੂੰ 2024 ਅਤੇ 2025 ਦੇ ਦੌਰਾਨ ਚਾਰ ਨੋਟਿਸ ਪ੍ਰਾਪਤ ਹੋਏ ਸਨ ਜਿਨ੍ਹਾਂ ਵਿੱਚ ਕੇਸ ਵਿੱਚ ਸੰਵੇਦਨਸ਼ੀਲ ਜਾਂ ਸੰਭਾਵੀ ਤੌਰ ’ਤੇ ਨੁਕਸਾਨਦੇਹ ਜਾਣਕਾਰੀ ਬਾਰੇ ਦੱਸਿਆ ਗਿਆ ਸੀ।
ਬੀ.ਸੀ. ਪ੍ਰੋਸੀਕਿਊਸ਼ਨ ਸਰਵਿਸ, ਜੋ ਚਾਰ ਦੋਸ਼ੀਆਂ ਵਿਰੁੱਧ ਕੇਸ ਚਲਾ ਰਹੀ ਹੈ, ਨੇ ਫੈਡਰਲ ਕੋਰਟ ਦੇ ਮਾਮਲੇ ’ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਮਾਮਲਾ ਸੁਣਵਾਈ ਤੋਂ ਪਹਿਲਾਂ ਦੇ ਪੜਾਅ ਵਿੱਚ ਹੈ ਅਤੇ ਪ੍ਰਕਾਸ਼ਨ ਪਾਬੰਦੀ ਦੇ ਅਧੀਨ ਹੈ। ਜ਼ਿਕਰਯੋਗ ਹੈ ਕਿ ਨਿੱਝਰ ਨੂੰ 18 ਜੂਨ, 2023 ਨੂੰ ਸਰੀ, ਬ੍ਰਿਟਿਸ਼ ਕੋਲੰਬੀਆ ਵਿੱਚ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੇ ਬਾਹਰ ਗੋਲੀ ਮਾਰ ਦਿੱਤੀ ਗਈ ਸੀ, ਉਹ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਨ।
ਕੈਨੇਡੀਅਨ ਮੀਡੀਆ ਰਿਪੋਰਟਾਂ ਅਨੁਸਾਰ ਆਰ.ਸੀ.ਐਮ.ਪੀ ਦਾ ਮੰਨਣਾ ਹੈ ਕਿ ਭਾਰਤ ਨੇ ਕਤਲ ਦੀ ਸਾਜ਼ਿਸ਼ ਰਚਣ ਲਈ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਮਦਦ ਲਈ ਸੀ। ਮਈ 2024 ਵਿੱਚ, ਦੋ ਸ਼ੱਕੀ ਨਿਸ਼ਾਨੇਬਾਜ਼ਾਂ ਅਮਨਦੀਪ ਸਿੰਘ ਅਤੇ ਕਰਨਪ੍ਰੀਤ ਸਿੰਘ, ਕਥਿਤ ਗੇਟਵੇਅ ਡਰਾਈਵਰ ਕਰਨ ਬਰਾੜ ਅਤੇ ਇੱਕ ਚੌਥੇ ਸ਼ੱਕੀ ਕਮਲਪ੍ਰੀਤ ਸਿੰਘ ਨੂੰ ਅਲਬਰਟਾ ਅਤੇ ਓਨਟਾਰੀਓ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਗਲੋਬਲ ਨਿਊਜ਼ ਨੇ ਪਹਿਲਾਂ ਰਿਪੋਰਟ ਦਿੱਤੀ ਸੀ ਕਿ ਹੱਤਿਆ ਵਿੱਚ ਉੱਚ ਪੱਧਰੀ ਭਾਰਤੀ ਅਧਿਕਾਰੀਆਂ ਦੀ ਸ਼ਮੂਲੀਅਤ ਬਾਰੇ ਸ਼ੁਰੂਆਤੀ ਸੂਚਨਾ ਯੂਨਾਈਟਿਡ ਕਿੰਗਡਮ ਦੁਆਰਾ ਰੋਕੀ ਗਈ ਗੱਲਬਾਤ ਤੋਂ ਮਿਲੀ ਸੀ ਅਤੇ ਬ੍ਰਿਟਿਸ਼ ਖੁਫੀਆ ਏਜੰਸੀ ਦੁਆਰਾ ਕੈਨੇਡਾ ਨਾਲ ਸਾਂਝੀ ਕੀਤੀ ਗਈ ਸੀ।
ਸਬੂਤਾਂ ਦੇ ਹਿੱਸਿਆਂ ਨੂੰ ਸੀਲ ਕਰਨ ਦੇ ਕਦਮ ਨੇ ਕਾਨੂੰਨੀ ਅਤੇ ਕੂਟਨੀਤਕ ਹਲਕਿਆਂ ਵਿੱਚ ਹੈਰਾਨੀ ਪੈਦਾ ਕੀਤੀ ਹੈ, ਖਾਸ ਕਰਕੇ ਕਿਉਂਕਿ ਭਾਰਤ ਲਗਾਤਾਰ ਇਹ ਕਹਿ ਰਿਹਾ ਹੈ ਕਿ ਓਟਾਵਾ ਭਾਰਤੀ ਰਾਜ ਦੀ ਸ਼ਮੂਲੀਅਤ ਦੇ ਆਪਣੇ ਦਾਅਵਿਆਂ ਦਾ ਸਮਰਥਨ ਕਰਨ ਲਈ ‘ਖਾਸ ਅਤੇ ਢੁਕਵੇਂ’ ਸਬੂਤ ਪ੍ਰਦਾਨ ਕਰਨ ਵਿੱਚ ਅਸਫਲ ਰਿਹਾ ਹੈ। ਭਾਰਤ ਨੇ ਨਿੱਝਰ ਦੇ ਕਤਲ ਵਿੱਚ ਕਿਸੇ ਵੀ ਤਰ੍ਹਾਂ ਦੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ।
![]()
