ਅੱਜ ਦੇ ਦੌਰ ਵਿੱਚ ਸਿਹਤ ਸੇਵਾਵਾਂ ਸਿਰਫ਼ ਇਲਾਜ ਤੱਕ ਸੀਮਤ ਨਹੀਂ ਰਹੀਆਂ, ਬਲਕਿ ਇਹ ਇੱਕ ਵੱਡੇ ਵਿਸ਼ਵਵਿਆਪੀ ਉਦਯੋਗ ਦਾ ਰੂਪ ਧਾਰਨ ਕਰ ਚੁੱਕੀਆਂ ਹਨ। ਜਦੋਂ ਕੋਈ ਮਰੀਜ਼ ਆਪਣੇ ਦੇਸ਼ ਦੀਆਂ ਮਹਿੰਗੀਆਂ ਸੇਵਾਵਾਂ ਜਾਂ ਲੰਬੀ ਉਡੀਕ ਸੂਚੀ ਤੋਂ ਤੰਗ ਆ ਕੇ ਕਿਸੇ ਦੂਜੇ ਮੁਲਕ ਵਿੱਚ ਕਿਫ਼ਾਇਤੀ ਅਤੇ ਉੱਚ ਗੁਣਵੱਤਾ ਵਾਲਾ ਇਲਾਜ ਕਰਵਾਉਣ ਜਾਂਦਾ ਹੈ, ਤਾਂ ਉਸਨੂੰ ‘ਮੈਡੀਕਲ ਟੂਰਿਜ਼ਮ’ ਕਿਹਾ ਜਾਂਦਾ ਹੈ। ਭਾਰਤ ਪਹਿਲਾਂ ਹੀ ਵਿਸ਼ਵ ਪੱਧਰ ’ਤੇ ਮੈਡੀਕਲ ਟੂਰਿਜ਼ਮ ਸੂਚਕਾਂਕ ਵਿੱਚ 10ਵੇਂ ਸਥਾਨ ’ਤੇ ਹੈ, ਪਰ ਹੁਣ ਸਵਾਲ ਇਹ ਹੈ ਕਿ ਕੀ ਪੰਜਾਬ ‘ਗਲੋਬਲ ਮੈਡੀਕਲ ਹੱਬ’ ਬਣ ਸਕਦਾ ਹੈ?
ਪੰਜਾਬ ਕੋਲ ਮੈਡੀਕਲ ਟੂਰਿਜ਼ਮ ਦੇ ਖੇਤਰ ਵਿੱਚ ਮੋਹਰੀ ਬਣਨ ਲਈ ਸਾਰੇ ਕੁਦਰਤੀ ਅਤੇ ਬੁਨਿਆਦੀ ਤੱਤ ਮੌਜੂਦ ਹਨ। ਦੁਨੀਆ ਭਰ ਦੇ ਅਮੀਰ ਮੁਲਕਾਂ ਜਿਵੇਂ ਕੈਨੇਡਾ, ਅਮਰੀਕਾ, ਯੂਕੇ ਅਤੇ ਆਸਟ੍ਰੇਲੀਆ ਵਿੱਚ ਲਗਭਗ 25 ਲੱਖ ਪੰਜਾਬੀ ਵਸਦੇ ਹਨ। ਇਹ ਲੋਕ ਅਕਸਰ ਆਪਣੇ ਪਿੱਛੇ ਰਹਿ ਗਏ ਪਰਿਵਾਰਾਂ ਨੂੰ ਮਿਲਣ ਆਉਂਦੇ ਹਨ ਅਤੇ ਇਸੇ ਦੌਰਾਨ ਦੰਦਾਂ ਦੇ ਇਲਾਜ, ਗੋਡਿਆਂ ਦੇ ਅਪ੍ਰੇਸ਼ਨ ਜਾਂ ਦਿਲ ਦੀਆਂ ਬਿਮਾਰੀਆਂ ਦਾ ਇਲਾਜ ਇੱਥੇ ਕਰਵਾਉਣਾ ਪਸੰਦ ਕਰਦੇ ਹਨ ਕਿਉਂਕਿ ਇੱਥੇ ਇਲਾਜ ਸਸਤਾ ਹੈ ਅਤੇ ਕੋਈ ‘ਵੇਟਿੰਗ ਪੀਰੀਅਡ’ ਨਹੀਂ ਹੈ। ਪੰਜਾਬ ਵਿੱਚ ਮੋਹਾਲੀ, ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਵਰਗੇ ਸ਼ਹਿਰਾਂ ਵਿੱਚ ਲਗਭਗ 500 ਅਜਿਹੇ ਨਿੱਜੀ ਹਸਪਤਾਲ ਹਨ ਜੋ ਕਾਰਡੀਓਲੋਜੀ, ਨਿਊਰੋਲੋਜੀ ਅਤੇ ਅੰਗ ਟ੍ਰਾਂਸਪਲਾਂਟੇਸ਼ਨ ਵਰਗੀਆਂ ਗੁੰਝਲਦਾਰ ਸੇਵਾਵਾਂ ਵਿਸ਼ਵ ਪੱਧਰੀ ਤਕਨਾਲੋਜੀ ਨਾਲ ਦੇ ਰਹੇ ਹਨ। ਅੰਮ੍ਰਿਤਸਰ ਅਤੇ ਚੰਡੀਗੜ੍ਹ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਸਿੱਧੇ ਤੌਰ ’ਤੇ ਖਾੜੀ ਦੇਸ਼ਾਂ ਅਤੇ ਯੂਰਪ ਨਾਲ ਜੁੜੇ ਹੋਏ ਹਨ, ਜੋ ਵਿਦੇਸ਼ੀ ਮਰੀਜ਼ਾਂ ਲਈ ਆਉਣਾ ਸੌਖਾ ਬਣਾਉਂਦੇ ਹਨ।
ਮੈਡੀਕਲ ਸੈਲਾਨੀ ਸਿਰਫ਼ ਹਸਪਤਾਲ ਤੱਕ ਸੀਮਤ ਨਹੀਂ ਰਹਿੰਦੇ। ਸ੍ਰੀ ਦਰਬਾਰ ਸਾਹਿਬ (ਅੰਮ੍ਰਿਤਸਰ) ਵਰਗੇ ਪਵਿੱਤਰ ਅਸਥਾਨ ਅਤੇ ਪੰਜਾਬ ਦੀ ਮਹਿਮਾਨਨਿਵਾਜ਼ੀ ਮਰੀਜ਼ਾਂ ਦੇ ਪਰਿਵਾਰਾਂ ਲਈ ਇੱਕ ਮਾਨਸਿਕ ਸਕੂਨ ਅਤੇ ਸੈਰ-ਸਪਾਟੇ ਦਾ ਸਬੱਬ ਬਣਦੇ ਹਨ।
ਵਿਦੇਸ਼ੀ ਮਰੀਜ਼ ਅਤੇ ਬੀਮਾ ਕੰਪਨੀਆਂ ਅਕਸਰ ਉਹਨਾਂ ਹਸਪਤਾਲਾਂ ਨੂੰ ਚੁਣਦੀਆਂ ਹਨ ਜਿਨ੍ਹਾਂ ਕੋਲ ਜਾਇੰਟਸ ਕਮਿਸ਼ਨ ਇੰਟਰਨੈਸ਼ਨਲ ਦੀ ਮਾਨਤਾ ਹੋਵੇ। ਪੰਜਾਬ ਵਿੱਚ ਅਜੇ ਅਜਿਹੇ ਮਾਨਤਾ ਪ੍ਰਾਪਤ ਹਸਪਤਾਲਾਂ ਦੀ ਵੱਡੀ ਘਾਟ ਹੈ।
ਪਿਛਲੇ ਕੁਝ ਸਮੇਂ ਤੋਂ ਗੈਂਗਸਟਰਵਾਦ ਅਤੇ ਅਸੁਰੱਖਿਆ ਦੀਆਂ ਖ਼ਬਰਾਂ ਨੇ ਰਾਜ ਦੇ ਅਕਸ ਨੂੰ ਪ੍ਰਭਾਵਿਤ ਕੀਤਾ ਹੈ। ਮੈਡੀਕਲ ਟੂਰਿਸਟ ਹਮੇਸ਼ਾ ਇੱਕ ਸੁਰੱਖਿਅਤ ਮਾਹੌਲ ਦੀ ਤਲਾਸ਼ ਵਿੱਚ ਹੁੰਦਾ ਹੈ।
ਸੈਰ-ਸਪਾਟਾ ਵਿਭਾਗ ਅਤੇ ਸਿਹਤ ਵਿਭਾਗ ਵਿਚਾਲੇ ਅਜੇ ਤੱਕ ਕੋਈ ਏਕੀਕ੍ਰਿਤ ਨੀਤੀ ਨਹੀਂ ਬਣੀ, ਜਿਸ ਕਾਰਨ ਮਰੀਜ਼ਾਂ ਨੂੰ ਹਵਾਈ ਅੱਡੇ ਤੋਂ ਹਸਪਤਾਲ ਤੱਕ ਪਹੁੰਚਣ ਲਈ ‘ਸਿੰਗਲ ਵਿੰਡੋ’ ਸਹੂਲਤ ਨਹੀਂ ਮਿਲਦੀ।
ਸੜਕਾਂ ਅਤੇ ਰੇਲਾਂ ’ਤੇ ਅਕਸਰ ਲੱਗਣ ਵਾਲੇ ਜਾਮ ਐਮਰਜੈਂਸੀ ਮਰੀਜ਼ਾਂ ਲਈ ਵੱਡੀ ਰੁਕਾਵਟ ਬਣਦੇ ਹਨ।
ਸਰਕਾਰ ਨਿਊ ਚੰਡੀਗੜ੍ਹ ਵਿੱਚ ਇੱਕ ਵਿਸ਼ਾਲ ‘ਮੈਡੀਸਿਟੀ’ ਵਿਕਸਿਤ ਕਰ ਰਹੀ ਹੈ, ਜਿੱਥੇ ਵੱਡੇ ਕਾਰਪੋਰੇਟ ਹਸਪਤਾਲ ਅਤੇ ਰਿਸਰਚ ਸੈਂਟਰ ਸਥਾਪਤ ਕੀਤੇ ਜਾ ਰਹੇ ਹਨ।
![]()
