ਸੈਕਰਾਮੈਂਟੋ, ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ: ਵਰਜੀਨੀਆ ਵਿੱਚ ਹੋਈ ਗੋਲੀਬਾਰੀ ਵਿੱਚ 2 ਵਿਅਕਤੀਆਂ ਦੇ ਮਾਰੇ ਜਾਣ ਤੇ 7 ਹੋਰਨਾਂ ਦੇ ਜ਼ਖਮੀ ਹੋ ਜਾਣ ਦੀ ਖ਼ਬਰ ਹੈ। ਗੋਲੀਬਾਰੀ ਦੀ ਸੂਚਨਾ ਮਿਲਣ ’ਤੇ ਰਿਚਮੰਡ ਪੁਲਿਸ ਸ਼ਹਿਰ ਦੇ ਪੂਰਬ ਵਿੱਚ ਸ਼ੌਕੋਈ ਬਾਟਮ ਖੇਤਰ ਵਿੱਚ ਪੁੱਜੀ। ਪੁਲਿਸ ਮੁਖੀ ਰਿਕ ਐਡਵਰਡਜ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੌਕੇ ’ਤੇ ਮੌਜੂਦ ਇੱਕ ਪੁਲਿਸ ਅਫ਼ਸਰ ਨੇ ਵੱਡੀ ਪੱਧਰ ’ਤੇ ਲੋਕਾਂ ਨੂੰ ਝਗੜਦਿਆਂ ਵੇਖਿਆ। ਕਿਸੇ ਗੱਲ ਨੂੰ ਲੈ ਕੇ ਹੋਈ ਤਕਰਾਰ ਲੜਾਈ ਵਿੱਚ ਬਦਲ ਗਈ। ਮੌਕੇ ’ਤੇ ਪੁਲਿਸ ਨੂੰ ਜੈਨੇਸਿਸ ਜੋਨਸ (23) ਜੋ ਪੀਟਸਬਰਗ ਦਾ ਰਹਿਣਾ ਵਾਲਾ ਸੀ ਤੇ ਹੈਨਰੀਕੋ ਕਾਊਂਟੀ ਦਾ ਵਸਨੀਕ ਡੋਮਿਨਿਕ ਜੈਕਸਨ (42) ਜ਼ਖਮੀ ਹਾਲਤ ਵਿੱਚ ਮਿਲੇ ਜਿਨ੍ਹਾਂ ਦੇ ਗੋਲੀਆਂ ਵੱਜੀਆਂ ਹੋਈਆਂ ਸਨ। ਬਾਅਦ ਵਿੱਚ ਇਹ ਦੋਨੋਂ ਦਮ ਤੋੜ ਗਏ। ਉਨ੍ਹਾਂ ਕਿਹਾ ਕਿ 4 ਹੋਰ ਜ਼ਖਮੀ ਲੋਕਾਂ ਨੂੰ ਸਥਾਨਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਜਿਨ੍ਹਾਂ ਦੇ ਜ਼ਖਮ ਜਾਨ ਲੇਵਾ ਨਹੀਂ ਹਨ ਜਦ ਕਿ 3 ਜ਼ਖਮੀ ਆਪਣੇ ਨਿੱਜੀ ਵਾਹਣਾਂ ’ਤੇ ਹਸਪਤਾਲ ਪੁੱਜੇ ਹਨ। ਉਨ੍ਹਾਂ ਕਿਹਾ ਕਿ ਜ਼ਖਮੀਆਂ ਵਿੱਚ 3 ਵਿਅਕਤੀ ਤੇ 4 ਔਰਤਾਂ ਸ਼ਾਮਿਲ ਹਨ। ਪੁਲਿਸ ਨੇ ਮੌਕੇ ਤੋਂ 50 ਕਾਰਤੂਸਾਂ ਦੇ ਖੋਲ ਤੇ 2 ਹਥਿਆਰ ਬਰਾਮਦ ਕੀਤੇ ਹਨ। ਐਡਵਰਡਜ ਨੇ ਕਿਹਾ ਕਿ ਇਸ ਗੋਲੀਬਾਰੀ ਵਿੱਚ ਕਈ ਲੋਕ ਸ਼ਾਮਿਲ ਹਨ ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਫ਼ਿਲਹਾਲ ਕੋਈ ਵੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਗੋਲੀਬਾਰੀ ਦਾ ਇਕੋ ਹੀ ਸੰਦੇਸ਼ ਹੈ ਕਿ ਆਪਣੀਆਂ ਗੰਨਾਂ ਘਰ ਰੱਖ ਕੇ ਆਓ। ਨਹੀਂ ਤਾਂ ਛੋਟੀਆਂ ਮੋਟੀਆਂ ਗੱਲਾਂ ਵੀ ਭਿਅੰਕਰ ਲੜਾਈ ਦਾ ਰੂਪ ਧਾਰ ਸਕਦੀਆਂ ਹਨ।
![]()
