ਨਿਊਯਾਰਕ/ਏ.ਟੀ.ਨਿਊਜ਼: ਅਮਰੀਕਾ ਦਾ ਵੱਡਾ ਹਿੱਸਾ ਇਸ ਸਮੇਂ ਬਰਫ਼ੀਲੇ ਤੂਫ਼ਾਨ ਦੀ ਲਪੇਟ ਵਿੱਚ ਹੈ। ਦੇਸ਼ ਦੇ ਉੱਤਰ-ਪੂਰਬੀ ਹਿੱਸੇ ਵਿਚ ਸੋਮਵਾਰ ਨੂੰ ਹੋਈ ਭਾਰੀ ਬਰਫ਼ਬਾਰੀ ਨੇ ਲੱਖਾਂ ਲੋਕਾਂ ਲਈ ਮੁਸੀਬਤ ਪੈਦਾ ਕਰ ਦਿੱਤੀ। ਇੱਕ ਫ਼ੁੱਟ ਤੋਂ ਵੱਧ ਬਰਫ਼ਬਾਰੀ ਹੋਈ, ਜਿਸ ਕਾਰਨ ਆਵਾਜਾਈ ਸਭ ਤੋਂ ਵੱਧ ਪ੍ਰਭਾਵਿਤ ਹੋਈ ਹੈ। ਸੜਕਾਂ, ਰੇਲ ਅਤੇ ਹਵਾਈ ਸੇਵਾਵਾਂ ਠੱਪ ਹੋ ਗਈਆਂ ਹਨ। 5700 ਤੋਂ ਵੱਧ ਉਡਾਣਾਂ ਰੱਦ ਕਰਨੀਆਂ ਪਈਆਂ ਹਨ। ਇਸ ਦੇ ਨਾਲ ਹੀ ਹਜ਼ਾਰਾਂ ਲੋਕਾਂ ਦੇ ਘਰਾਂ ਤੇ ਵਪਾਰਾਂ ਦੀ ਬਿਜਲੀ ਵੀ ਗੁਲ ਹੋ ਗਈ ਹੈ।
ਨਿਊਯਾਰਕ ਸਿਟੀ ਦੇ ਮੇਅਰ ਜ਼ੋਹਰਾਨ ਮਮਦਾਨੀ ਨੇ ਸ਼ਹਿਰ ਵਾਸੀਆਂ ਨੂੰ ਸੜਕਾਂ ’ਤੇ ਨਾ ਨਿਕਲਣ ਦਾ ਮਸ਼ਵਰਾ ਦਿੱਤਾ ਤਾਂ ਜੋ ਐਮਰਜੈਂਸੀ ਮੁਲਾਜ਼ਮ ਸੜਕਾਂ ਤੋਂ ਬਰਫ਼ ਹਟਾ ਸਕਣ। ਪੂਰੇ ਖੇਤਰ ਵਿੱਚ ਕਈ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਮਮਦਾਨੀ ਨੇ ਕਿਹਾ, ‘ਮੈਂ ਨਿਊਯਾਰਕ ਹਰ ਬਾਸ਼ਿੰਦੇ ਨੂੰ ਘਰ ਵਿੱਚ ਰਹਿਣ ਦੀ ਅਪੀਲ ਕਰਦਾ ਹਾਂ।’
ਕੌਮੀ ਮੌਸਮ ਸੇਵਾ ਕੇਂਦਰ ਦੇ ਮੌਸਮ ਵਿਗਿਆਨੀ ਬਾਬ ਓਰਾਵੈਕ ਨੇ ਦੱਸਿਆ ਕਿ ਨਿਊਯਾਰਕ ਸਿਟੀ ਦੇ ਸੈਂਟਰਲ ਪਾਰਕ ਵਿੱਚ ਬੀਤੇ ਦਿਨ ਸਵੇਰੇ 8 ਵਜੇ ਤੱਕ 38 ਸੈਂਟੀਮੀਟਰ ਬਰਫ਼ਬਾਰੀ ਹੋ ਚੁੱਕੀ ਸੀ, ਹੁਣ ਹੋਰ 15 ਸੈਂਟੀਮੀਟਰ ਤੱਕ ਬਰਫ਼ਬਾਰੀ ਦਾ ਅਨੁਮਾਨ ਹੈ। ਉਨ੍ਹਾਂ ਨੇ ਦੱਸਿਆ ਕਿ ਡੇਲਾਵੇਅਰ ਅਤੇ ਨਿਊਯਾਰਕ ਸਿਟੀ ਤੋਂ ਲੈ ਕੇ ਬੋਸਟਨ ਤੱਕ ਬਰਫ਼ਬਾਰੀ ਹੋ ਰਹੀ ਹੈ।
![]()
