ਵਾਸ਼ਿੰਗਟਨ/ਏ.ਟੀ.ਨਿਊਜ਼: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਐਲਾਨ ਕੀਤਾ ਕਿ ਉਹ ਆਲਮੀ ਟੈਰਿਫ਼, ਜੋ ਉਹ ਲਾਉਣਾ ਚਾਹੁੰਦੇ ਹਨ, ਵਧਾ ਕੇ 15 ਫ਼ੀਸਦੀ ਕਰ ਰਹੇ ਹਨ। ਇਹ ਇਸ ਤੋਂ ਇੱਕ ਦਿਨ ਪਹਿਲਾਂ ਐਲਾਨੇ 10 ਫ਼ੀਸਦੀ ਟੈਰਿਫ਼ ਤੋਂ ਵੱਧ ਹੈ। ਉਨ੍ਹਾਂ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਉਹ ਇਹ ਫ਼ੈਸਲਾ ਅਮਰੀਕੀ ਸੁਪਰੀਮ ਕੋਰਟ ਵੱਲੋਂ ਪਿਛਲੇ ਦਿਨੀਂ ਟੈਰਿਫ਼ਾਂ ਬਾਰੇ ਸੁਣਾਏ ਗਏ ‘ਹਾਸੋ-ਹੀਣੇ ਤੇ ਅਸਧਾਰਨ ਤੌਰ ’ਤੇ ਅਮਰੀਕਾ ਵਿਰੋਧੀ ਫ਼ੈਸਲੇ’ ਦੀ ਪੂਰੀ ਅਤੇ ਵਿਸਤਾਰਤ ਸਮੀਖਿਆ ਦੇ ਆਧਾਰ ’ਤੇ ਲੈ ਰਹੇ ਹਨ। ਅਦਾਲਤ ਵੱਲੋਂ ਇਹ ਫ਼ੈਸਲਾ ਸੁਣਾਏ ਜਾਣ ਤੋਂ ਬਾਅਦ ਕਿ ਰਾਸ਼ਟਰਪਤੀ ਕੋਲ ਕੋਈ ਵੀ ਵਿਆਪਕ ਟੈਰਿਫ਼ ਲਗਾਉਣ ਦੀ ਐਮਰਜੈਂਸੀ ਸ਼ਕਤੀ ਨਹੀਂ ਹੈ, ਟਰੰਪ ਨੇ ਲੰਘੀ ਰਾਤ ਕਾਰਜਕਾਰੀ ਹੁਕਮ ’ਤੇ ਦਸਤਖ਼ਤ ਕੀਤੇ ਸਨ ਜਿਸ ਤਹਿਤ ਉਨ੍ਹਾਂ 10 ਫ਼ੀਸਦੀ ਆਲਮੀ ਟੈਰਿਫ਼ ਲਾਇਆ ਸੀ ਅਤੇ ਇਸ ਤਹਿਤ ਭਾਰਤ ’ਤੇ ਵੀ 18 ਦੀ ਥਾਂ 10 ਫ਼ੀਸਦੀ ਟੈਰਿਫ਼ ਲਾਗੂ ਹੋਣਾ ਸੀ। ਇਸ ਸਬੰਧੀ ਐਲਾਨ ’ਚ ਟਰੰਪ ਨੇ ਕਿਹਾ ਸੀ ਕਿ ਉਹ ਅਮਰੀਕਾ ’ਚ ਦਰਾਮਦ ਹੋਣ ਵਾਲੀਆਂ ਵਸਤਾਂ ’ਤੇ 150 ਦਿਨਾਂ ਦੀ ਮਿਆਦ ਲਈ ਮੁੱਲ ਆਧਾਰ ’ਤੇ 10 ਫ਼ੀਸਦੀ ਆਰਜ਼ੀ ਦਰਾਮਦ ਟੈਰਿਫ਼ ਲਗਾ ਰਹੇ ਹਨ, ਜੋ 24 ਫ਼ਰਵਰੀ ਤੋਂ ਲਾਗੂ ਹੋਵੇਗਾ। ਦੁਨੀਆ ਭਰ ਦੇ ਮੁਲਕਾਂ ’ਤੇ ਇਹ ਨਵਾਂ 10 ਫ਼ੀਸਦੀ ਟੈਰਿਫ਼ ਲਾਗੂ ਹੋਣ ਨਾਲ ਅਮਰੀਕਾ ’ਚ ਦਰਾਮਦ ਹੁੰਦੀਆਂ ਭਾਰਤੀ ਵਸਤਾਂ ’ਤੇ ਹੁਣ ਉਹ 18 ਫ਼ੀਸਦੀ ਟੈਰਿਫ਼ ਲਾਗੂ ਨਹੀਂ ਹੋਵੇਗਾ, ਜੋ ਭਾਰਤ ਤੇ ਅਮਰੀਕਾ ਦਰਮਿਆਨ ਅੰਤਰਿਮ ਵਪਾਰ ਸਮਝੌਤੇ ਦੇ ਢਾਂਚੇ ਦੇ ਐਲਾਨ ਤੋਂ ਬਾਅਦ ਤੈਅ ਕੀਤਾ ਗਿਆ ਸੀ।
ਅਦਾਲਤ ਦੇ ਫ਼ੈਸਲੇ ਤੋਂ ਬਾਅਦ ਟਰੰਪ ਨੇ ਐਲਾਨਨਾਮੇ ’ਤੇ ਦਸਤਖ਼ਤ ਕੀਤੇ, ਜਿਸ ਵਿੱਚ ਕਿਹਾ ਗਿਆ ਕਿ ‘ਬੁਨਿਆਦੀ ਕੌਮਾਂਤਰੀ ਭੁਗਤਾਨ ਸਮੱਸਿਆਵਾਂ ਨਾਲ ਨਜਿੱਠਣ ਅਤੇ ਅਮਰੀਕੀ ਕਾਮਿਆਂ, ਕਿਸਾਨਾਂ ਅਤੇ ਨਿਰਮਾਤਾਵਾਂ ਦੇ ਹਿੱਤ ਵਿੱਚ ਸਾਡੇ ਵਪਾਰਕ ਸਬੰਧਾਂ ਨੂੰ ਮੁੜ ਤਵਾਜ਼ਨ ਵਾਲੇ ਬਣਾਉਣ ਲਈ ਆਰਜ਼ੀ ਦਰਾਮਦ ਡਿਊਟੀ (ਟੈਰਿਫ਼) ਲਗਾਈ ਜਾ ਰਹੀ ਹੈ।’’ ਟਰੁੱਥ ਸੋਸ਼ਲ ’ਤੇ ਪਾਈ ਪੋਸਟ ’ਚ ਇਹ ਐਲਾਨ ਸਾਂਝਾ ਕਰਦਿਆਂ ਅਮਰੀਕੀ ਰਾਸ਼ਟਰਪਤੀ ਨੇ ਕਿਹਾ, ‘‘ਓਵਲ ਦਫ਼ਤਰ ਤੋਂ ਸਾਰੇ ਦੇਸ਼ਾਂ ’ਤੇ 10 ਫ਼ੀਸਦ ਆਲਮੀ ਟੈਰਿਫ਼ ਲਾਗੂ ਕਰਨਾ ਮੇਰੇ ਲਈ ਵੱਡਾ ਸਨਮਾਨ ਹੈ, ਜੋ ਤੁਰੰਤ ਲਾਗੂ ਹੋਵੇਗਾ। ਇਸ ਮਾਮਲੇ ’ਤੇ ਧਿਆਨ ਦੇਣ ਲਈ ਧੰਨਵਾਦ।’’
ਇਸ ਤੋਂ ਪਹਿਲਾਂ ਰਾਸ਼ਟਰਪਤੀ ਨੇ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਕਿਹਾ ਸੀ ਕਿ ਭਾਰਤ ਨਾਲ ਵਪਾਰ ਸਮਝੌਤੇ ’ਚ ‘ਕੁਝ ਨਹੀਂ ਬਦਲੇਗਾ’ ਅਤੇ ਭਾਰਤ ਨੂੰ ਟੈਰਿਫ਼ ਦੇਣਾ ਪਵੇਗਾ। ਉਨ੍ਹਾਂ ਪੱਤਰਕਾਰ ਸੰਮੇਲਨ ਦੌਰਾਨ ਆਪਣਾ ਦਾਅਵਾ ਦੁਹਰਾਇਆ ਕਿ ਉਨ੍ਹਾਂ ਪਿਛਲੇ ਸਾਲ ਗਰਮੀਆਂ ’ਚ ਭਾਰਤ ਤੇ ਪਾਕਿਸਤਾਨ ਦਰਮਿਆਨ ਸੰਘਰਸ਼ ਟੈਰਿਫ਼ ਦੀ ਧਮਕੀ ਦੇ ਕੇ ਰੁਕਵਾਇਆ ਸੀ।
ਦੂਜੇ ਪਾਸੇ ਅਮਰੀਕੀ ਸੈਨੇਟਰ ਚੱਕ ਸ਼ੂਮਰ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਟੈਰਿਫ਼ ਲਾਏ ਜਾਣ ਦੇ ਫ਼ੈਸਲੇ ਨੂੰ ‘ਗੈਰ-ਕਾਨੂੰਨੀ’ ਕਰਾਰ ਦਿੱਤਾ ਤੇ ਕਿਹਾ ਹੈ ਕਿ ‘ਪੈਸਾ ਵਾਪਸ ਕੀਤਾ ਜਾਣਾ ਚਾਹੀਦਾ ਹੈ’।
ਟੈਰਿਫ਼ ਨਾਲ ਜੁੜੀਆਂ ਘਟਨਾਵਾਂ ਦਾ ਅਧਿਐਨ ਕਰ ਰਹੇ ਹਾਂ: ਵਣਜ ਮੰਤਰਾਲਾ
ਨਵੀਂ ਦਿੱਲੀ: ਵਣਜ ਮੰਤਰਾਲੇ ਨੇ ਦੱਸਿਆ ਕਿ ਭਾਰਤ ਸਰਕਾਰ ਅਮਰੀਕੀ ਟੈਰਿਫ਼ਾਂ ਸਬੰਧੀ ਘਟਨਾਕ੍ਰਮ ਅਤੇ ਉਨ੍ਹਾਂ ਦੇ ਪ੍ਰਭਾਵ ਦਾ ਅਧਿਐਨ ਕਰ ਰਹੀ ਹੈ। ਮੰਤਰਾਲੇ ਨੇ ਕਿਹਾ, ‘ਅਸੀਂ ਟੈਰਿਫ਼ਾਂ ਬਾਰੇ ਅਮਰੀਕੀ ਸੁਪਰੀਮ ਕੋਰਟ ਦੇ ਫ਼ੈਸਲੇ ਨੂੰ ਨੋਟ ਕੀਤਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਇਸ ਸਬੰਧ ਵਿੱਚ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕੀਤਾ ਹੈ। ਅਮਰੀਕੀ ਪ੍ਰਸ਼ਾਸਨ ਵੱਲੋਂ ਕੁਝ ਕਦਮਾਂ ਦਾ ਐਲਾਨ ਕੀਤਾ ਗਿਆ ਹੈ। ਅਸੀਂ ਇਨ੍ਹਾਂ ਸਾਰੇ ਘਟਨਾਕ੍ਰਮਾਂ ਤੇ ਉਨ੍ਹਾਂ ਦੇ ਪ੍ਰਭਾਵਾਂ ਦਾ ਅਧਿਐਨ ਕਰ ਰਹੇ ਹਾਂ।’
![]()
