ਨਵੀਂ ਦਿੱਲੀ/ਏ.ਟੀ.ਨਿਊਜ਼: ਭਾਰਤ ਸਰਕਾਰ ਨੇ ਇਰਾਨ ਵਿੱਚ ਤੇਜ਼ੀ ਨਾਲ ਬਦਲ ਰਹੇ ਸੁਰੱਖਿਆ ਹਾਲਾਤਾਂ ਨੂੰ ਦੇਖਦੇ ਹੋਏ ਉੱਥੇ ਰਹਿ ਰਹੇ ਆਪਣੇ ਸਾਰੇ ਨਾਗਰਿਕਾਂ ਲਈ ਇੱਕ ਨਵੀਂ ਐਡਵਾਈਜ਼ਰੀ ਜਾਰੀ ਕੀਤੀ ਹੈ।
ਬੀਤੇ ਦਿਨੀਂ ਜਾਰੀ ਕੀਤੇ ਗਏ ਇਸ ਨਿਰਦੇਸ਼ ਵਿੱਚ ਇਰਾਨ ਵਿੱਚ ਮੌਜੂਦ ਭਾਰਤੀਆਂ (ਵਿਦਿਆਰਥੀਆਂ, ਸ਼ਰਧਾਲੂਆਂ ਅਤੇ ਕਾਰੋਬਾਰੀਆਂ) ਨੂੰ ਉਪਲਬਧ ਸਾਰੇ ਸਾਧਨਾਂ, ਜਿਵੇਂ ਕਿ ਵਪਾਰਕ ਉਡਾਣਾਂ ਰਾਹੀਂ ਤੁਰੰਤ ਦੇਸ਼ ਛੱਡਣ ਦੀ ਸਲਾਹ ਦਿੱਤੀ ਗਈ ਹੈ। ਇਹ ਫੈਸਲਾ ਤਹਿਰਾਨ ਦੀਆਂ ਕਈ ਯੂਨੀਵਰਸਿਟੀਆਂ ਵਿੱਚ ਹੋ ਰਹੇ ਤਾਜ਼ਾ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਅਤੇ ਇਰਾਨ ਉੱਤੇ ਅਮਰੀਕੀ ਫੌਜੀ ਹਮਲੇ ਦੇ ਵਧਦੇ ਖ਼ਤਰੇ ਦੇ ਮੱਦੇਨਜ਼ਰ ਲਿਆ ਗਿਆ ਹੈ।
ਇਰਾਨ ਸਥਿਤ ਭਾਰਤੀ ਦੂਤਾਵਾਸ ਨੇ ਭਾਰਤੀ ਨਾਗਰਿਕਾਂ ਅਤੇ ਭਾਰਤੀ ਮੂਲ ਦੇ ਵਿਅਕਤੀਆਂ ਨੂੰ ਬੇਹੱਦ ਸਾਵਧਾਨ ਰਹਿਣ, ਪ੍ਰਦਰਸ਼ਨ ਵਾਲੀਆਂ ਥਾਵਾਂ ਤੋਂ ਦੂਰ ਰਹਿਣ ਅਤੇ ਦੂਤਾਵਾਸ ਦੇ ਲਗਾਤਾਰ ਸੰਪਰਕ ਵਿੱਚ ਰਹਿਣ ਲਈ ਕਿਹਾ ਹੈ। ਅਧਿਕਾਰਤ ਅੰਕੜਿਆਂ ਅਨੁਸਾਰ, ਇਸ ਸਮੇਂ ਇਰਾਨ ਵਿੱਚ ਲਗਭਗ 10,000 ਤੋਂ ਵੱਧ ਭਾਰਤੀ ਰਹਿ ਰਹੇ ਹਨ। ਦੂਤਾਵਾਸ ਨੇ ਨਾਗਰਿਕਾਂ ਨੂੰ ਆਪਣੇ ਯਾਤਰਾ ਦਸਤਾਵੇਜ਼, ਪਾਸਪੋਰਟ ਅਤੇ ਪਛਾਣ ਪੱਤਰ ਤਿਆਰ ਰੱਖਣ ਦੀ ਹਦਾਇਤ ਦਿੱਤੀ ਹੈ ਤਾਂ ਜੋ ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿੱਚ ਉਨ੍ਹਾਂ ਦੀ ਮਦਦ ਕੀਤੀ ਜਾ ਸਕੇ।
![]()
