ਪੂਰਨ ਚੰਦ ਸਰੀਨ
ਸਾਡਾ ਦੇਸ਼ ਆਦਿ ਕਾਲ ਤੋਂ ਸੰਤਾਂ, ਮਹਾਤਮਾ, ਆਚਾਰੀਆ ਤੇ ਗੁਰੂਆਂ ਪ੍ਰਤੀ ਹਮੇਸ਼ਾ ਵਿਸ਼ਵਾਸ, ਸਮਰਪਣ, ਆਦਰ ਤੇ ਸਤਿਕਾਰ ਦਿਖਾਉਂਦਾ ਰਿਹਾ ਹੈ। ਸਾਡੇ ਮਹਾਪੁਰਸ਼ਾਂ ਦੁਆਰਾ ਕਹੇ ਗਏ ਉਚਿਤ, ਅਣੁਚਿਤ ਕਥਨਾਂ ਬਾਰੇ ਕੋਈ ਕਿੰਤੂ ਕਰਨ ਬਗੈਰ ਉਨ੍ਹਾਂ ਨੂੰ ਸਵੀਕਾਰ ਕਰ ਲੈਣ ਦੀ ਪਰੰਪਰਾ ਬਣੀ ਹੋਈ ਸੀ। ਉਹ ਵੀ ਬਹੁਤ ਸੋਚ-ਵਿਚਾਰ ਕੇ ਸਾਰਿਆਂ ਦੇ ਹਿੱਤ ਵਾਲੀ ਹੀ ਗੱਲ ਕਰਦੇ ਸਨ ਅਤੇ ਸਮਾਜ ’ਚ ਸੰਤੁਲਨ ਬਣਿਆ ਰਹਿੰਦਾ ਸੀ। ਪਰ ਵਰਤਮਾਨ ਸਮੇਂ ਵਿੱਚ ਤਰਕ ਦੀ ਕਸੌਟੀ ’ਤੇ ਪਰਖੇ ਬਿਨਾਂ ਸਵਾਮੀਆਂ, ਸ਼ੰਕਰਾਚਾਰੀਆਂ ਤੇ ਮੰਡਲੇਸ਼ਵਰਾਂ ਦੇ ਕਥਨਾਂ ’ਤੇ ਅੱਖਾਂ ਬੰਦ ਕਰ ਕੇ ਯਕੀਨ ਕਰ ਲੈਣਾ ਖ਼ਤਰੇ ਤੋਂ ਖਾਲੀ ਨਹੀਂ ਹੈ।
ਸਨਾਤਨ ਪ੍ਰਮਾਣਿਕ ਸੱਚ ਹੈ
ਸਭ ਤੋਂ ਪਹਿਲਾਂ ਤਾਂ ਉਨ੍ਹਾਂ ਲੋਕਾਂ ਤੋਂ ਸਾਵਧਾਨ ਹੋ ਜਾਓ, ਜੋ ਕਹਿੰਦੇ ਹਨ ਕਿ ਸਨਾਤਨ ਖ਼ਤਰੇ ਵਿੱਚ ਹੈ ਤੇ ਅਸੀਂ ਉਸ ਨੂੰ ਬਚਾਉਣ ਲਈ ਨਿਕਲੇ ਹਾਂ। ਸਨਾਤਨ ਤਾਂ ਆਦਿ ਤੇ ਅੰਤ ਦੋਵੇਂ ਹੈ, ਉਸ ਦੀ ਰੱਖਿਆ ਕਰਨ ਦੀਆਂ ਗੱਲਾਂ ਕਰਨ ਵਾਲੇ ਬਹਰੂਪੀਏ ਹਨ। ਅਜਿਹੇ ਵਿੱਚ ਭਾਰਤੀ ਸੰਸਕ੍ਰਿਤੀ ਦੀ ਰੱਖਿਆ ਕਰਨ ਲਈ ਨਿਕਲਣ ਵਾਲੇ ਖ਼ੁਦ ਢੋਂਗੀ ਹਨ। ਜੋ ਇਸ ਦੇ ਬਚਾਅ ਲਈ ਯੱਗ ਕਰਨ ਦੀਆਂ ਗੱਲਾਂ ਕਰਦੇ ਹਨ, ਉਹ ਪਾਖੰਡੀ ਹਨ ਅਤੇ ਜੋ ਆਪਣਾ ਸਭ ਕੁਝ ਕੁਰਬਾਨ ਕਰਨ ਦੀਆਂ ਗੱਲਾਂ ਕਰਦੇ ਹਨ, ਉਹ ਚਾਲਬਾਜ਼ ਹਨ। ਹੁਣ ਉਹ ਸਮਾਂ ਨਹੀਂ ਰਿਹਾ ਜਦੋਂ ਸਵਾਮੀ ਰਾਮ ਕ੍ਰਿਸ਼ਨ ਪਰਮਹੰਸ, ਵਿਵੇਕਾਨੰਦ, ਸ਼ਰਧਾਨੰਦ, ਸ਼ਿਵਾਨੰਦ, ਮਹਾਰਿਸ਼ੀ ਅਰਵਿੰਦ ਤੇ ਮਾਂ ਅਮ੍ਰਿਤਾਨੰਦਮਈ ਜਿਹੀਆਂ ਮਹਾਨ ਆਤਮਾਵਾਂ ਸਮਾਜ ਦਾ ਮਾਰਗਦਰਸ਼ਨ ਕਰਦੀਆਂ ਸਨ, ਪਰ ਹੁਣ ਗੁੰਮਰਾਹ ਕਰਨ ਵਾਲਿਆਂ ਦੀ ਇੱਕ ਲੰਬੀ ਸੂਚੀ ਹੈ। ਹੁਣ ਤਾਂ ਇੱਕ ਗੁਰੂ ਲੱਭੋ ਹਜ਼ਾਰਾਂ ਮਿਲ ਜਾਂਦੇ ਹਨ। ਜੋ ਲੋਕਾਂ ਨੂੰ ਆਪਣੇ ਪ੍ਰਵਚਨਾਂ ਨਾਲ ਇੰਨਾ ਪ੍ਰਭਾਵਿਤ ਕਰ ਲੈਂਦੇ ਹਨ ਕਿ ਲੋਕ ਉਨ੍ਹਾਂ ਦੀਆਂ ਮਿੱਠੀਆਂ ਗੱਲਾਂ ਵੱਲ ਖਿੱਚੇ ਜਾਂਦੇ ਹਨ। ਇਨ੍ਹਾਂ ਦੇ ਮਹੱਲਨੁਮਾ ਆਸ਼ਰਮਾਂ ਦੀ ਝਲਕ ਇੱਕ ਵੈੱਬਸੀਰੀਜ਼ ਵਿੱਚ ਦਿਖਾਈ ਜਾ ਚੁੱਕੀ ਹੈ। ਇਨ੍ਹਾਂ ਬਾਬਿਆਂ ਦੀ ਪੈਂਠ ਵੱਖ-ਵੱਖ ਟੀ.ਵੀ. ਚੈਨਲਾਂ ਦੇ ਸੰਪਾਦਕੀ ਵਿਭਾਗ ਤੱਕ ਹੁੰਦੀ ਹੈ ਅਤੇ ਇਹ ਆਪਣੀ ਰੋਣਹਾਕੀ ਸ਼ਕਲ ਬਣਾ ਕੇ ਦੇਸ਼ ’ਤੇ ਆਏ ਕਥਿਤ ਸੰਕਟਾਂ ਨੂੰ ਦੂਰ ਕਰਨ ਅਤੇ ਸਨਾਤਨ ਦੀ ਮੁੜ ਸਥਾਪਤੀ ਦੇ ਸੰਕਲਪ ਨੂੰ ਅਕਸਰ ਦੁਹਰਾਉਂਦੇ ਰਹਿੰਦੇ ਹਨ। ਅਖਬਾਰਾਂ ਤੇ ਚੈਨਲਾਂ ਦੇ ਸੰਪਾਦਕ ਤੇ ਪੱਤਰਕਾਰ ਵੀ ਇਨ੍ਹਾਂ ਕਥਿਤ ਧਰਮ ਗੁਰੂਆਂ ਦੀ ਕਿਰਪਾ ਤੇ ਤਸਵੀਰਾਂ ਬਦੌਲਤ ਆਪਣੀ ਮੰਤਰੀਆਂ, ਮੁੱਖ ਮੰਤਰੀਆਂ ਤੱਕ ਪਹੁੰਚ ਬਣਾ ਲੈਂਦੇ ਹਨ। ਇਸ ਦੇ ਬਾਅਦ ਆਪਸੀ ਮਿਲੀਭੁਗਤ ਨਾਲ ਇਹ ਲੋਕ ਝੌਂਪੜੀਆਂ ਤੋਂ ਮਹੱਲਾਂ ਤੱਕ ਪਹੁੰਚ ਜਾਂਦੇ ਹਨ।
ਅਫ਼ਸੋਸ ਇਸ ਗੱਲ ਦਾ ਹੈ ਕਿ ਸੰਤਾਂ ਮਹਾਂਪੁਰਸ਼ਾਂ ਵਿੱਚ ਭਾਰਤ ਦੀ ਅਧਿਆਤਮਿਕਤਾ, ਸਨਾਤਨ ਦੀ ਵਿਆਖਿਆ ਤੇ ਜੀਵਨ ਦੀ ਸੰਪੂਰਨਤਾ ਲਈ ਗੰਭੀਰ ਗਿਆਨ, ਆਤਮਿਕ ਸ਼ਕਤੀ ਤੇ ਅਗਵਾਈ ਦੀ ਸਮਰੱਥਾ ਹੋਣੀ ਚਾਹੀਦੀ ਸੀ, ਜਦਕਿ ਇਹ ਗੂੜ੍ਹੇ ਰੰਗੀਨ ਬਸਤਰਧਾਰੀ ਆਪਣੀ ਅਪਮਾਨਜਨਕ ਭਾਸ਼ਾ ਨਾਲ ਔਰਤਾਂ ਬਾਰੇ ਮਾੜਾ ਬੋਲਦੇ ਹਨ ਅਤੇ ਆਪਣੀਆਂ ਵਿਲਾਸਤਾ ਵਾਲੀਆਂ ਵਸਤੂਆਂ ਨੂੰ ਭਗਤਾਂ ਦਾ ਪ੍ਰੇਮ ਦੱਸਦੇ ਹਨ। ਇਨ੍ਹਾਂ ਦੀ ਟੌਹਰ ਤੇ ਸ਼ਾਨ ਆਮ ਲੋਕਾਂ ਦੀ ਮਿਹਨਤ ਦੀ ਕਮਾਈ ’ਤੇ ਨਿਰਭਰ ਹੈ ਅਤੇ ਇਹ ਅੰਧਵਿਸ਼ਵਾਸ ਨੂੰ ਭਗਤੀ ਦਾ ਚੋਲਾ ਪਹਿਨਾ ਕੇ ਬੇਸ਼ੁਮਾਰ ਧਨ ਇਕੱਠਾ ਕਰਦੇ ਹਨ। ਇਹ ਬਾਬੇ ਲੋਕਾਂ ਨੂੰ ਸੁਪਨੇ ਵੇਚ ਕੇ ਆਪਣੇ ਹਰ ਤਰ੍ਹਾਂ ਦੇ ਸ਼ੌਕ ਪੂਰੇ ਕਰਦੇ ਹਨ। ਲੜਕੀਆਂ ਦਾ ਜਿਨਸੀ ਸ਼ੋਸ਼ਣ ਤੇ ਬਾਲ ਮਜ਼ਦੂਰੀ ਇਨ੍ਹਾਂ ਵਲੋਂ ਹੀ ਚਲਾਈਆਂ ਕੁਪ੍ਰਥਾਵਾਂ ਹਨ। ਜਦੋਂ ਕਿਤੇ ਇਹ ਫਸ ਜਾਂਦੇ ਹਨ ਤਾਂ ਆਪਣੀ ਰਾਜਸੀ ਪਹੁੰਚ ਨਾਲ ਆਪਣੇ ਕੁਕਰਮਾਂ ਨੂੰ ਛੁਪਾਉਣ ਦੀ ਹਰ ਸੰਭਵ ਕੋਸ਼ਿਸ਼ ਕਰਦੇ ਹਨ, ਹਾਲਾਂਕਿ ਕਾਨੂੰਨ ਦੇ ਲੰਬੇ ਹੱਥਾਂ ਦੇ ਚਲਦਿਆਂ ਇਨ੍ਹਾਂ ਦੀਆਂ ਕਰਤੂਤਾਂ ਅਕਸਰ ਸਮਾਜ ਸਾਹਮਣੇ ਆਉਾਂਦੀਆਂਰਹਿੰਦੀਆਂ ਹਨ।
ਅਨਪੜ੍ਹਤਾ ਤੇ ਰਾਜਨੀਤੀ ਦਾ ਵਰਦਾਨ
ਆਜ਼ਾਦੀ ਤੋਂ ਪਹਿਲਾਂ ਵੀ ਸਮਾਜ ਵਿੱਚ ਇਹ ਕੁਰੀਤੀ ਮੌਜੂਦ ਸੀ, ਪਰ 60ਵੇਂ ਦੇ ਦਹਾਕੇ ਇਸ ਵਿੱਚ ਬਹੁਤ ਵਾਧਾ ਹੋਇਆ। ਜਦੋਂ ਸਭ ਪਾਰਟੀਆਂ ਦੇ ਸਿਆਸੀ ਖਿਡਾਰੀ ਆਪਣਾ ਭਵਿੱਖ ਬਣਾਉਣ ਲਈ ਬਾਬਿਆਂ ਮਗਰ ਘੁੰਮਣ ਲੱਗੇ ਤਾਂ ਦੇਸ਼ ’ਚ ਆਸ਼ਰਮ ਤੇ ਮੱਠ ਖੁੱਲ੍ਹਣ ਲੱਗੇ। ਸਰਕਾਰਾਂ ਨੇ ਇਨ੍ਹਾਂ ਦੁਆਰਾ ਗ਼ੈਰਕਾਨੂੰਨੀ ਤੌਰ ’ਤੇ ਜ਼ਮੀਨਾਂ ’ਤੇ ਕੀਤੇ ਕਬਜ਼ਿਆਂ ਵੱਲੋਂ ਅੱਖਾਂ ਬੰਦ ਹੀ ਨਹੀਂ ਕੀਤੀਆਂ, ਸਗੋਂ ਹਰ ਤਰ੍ਹਾਂ ਨਾਲ ਉਨ੍ਹਾਂ ਦੀ ਮਦਦ ਵੀ ਕੀਤੀ। ਫਿਰ 70, 80 ਦੇ ਦਹਾਕੇ ਵਿੱਚ ਇਨ੍ਹਾਂ ਦੇ ਕਾਰਨਾਮੇ ਉਜਾਗਰ ਹੋਣ ਲੱਗ ਪਏ। ਸਨਾਤਨ ਧਰਮ, ਭਾਰਤੀ ਸੰਸਕ੍ਰਿਤੀ, ਪ੍ਰਾਚੀਨ ਸੱਭਿਅਤਾ ਤੇ ਪਰੰਪਰਾਵਾਂ ਦਾ ਭਰਮਾਊ ਪ੍ਰਚਾਰ ਕਰਕੇ ਫ਼ਾਇਦਾ ਉਠਾਇਆ ਜਾਣ ਲੱਗਿਆ। ਇਹ ਠੱਗ ਵਿੱਦਿਆ ਦਾ ਸ਼ੁਰੂਆਤੀ ਦੌਰ ਸੀ, ਜਿਸ ਦੌਰਾਨ ਲੁੱਟ-ਖਸੁੱਟ ਤੇ ਲਾਲਚ ਦੀ ਕੋਈ ਹੱਦ ਨਹੀਂ ਰਹੀ। ਜਿਸ ’ਤੇ ਵੀ ਲੋਕਾਂ ਨੇ ਭਰੋਸਾ ਕੀਤਾ, ਉਹੀ ਦਾਗਦਾਰ ਨਿਕਲਿਆ ਅਤੇ ਸੱਚ ਤੇ ਝੂਠ ਵਿਚਾਲੇ ਫ਼ਰਕ ਕਰਨਾ ਮੁਸ਼ਕਿਲ ਹੋ ਗਿਆ। ਮੀਡੀਆ ਦਾ ਇਕ ਵੱਡਾ ਹਿੱਸਾ ਆਪਣੀਆਂ ਮਜਬੂਰੀਆਂ ਦੇ ਚਲਦਿਆਂ ਇਸ ਗੋਰਖਧੰਦੇ ਵਿੱਚ ਸ਼ਾਮਿਲ ਹੋ ਕੇ ਆਪਣਾ ਹਿੱਸਾ ਲੈਣ ਲੱਗ ਪਿਆ। ਉਸ ਸਮੇਂ ਕਿਵੇਂ ਦਾ ਮਹਿਸੂਸ ਹੁੰਦਾ ਹੋਵੇਗਾ, ਜਦੋਂ ਉਹ ਲੋਕ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਹਨ, ਜਿਨ੍ਹਾਂ ਦੇ ਦਰਬਾਰ ਵਿੱਚ ਦੇਸ਼ ਦੀ ਪਹਿਲੀ ਕਤਾਰ ਦੇ ਨੇਤਾ, ਵਪਾਰੀ, ਉਦਯੋਗਪਤੀ ਕਦੇ ਉਨ੍ਹਾਂ ਦੇ ਪੈਰ ਛੂੰਹਦੇ ਸਨ ਅਤੇ ਉਨ੍ਹਾਂ ਦੀ ਕ੍ਰਿਪਾ ਪ੍ਰਾਪਤ ਕਰਨ ਲਈ ਲੋਕਾਂ ਵਿੱਚ ਦੌੜ ਲੱਗੀ ਰਹਿੰਦੀ ਸੀ।
ਕਿਵੇਂ ਨਜਿੱਠਿਆ ਜਾਵੇ?
ਹੁਣ ਤਾਂ ਸਭ ਕੁਝ ਸੋਸ਼ਲ ਮੀਡੀਆ ’ਤੇ ਸੰਚਾਰ ਅਤੇ ਸੰਵਾਦ ਦੇ ਅਨੇਕਾਂ ਮਾਧਿਆਮਾਂ ਰਾਹੀਂ ਮੱਠਾਂ, ਪੀਠਾਂ, ਮੰਡਲਾਂ, ਅਖਾੜਿਆਂ ਤੇ ਹੋਰ ਧਾਰਮਿਕ ਸਥਾਨਾਂ, ਸੰਸਕ੍ਰਿਤਕ ਧਰੋਹਰਾਂ ਤੇ ਆਸਥਾ ਦੇ ਕੇਂਦਰਾਂ ’ਤੇ ਕਬਜ਼ਾ ਬਣਾਈ ਰੱਖਣ ਦੀ ਲਾਲਸਾ ਦਰਮਿਆਨ ਸਾਰਿਆਂ ਦੇ ਪਾਪ ਦਾ ਘੜਾ ਚੌਰਾਹੇ ਵਿੱਚ ਫੁਟਣ ਲੱਗਾ ਹੈ। ਅਦਾਲਤਾਂ ’ਚ ਚੱਲ ਰਹੇ ਮੁਕੱਦਮਿਆਂ ਨੇ ਸ਼ਰਧਾਲੂਆਂ ਨੂੰ ਦੁਚਿੱਤੀ ’ਚ ਪਾਇਆ ਹੋਇਆ ਹੈ ਕਿ ਜਿਸ ਨੂੰ ਉਨ੍ਹਾਂ ਭਗਵਾਨ ਸਮਝਿਆ, ਉਹ ‘ਜਬਰ ਜਨਾਹ’ ਕਰਨ ਵਾਲਾ ਨਿਕਲਿਆ ਅਜਿਹਾ ਦੇਖ ਕੇ ਬਹੁਤ ਗੁੱਸਾ ਆਉਂਦਾ ਹੈ। ਜੋ ਲੋਕ ਆਪਣੇ ਮਾਤਾ-ਪਿਤਾ ਦੀ ਕੋਈ ਇੱਜ਼ਤ ਨਹੀਂ ਕਰਦੇ, ਉਹ ਇਨ੍ਹਾਂ ਢੋਂਗੀਆਂ ਨੂੰ ਝੁਕ-ਝੁਕ ਕੇ ਪ੍ਰਣਾਮ ਕਰਦਿਆਂ ਇਨ੍ਹਾਂ ਦੀ ਹਰ ਚੰਗੀ-ਮਾੜੀ ਗੱਲ ਪੂਰੀ ਕਰਨ ਲਈ ਆਪਣਾ ਸਮਾਂ, ਪੈਸਾ ਤੇ ਪੂਰਾ ਜ਼ੋਰ ਲਗਾ ਦਿੰਦੇ ਹਨ। ਅਜਿਹੀ ਸਥਿਤੀ ਦਾ ਇਕੋ ਹੀ ਉਪਾਅ ਹੈ ਕਿ ਆਪਣੇ ਆਪ ਨੂੰ ਸਿੱਖਿਅਤ ਕੀਤਾ ਜਾਵੇ ਅਤੇ ਬੱਚਿਆਂ ਦੇ ਸਕੂਲੀ ਪਾਠਕ੍ਰਮ ਵਿਚ ਅਜਿਹੇ ਵਿਸ਼ੇ ਸ਼ਾਮਿਲ ਕੀਤੇ ਜਾਣ, ਜੋ ਉਨ੍ਹਾਂ ਨੂੰ ਬਚਪਨ ਤੋਂ ਹੀ ਚੰਗੇ-ਮਾੜੇ ਛੂਹਣ (ਗੁੱਡ ਜਾਂ ਬੈਡ ਟੱਚ) ਬਾਰੇ ਜਾਣਕਾਰੀ ਦੇਣ। ਇਸੇ ਤਰ੍ਹਾਂ ਸਨਾਤਨ ਦੀ ਆੜ ਵਿਚ ਧਰਮ ਦੀ ਦੁਹਾਈ ਦੇ ਕੇ ਜੋ ਭਰਮ ਫੈਲਾਇਆ ਜਾਂਦਾ ਹੈ, ਉਸ ਝੂਠ ਤੇ ਸੱਚ ਦਾ ‘ਵਿਵੇਕ’ ਨਾਲ ਨਿਤਾਰਾ ਕੀਤਾ ਜਾਵੇ। ਭਾਵੇਂ ਕੋਈ ਤੁਹਾਨੂੰ ਨਾਸਤਕ ਤੱਕ ਆਖੇ, ਸੱਚ ਲਈ ਕਦੇ ਕਿਸੇ ਦੀ ਪ੍ਰਵਾਹ ਨਾ ਕਰੋ। ਅਜਿਹਾ ਕਰਕੇ ਤੁਸੀਂ ਗੰਭੀਰ ਸੰਕਟ ਤੋਂ ਬਚ ਜਾਓਗੇ। ਬੱਚੇ ਅਕਸਰ ਆਪਣੇ ਅਧਿਆਪਕਾਂ ਦਾ ਕਹਿਣਾ ਮਾਤਾ-ਪਿਤਾ ਨਾਲੋਂ ਵਧੇਰੇ ਮੰਨਦੇ ਹਨ, ਇਸ ਲਈ ਪੜ੍ਹਾਉਂਦੇ ਸਮੇਂ ਅਧਿਆਪਕ ਜੇਕਰ ਬੱਚਿਆਂ ਨੂੰ ਠੀਕ ਤੇ ਗ਼ਲਤ ਵਿੱਚ ਅੰਤਰ ਕਰਨਾ ਸਿਖਾ ਦੇਵੇ ਤਾਂ ਇਹ ਵੀ ਨਵੇਂ ਭਾਰਤ ਦੀ ਸਹੀ ਪਛਾਣ ਹੋਵੇਗੀ।
![]()
