ਮਹਿਲਾ ਟੀ-20 ਵਿਸ਼ਵ ਕੱਪ 2026 ਦੀ ਸ਼ੁਰੂਆਤ 12 ਜੂਨ ਤੋਂ

In ਖੇਡ ਖਿਡਾਰੀ
February 27, 2026

ਲੰਡਨ/ਏ.ਟੀ.ਨਿਊਜ਼: ਇੰਟਰਨੈਸ਼ਨਲ ਕ੍ਰਿਕਟ ਕੌਂਸਲ ਨੇ ਮਹਿਲਾ ਵਿਸ਼ਵ ਕੱਪ 2026 ਲਈ ਸ਼ਡਿਊਲ ਦਾ ਐਲਾਨ ਕਰ ਦਿੱਤਾ ਹੈ। ਇਸ ਵਾਰ ਵਿਸ਼ਵ ਕੱਪ ਵਿੱਚ 12 ਟੀਮਾਂ ਹਿੱਸਾ ਲੈਣਗੀਆਂ, ਜਿਨ੍ਹਾਂ ਨੂੰ ਦੋ ਗਰੁੱਪਾਂ ਵਿੱਚ ਵੰਡਿਆ ਗਿਆ ਹੈ। ਹਰ ਗਰੁੱਪ ਵਿੱਚ 6-6 ਟੀਮਾਂ ਸ਼ਾਮਲ ਹਨ, ਜਦੋਂ ਕਿ ਭਾਰਤ ਅਤੇ ਪਾਕਿਸਤਾਨ ਦੀ ਟੀਮ ਨੂੰ ਇੱਕ ਵਾਰ ਫਿਰ ਇੱਕੋ ਗਰੁੱਪ ਵਿੱਚ ਰੱਖਿਆ ਗਿਆ ਹੈ। ਜੇਕਰ ਭਾਰਤੀ ਮਹਿਲਾ ਟੀਮ ਦੀ ਗੱਲ ਕਰੀਏ ਤਾਂ ਉਹ 14 ਜੂਨ ਨੂੰ ਆਪਣੀ ਮੁਹਿੰਮ ਦਾ ਆਗਾਜ਼ ਕਰੇਗੀ। ਪਹਿਲਾ ਮੁਕਾਬਲਾ ਹੀ ਰਵਾਇਤੀ ਵਿਰੋਧੀ ਪਾਕਿਸਤਾਨ ਵਿਰੁੱਧ ਹੋਵੇਗਾ।
ਮਹਿਲਾ ਟੀ-20 ਵਿਸ਼ਵ ਕੱਪ 2026 ਦੀ ਸ਼ੁਰੂਆਤ 12 ਜੂਨ ਨੂੰ ਹੋਵੇਗੀ ਅਤੇ ਇਸ ਦਾ ਫਾਈਨਲ ਮੁਕਾਬਲਾ 5 ਜੁਲਾਈ ਨੂੰ ਖੇਡਿਆ ਜਾਵੇਗਾ। ਇਸ ਵਾਰ ਮਹਿਲਾ ਵਿਸ਼ਵ ਕੱਪ ਇੰਗਲੈਂਡ ਦੀ ਮੇਜ਼ਬਾਨੀ ਵਿੱਚ ਖੇਡਿਆ ਜਾਵੇਗਾ। ਪਹਿਲਾ ਮੁਕਾਬਲਾ ਮੇਜ਼ਬਾਨ ਇੰਗਲੈਂਡ ਅਤੇ ਸ਼੍ਰੀਲੰਕਾ ਵਿਚਾਲੇ ਏਜਬੈਸਟਨ ਵਿੱਚ ਹੋਵੇਗਾ, ਜਦੋਂ ਕਿ ਫਾਈਨਲ ਮੁਕਾਬਲਾ ਲਾਰਡਸ ਕ੍ਰਿਕਟ ਗਰਾਊਂਡ ਵਿੱਚ ਖੇਡਿਆ ਜਾਵੇਗਾ।
ਟੀ-20 ਵਿਸ਼ਵ ਕੱਪ 2026 ਦਾ ਸ਼ਡਿਊਲ ਜਾਰੀ ਕਰਦਿਆਂ ਆਈ.ਸੀ.ਸੀ. ਦੇ ਸੀ.ਈ.ਓ. ਸੰਜੋਗ ਗੁਪਤਾ ਨੇ ਕਿਹਾ, ‘ਆਈ.ਸੀ.ਸੀ. ਮਹਿਲਾ ਟੀ-20 ਵਿਸ਼ਵ ਕੱਪ 2026 ਦਾ ਪ੍ਰੋਗਰਾਮ ਜਾਰੀ ਹੋਣਾ ਵਿਸ਼ਵ ਪੱਧਰ ’ਤੇ ਹੋਣ ਵਾਲੇ ਇਸ ਪ੍ਰਮੁੱਖ ਖੇਡ ਆਯੋਜਨ ਦੀਆਂ ਤਿਆਰੀਆਂ ਵਿੱਚ ਇੱਕ ਮਹੱਤਵਪੂਰਨ ਪੜਾਅ ਹੈ। ਇਹ ਆਯੋਜਨ ਮਹਿਲਾ ਕ੍ਰਿਕਟ ਵਿੱਚ ਆਈ.ਸੀ.ਸੀ. ਦੇ ਨਿਰੰਤਰ ਨਿਵੇਸ਼ ਦੀ ਕੜੀ ਹੈ। ਸਾਡਾ ਟੀਚਾ ਭਾਗੀਦਾਰੀ ਵਧਾਉਣਾ, ਉੱਚ ਪ੍ਰਦਰਸ਼ਨ ਦੇ ਮੌਕੇ ਪ੍ਰਦਾਨ ਕਰਨਾ ਅਤੇ ਆਯੋਜਨ ਦੇ ਮਿਆਰਾਂ ਨੂੰ ਬਿਹਤਰ ਬਣਾਉਣਾ ਹੈ।’
ਮਹਿਲਾ ਟੀ-20 ਵਿਸ਼ਵ ਕੱਪ 2026 ਲਈ ਗਰੁੱਪ
ਗਰੁੱਪ-1: ਭਾਰਤ, ਪਾਕਿਸਤਾਨ, ਆਸਟ੍ਰੇਲੀਆ, ਦੱਖਣੀ ਅਫਰੀਕਾ, ਬੰਗਲਾਦੇਸ਼, ਨੀਦਰਲੈਂਡ।
ਗਰੁੱਪ-2: ਵੈਸਟਇੰਡੀਜ਼, ਇੰਗਲੈਂਡ, ਨਿਊਜ਼ੀਲੈਂਡ, ਸ਼੍ਰੀਲੰਕਾ, ਆਇਰਲੈਂਡ, ਸਕਾਟਲੈਂਡ।

ਵਿਸ਼ਵ ਕੱਪ ਵਿੱਚ ਭਾਰਤ ਦੇ ਮੁਕਾਬਲੇ
ਭਾਰਤ ਬਨਾਮ ਪਾਕਿਸਤਾਨ – 14 ਜੂਨ (ਏਜਬੈਸਟਨ)
ਭਾਰਤ ਬਨਾਮ ਨੀਦਰਲੈਂਡ – 17 ਜੂਨ (ਹੈਡਿੰਗਲੇ)
ਭਾਰਤ ਬਨਾਮ ਦੱਖਣੀ ਅਫਰੀਕਾ – 21 ਜੂਨ (ਓਲਡ ਟ੍ਰੈਫਰਡ)
ਭਾਰਤ ਬਨਾਮ ਬੰਗਲਾਦੇਸ਼ – 25 ਜੂਨ (ਓਲਡ ਟ੍ਰੈਫਰਡ)
ਭਾਰਤ ਬਨਾਮ ਆਸਟ੍ਰੇਲੀਆ – 28 ਜੂਨ (ਲਾਰਡਸ ਕ੍ਰਿਕਟ ਗਰਾਊਂਡ)

Loading