ਖੁਸ਼ਵਿੰਦਰ ਸਿੰਘ ਸੂਰੀਆ
ਅੱਜ ਦੁਨੀਆ ਇੱਕ ਅਜਿਹੇ ਦੌਰ ਵਿੱਚ ਦਾਖ਼ਲ ਹੋ ਚੁੱਕੀ ਹੈ, ਜਿੱਥੇ ਅਸਥਿਰਤਾ ਕੋਈ ਅਸਥਾਈ ਹਾਲਾਤ ਨਹੀਂ, ਸਗੋਂ ਇੱਕ ਸਥਾਈ ਸੱਚ ਬਣਦੀ ਜਾ ਰਹੀ ਹੈ। ਠੰਡੀ ਜੰਗ ਦੇ ਖ਼ਤਮ ਹੋਣ ਤੋਂ ਬਾਅਦ ਇਹ ਸਮਝ ਬਣੀ ਸੀ ਕਿ ਹੁਣ ਸ਼ਾਇਦ ਦੁਨੀਆ ਕਾਨੂੰਨਾਂ, ਸੰਸਥਾਵਾਂ ਤੇ ਆਪਸੀ ਸਹਿਮਤੀ ਦੇ ਆਧਾਰ ’ਤੇ ਚੱਲੇਗੀ। ਸੰਯੁਕਤ ਰਾਸ਼ਟਰ, ਨਾਟੋ, ਵਿਸ਼ਵ ਵਪਾਰ ਸੰਸਥਾ ਵਰਗੀਆਂ ਸੰਸਥਾਵਾਂ ਇਸੇ ਉਮੀਦ ਨਾਲ ਮਜ਼ਬੂਤ ਕੀਤੀਆਂ ਗਈਆਂ ਸਨ ਕਿ ਭਵਿੱਖ ਵਿੱਚ ਟਕਰਾਅ ਤਾਕਤ ਨਾਲ ਨਹੀਂ, ਸਗੋਂ ਸੰਵਾਦ ਨਾਲ ਹੱਲ ਹੋਣਗੇ। ਪਰ 21ਵੀਂ ਸਦੀ ਦੇ ਤੀਜੇ ਦਹਾਕੇ ਤੱਕ ਪਹੁੰਚਦਿਆਂ ਇਹ ਧਾਰਨਾ ਟੁੱਟਦੀ ਦਿਖਾਈ ਦੇ ਰਹੀ ਹੈ। ਭਾਵੇਂ ਡੋਨਾਲਡ ਟਰੰਪ ਦੀ ਰਾਜਨੀਤੀ ਵਿੱਚ ਵਾਪਸੀ ਇਸ ਦੀ ਜੜ੍ਹ ਨਹੀਂ, ਪਰ ਇਸ ਦਾ ਸਪੱਸ਼ਟ ਪ੍ਰਤੀਕ ਜ਼ਰੂਰ ਬਣ ਗਈ ਹੈ। ਟਰੰਪ ਅਜਿਹੇ ਸਮੇਂ ਅਮਰੀਕਾ ਦੇ ਰਾਸ਼ਟਰਪਤੀ ਬਣੇ ਹਨ, ਜਦੋਂ ਦੁਨੀਆ ਪਹਿਲਾਂ ਹੀ ਕਈ ਸੰਕਟਾਂ ’ਚ ਘਿਰੀ ਹੋਈ ਹੈ। ਯੂਕ੍ਰੇਨ ਦੀ ਲੜਾਈ, ਮੱਧ ਪੂਰਬ ਦੀ ਅਸਥਿਰਤਾ, ਚੀਨ ਤੇ ਅਮਰੀਕਾ ਵਿਚਕਾਰ ਵਧਦਾ ਤਣਾਅ, ਗਲੋਬਲ ਅਰਥਵਿਵਸਥਾ ’ਤੇ ਦਬਾਅ ਸਭ ਮਿਲ ਕੇ ਅੰਤਰਰਾਸ਼ਟਰੀ ਵਿਵਸਥਾ ਦੀ ਨੀਂਹ ਨੂੰ ਹਿਲਾ ਚੁੱਕੇ ਹਨ। ਇਸ ਦਰਮਿਆਨ ਟਰੰਪ ਦੇ ਬਿਆਨ, ਫ਼ੈਸਲੇ ਤੇ ਵਿਦੇਸ਼ ਨੀਤੀ ਸਿਰਫ਼ ਅਮਰੀਕਾ ਦੀ ਅੰਦਰੂਨੀ ਰਾਜਨੀਤੀ ਨਾ ਰਹਿ ਕੇ ਪੂਰੀ ਦੁਨੀਆ ਲਈ ਸੰਕੇਤ ਬਣ ਰਹੀ ਹੈ ਕਿ ਅੱਗੇ ਆਉਣ ਵਾਲਾ ਸਮਾਂ ਕਿਵੇਂ ਦਾ ਹੋ ਸਕਦਾ ਹੈ?
ਇਹ ਸਮਝਣਾ ਜ਼ਰੂਰੀ ਹੈ ਕਿ ਟਰੰਪ ਰਵਾਇਤੀ ਅਮਰੀਕੀ ਨੇਤਾਵਾਂ ਵਾਂਗ ਨਹੀਂ ਸੋਚਦਾ, ਉਸ ਲਈ ਵਿਦੇਸ਼ ਨੀਤੀ ਕੋਈ ਨੈਤਿਕ ਜ਼ਿੰਮੇਵਾਰੀ ਜਾਂ ਗਲੋਬਲ ਮਿਸ਼ਨ ਨਹੀਂ, ਸਗੋਂ ਇੱਕ ਸੌਦੇ ਵਾਂਗ ਹੈ, ਜਿੱਥੇ ਹਰ ਰਿਸ਼ਤਾ, ਹਰ ਗੱਠਜੋੜ, ਹਰ ਦੇਸ਼ ਸਭ ਕੁਝ ਲਾਭ ਤੇ ਨੁਕਸਾਨ ਦੇ ਤਰਾਜੂ ’ਤੇ ਤੋਲਿਆ ਜਾਂਦਾ ਹੈ। ਜਿੱਥੇ ਸਪੱਸ਼ਟ ਲਾਭ ਨਾ ਦਿਸੇ, ਉੱਥੇ ਕਾਨੂੰਨ, ਰਿਵਾਇਤ ਤੇ ਦੋਸਤੀ ਵੀ ਉਸ ਲਈ ਰੁਕਾਵਟ ਨਹੀਂ ਬਣਦੀਆਂ, ਇਹੀ ਸੋਚ ਉਸ ਨੂੰ ਪ੍ਰਭਾਵਸ਼ਾਲੀ ਵੀ ਤੇ ਖ਼ਤਰਨਾਕ ਵੀ ਬਣਾਉਾਂਦੀਹੈ। ਉਸ ਦੇ ਗ੍ਰੀਨਲੈਂਡ ਬਾਰੇ ਦਿੱਤੇ ਬਿਆਨ ਇਸ ਮਨੋਵਿਰਤੀ ਨੂੰ ਸਪੱਸ਼ਟ ਕਰਦੇ ਹਨ। ਜਦੋਂ ਦੁਨੀਆ ਪ੍ਰਭੂਸੱਤਾ ਤੇ ਸਰਹੱਦਾਂ ਦੀ ਰਾਖੀ ਦੀ ਗੱਲ ਕਰਦੀ ਹੈ ਤਾਂ ਟਰੰਪ ਦਾ ਇਹ ਕਹਿਣਾ ਕਿ ਅਮਰੀਕਾ ਨੂੰ ਗ੍ਰੀਨਲੈਂਡ ਚਾਹੀਦਾ ਹੈ ਅਤੇ ਉਹ ਇਸ ਨੂੰ ਕਿਸੇ ਵੀ ਤਰੀਕੇ ਨਾਲ ਹਾਸਿਲ ਕਰ ਸਕਦਾ ਹੈ, ਆਧੁਨਿਕ ਵਿਸ਼ਵ ਵਿਵਸਥਾ ਲਈ ਇੱਕ ਗੰਭੀਰ ਚੇਤਾਵਨੀ ਹੈ। ਦਰਅਸਲ ਗ੍ਰੀਨਲੈਂਡ ਸਿਰਫ਼ ਬਰਫ਼ ਨਾਲ ਢਕਿਆ ਟਾਪੂ ਹੀ ਨਹੀਂ, ਸਗੋਂ ਆਰਕਟਿਕ ਖੇਤਰ ਦੀ ਕੁੰਜੀ ਹੈ-ਜਿੱਥੇ ਭਵਿੱਖ ਦੇ ਸਰੋਤ, ਵਪਾਰਕ ਰਾਹ ਤੇ ਸੈਨਿਕ ਸੰਤੁਲਨ ਲੁਕੇ ਹੋਏ ਹਨ। ਟਰੰਪ ਦੀ ਨਜ਼ਰ ’ਚ ਇਹ ਇਕ ਰਣਨੀਤਕ ਸੰਪਤੀ ਹੈ, ਉੱਥੇ ਦੇ ਲੋਕਾਂ ਦੀ ਪਛਾਣ ਜਾਂ ਇੱਛਾ ਦਾ ਮਸਲਾ ਨਹੀਂ। ਇਹ ਪਿਛਲੀ ਸਦੀ ਵਾਂਗ ਖੁੱਲ੍ਹਾ ਵਿਸਤਾਰਵਾਦ ਨਹੀਂ, ਪਰ ਉਸ ਤੋਂ ਘੱਟ ਖ਼ਤਰਨਾਕ ਨਹੀਂ ਹੈ। ਇਹ ਦਬਾਅ ਰਾਹੀਂ ਕਾਬੂ ਪਾਉਣ ਦੀ ਨੀਤੀ ਹੈ, ਜਿੱਥੇ ਸਿੱਧਾ ਕਬਜ਼ਾ ਕਰਨ ਦੀ ਥਾਂ ਧਮਕੀ, ਆਰਥਿਕ ਦਬਾਅ ਤੇ ਫ਼ੌਜੀ ਤਾਕਤ ਵੀ ਵਰਤੀ ਜਾਂਦੀ ਹੈ। ਇਸ ਸੋਚ ਵਿਚ ਮਿੱਤਰ ਤੇ ਦੁਸ਼ਮਣ ਵਿਚਕਾਰ ਦੀ ਰੇਖਾ ਧੁੰਦਲੀ ਹੋ ਜਾਂਦੀ ਹੈ।
ਨਾਟੋ ਵਰਗਾ ਗੱਠਜੋੜ ਵੀ ਉੱਥੇ ਤੱਕ ਹੀ ਮਹੱਤਵਪੂਰਨ ਹੈ, ਜਿੱਥੇ ਤੱਕ ਉਹ ਅਮਰੀਕੀ ਹਿੱਤਾਂ ਦੇ ਅਨੁਕੂਲ ਹੈ। ਇਹ ਰਣਨੀਤੀ ਈਰਾਨ ਦੇ ਮਾਮਲੇ ਵਿਚ ਸਪੱਸ਼ਟ ਰੂਪ ਧਾਰ ਲੈਂਦੀ ਹੈ ਅਤੇ ਉਸ ਨੂੰ ਘੇਰ ਕੇ ਆਰਥਿਕ ਪਾਬੰਦੀਆਂ, ਉਸ ਨਾਲ ਵਪਾਰ ਕਰਨ ਵਾਲੇ ਦੇਸ਼ਾਂ ’ਤੇ ਟੈਕਸ ਵਧਾਉਣ ਦੀ ਧਮਕੀ, ਸੈਨਿਕ ਮੌਜੂਦਗੀ ਦਾ ਪ੍ਰਦਰਸ਼ਨ ਤੇ ਕੂਟਨੀਤਿਕ ਅਲਹਿਦਗੀ ਇਰਾਨ ਨੂੰ ਅਜਿਹੇ ਮੋੜ ’ਤੇ ਲਿਆਉਣ ਲਈ ਹਨ, ਤਾਂ ਜੋ ਉਸ ਦੇ ਬਦਲਾਂ ਨੂੰ ਸੀਮਿਤ ਕੀਤਾ ਜਾ ਸਕੇ। ਮਕਸਦ ਸਾਫ਼ ਹੈ: ਈਰਾਨ ਜਾਂ ਤਾਂ ਅਮਰੀਕਾ ਦੀਆਂ ਸ਼ਰਤਾਂ ’ਤੇ ਗੱਲਬਾਤ ਕਰੇ, ਜਾਂ ਫਿਰ ਆਰਥਿਕ ਤੇ ਰਾਜਨੀਤਿਕ ਤੌਰ ’ਤੇ ਕਮਜ਼ੋਰ ਹੋ ਜਾਵੇ। ਆਧੁਨਿਕ ਜੰਗ ਸਿਰਫ਼ ਬੰਬਾਂ ਤੇ ਗੋਲੀਆਂ ਨਾਲ ਹੀ ਨਹੀਂ ਲੜੀ ਜਾਂਦੀ, ਸਗੋਂ ਆਰਥਿਕ ਦਬਾਅ, ਸਪਲਾਈ ਚੇਨ, ਊਰਜਾ ਸਰੋਤ ਤੇ ਮੁਦਰਾ ਸਭ ਅੱਜ ਦੇ ਹਥਿਆਰ ਹਨ। ਟਰੰਪ ਇਸ ਨਵੀਂ ਕਿਸਮ ਦੀ ਜੰਗ ਨੂੰ ਸਮਝਦਾ ਹੈ ਅਤੇ ਬਿਨਾਂ ਝਿਜਕ ਇਸ ਦਾ ਇਸਤੇਮਾਲ ਕਰਦਾ ਹੈ। ਇਸ ਸੰਦਰਭ ਵਿੱਚ ਸਵਾਲ ਉੱਠਦਾ ਹੈ, ਕੀ ਟਰੰਪ ਵਿਸਤਾਰਵਾਦੀ ਹੈ ਜਾਂ ਸਿਰਫ਼ ਸੌਦੇਬਾਜ਼ ਹੈ? ਉਹ ਹਿਟਲਰ ਜਾਂ ਪੁਰਾਣੇ ਸਾਮਰਾਜਵਾਦੀਆਂ ਵਾਂਗ ਨਕਸ਼ੇ ਸਿੱਧੇ ਨਹੀਂ ਬਦਲ ਰਿਹਾ, ਪਰ ਉਨ੍ਹਾਂ ਦੀ ਸੋਚ ਤੋਂ ਪ੍ਰਭਾਵਿਤ ਹੈ ਕਿ ਤਾਕਤਵਰ ਦੇਸ਼ਾਂ ਨੂੰ ਕਮਜ਼ੋਰ ਦੇਸ਼ਾਂ ਦੀ ਪ੍ਰਭੂਸੱਤਾ ਦਾ ਸਤਿਕਾਰ ਕਰਨ ਦੀ ਲੋੜ ਨਹੀਂ। ਜਿੱਥੇ ਲਾਭ ਹੁੰਦਾ ਹੋਵੇ, ਉੱਥੇ ਦਬਾਅ ਪਾਉਣਾ ਜਾਇਜ਼ ਹੈ। ਇਹੀ ਸੋਚ ਟਰੰਪ ਨੂੰ ਰਵਾਇਤੀ ਲੋਕਤੰਤਰਿਕ ਨੇਤਾਵਾਂ ਤੋਂ ਵੱਖਰਾ ਕਰਦੀ ਹੈ। ਅਮਰੀਕਾ ’ਚ ਨਿਆਂਪਾਲਿਕਾ, ਮੀਡੀਆ, ਚੋਣ ਪ੍ਰਣਾਲੀ ਜਿਹੀਆਂ ਸੰਸਥਾਵਾਂ ਕਿਸੇ ਵੀ ਵਿਅਕਤੀ ਨੂੰ ਪੂਰਾ ਤਾਨਾਸ਼ਾਹ ਬਣਨ ਤੋਂ ਰੋਕਦੀਆਂ ਹਨ। ਫਿਰ ਵੀ ਟਰੰਪ ਦਾ ਅਧਿਕਾਰਤਾਵਾਦੀ ਰੁਝਾਨ ਇਨ੍ਹਾਂ ਸੰਸਥਾਵਾਂ ਨੂੰ ਕਮਜ਼ੋਰ ਦਿਖਾਉਣ, ਅੰਤਰਰਾਸ਼ਟਰੀ ਕਾਨੂੰਨਾਂ ਨੂੰ ਬੇਮਾਇਨੇ ਕਹਿਣ ਤੇ ਰਾਸ਼ਟਰਵਾਦ ਨੂੰ ਡਰ ਨਾਲ ਜੋੜਦਾ ਹੈ ਇਹ ਸਭ ਲੱਛਣ ਦੁਨੀਆ ਨੂੰ ਅਸਥਿਰ ਕਰ ਸਕਦੇ ਹਨ।
ਅੱਜ ਦੀ ਦੁਨੀਆ ਇਨ੍ਹਾਂ ਰੁਝਾਨਾਂ ਦੇ ਅਸਰ ਹੇਠ ਆਉਂਦੀ ਨਜ਼ਰ ਆ ਰਹੀ ਹੈ। ਦਰਅਸਲ ਹੁਣ ਵਿਸ਼ਵ ਵਿਵਸਥਾ ਨਿਯਮਾਂ ਦੀ ਬਜਾਏ ਤਾਕਤ ’ਤੇ ਆਧਾਰਿਤ ਹੁੰਦੀ ਜਾ ਰਹੀ ਹੈ। ਅਮਰੀਕਾ, ਚੀਨ ਤੇ ਰੂਸ ਅਜੋਕੇ ਤਿੰਨ ਵੱਡੇ ਕੇਂਦਰ ਬਣ ਰਹੇ ਹਨ, ਪਰ ਇਨ੍ਹਾਂ ਵਿਚਕਾਰ ਲੜਾਈ ਸਿੱਧੀ ਨਹੀਂ ਹੈ। ਇਹ ਪ੍ਰਭਾਵ ਖੇਤਰਾਂ, ਤਕਨਾਲੋਜੀ, ਵਪਾਰ ਤੇ ਵਿਚਾਰਧਾਰਾ ਦੇ ਟਕਰਾਅ ਹਨ, ਜਿਸ ’ਚ ਅਕਸਰ ਛੋਟੇ ਤੇ ਦਰਮਿਆਨੇ ਦੇਸ਼ ਟਕਰਾਅ ਦਾ ਮੈਦਾਨ ਬਣ ਜਾਂਦੇ ਹਨ। ਭਾਰਤ ਦੀ ਸਥਿਤੀ ਕੁਝ ਵੱਖਰੀ ਹੈ, ਕਿਉਂਕਿ ਉਹ ਪੂਰੀ ਤਰ੍ਹਾਂ ਪੱਛਮੀ ਖੇਮੇ ਜਾਂ ਚੀਨ ਰੂਸ ਧੁਰੇ ਦਾ ਹਿੱਸਾ ਨਹੀਂ ਹੈ ਅਤੇ ਉਸ ਦੀ ਨੀਤੀ ਦਾ ਕੇਂਦਰ ਰਣਨੀਤਕ ਸੁਤੰਤਰਤਾ ਹੈ। ਟਰੰਪ ਦੀ ਹਮਲਾਵਰ ਨੀਤੀ ਭਾਰਤ ਲਈ ਖ਼ਤਰਾ ਵੀ ਤੇ ਮੌਕਾ ਵੀ ਹੈ। ਉਸ ਦਾ ਈਰਾਨ ’ਤੇ ਦਬਾਅ ਭਾਰਤ ਦੇ ਊਰਜਾ ਹਿੱਤਾਂ ਤੇ ਚਾਬਹਾਰ ਜਿਹੇ ਪ੍ਰਾਜੈਕਟਾਂ ਨੂੰ ਪ੍ਰਭਾਵਿਤ ਕਰਦਾ ਹੈ, ਪਰ ਚੀਨ ਦੇ ਮੁਕਾਬਲੇ ਅਮਰੀਕਾ ਦੀ ਨਜ਼ਰ ਵਿਚ ਭਾਰਤ ਦੀ ਅਹਿਮੀਅਤ ਵੀ ਵਧਦੀ ਹੈ। ਇਸ ਸਾਰੀ ਅਸਥਿਰਤਾ ਦਾ ਅਸਰ ਆਮ ਇਨਸਾਨ ਦੀ ਜ਼ਿੰਦਗੀ ’ਤੇ ਵੀ ਪੈਂਦਾ ਹੈ, ਕਿਉਂਕਿ ਤੇਲ ਦੀਆਂ ਕੀਮਤਾਂ, ਮਹਿੰਗਾਈ, ਨੌਕਰੀਆਂ ਦੀ ਅਨਿਸ਼ਚਿਤਤਾ ਤੇ ਮਾਨਸਿਕ ਦਬਾਅ ਇਹ ਸਭ ਗਲੋਬਲ ਰਾਜਨੀਤੀ ਨਾਲ ਜੁੜੇ ਹੋਏ ਹਨ। ਇਸ ਪੂਰੇ ਦੌਰ ਵਿਚ ਸੋਨੇ ਦਾ ਭਾਅ ਚੁੱਪਚਾਪ ਬਹੁਤ ਸਪੱਸ਼ਟ ਸੰਕੇਤ ਦੇ ਰਿਹਾ ਹੈ। ਸੋਨੇ ਦੀ ਕੀਮਤ ਸਿਰਫ਼ ਇਕ ਆਰਥਿਕ ਅੰਕੜਾ ਨਹੀਂ, ਸਗੋਂ ਦੁਨੀਆ ਦੇ ਡਰ ਦਾ ਪੈਮਾਨਾ ਹੁੰਦੀ ਹੈ। ਟਰੰਪ ਦੀ ਹਮਲਾਵਰ ਨੀਤੀ ਦੇ ਚੱਲਦਿਆਂ ਇਰਾਨ ਨਾਲ ਟਕਰਾਅ ਤੇ ਗਲੋਬਲ ਤਣਾਅ ਵਧਣ ਨਾਲ ਸੋਨੇ ਦੀ ਮੰਗ ਤੇ ਕੀਮਤ ਦੋਵੇਂ ਵਧੀਆਂ ਹਨ। ਜੋ ਸਾਬਤ ਕਰਦਾ ਹੈ ਕਿ ਨਿਵੇਸ਼ਕ, ਬੈਂਕ ਤੇ ਆਮ ਲੋਕ ਮੌਜੂਦਾ ਵਿਸ਼ਵ ਪ੍ਰਣਾਲੀ ’ਤੇ ਪੂਰਾ ਭਰੋਸਾ ਨਹੀਂ ਕਰ ਰਹੇ। ਸੋਨਾ ਇਸ ਲਈ ਨਹੀਂ ਮਹਿੰਗਾ ਹੋ ਰਿਹਾ ਕਿ ਲੋਕ ਅਮੀਰ ਬਣਨਾ ਚਾਹੁੰਦੇ ਹਨ, ਉਹ ਤਾਂ ਆਪਣੇ ਪੈਸੇ ਨੂੰ ਬਚਾਉਣਾ ਚਾਹੁੰਦੇ ਹਨ, ਕਿਉਂਕਿ ਜੰਗ ਜਾਂ ਪਾਬੰਦੀਆਂ ਕਾਰਨ ਅਨਿਸ਼ਚਿਤਤਾ ਦੇ ਦੌਰ ਵਿੱਚ ਕਰੰਸੀ ਡਿਗ ਸਕਦੀ ਹੈ, ਸਟਾਕ ਮਾਰਕੀਟ ਤੇ ਬੈਂਕਿੰਗ ਸਿਸਟਮ ਦੀ ਭਰੋਸੇਯੋਗਤਾ ਘਟ ਸਕਦੀ ਹੈ। ਪਰ ਸੋਨਾ ਕਿਸੇ ਇੱਕ ਸਰਕਾਰ ਜਾਂ ਮੁਦਰਾ ਨਾਲ ਨਾ ਜੁੜਿਆ ਹੋਣ ਕਰਕੇ ਹਮੇਸ਼ਾ ਇੱਕ ਸੁਰੱਖਿਅਤਾ ਬਣਿਆ ਰਹਿੰਦਾ ਹੈ। ਸੋਨੇ ਦਾ ਵੱਧ ਰਿਹਾ ਭਾਅ ਇਹ ਦੱਸਦਾ ਹੈ ਕਿ ਦੁਨੀਆ ਅੰਦਰੋਂ ਕਿੰਨੀ ਡਰੀ ਹੋਈ ਹੈ।
ਤੀਜੀ ਵਿਸ਼ਵ ਜੰਗ ਦੀ ਚਰਚਾ ਵੀ ਇਸੇ ਪਿਛੋਕੜ ’ਚੋਂ ਜਨਮ ਲੈਂਦੀ ਹੈ। ਵਿਸ਼ਵ ਜੰਗ ਦੀ ਸੰਭਾਵਨਾ ਅਜੇ ਘੱਟ ਹੈ, ਕਿਉਂਕਿ ਪ੍ਰਮਾਣੂ ਹਥਿਆਰਾਂ ਦਾ ਡਰ ਸਭ ਨੂੰ ਲੜਨ ਤੋਂ ਰੋਕਦਾ ਹੈ। ਪਰ ਛੋਟੇ ਯੁੱਧ, ਅਸਿੱਧੇ ਟਕਰਾਅ ਤੇ ਗਲਤ ਅੰਦਾਜ਼ਿਆਂ ਦਾ ਖ਼ਤਰਾ ਵੱਧ ਰਿਹਾ ਹੈ। ਇਤਿਹਾਸ ਗਵਾਹ ਹੈ ਕਿ ਵੱਡੀਆਂ ਜੰਗਾਂ ਅਕਸਰ ਯੋਜਨਾ ਨਾਲ ਨਹੀਂ, ਸਗੋਂ ਹਾਲਾਤ ਦੀ ਲੜੀ ਕਾਰਨ ਪੈਦਾ ਹੁੰਦੀਆਂ ਹਨ। ਅੰਤ ਵਿੱਚ ਡੋਨਾਲਡ ਟਰੰਪ ਨੂੰ ਸਿਰਫ਼ ਇੱਕ ਵਿਅਕਤੀ ਵਜੋਂ ਦੇਖਣਾ ਗਲਤ ਹੋਵੇਗਾ। ਉਹ ਇੱਕ ਅਜਿਹੇ ਯੁੱਗ ਦਾ ਪ੍ਰਤੀਕ ਹੈ, ਜਿੱਥੇ ਰਾਸ਼ਟਰ ਆਪੋ-ਆਪਣੇ ਹਿੱਤਾਂ ਨੂੰ ਸਭ ਤੋਂ ਉੱਪਰ ਰੱਖ ਰਹੇ ਹਨ ਤੇ ਵਿਸ਼ਵ ਨੈਤਿਕਤਾ ਪਿੱਛੇ ਛੁੱਟਦੀ ਜਾ ਰਹੀ ਹੈ। ਅੱਜ ਦੁਨੀਆ ਆਦਰਸ਼ਵਾਦੀ ਨਹੀਂ, ਸਗੋਂ ਕਠੋਰ ਮੌਕਾਪ੍ਰਸਤ ਬਣਦੀ ਜਾ ਰਹੀ ਹੈ। ਭਾਰਤ ਵਰਗੇ ਦੇਸ਼ਾਂ ਲਈ ਇਹ ਸਮਾਂ ਸਾਵਧਾਨੀ, ਸੰਤੁਲਨ ਤੇ ਦੂਰਅੰਦੇਸ਼ੀ ਅਪਨਾਉਣ ਦੀ ਮੰਗ ਕਰਦਾ ਹੈ। ਹੁਣ ਡਰ ਨਹੀਂ, ਸਮਝ ਹੀ ਸਮੇਂ ਦੀ ਵੱਡੀ ਲੋੜ ਹੈ।
![]()
