ਡਾ. ਮੋਹਨ ਸਿੰਘ
ਅਮਰੀਕਾ ਅੰਦਰ ਜਦੋਂ ਵੀ ਨਵਾਂ ਰਾਸ਼ਟਰਪਤੀ ਬਣਦਾ ਹੈ ਤਾਂ ਉਹ ਨਵੀਂ ਕੌਮੀ ਸੁਰੱਖਿਆ ਨੀਤੀ ਦੇ ਨਾਂਅ ’ਤੇ ਆਪਣੀ ਕੌਮੀ ਤੇ ਕੌਮਾਂਤਰੀ ਰਣਨੀਤੀ ਲਿਆਉਂਦਾ ਹੈ। ਹੁਣ ਜਦੋਂ ਡੋਨਾਲਡ ਟਰੰਪ ਮੁੜ ਰਾਸ਼ਟਰਪਤੀ ਬਣਿਆ ਹੈ ਤਾਂ ਉਹ ਵੀ ਆਪਣੀ ਨਵੀਂ ਕੌਮੀ ਸੁਰੱਖਿਆ ਰਣਨੀਤੀ (ਐਨ.ਐਸ.ਐਸ.) ਲੈ ਕੇ ਆਇਆ। ਅਮਰੀਕਾ ਦੀ ਇਹ ਵਿਸ਼ਵ ਰਣਨੀਤੀ ਮੈਨਰੋ ਸਿਧਾਂਤ (1823) ਦੇ ਇੱਕ ਇਤਿਹਾਸਕ ਘੋਸ਼ਣਾ ਪੱਤਰ ਦਾ ਨਵਾਂ ਰੂਪ ਹੈ, ਜਿਸ ਵਿਚ ਅਮਰੀਕਾ ਨੇ ਯੂਰਪ ਨੂੰ ਚਿਤਾਵਨੀ ਦਿੱਤੀ ਸੀ ਕਿ ਯੂਰਪ, ਉੱਤਰੀ ਤੇ ਦੱਖਣੀ ਅਮਰੀਕੀ ਮਹਾਂਦੀਪ ਨੂੰ ਯੂਰਪੀਅਨ ਬਸਤੀਆਂ ਬਣਾਉਣ ਲਈ ਸੈਨਿਕ ਤੇ ਸਿਆਸੀ ਦਖ਼ਲ ਨਾ ਦੇਵੇ। ਇਸ ਤੋਂ ਬਾਅਦ ਅਮਰੀਕਾ ਦੀ ਆਰਥਿਕ ਤੇ ਫ਼ੌਜੀ ਤਾਕਤ ਦੀ ਚੜ੍ਹਤ ਵਧਣ ਨਾਲ ਮੈਨਰੋ ਸਿਧਾਂਤ ਅਮਰੀਕਾ ਦੀ ਮਹਾ-ਸਾਮਰਾਜੀ ਯੁੱਧਨੀਤੀ ਦੀ ਬੁਨਿਆਦ ਬਣ ਗਿਆ।
ਵਿਸ਼ਵ ਅੰਦਰ ਆਰਥਿਕ-ਸਮਾਜਿਕ-ਰਾਜਨੀਤਕ ਹਾਲਾਤ ਲਗਾਤਾਰ ਤਬਦੀਲ ਹੁੰਦੇ ਰਹਿੰਦੇ ਹਨ ਤੇ ਇਨ੍ਹਾਂ ਤਬਦੀਲੀਆਂ ਅਨੁਸਾਰ ਦੁਨੀਆ ਭਰ ਦੀਆਂ ਹਾਕਮ ਜਮਾਤਾਂ ਆਪਣੇ ਰਾਜ ਕਰਨ ਦੇ ਢੰਗ-ਤਰੀਕੇ ਨਵੀਆਂ ਸਥਿਤੀਆਂ ਅਨੁਸਾਰ ਬਦਲਦੀਆਂ ਰਹਿੰਦੀਆਂ ਹਨ। ਦੁਨੀਆ ਅੰਦਰ ਅਮਰੀਕਨ ਸਾਮਰਾਜ ਇਸ ਸਮੇਂ ਇਕੋ-ਇੱਕ ਮਹਾ-ਸਾਮਰਾਜੀ ਤਾਕਤ ਹੈ ਅਤੇ ਜਿਵੇਂ-ਜਿਵੇਂ ਵਿਸ਼ਵ ’ਚ ਆਰਥਿਕ, ਸਮਾਜਿਕ ਤੇ ਸਿਆਸੀ ਹਾਲਾਤ ਵਿਚ ਪਰਿਵਰਤਨ ਹੋ ਰਹੇ ਹਨ, ਅਮਰੀਕੀ ਸਾਮਰਾਜ ਸੰਸਾਰ ਪੱਧਰ ’ਤੇ ਆਪਣੀ ਚੌਧਰ ਕਾਇਮ ਰੱਖਣ ਲਈ ਆਪਣੀਆਂ ਰਣਨੀਤੀਆਂ ਬਦਲ ਰਿਹਾ ਹੈ। ਅਮਰੀਕਾ ਦੀ ਨਵੀਂ ਕੌਮੀ ਸੁਰੱਖਿਆ ਰਣਨੀਤੀ ਇਨ੍ਹਾਂ ਬਦਲ ਰਹੇ ਹਾਲਾਤ ਨੂੰ ਸੰਬੋਧਨ ਹੋਣ ਦਾ ਇੱਕ ਯਤਨ ਹੈ। ਇਸ ਰਣਨੀਤੀ ਦਾ ਉਦੇਸ਼ ਦੁਨੀਆ ’ਚ ਵੱਡੀਆਂ ਤਾਕਤਾਂ ਅਮਰੀਕਾ, ਚੀਨ, ਰੂਸ, ਜਪਾਨ ਤੇ ਯੂਰਪੀਅਨ ਯੂਨੀਅਨ ਵਿਚਕਾਰ ਤਿੱਖੇ ਆਰਥਿਕ ਮੁਕਾਬਲੇ, ਧਰਤੀ ਦੇ ਦੁਰਲੱਭ ਤੱਤਾਂ ’ਤੇ ਏਕਾਧਿਕਾਰ ਸਥਾਪਤ ਕਰਨ, ਏ.ਆਈ., ਤਕਨੀਕੀ ਜੰਗ, ਹਥਿਆਰਾਂ ਦੀ ਦੌੜ ’ਚ ਅੱਗੇ ਨਿਕਲਣ, ਵਿਸ਼ਵ ਅੰਦਰ ਗੱਠਜੋੜਾਂ ਦੀ ਰਣਨੀਤੀ ਵਿੱਚ ਅੱਗੇ ਨਿਕਲਣ ਦੀ ਦੌੜ ਦੇ ਸੰਦਰਭ ਵਿੱਚ ਅਮਰੀਕਾ ਦੇ ਵਿਸ਼ਵ ਅੰਦਰ ਪ੍ਰਭਾਵ ਵਧਾਉਣ ਦੇ ਪੈਂਤੜੇ ਵਿੱਚ ਸ਼ਾਮਿਲ ਹਨ।
ਅਮਰੀਕਾ ਦੀ ਕੌਮੀ ਸੁਰੱਖਿਆ ਰਣਨੀਤੀ ਮੈਨਰੋ ਸਿਧਾਂਤ ਉਸ ਵੱਲੋਂ 1823 ਵਿੱਚ ਲਿਆਂਦੀ ਗਈ ਸੀ, ਹੁਣ ਇਸੇ ਨੀਤੀ ਨੂੰ 21ਵੀਂ ਸਦੀ ਦੀ ਭੂ-ਰਣਨੀਤੀ ਅਨੁਸਾਰ ਬਦਲਿਆ ਜਾ ਰਿਹਾ ਹੈ। ਅਮਰੀਕਾ ਦੀ ਕੌਮੀ ਸੁਰੱਖਿਆ ਰਣਨੀਤੀ ਉਹ ਮੁੱਖ ਦਸਤਾਵੇਜ਼ ਹੈ, ਜੋ ਨਿਰਧਾਰਤ ਕਰਦੀ ਹੈ ਕਿ ਅਮਰੀਕਾ ਆਪਣੀ ਸੁਰੱਖਿਆ, ਵਿਸ਼ਵ ਭੂਮਿਕਾ, ਫ਼ੌਜੀ ਤਾਕਤ, ਆਰਥਿਕ ਦਬਦਬਾ ਅਤੇ ਤਕਨੀਕੀ ਅਗਵਾਈ ਨੂੰ ਕਿਵੇਂ ਦੇਖਦਾ ਤੇ ਕਿਵੇਂ ਵਰਤਦਾ ਹੈ? ਭਾਵੇਂ ਹਰ ਰਾਸ਼ਟਰਪਤੀ ਆਪਣੀ ਵੱਖਰੀ ਰਣਨੀਤੀ ਲਿਆਉਂਦਾ ਹੈ, ਪਰ ਇਸ ਦਾ ਕੇਂਦਰੀ ਤੱਤ ਹਮੇਸ਼ਾ ਇਕੋ ਰਿਹਾ ਹੈ ਕਿ ਅਮਰੀਕਾ ਦੀ ਵਿਸ਼ਵ ਸਰਦਾਰੀ ਨੂੰ ਕਿਵੇਂ ਬਰਕਰਾਰ ਰੱਖਣਾ ਹੈ? ਐਨ.ਐਸ.ਐਸ. ਇਹ ਧਾਰਨਾ ਪੇਸ਼ ਕਰਦੀ ਹੈ ਕਿ ਦੁਨੀਆ ਵਿੱਚ ਸ਼ਾਂਤੀ, ਆਰਥਿਕ ਸਥਿਰਤਾ ਤੇ ਰਾਜਨੀਤਕ ਸੰਤੁਲਨ ਤਦ ਹੀ ਬਣਿਆ ਰਹਿ ਸਕਦਾ ਹੈ, ਜੇ ਵਿਸ਼ਵ ਅਮਰੀਕਾ ਦੀ ਪ੍ਰਮੁੱਖਤਾ ਨੂੰ ਸਵੀਕਾਰ ਕਰ ਕੇ ਉਸ ਦੀ ਮੁਥਾਜਗੀ ਵਿੱਚ ਰਹੇ। ਇਸ ਦੇ ਤਹਿਤ ਚਾਹੇ ਰਾਸ਼ਟਰਪਤੀ ਕੋਈ ਵੀ ਹੋਵੇ, ਐਨ.ਐਸ.ਐਸ. ਦੇ ਕੁਝ ਸਥਾਈ ਉਦੇਸ਼ ਹਨ, ਜਿਨ੍ਹਾਂ ਨੇ ਵਿਸ਼ਵ ਪੱਧਰ ’ਤੇ ਅਮਰੀਕੀ ਤਾਕਤ ਦੇ ਵੱਧ ਤੋਂ ਵੱਧ ਦਬਦਬੇ ਨਾਲ ਵਿਸ਼ਵ ਨੂੰ ਅਮਰੀਕਾ ਅਧੀਨ ਰੱਖਣ, ਦੁਨੀਆ ਦੀਆਂ ਵੱਡੀਆਂ ਸੰਸਥਾਵਾਂ ਯੂ.ਐਨ.ਓ., ਵਿਸ਼ਵ ਬੈਂਕ, ਕੌਮਾਂਤਰੀ ਮੁਦਰਾ ਫੰਡ, ਨਾਟੋ ਅਤੇ ਹੋਰ ਕੌਮਾਂਤਰੀ ਸੰਸਥਾਵਾਂ ’ਤੇ ਅਮਰੀਕਾ ਦਾ ਦਬਦਬਾ ਬਰਕਰਾਰ ਰੱਖਿਆ ਜਾਣਾ ਚਾਹੀਦਾ ਹੈ। ਇਸ ਧਾਰਨਾ ’ਚ ਸੰਸਾਰ ਵਿੱਚ ਅਮਰੀਕੀ ਤਾਕਤ ਦਾ ਅੰਤਿਮ ਆਧਾਰ ਉਸ ਦੀ ਸੈਨਿਕ ਸ਼ਕਤੀ, ਉਸ ਦੀ ਡਾਲਰ ਦੀ ਸਰਦਾਰੀ ਤੇ ਤੇਲ ’ਤੇ ਟਿਕੀ ਹੋਈ ਹੈ। ਸੈਮੀਕੰਡਕਟਰ ਚਿੱਪਾਂ ਅਤੇ ਉੱਚ ਤਕਨੀਕੀ ਉਤਪਾਦਨ ਸਮਰੱਥਾ ’ਤੇ ਉਸ ਦਾ ਕੰਟਰੋਲ ਰਹੇ। ਇਸ ਤੋਂ ਇਲਾਵਾ ਸਮੁੰਦਰੀ ਤਾਕਤ, ਏਅਰ ਕਰਾਫਟ ਕੈਰੀਅਰ, ਨੇਵਲ ਬੇਸ, ਹਵਾਈ ਫ਼ੌਜੀ ਤਾਕਤ ਅਤੇ ਬਚਾਓ ਸਾਈਬਰ ਸਮਰੱਥਾ ਆਦਿ ਵਿੱਚ ਅਮਰੀਕਾ ਦੀ ਸਰਦਾਰੀ ਨੂੰ ਕਾਇਮ ਰੱਖਣ ਲਈ ਇਸ ਰਣਨੀਤੀ ਨੂੰ ਹੋਰ ਵੱਧ ਮਜ਼ਬੂਤ ਕੀਤਾ ਜਾ ਰਿਹਾ ਹੈ। ਇਸ ਦਾ ਅਸਲੀ ਮਕਸਦ ਹੈ ਕਿ ਕੋਈ ਵੀ ਸ਼ਕਤੀ ਚਾਹੇ ਉਹ ਚੀਨ ਹੋਵੇ ਜਾਂ ਰੂਸ ਹੋਵੇ, ਅਮਰੀਕੀ ਫ਼ੌਜੀ ਦਬਦਬੇ ਨੂੰ ਚੁਣੌਤੀ ਨਾ ਦੇ ਸਕੇ।
21ਵੀਂ ਸਦੀ ਦੀ ਨਵੀਂ ਜੰਗ ਵਿੱਚ ਅੱਜ ਅਮਰੀਕਾ ਦੀ ਸੰਸਾਰ ਅੰਦਰ ਤਕਨੀਕੀ ਸਰਦਾਰੀ ਨੂੰ ਫ਼ੌਜੀ ਦਬਦਬੇ ਤੋਂ ਵੀ ਵੱਧ ਮਹੱਤਵਪੂਰਨ ਮੰਨਿਆ ਜਾਂਦਾ ਹੈ। ਅਮਰੀਕਾ ਦੀ ਇਸ ਰਣਨੀਤੀ ਵਿੱਚ ਜੋ ਤਕਨੀਕੀ ਖੇਤਰ ਮੁੱਖ ਹਨ, ਉਨ੍ਹਾਂ ਵਿੱਚ ਮਸਨੂਈ ਬੌਧਿਕਤਾ (ਏ.ਆਈ.), ਕੁਆਂਟਮ ਕੰਪਿਊਟਿੰਗ, ਸਾਈਬਰ ਢਾਂਚਾ, ਸੈਮੀਕੰਡਕਟਰ ਚਿੱਪ ਆਦਿ ਦੇ ਖੇਤਰਾਂ ਵਿੱਚ ਆਪਣਾ ਦਬਦਬਾ ਬਣਾਈ ਰੱਖਣਾ ਹੈ। ਇਹ ਸਭ ਚੀਨ ਨਾਲ ਤਕਨੀਕੀ ਜੰਗ ਦਾ ਹਿੱਸਾ ਹਨ। ਅਮਰੀਕਾ ਦੀ ਨਵੀਂ ਰਣਨੀਤੀ ਮੰਨਦੀ ਹੈ ਕਿ ਜੇ ਤਕਨੀਕ ’ਤੇ ਕੰਟਰੋਲ ਖਿਸਕ ਗਿਆ ਤਾਂ ਸੈਨਿਕ ਅਤੇ ਆਰਥਿਕ ਦੋਵੇਂ ਤਾਕਤਾਂ ਡਿੱਗ ਜਾਣਗੀਆਂ। ਅਮਰੀਕਾ ਚੀਨ ਨੂੰ ਇੱਕ ਕਮਿਊਨਿਸਟ ਖ਼ਤਰਾ ਸਮਝਦਾ ਹੈ। ਉਸ ਨੂੰ ਆਰਥਿਕ ਮੁਕਾਬਲੇਬਾਜ਼, ਤਕਨੀਕੀ ਖੇਤਰ ਵਿੱਚ ਵਿਰੋਧੀ ਤੇ ਸੈਨਿਕ ਚੁਣੌਤੀ ਵਜੋਂ ਦੇਖਦਾ ਹੈ। ਇਸ ਲਈ ਅਮਰੀਕਾ ਦੀ ਨਵੀਂ ਨੀਤੀ ਚੀਨ ਵਿਰੁੱਧ ਇਹ ਰਣਨੀਤੀਆਂ ਤੈਅ ਕਰਦੀ ਹੈ : ਹਿੰਦ-ਪ੍ਰਸ਼ਾਤ ਖਿੱਤੇ ਦਾ ਫ਼ੌਜੀਕਰਨ, ਕੁਆਡ, ਚਿਪਸ ਅਤੇ ਏ.ਆਈ. ’ਤੇ ਰੁਕਾਵਟਾਂ ਦੂਰ ਕਰਨ, ਤਾਈਵਾਨ ਨੂੰ ਹਥਿਆਰ ਤੇ ਸੈਨਾ ਸਮਰਥਨ ਦੇਣਾ ਆਦਿ।
ਅਮਰੀਕਾ ਦੀ ਇਸ ਨਵੀਂ ਸੁਰੱਖਿਆ ਕੌਮੀ ਨੀਤੀ ਮੁਤਾਬਕ ਮੱਧ ਪੂਰਬ ਅਤੇ ਯੂਰਪ ਦੀ ਭੂ-ਰਾਜਨੀਤਕ ਰਣਨੀਤੀ ਵਿਚ ਰੂਸ ਖ਼ਤਰਾ ਹੈ, ਪਰ ਸਦੀਵੀ ਨਹੀਂ। ਇਹ ਰਣਨੀਤੀ ਰੂਸ ਨੂੰ ਫੌਰੀ ਖ਼ਤਰਾ ਤਾਂ ਮੰਨਦੀ ਹੈ, ਪਰ ਚੀਨ ਵਾਂਗ ਲੰਬੇ ਸਮੇਂ ਦਾ ਮੁਕਾਬਲਾ ਨਹੀਂ ਸਮਝਦੀ। ਇਸ ਤੋਂ ਇਲਾਵਾ ਐਨ.ਐਸ.ਐਸ. ਦਾ ਉਦੇਸ਼ ਰੂਸ ਵਿਰੁੱਧ ਨਾਟੋ ਦਾ ਵਿਸਤਾਰ ਕਰਨਾ, ਯੂਕ੍ਰੇਨ ਨੂੰ ਹਥਿਆਰ ਤੇ ਆਰਥਿਕ ਸਮਰਥਨ ਦੇਣਾ, ਰੂਸ ਦੀਆਂ ਊਰਜਾ ਬੰਦਸ਼ਾਂ ਅਤੇ ਸਾਈਬਰ ਘੇਰਾਬੰਦੀ ਤੋੜਨਾ ਆਦਿ ਹੈ। ਐਨ.ਐਸ.ਐਸ. ਮੱਧ ਪੂਰਬ ਨੂੰ ਕਾਬੂ ਕਰਨ, ਇਜ਼ਰਾਈਲ ਤੇ ਮੱਧ ਪੂਰਬ ਦੀ ਊਰਜਾ ਦੀ ਸੁਰੱਖਿਆ ਅਤੇ ਅੱਤਵਾਦ ’ਤੇ ਕਾਬੂ ਪਾਉਣ ਨੂੰ ਕੇਂਦਰੀ ਕਾਰਜ ਮੰਨਦੀ ਹੈ। ਯੂਰਪੀਅਨ ਯੂਨੀਅਨ ਨਾਲ ਪੁਰਾਣੇ ਗੱਠਜੋੜ ਕਾਇਮ ਰੱਖਣਾ, ਪਰ ਨਵੀਂ ਰਣਨੀਤੀ ਵਿੱਚ ਆਰਥਿਕ ਖ਼ਰਚੇ ਦਾ ਬੋਝ ਯੂਰਪ ’ਤੇ ਪਾਉਣ ਦੀ ਅਮਰੀਕੀ ਯੋਜਨਾ ਦਾ ਹਿੱਸਾ ਹੈ। ਯੂਰਪ ਨੂੰ ਚੀਨ ਤੋਂ ਤਕਨੀਕੀ ਤੌਰ ’ਤੇ ਦੂਰ ਰੱਖਣ ਅਤੇ ਇਸ ਨੂੰ ਐਲ.ਐਨ.ਜੀ. ਗੈਸ ਦੇ ਨਿਰਯਾਤ ਰਾਹੀਂ ਅਮਰੀਕੀ ਊਰਜਾ ’ਤੇ ਨਿਰਭਰ ਬਣਾਉਣਾ ਵੀ ਸ਼ਾਮਿਲ ਹੈ। ਵਿਸ਼ਵ ਸਮੁੰਦਰੀ ਸ਼ਾਹਰਾਹਾਂ (ਹਾਰਮੋਜ਼, ਮਲੱਕਾ, ਦੱਖਣੀ ਚੀਨ ਸਾਗਰ) ’ਤੇ ਸੈਨਿਕ ਨਿਗਰਾਨੀ ਅਤੇ ਅੰਤਰਰਾਸ਼ਟਰੀ ਨਿਯਮ ਤੇ ਕਾਨੂੰਨ ਆਪਣੇ ਢੰਗ ਨਾਲ ਘੜਨਾ ਇਸ ਦਾ ਮੂਲਮੰਤਰ ਹੈ। ਅਮਰੀਕਾ ਅੰਦਰ ਮਨੁੱਖੀ ਅਧਿਕਾਰਾਂ ਦਾ ਜਿੰਨਾ ਮਰਜ਼ੀ ਘਾਣ ਹੋ ਰਿਹਾ ਹੋਵੇ, ਪਰ ਇਸ ਦੇ ਬਾਵਜੂਦ ਇਸ ਵੱਲੋਂ ਦੂਜੇ ਦੇਸ਼ਾਂ ਦੀਆਂ ਸਰਕਾਰਾਂ ਨੂੰ ਲੋਕਤੰਤਰ ਸੰਬੰਧੀ ਪ੍ਰਵਚਨ ਦਿੱਤੇ ਜਾਂਦੇ ਹਨ ਅਤੇ ਆਪਣੇ ਹਿਤਾਂ ਨੂੰ ਮੁੱਖ ਰੱਖ ਕੇ ਚੁਣੀਆਂ ਹੋਈਆਂ ਸਰਕਾਰਾਂ ਉਲਟਾ ਵੀ ਦਿੱਤੀਆਂ ਜਾਂਦੀਆਂ ਹਨ।
ਅਮਰੀਕਾ ਦੀ ਨਵੀਂ ਨੀਤੀ ਵਿੱਚ ਇੱਕ ਬਿਰਤਾਂਤ ਬਹੁਤ ਜ਼ੋਰ ਨਾਲ ਪੇਸ਼ ਕੀਤਾ ਜਾ ਰਿਹਾ ਹੈ ਕਿ ਅਮਰੀਕਾ ਅੰਦਰ ਜਮਹੂਰੀਅਤ ਹੈ ਤੇ ਇਹ ਜਮਹੂਰੀ ਦੇਸ਼ਾਂ ਦਾ ਨੇਤਾ ਹੈ ਅਤੇ ਚੀਨ ਤੇ ਰੂਸ ਆਦਿ ਦੇਸ਼ ਤਾਨਾਸ਼ਾਹ ਹਨ, ਜੋ ਵਿਸ਼ਵ ਲਈ ਵੱਡੇ ਖ਼ਤਰੇ ਹਨ। ਇਹ ਐਨ.ਐਸ.ਐਸ. ਦੇ ਬਿਰਤਾਂਤ ਇਨ੍ਹਾਂ ਉਦੇਸ਼ਾਂ ਨੂੰ ਪੂਰੇ ਕਰਦੇ ਹਨ ਤੇ ਐਨ.ਐਸ.ਐਸ. ਅਮਰੀਕਾ ਦੇ ਦੁਨੀਆ ਭਰ ਅੰਦਰ ਸੈਨਿਕ ਦਖ਼ਲ ਨੂੰ ਜਾਇਜ਼ ਸਮਝਦਾ ਹੈ।
ਅਮਰੀਕਾ ਦੀ ਨਵੀਂ ਨੀਤੀ ਵਿਸ਼ਵ ਅੰਦਰ ਆਪਣੀ ਤਾਕਤ ਨੂੰ ਮਜ਼ਬੂਤ ਕਰਨ ਲਈ ਬਣਾਈ ਗਈ ਹੈ, ਪਰ ਇਸ ਦੇ ਸਾਹਮਣੇ ਬਹੁਤ ਗੰਭੀਰ ਚੁਣੌਤੀਆਂ ਤੇ ਸੀਮਾਵਾਂ ਹਨ। ਚੀਨ ਦਾ ਤੇਜ਼ ਆਰਥਿਕ, ਸੈਨਿਕ ਤੇ ਤਕਨੀਕੀ ਉਭਾਰ, ਰੂਸ ਦਾ ਸਰਬਸੰਪੰਨ ਹੋਣਾ ਅਤੇ ਉਸ ਦੇ ਹਮਲਾਵਰ ਸੈਨਿਕ ਪੈਂਤੜੇ ਦਾ ਹੋਣਾ, ਬ੍ਰਿਕਸ ਦੀ ਮਜ਼ਬੂਤੀ, ਡਾਲਰ ਨੂੰ ਬਦਲਣ ਦੇ ਨਵੇਂ ਉਪਰਾਲੇ, ਅਮਰੀਕਾ ਦੀਆਂ ਘਰੇਲੂ ਸਮੱਸਿਆਵਾਂ ਅਤੇ 36 ਟ੍ਰਿਲੀਅਨ ਡਾਲਰ ਕਰਜ਼ੇ ’ਚ ਡੁੱਬੇ ਹੋਣ, ਮੱਧ ਪੂਰਬ ਦਾ ਸੰਕਟ, ਜਲਵਾਯੂ ਸਮੱਸਿਆਵਾਂ ਅਤੇ ਪ੍ਰਵਾਸ ਦਾ ਵਧ ਰਿਹਾ ਸੰਕਟ, ਇਹ ਸਾਰੇ ਤੱਤ ਅਮਰੀਕੀ ਨਵੀਂ ਸੁਰੱਖਿਆ ਕੌਮੀ ਨੀਤੀ ਦੀ ਕਾਮਯਾਬੀ ਲਈ ਖ਼ਤਰਾ ਹਨ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ 21ਵੀਂ ਸਦੀ ਦੀ ਅਮਰੀਕਾ ਦੀ ਨਵੀਂ ਸੁਰੱਖਿਆ ਕੌਮੀ ਨੀਤੀ ਵਿਸ਼ਵ ਭੂ-ਸਿਆਸਤ ਦਾ ਸਭ ਤੋਂ ਮਹੱਤਵਪੂਰਨ ਰਣਨੀਤਕ ਦਸਤਾਵੇਜ਼ ਹੈ। ਇਹ ਅਮਰੀਕਾ ਦੀ ਇਕ ਐਸੀ ਰਣਨੀਤਕ ਯੋਜਨਾ ਹੈ, ਜੋ ਸਪੱਸ਼ਟ ਤੌਰ ’ਤੇ ਇਹ ਬਿਰਤਾਂਤ ਸਿਰਜਦੀ ਹੈ ਕਿ ਅਗਲੇ ਕਈ ਦਹਾਕਿਆਂ ਵਿੱਚ ਦੁਨੀਆ ਦੀ ਦਿਸ਼ਾ ਕਿਸੇ ਵੀ ਪਾਸੇ ਜਾਵੇ, ਪਰ ਉਸ ਵਿੱਚ ਅਮਰੀਕਾ ਦੀ ਸਰਬਵਿਆਪਕ ਚੌਧਰ ਬਣੀ ਰਹਿਣੀ ਚਾਹੀਦੀ ਹੈ। ਵਿਸ਼ਵ ਸਾਮਰਾਜੀ ਤਾਕਤਾਂ ਸੰਸਾਰ ਭਰ ’ਚ ਲੁੱਟ-ਜਬਰ ਦਾ ਗਲਬਾ ਸਥਾਪਤ ਕਰਨ ਲਈ ਨਵੀਆਂ ਰਣਨੀਤੀਆਂ ਬਣਾਉਣ ਅਤੇ ਨਵੀਆਂ ਜੰਗਾਂ ਛੇੜਨ ਵਿੱਚ ਗ਼ਲਤਾਨ ਹਨ, ਜਿਸ ਦਾ ਵਿਰੋਧ ਸੰਸਾਰ ਭਰ ਦੇ ਲੋਕਾਂ ਨੂੰ ਕਰਨਾ ਚਾਹੀਦਾ ਹੈ।
![]()
