ਏ.ਆਈ.ਕਾਰਨ ‘ਬਲਾਕ’ ਕੰਪਨੀ ਵੱਲੋਂ 4,000 ਮੁਲਾਜ਼ਮਾਂ ਦੀ ਛਾਂਟੀ ਕਰਨ ਦਾ ਐਲਾਨ

In ਮੁੱਖ ਖ਼ਬਰਾਂ
March 02, 2026

ਕੈਲੀਫ਼ੋਰਨੀਆ/ਏ.ਟੀ.ਨਿਊਜ਼: ਟਵਿੱਟਰ ਦੇ ਕੋ-ਫਾਊਂਡਰ ਜੈਕ ਡੋਰਸੀ ਦੀ ਕੰਪਨੀ ‘ਬਲਾਕ’ 4,000 ਤੋਂ ਵੱਧ ਟੈੱਕ ਪ੍ਰੋਫੈਸ਼ਨਲਜ਼ ਦੀ ਛਾਂਟੀ ਕਰਨ ਜਾ ਰਹੀ ਹੈ। ਡੋਰਸੀ ਨੇ ਹਾਲ ਹੀ ’ਚ ‘ਐਕਸ’ ’ਤੇ ਇਸ ਦਾ ਐਲਾਨ ਕਰਦੇ ਹੋਏ ਕਿਹਾ ਕਿ ਕੰਪਨੀ 4,000 ਤੋਂ ਵੱਧ ਮੁਲਾਜ਼ਮਾਂ ਦੀ ਛਾਂਟੀ ਕਰੇਗੀ। ਇਹ ਕੰਪਨੀ ਦੇ ਲੱਗਭਗ ਅੱਧੇ ਮੁਲਾਜ਼ਮਾਂ ਦੇ ਬਰਾਬਰ ਹੈ। ਇਹ ਫੈਸਲਾ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਦੇ ਤੇਜ਼ੀ ਨਾਲ ਵਧਦੇ ਦੌਰ ਦਰਮਿਆਨ ਲਿਆ ਗਿਆ ਹੈ।
ਡੋਰਸੀ ਨੇ ਬਿਆਨ ’ਚ ਕਿਹਾ ਕਿ ਇੰਟੈਲੀਜੈਂਸ ਟੂਲਜ਼ ਨੇ ਕੰਪਨੀ ਬਣਾਉਣ ਅਤੇ ਚਲਾਉਣ ਦਾ ਤਰੀਕਾ ਬਦਲ ਦਿੱਤਾ ਹੈ। ਅਸੀਂ ਇਸ ਨੂੰ ਆਪਣੀ ਕੰਪਨੀ ਦੇ ਅੰਦਰ ਪਹਿਲਾਂ ਹੀ ਦੇਖ ਰਹੇ ਹਾਂ। ਛੋਟੀ ਟੀਮ ਵੀ ਇਨ੍ਹਾਂ ਟੂਲਜ਼ ਦੀ ਮਦਦ ਨਾਲ ਜ਼ਿਆਦਾ ਅਤੇ ਬਿਹਤਰ ਕੰਮ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਅਸੀਂ ਇਹ ਗੱਲ ਜਲਦੀ ਸਮਝੇ ਹਾਂ। ਮੇਰਾ ਮੰਨਣਾ ਹੈ ਕਿ ਜ਼ਿਆਦਾਤਰ ਕੰਪਨੀਆਂ ਇਸ ਸਮਝ ’ਚ ਦੇਰ ਕਰ ਰਹੀਆਂ ਹਨ।
ਡੋਰਸੀ ਨੇ ਕਿਹਾ ਕਿ ਕਈ ਵਾਰ ਛੋਟੀਆਂ-ਛੋਟੀਆਂ ਛਾਂਟੀਆਂ ਕਰਨ ਦੀ ਬਜਾਏ ਕੰਪਨੀ ਨੇ ਇੱਕ ਹੀ ਵਾਰ ’ਚ ਵੱਡੀ ਛਾਂਟੀ ਕਰਨ ਦਾ ਫੈਸਲਾ ਕੀਤਾ। ਵਾਰ-ਵਾਰ ਛਾਂਟੀ ਕਰਨ ਨਾਲ ਮੁਲਾਜ਼ਮਾਂ ਦਾ ਮਨੋਬਲ, ਫੋਕਸ ਅਤੇ ਗਾਹਕਾਂ ਤੇ ਨਿਵੇਸ਼ਕਾਂ ਦਾ ਭਰੋਸਾ ਕਮਜ਼ੋਰ ਹੁੰਦਾ ਹੈ।
ਡੋਰਸੀ ਨੇ ਦੱਸਿਆ ਕਿ ਜਿਨ੍ਹਾਂ ਮੁਲਾਜ਼ਮਾਂ ਦੀ ਛਾਂਟੀ ਹੋਵੇਗੀ, ਉਨ੍ਹਾਂ ਨੂੰ 20 ਹਫਤਿਆਂ ਦੀ ਸੈਲਰੀ ਦਿੱਤੀ ਜਾਵੇਗੀ। ਨਾਲ ਹੀ ਕੰਪਨੀ ’ਚ ਜਿੰਨੇ ਸਾਲ ਉਨ੍ਹਾਂ ਨੇ ਕੰਮ ਕੀਤਾ ਹੈ, ਉਸ ਦੇ ਹਿਸਾਬ ਨਾਲ ਹਰ ਸਾਲ ਲਈ ਇਕ ਹਫਤੇ ਦੀ ਵਾਧੂ ਸੈਲਰੀ ਵੀ ਮਿਲੇਗੀ। ਉਨ੍ਹਾਂ ਨੂੰ 6 ਮਹੀਨਿਆਂ ਦੀ ਹੈਲਥ ਕੇਅਰ ਸਹੂਲਤ, ਕੰਪਨੀ ਦੇ ਦਿੱਤੇ ਗਏ ਡਿਵਾਈਸ ਅਤੇ 5,000 ਡਾਲਰ ਵੀ ਦਿੱਤੇ ਜਾਣਗੇ, ਤਾਂ ਜੋ ਉਹ ਇਸ ਬਦਲਾਅ ਦੇ ਸਮੇਂ ’ਚ ਆਪਣੀਆਂ ਜ਼ਰੂਰਤਾਂ ਪੂਰੀਆਂ ਕਰ ਸਕਣ।

Loading