ਪੀਂਘ ਦੇ ਹੁਲਾਰੇ ਵਰਗੇ ਪੰਜਾਬੀ ਫ਼ਿਲਮੀ ਗੀਤ

ਸੁਖਮਿੰਦਰ ਸੇਖੋਂ

ਪਿਛਲੇ ਸਮੇਂ ਦੀਆਂ ਪੰਜਾਬੀ ਫ਼ਿਲਮਾਂ ਦੇ ਸੰਗੀਤ ਦਾ ਵਧੀਆ ਦੌਰ ਰਿਹਾ ਹੈ। ਦੇਸ਼ ਵੰਡ ਤੋਂ ਪਹਿਲਾਂ ਦੀਆਂ ਪੰਜਾਬੀ ਫ਼ਿਲਮਾਂ ਤੋਂ ਇਲਾਵਾ ਸਾਡੇ ਕੋਲ ਪੁਰਾਣੀਆਂ ਕਾਲੀਆਂ ਚਿੱਟੀਆਂ ਫ਼ਿਲਮਾਂ ਦੇ ਗੀਤ ਸੰਗੀਤ ਦਾ ਵੀ ਅਨਮੋਲ ਖ਼ਜ਼ਾਨਾ ਮੌਜੂਦ ਹੈ। ਉਸ ਤੋਂ ਬਾਅਦ ਆਈਆਂ ਰੰਗਦਾਰ ਫ਼ਿਲਮਾਂ ਦੇ ਗੀਤਾਂ ਨੂੰ ਵੀ ਅਣਡਿੱਠ ਨਹੀਂ ਕੀਤਾ ਜਾ ਸਕਦਾ। ‘ਪੋਸਤੀ’ ਦੇ ਟਾਈਟਲ ਗੀਤ ਨੂੰ ਪੰਜਾਬੀ ਫ਼ਿਲਮਾਂ ਦੇ ਗੀਤ ਪ੍ਰੇਮੀ ਹਾਲੇ ਵੀ ਭੁੱਲੇ ਨਹੀਂ ਹੋਣਗੇ। ਇਸ ਦੇ ਬੋਲ ਸਨ: ‘ਤੂੰ ਪੀਂਘ ਤੇ ਮੈਂ ਪਰਛਾਵਾਂ ਤੇਰੇ ਨਾਲ ਹੁਲਾਰੇ ਖਾਵਾਂ ਲਾ ਲੈ ਦੋਸਤੀ ਭੈੜਾ ਪੋਸਤੀ।’ ਮੁਹੰਮਦ ਰਫ਼ੀ-ਆਸ਼ਾ ਦਾ ਗਾਇਆ ਗੀਤ ਹਾਲੇ ਵੀ ਸਾਡੇ ਚਾਰੇ ਪਾਸੇ ਖੁਸ਼ਬੋ ਫ਼ੈਲਾ ਦਿੰਦਾ ਹੈ।
ਫ਼ਿਲਮ ‘ਦੋ ਲੱਛੀਆਂ’ ਦਾ ਗੀਤ ‘ਇੱਕ ਪਿੰਡ ਦੋ ਲੱਛੀਆਂ ਛੋਟੀ ਲੱਛੀ ਨੇ ਪੁਆੜਾ ਪਾਇਆ ’ ਵੀ ਸਰੋਤਿਆਂ ਨੂੰ ਚੇਤੇ ਹੀ ਹੋਵੇਗਾ ਜਾਂ ਫ਼ਿਰ ਸੁੰਦਰ ਤੇ ਨਿਸ਼ੀ ਦੀ ਮੁੱਖ ਭੂਮਿਕਾ ਵਾਲੀ ਫ਼ਿਲਮ ‘ਭੰਗੜਾ’ ਵੀ ਤਾਂ ਸਾਰਿਆਂ ਨੂੰ ਯਾਦ ਹੀ ਹੋਵੇਗੀ। ਇਸ ਫ਼ਿਲਮ ਦੇ ਗੀਤ ਸੰਗੀਤ ਨੇ ਦਰਸ਼ਕਾਂ ਨੂੰ ਨਿਹਾਲ ਕਰ ਦਿੱਤਾ। ਇਸ ਦੇ ਇੱਕ ਤੋਂ ਇੱਕ ਵੱਧ ਚੜ੍ਹ ਕੇ ਗੀਤ ਸਨ। ਮੁਹੰਮਦ ਰਫ਼ੀ, ਆਸ਼ਾ ਤੇ ਸ਼ਮਸ਼ਾਦ ਬੇਗਮ ਦੀਆਂ ਆਵਾਜ਼ਾਂ ਨੇ ਸਿਨਮਾ ਹਾਲ ਗੂੰਜਣ ਲਾ ਦਿੱਤੇ ਸਨ। ਗੀਤ ਸਨ, ‘ਪਹਿਲੀ ਪਹਿਲੀ ਵਾਰ ਮੈਨੂੰ ਨਾਈ ਲੈਣ ਆਇਆ’ ਅਤੇ ‘ਬੱਤੀ ਬਾਲ ਕੇ ਬਨੇਰੇ ਉਤੇ ਰੱਖਨੀ ਆਂ ਕਿਤੇ ਭੁੱਲ ਨਾ ਜਾਵੇ ਚੰਨ ਮੇਰਾ’ ਜਾਂ ਫ਼ਿਰ ‘ਜੱਟ ਕੁੜੀਆਂ ਤੋਂ ਡਰਦਾ ਮਾਰਾ ਮੋਢੇ ਉੱਤੇ ਡਾਂਗ ਰੱਖਦਾ’, ‘ਮੁੱਲ ਵਿਕਦਾ ਸੱਜਣ ਮਿਲ ਜਾਵੇ ਲੈ ਲਵਾਂ ਮੈਂ ਜਿੰਦ ਵੇਚ ਕੇ’ (ਸ਼ਮਸ਼ਾਦ ਬੇਗਮ)।
ਬਲਰਾਜ ਸਾਹਨੀ ਦੀ ‘ਸਤਲੁਜ ਦੇ ਕੰਢੇ’ ਫ਼ਿਲਮ ਦਾ ਗੀਤ ਸੰਗੀਤ ਵੀ ਸੁਣਨ ਤੇ ਮਾਣਨਯੋਗ ਸੀ। ਠੀਕ ਇਵੇਂ ਹੀ ਨੈਸ਼ਨਲ ਐਵਾਰਡ ਜੇਤੂ ਫ਼ਿਲਮ ‘ਚੌਧਰੀ ਕਰਨੈਲ ਸਿੰਘ’ ਦੇ ਗੀਤ ਵੀ। ਉਚੇਚੇ ਤੌਰ ’ਤੇ ਮੁਹੰਮਦ ਰਫ਼ੀ ਦੇ ਗਾਏ ਇੱਕ ਗੀਤ ਦਾ ਜ਼ਿਕਰ ਜੇਕਰ ਨਾ ਹੋਇਆ ਤਾਂ ਪੰਜਾਬੀ ਗੀਤ ਸੰਗੀਤ ਨਾਲ ਧੱਕਾ ਹੀ ਹੋਵੇਗਾ, ‘ਘਰ ਬਾਬਲ ਦਾ ਛੱਡ ਕੇ ਧੀਏ, ਧੀਆਂ ਇੱਕ ਦਿਨ ਜਾਣਾ ਏ।’ ਇਹ ਗੀਤ ਸਾਨੂੰ ਮੁਹੰਮਦ ਰਫ਼ੀ ਦੇ ਹੀ ਗਾਏ ਇੱਕ ਹਿੰਦੀ ਫ਼ਿਲਮ ਦੇ ਗੀਤ ਦੀ ਯਾਦ ਤਾਜ਼ਾ ਕਰਵਾ ਜਾਂਦਾ ਹੈ, ਜਿਸ ਦੇ ਬੋਲ ਸਨ, ‘ਬਾਬੁਲ ਕੀ ਦੁਆਏਂ ਲੇਤੀ ਜਾ, ਜਾ ਤੁਝਕੋ ਸੁਖੀ ਸੰਸਾਰ ਮਿਲੇ।’ ‘ਖੇਡਣ ਦੇ ਦਿਨ ਚਾਰ’, ‘ਪਿੰਡ ਦੀ ਕੁੜੀ’, ‘ਗੀਤ ਬਹਾਰਾਂ ਦੇ’, ‘ਸ਼ੌਕਣ ਮੇਲੇ ਦੀ’, ‘ਕਿੱਕਲੀ’, ‘ਗੁੱਡੀ’, ‘ਪਿੰਡ ਦੀ ਕੁੜੀ’ ਆਦਿ ਫ਼ਿਲਮਾਂ ਦੇ ਗੀਤ ਵੀ ਬੰਦੇ ਦੀ ਰੂਹ ਨੂੰ ਨਸ਼ਿਆ ਛੱਡਦੇ ਹਨ। ਕਿੰਨੇ ਹੀ ਗੀਤ ਹਨ ਜੋ ਪਹਿਲਾਂ ਵੀ ਆਮ ਹੀ ਸਰੋਤਿਆਂ ਦੀ ਪਸੰਦ ਬਣਦੇ ਸਨ ਤੇ ਅੱਜ ਵੀ ਇਨ੍ਹਾਂ ਨੂੰ ਸੁਣ ਕੇ ਮਨ ਖਿੜ ਉੱਠਦਾ ਹੈ। ਜਿਵੇਂ ‘ਲਾਈਆਂ ਤੇ ਤੋੜ ਨਿਭਾਈਂ ਛੱਡ ਕੇ ਨਾ ਜਾਵੀਂ’, ‘ਤੇਰੀ ਕਣਕ ਦੀ ਰਾਖੀ ਮੁੰਡਿਆ ਹੁਣ ਮੈਂ ਨਹੀਓ ਬਹਿੰਦੀ’, ‘ਮੇਰੀ ਝਾਂਜਰ ਤੇਰਾ ਨਾਂ ਲੈਂਦੀ’, ‘ਧੁੱਪਾਂ ਵੀ ਉਦਾਸ ਨੇ ਛਾਵਾਂ ਵੀ ਉਦਾਸ ਨੇ’, ‘ਮੈਨੂੰ ਤੇਰੇ ਪਿੱਛੇ ਸੱਜਣਾ, ਕਦੇ ਰੋਣਾ ਪਿਆ, ਕਦੇ ਹੱਸਣਾ ਪਿਆ। ਮੁਹੰਮਦ ਰਫ਼ੀ ਦਾ ਗਾਇਆ ਇੱਕ ਗੀਤ ਜਿਸ ਨੂੰ ਆਮ ਸਰੋਤੇ ਸ਼ਿਵ ਕੁਮਾਰ ਬਟਾਲਵੀ ਦੀ ਰਚਨਾ ਮੰਨ ਬੈਠਦੇ ਹਨ, ਆਪਣੇ ਵੇਲਿਆਂ ਵਿੱਚ ਬਹੁਤ ਮਸ਼ਹੂਰ ਰਿਹਾ ਤੇ ਅੱਜ ਵੀ ਜਦੋਂ ਕਿਧਰੇ ਸੁਣਦੇ ਹਾਂ ਤਾਂ ਮਨ ਨੂੰ ਸਕੂਨ ਮਿਲਦਾ ਹੈ। ਨਕਸ਼ ਲਾਇਲਪੁਰੀ ਦਾ ਲਿਖਿਆ ਇਹ ਗੀਤ ‘ਜੀ ਕਰਦਾ ਏ ਇਸ ਦੁਨੀਆਂ ਨੂੰ ਮੈਂ ਹੱਸ ਕੇ ਠੋਕਰ ਮਾਰ ਦਿਆਂ।’ ਇਵੇ ਹੀ ਸ਼ਿਵ ਦਾ ਇੱਕ ਗੀਤ, ਜਿਸ ਨੂੰ ਮੁਹੰਮਦ ਰਫ਼ੀ ਨੇ ਸੁਰ ਦਿੱਤੇ ਸਨ ਵੀ ਸਾਡੇ ਮਨਾਂ ਦੇ ਬਹੁਤ ਕਰੀਬ ਹੈ, ‘ਜਾਚ ਮੈਨੂੰ ਆ ਗਈ ਗ਼ਮ ਖਾਣ ਦੀ।’
ਇਸ ਤੋਂ ਇਲਾਵਾ ਵੀ ਬਹੁਤ ਸਾਰੀਆਂ ਪੁਰਾਣੀਆਂ ਫ਼ਿਲਮਾਂ ਹਨ ਜਿਨ੍ਹਾਂ ਦੇ ਗੀਤਾਂ ਨੇ ਸਰੋਤਿਆਂ ਦੇ ਦਿਲਾਂ ਨੂੰ ਕੀਲ ਛੱਡਿਆ। ਜਿਵੇਂ ‘ਜੱਗਾ ਮਾਰਿਆ ਬੋਹੜ ਦੀ ਛਾਵੇ ਨੌਂ ਮਣ ਰੇਤ ਭਿੱਜ ਗਈ।’ ਇਸ ਦੇ ਬੋਲ ਕੀਲਵੇ ਹਨ ਤੇ ਪ੍ਰਤੀਕਾਤਮਕ ਵੀ। ਜਿਸ ਤਰ੍ਹਾਂ ਮੁਹੰਮਦ ਰਫ਼ੀ ਨੇ ਗਾਇਆ ਹੈ, ਉਹ ਸੁਣਿਆ ਹੀ ਬਣਦਾ ਹੈ। ਆਸ਼ਾ ਭੌਸਲੇ ਦਾ ਗਾਇਆ ਗੀਤ ‘ਜਦੋਂ ਜਦੋਂ ਵੀ ਬਨੇਰੇ ਬੋਲੇ ਕਾਂ’ਵੀ ਸਾਡੀ ਜ਼ੁਬਾਨ ’ਤੇ ਆਪ ਮੁਹਾਰੇ ਹੀ ਆ ਜਾਂਦਾ ਹੈ। ਇਸ ਫ਼ਿਲਮ ਦੀ ਇੱਕ ਕੱਵਾਲੀ ਵੀ ਕਾਫ਼ੀ ਪ੍ਰਸਿੱਧ ਹੋਈ ਸੀ। ਇੱਕ ਕੱਵਾਲੀ ਮੁਹੰਮਦ ਰਫ਼ੀ ਤੇ ਸਾਥੀਆਂ ਦੀ ਹੋਰ ਵੀ ਬਹੁਤ ਮਸ਼ਹੂਰ ਹੈ ‘ਮੈਂ ਕੁੰਡਲ ਵਾਲੀਆਂ ਜ਼ੁਲਫ਼ਾਂ ਨੂੰ ਜੰਜ਼ੀਰ ਨਾ ਆਖਾਂ ਤੇ ਕੀ ਆਖਾਂ। ’ ਇਵੇ ਹੀ ਬਾਅਦ ਵਿੱਚ ਆਈਆਂ ਰੰਗਦਾਰ ਫ਼ਿਲਮਾਂ ਦੇ ਗੀਤ ਵੀ ਗੌਲਣਯੋਗ ਹਨ, ਜਿਵੇਂ ‘ਲੰਬੜਦਾਰਨੀ’, ‘ਸਰਪੰਚ’, ‘ਪੁੱਤ ਜੱਟਾਂ ਦੇ’ ਅਤੇ ‘ਚੰਨ ਪਰਦੇਸੀ’। ‘ਲੰਬੜਦਾਰਨੀ’ ਵਿੱਚ ਲੋਕ ਗਾਇਕ ਕੁਲਦੀਪ ਮਾਣਕ ਦਾ ਗੀਤ ਹਾਲੇ ਵੀ ਸਰੋਤਿਆਂ ਦੇ ਕੰਨ ਖੜ੍ਹੇ ਕਰ ਦਿੰਦਾ ਹੈ, ‘ਜੀਟੀ ਰੋਡ ’ਤੇ ਦੁਹਾਈਆਂ ਪਾਵੇ ਨੀਂ, ਯਾਰਾਂ ਦਾ ਟਰੱਕ ਬੱਲੀਏ’ ਜਾਂ ਫ਼ਿਰ ਅਨਵਰ ਦਾ ‘ਸਰਪੰਚ’ ਲਈ ਗਾਇਆ ਗੀਤ ‘ਬੋਤਲੇ ਕਮੀਨੀਏ ਨੀਂ। ਜਾਂ ਫ਼ਿਰ ਮੁਹੰਮਦ ਸਦੀਕ ਦਾ ‘ਨਹੀਓ ਭੁੱਲਣਾ ਵਿਛੋੜਾ ਤੇਰਾ ਸਾਰੇ ਦੁੱਖ ਭੁੱਲ ਜਾਣਗੇ।’
ਪੰਜਾਬੀ ਵਿੱਚ ਧਾਰਮਿਕ ਫ਼ਿਲਮਾਂ ਦੇ ਗੀਤ ਵੀ ਸਥਿਤੀ ਅਨੁਸਾਰ ਢੁੱਕਵੇ ਹੁੰਦੇ ਸਨ, ਪ੍ਰੰਤੂ ਇਨ੍ਹਾਂ ਫ਼ਿਲਮਾਂ ਵਿੱਚੋਂ ਤਿੰਨ ਚਾਰ ਫ਼ਿਲਮਾਂ ਦੇ ਗੀਤ ਸੰਗੀਤ ਨੇ ਤਾਂ ਵਾਕਿਆ ਹੀ ਸਰੋਤਿਆਂ ਦਾ ਧਿਆਨ ਖਿੱਚਦਿਆਂ ਮਨ ਮੋਹ ਲਿਆ ਸੀ। ‘ਮਨ ਜੀਤੇ ਜਗਜੀਤ’, ‘ਨਾਨਕ ਦੁਖੀਆ ਸਭ ਸੰਸਾਰ’, ‘ਭਗਤ ਧੰਨਾ ਜੱਟ’ ਦੇ ਸ਼ਬਦਾਂ ਤੇ ਗੀਤਾਂ ਨੂੰ ਇੱਕ ਮਿਸਾਲ ਦੇ ਤੌਰ ’ਤੇ ਲਿਆ ਜਾ ਸਕਦਾ ਹੈ। ਐੱਸ ਮਹਿੰਦਰ ਦੇ ਸੰਗੀਤ ਨਿਰਦੇਸ਼ਨ ਦੇ ਗ਼ੀਤ ਤੇ ਖਾਸ ਕਰਕੇ ਸ਼ਬਦ ਅੱਜ ਵੀ ਸਾਡੇ ਮਨ ਨੂੰ ਸਕੂਨ ਦਿੰਦੇ ਹਨ। ਗੀਤਕਾਰਾਂ ਤੇ ਸੰਗੀਤਕਾਰਾਂ ਵਾਂਗ ਸਾਨੂੰ ਆਪਣੇ ਗਾਇਕਾਂ ’ਤੇ ਵੀ ਮਾਣ ਹੈ ਜਿਨ੍ਹਾਂ ਦੀਆਂ ਆਵਾਜ਼ਾਂ ਦਾ ਜਾਦੂ ਅੱਜ ਵੀ ਕਾਇਮ ਹੈ। ਮੁਹੰਮਦ ਰਫ਼ੀ, ਮਹਿੰਦਰ ਕਪੂਰ, ਸ਼ਮਸ਼ਾਦ ਬੇਗਮ, ਨੂਰਜਹਾਂ, ਸੁਰਿੰਦਰ ਕੌਰ ਤਾਂ ਸਾਡੇ ਆਪਣੇ ਹੀ ਹਨ, ਪਰ ਲਤਾ ਮੰਗੇਸ਼ਕਰ, ਆਸ਼ਾ ਭੌਸਲੇ, ਮੁਕੇਸ਼, ਮੰਨਾਡੇੇ ਤੇ ਸੁਮਨ ਕਲਿਆਣਪੁਰ ਵਰਗਿਆਂ ਨੇ ਪੰਜਾਬੀ ਫ਼ਿਲਮਾਂ ਲਈ ਆਪਣੀ ਆਵਾਜ਼ ਦੇ ਕੇ ਪੰਜਾਬੀ ਫ਼ਿਲਮਾਂ ਹੀ ਨਹੀਂ, ਸਾਡੇ ਪੰਜਾਬੀਆਂ ’ਤੇ ਵੀ ਇੱਕ ਤਰ੍ਹਾਂ ਨਾਲ ਅਹਿਸਾਨ ਹੀ ਕੀਤਾ ਹੈ। ਬੇਸ਼ੱਕ ਅੱਜ ਵੀ ਕਿਤੇ ਕਿਤੇ ਤੇ ਕਦੇ ਕਦੇ ਅਜਿਹੇ ਸੰਗੀਤਕ ਫ਼ੁੱਲ ਖਿੜਦੇ ਹਨ, ਪ੍ਰੰਤੂ ਪੰਜਾਬੀ ਫ਼ਿਲਮਾਂ ਦੇ ਉਸ ਸੰਗੀਤਕ ਸੁਨਹਿਰੀ ਕਾਲ ਦਾ ਕੋਈ ਤੋੜ ਨਹੀਂ।

Loading